Article

ਬੀ.ਜੇ.ਪੀ. ਲਈ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਜਿੱਤਕੇ ਵੀ ਚੁਣੌਤੀ ਬਰਕਰਾਰ// ਉਜਾਗਰ ਸਿੰਘ

January 10, 2018 09:18 PM
General

ਬੀ.ਜੇ.ਪੀ. ਲਈ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਜਿੱਤਕੇ ਵੀ ਚੁਣੌਤੀ ਬਰਕਰਾਰ
                                                       
ਸਮੁੱਚੇ ਭਾਰਤ ਵਾਸੀਆਂ ਦੀਆਂ ਨਿਗਾਹਾਂ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਵਲ ਲੱਗੀਆਂ ਹੋਈਆਂ ਸਨ। ਭਾਵੇਂ ਹਿਮਾਚਲ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਈਆਂ ਸਨ। ਭਾਰਤੀ ਜਨਤਾ ਪਾਰਟੀ ਭਾਵੇਂ ਚੋਣਾਂ ਤਾਂ ਦੋਹਾਂ ਰਾਜਾਂ ਵਿਚ ਜਿੱਤ ਗਈ ਹੈ ਪ੍ਰੰਤੂ ਸੁਨਹਿਰੇ ਭਵਿਖ ਦੇ ਸਪਨੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ। ਭਾਰਤੀ ਜਨਤਾ ਪਾਰਟੀ ਦੀਆਂ ਵੋਟਾਂ ਦੀ ਪ੍ਰਤੀਸ਼ਤਤਾ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਨਾਲੋਂ ਵੀ 11 ਫ਼ੀ ਸਦੀ ਘਟ ਗਈ ਹੈ। ਇਹ ਭਾਰਤੀ ਜਨਤਾ ਪਾਰਟੀ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇੱਕ ਰਾਜ ਦੀ ਚੋਣ ਵਿਚ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ.ਦਾ ਕੇਡਰ ਲੱਗਿਆ ਹੋਇਆ ਸੀ।


ਲੋਕ ਸਭਾ ਚੋਣਾਂ ਵਿਚ ਤਾਂ ਹਰ ਰਾਜ ਵਿਚ ਆਪੋ ਆਪਣੇ ਨੇਤਾਵਾਂ ਨੂੰ ਲੜਨਾ ਪਵੇਗਾ। ਭਾਰਤੀ ਜਨਤਾ ਪਾਰਟੀ ਨੇ ਬਹੁਚਰਚਿਤ ਗੁਜਰਾਤ ਅਤੇ ਹਿਮਾਚਲ ਪ੍ਰਦੇਸ ਵਿਧਾਨ ਸਭਾਵਾਂ ਦੀਆਂ ਚੋਣਾਂ ਤਾਂ ਜਿੱਤ ਲਈਆਂ ਹਨ ਪ੍ਰੰਤੂ 2019 ਦੀਆਂ ਲੋਕ ਸਭਾ ਚੋਣਾਂ ਲਈ ਚੁਣੌਤੀ ਅਜੇ ਵੀ ਬਰਕਰਾਰ ਹੈ। ਗੁਜਰਾਤ ਚੋਣਾਂ ਦੇ ਨਤੀਜੇ ਭਾਰਤੀ ਜਨਤਾ ਪਾਰਟੀ ਲਈ ਆਸ ਤੋਂ ਉਲਟ ਆਏ ਹਨ ਕਿਉਂਕਿ ਭਾਰਤੀ ਜਨਤਾ ਪਾਰਟੀ 150 ਸੀਟਾਂ ਜਿੱਤਣ ਦੀ ਉਮੀਦ ਰੱਖਦੀ ਸੀ। ਇਹ ਚੋਣ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਪਣੇ ਸੂਬੇ ਦੀ ਚੋਣ ਕਰਕੇ ਵੀ ਭਾਰਤੀ ਜਨਤਾ ਪਾਰਟੀ ਲਈ ਇੱਜ਼ਤ ਦਾ ਸਵਾਲ ਬਣੀ ਹੋਈ ਸੀ। ਭਾਰਤੀ ਜਨਤਾ ਪਾਰਟੀ ਪਿਛਲੇ 22 ਸਾਲਾਂ ਤੋਂ ਲਗਾਤਾਰ ਗੁਜਰਾਤ ਵਿਚ ਰਾਜ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਈ 2014 ਵਿਚ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਬਣਕੇ ਆਏ ਸਨ ਤਾਂ ਉਸ ਤੋਂ ਪਹਿਲਾਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਉਹ ਤਿੰਨ ਵਾਰ ਗੁਜਰਾਤ ਦੇ 13 ਸਾਲ ਮੁੱਖ ਮੰਤਰੀ ਰਹੇ ਹਨ।


ਇਨਾਂ ਦੋਹਾਂ ਰਾਜਾਂ ਦੀਆਂ ਚੋਣਾਂ ਜਿੱਤਣ ਨਾਲ ਬੀ.ਜੇ.ਪੀ.ਦੀਆਂ ਦੇਸ਼ ਦੇ 19 ਰਾਜਾਂ ਵਿਚ ਸਰਕਾਰਾਂ ਬਣ ਗਈਆਂ ਹਨ। 14 ਰਾਜਾਂ ਵਿਚ ਇਕੱਲੇ ਭਾਰਤੀ ਜਨਤਾ ਪਾਰਟੀ ਦੀਆਂ ਅਤੇ 5 ਰਾਜਾਂ ਵਿਚ ਸਹਿਯੋਗੀਆਂ ਨਾਲ ਸਾਂਝੀਆਂ ਸਰਕਾਰਾਂ ਹਨ। ਇਨਾਂ ਚੋਣਾਂ ਦੀ ਮਹੱਤਤਾ ਇਸ ਕਰਕੇ ਵੀ ਰਹੀ ਕਿ ਪ੍ਰਧਾਨ ਮੰਤਰੀ ਨੇ ਗੁਜਰਾਤ ਦੀ ਚੋਣ ਜਿੱਤਣ ਲਈ ਪੂਰੀ ਸਿਆਸੀ ਅਤੇ ਪ੍ਰਬੰਧਕੀ ਤਾਕਤ ਝੋਕ ਦਿੱਤੀ ਸੀ। ਉਨਾਂ 35 ਵਿਧਾਨ ਸਭਾ ਹਲਕਿਆਂ ਵਿਚ ਪਬਲਿਕ ਰੈਲੀਆਂ ਕੀਤੀਆਂ ਪ੍ਰੰਤੂ ਇਨਾਂ ਵਿਚੋਂ ਸਿਰਫ 17 ਵਿਧਾਨ ਸਭਾ ਹਲਕਿਆਂ ਵਿਚ ਜਿੱਤ ਨਸੀਬ ਹੋਈ ਹੈ।


ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਪੂਰਾ ਇਕ ਮਹੀਨਾ ਗੁਜਰਾਤ ਵਿਚ ਬੈਠੇ ਰਹੇ। ਸਾਰੇ ਕੇਂਦਰੀ ਮੰਤਰੀਆਂ ਦੀ ਗੁਜਰਾਤ ਵਿਚ ਡਿਊਟੀ ਲਗਾ ਦਿੱਤੀ ਗਈ ਸੀ। ਇਹ ਚੋਣ ਇਕ ਕਿਸਮ ਨਾਲ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਵਿਚਕਾਰ ਵਕਾਰ ਦਾ ਸਵਾਲ ਬਣ ਗਈ ਸੀ ਕਿਉਂਕਿ ਰਾਹੁਲ ਗਾਂਧੀ ਵੀ ਇਕ ਮਹੀਨਾ ਗੁਜਰਾਤ ਵਿਚ ਹੀ ਰਿਹਾ ਅਤੇ 55 ਵਿਧਾਨ ਸਭਾ ਹਲਕਿਆਂ ਵਿਚ 150 ਰੈਲੀਆਂ ਕੀਤੀਆਂ। ਇਨਾਂ ਵਿਚੋਂ 45 ਹਲਕਿਆਂ ਵਿਚ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ। ਇਸ ਚੋਣ ਨੂੰ 2019 ਦੀਆਂ ਲੋਕ ਸਭਾ ਚੋਣਾ ਦਾ ਟਰੇਲਰ ਹੀ ਗਿਣਿਆਂ ਜਾਂਦਾ ਸੀ। ਇਤਨਾ ਜ਼ੋਰ ਲਗਾਉਣ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ 99 ਸੀਟਾਂ ਹੀ ਜਿੱਤ ਸਕੀ ਜਦੋਂ ਕਿ 2012 ਵਿਚ 115 ਸੀਟਾਂ ਜਿੱਤੀਆਂ ਸਨ।


ਬੀ.ਜੇ.ਪੀ.ਦਾ ਘੁਮੰਡ ਟੁੱਟ ਗਿਆ ਹੈ। ਕਾਂਗਰਸ ਪਾਰਟੀ ਦੀਆਂ 2012 ਵਿਚ 61 ਸੀਟਾਂ ਸਨ ਜੋ ਵੱਧਕੇ 80 ਹੋ ਗਈਆਂ ਹਨ। 2012 ਵਿਚ ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਅਤੇ 2014 ਵਿਚ ਲੋਕ ਸਭਾ ਚੋਣਾਂ ਸਮੇਂ 60 ਫ਼ੀ ਸਦੀ ਅਤੇ ਕਾਂਗਰਸ ਨੂੰ 39 ਫ਼ੀ ਸਦੀ ਵੋਟਾਂ ਮਿਲੀਆਂ ਸਨ, ਇਸ ਦੇ ਮੁਕਾਬਲੇ 2017 ਵਿਚ ਭਾਰਤੀ ਜਨਤਾ ਪਾਰਟੀ ਦੀ ਫ਼ੀ ਸਦੀ ਘਟਕੇ 49.01 ਰਹਿ ਗਈ ਹੈ। ਕਾਂਗਰਸ ਪਾਰਟੀ ਦੀ ਵੱਧਕੇ 41.04 ਹੋ ਗਈ ਹੈ। ਇਸ ਪ੍ਰਕਾਰ ਭਾਰਤੀ ਜਨਤਾ ਪਾਰਟੀ ਦੀ ਫ਼ੀ ਸਦੀ ਵਿਚ 11 ਫ਼ੀ ਸਦੀ ਕਮੀ ਆਈ ਹੈ। ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਨਾਂਹ ਪੱਖੀ ਅਤੇ ਰਾਹੁਲ ਗਾਂਧੀ ਨੇ ਨਮਰਤਾ ਦਾ ਸਬੂਤ ਦਿੱਤਾ।


ਨਰਿੰਦਰ ਮੋਦੀ ਪ੍ਰਧਾਨ ਮੰਤਰੀ ਲਈ ਨਮੋਸ਼ੀ ਦੀ ਗੱਲ ਹੈ ਕਿ ਉਨਾਂ ਦੇ ਆਪਣੇ ਹਲਕੇ ਦੇ ਉਂਝਾ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦਾ ਪੰਜ ਵਾਰੀ ਬਣਿਆਂ ਵਿਧਾਇਕ ਨਰਾਇਨ ਭਾਈ ਪਟੇਲ 19529 ਵੋਟਾਂ ਦੇ ਫ਼ਰਕ ਨਾਲ ਹਾਰ ਗਿਆ ਹੈ। ਵਿਧਾਨ ਸਭਾ ਦੇ 16 ਹਲਕਿਆਂ ਵਿਚ ਜਿੱਤ ਹਾਰ ਦਾ ਅੰਤਰ 200 ਤੋਂ 2000 ਵੋਟਾਂ ਦੇ ਦਰਮਿਆਨ ਹੈ। ਭਾਰਤੀ ਜਨਤਾ ਪਾਰਟੀ ਦੇ 5 ਉਮੀਦਵਾਰ ਗੋਦਾਰਾ, ਢੋਲਕਾ, ਬੋਟਾਡ, ਮਾਨਸਾ ਅਤੇ ਦਿਓਦਾਰ ਤੋਂ ਸਿਰਫ 1000 ਤੋਂ ਘੱਟ ਵੋਟਾਂ ਨਾਲ ਜਿੱਤੇ ਹਨ। 10 ਸੀਟਾਂ ਉਪਰ ਅਜ਼ਾਦ ਉਮੀਦਵਾਰਾਂ ਨੇ ਸਥਾਪਤ ਪਾਰਟੀਆਂ ਦੀਆਂ ਵੋਟਾਂ ਖ਼ਰਾਬ ਕੀਤੀਆਂ ਜਿਸ ਕਰਕੇ ਉਹ ਹਾਰ ਗਏ। ਕਾਂਗਰਸ ਦਾ ਨੁਕਸਾਨ ਬਹੁਜਨ ਸਮਾਜ ਪਾਰਟੀ ਅਤੇ ਐਨ.ਸੀ.ਪੀ.ਦੇ ਉਮੀਦਵਾਰਾਂ ਨੇ ਕੀਤਾ ਹੈ। ਆਮ ਆਦਮੀ ਪਾਰਟੀ 29 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਸੀ ਸਾਰਿਆਂ ਤੋਂ ਹੀ ਬੁਰੀ ਤਰਾਂ ਹਾਰ ਗਈ ਹੈ।


ਭਾਰਤੀ ਜਨਤਾ ਪਾਰਟੀ ਹਿੰਦੂ ਸਮੁਦਾਏ ਉਪਰ ਹੀ ਨਿਰਭਰ ਕਰਦੀ ਹੈ, ਇਸਦਾ ਮੁਕਾਬਲਾ ਕਰਨ ਲਈ ਰਾਹੁਲ ਗਾਂਧੀ ਨੇ ਵੀ ਇਹੋ ਪੈਂਤੜਾ ਵਰਤਿਆ ਅਤੇ ਉਹ 23 ਮੰਦਰਾਂ ਵਿਚ ਨਤਮਸਤਕ ਹੋਇਆ ਤਾਂ ਜੋ ਲੋਕਾਂ ਵਿਚ ਪ੍ਰਭਾਵ ਦੇ ਸਕੇ ਕਿ ਉਹ ਵੀ ਹਿੰਦੂ ਹੈ। ਇਥੋਂ ਤੱਕ ਕਿ ਇਹ ਵੀ ਬਿਆਨ ਦਿੱਤਾ ਗਿਆ ਕਿ ਉਹ ਜਨੇਊ ਪਹਿਨਦਾ ਹੈ। ਇਸ ਵਾਰ ਗੁਜਰਾਤ ਦੀ ਚੋਣ ਜਾਤ ਬਰਾਦਰੀ ਦੇ ਨਾਂ ਤੇ ਵੀ ਲੜੀ ਗਈ। ਕਾਂਗਰਸ ਪਾਰਟੀ ਨੇ 5 ਮੁਸਲਮਾਨਾਂ ਨੂੰ ਟਿਕਟ ਦਿੱਤੀ ਸੀ ਤੇ 3 ਉਮੀਦਵਾਰ ਜਿੱਤ ਗਏ ਹਨ। ਭਾਰਤੀ ਜਨਤਾ ਪਾਰਟੀ ਨੇ ਇੱਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ ਜਦੋਂ ਕਿ ਗੁਜਰਾਤ ਵਿਚ 9.67 ਫੀ ਸਦੀ ਅਬਾਦੀ ਹੈ। ਭਾਰਤੀ ਜਨਤਾ ਪਾਰਟੀ ਨੇ 57 ਪਛੜੀਆਂ ਸ਼੍ਰੇਣੀਆਂ ਦੇ ਉਮੀਦਵਾਰ ਵੀ ਖੜੇ ਕੀਤੇ ਕਿਉਂਕਿ ਕਾਂਗਰਸ ਪਾਰਟੀ ਨੇ ਦਲਿਤਾਂ, ਪਛੜੀਆਂ ਸ਼੍ਰੇਣੀਆਂ ਅਤੇ ਪਾਟੀਦਾਰ ਸਮੁਦਾਏ ਦੇ ਤਿੰਨ ਨੌਜਵਾਨ ਨੇਤਾਵਾਂ ਹਾਰਦਿਕ ਪਟੇਲ ਪਾਟੀਦਾਰ ਜਾਤੀ ''ਕਨਵੀਨਰ ਪਤੀਦਾਰ ਅਨਾਮਤ ਅੰਦੋਲਨ ਸੰਮਤੀ'', ਅਪਲੇਸ਼ ਠਾਕੁਰ ''ਪਛੜੀਆਂ ਸ਼੍ਰੇਣੀਆਂ ਦੇ ਮੰਚ ਦੇ ਕਨਵੀਨਰ'' ਅਤੇ ''ਉਨਾ ਦਲਿਤ ਅਤਿਆਚਾਰ ਵਿਰੋਧੀ ਸੰਮਤੀ ਦੇ ਮੁੱਖੀ'' ਦਲਿਤ ਨੇਤਾ ਜਿਗਨੇਸ਼ ਮੇਵਾਨੀ ਨੂੰ ਅੱਗੇ ਲਾ ਕੇ ਵੋਟਰਾਂ ਦਾ ਰੁੱਖ ਕਾਂਗਰਸ ਵਲ ਕਰਨ ਦਾ ਯਤਨ ਕੀਤਾ।


ਕਾਂਗਰਸ ਨੂੰ ਵੀ ਬਹੁਤੀਆਂ ਕੱਛਾਂ ਵਜਾਉਣ ਦੀ ਲੋੜ ਨਹੀਂ, ਉਹ ਵੀ ਇਨਾਂ ਤਿੰਨ ਨੌਜਵਾਨ ਨੇਤਾਵਾਂ ਕਰਕੇ ਹੀ ਪਛੜੀਆਂ ਸ਼੍ਰੇਣੀਆਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਵਟੋਰਨ ਵਿਚ ਸਫਲ ਹੋਈ ਹੈ। 182 ਚੋਣ ਕੇਂਦਰ ਅਰਥਾਤ ਪਹਿਲੀ ਵਾਰ ਹਰ ਹਲਕੇ ਦੇ ਇੱਕ ਚੋਣ ਕੇਂਦਰ ਵਿਚ ਵੋਟਿੰਗ ਮਸ਼ੀਨਾ ਤੇ ਵੀ.ਵੀ.ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਜੋ ਕਿ 100 ਫ਼ੀ ਸਦੀ ਸਹੀ ਰਹੀ।


   ਸੈਂਟਰਲ ਗੁਜਰਾਤ ਵਿਚ 66 ਸੀਟਾਂ ਹਨ ਜਿਨਾਂ ਵਿਚੋਂ 2012 ਵਿਚ ਬੀ.ਜੇ.ਪੀ.ਨੇ 41 ਅਤੇ ਕਾਂਗਰਸ ਨੇ 22 ਸੀਟਾਂ ਜਿੱਤੀਆਂ ਸਨ, 2017 ਵਿਚ ਬੀ.ਜੇ.ਪੀ.ਨੇ 40 ਤੇ ਕਾਂਗਰਸ ਨੇ 23 ਸੀਟਾਂ ਜਿੱਤੀਆਂ ਹਨ।


ਸ਼ੌਰਾਸ਼ਟਰ ਦੇ ਇਲਾਕੇ ਵਿਚ ਕੁਲ 48 ਸੀਟਾਂ ਹਨ ਜਿਨਾਂ ਵਿਚੋਂ 2012 ਵਿਚ ਭਾਰਤੀ ਜਨਤਾ ਪਾਰਟੀ ਨੇ 30 ਅਤੇ ਕਾਂਗਰਸ ਨੇ 15 ਜਿੱਤੀਆਂ ਸਨ ਪ੍ਰੰਤੂ 2017 ਵਿਚ ਭਾਰਤੀ ਜਨਤਾ ਪਾਰਟੀ ਨੇ 19 ਅਤੇ ਕਾਂਗਰਸ ਨੇ 28 ਸੀਟਾਂ ਜਿੱਤੀਆਂ ਹਨ। ਇਸੇ ਤਰਾਂ ਕੱਛ ਦੇ ਇਲਾਕੇ ਵਿਚ  6 ਸੀਟਾਂ ਹਨ ਜਿਨਾਂ ਵਿਚੋਂ 2012 ਵਿਚ ਭਾਰਤੀ ਜਨਤਾ ਪਾਰਟੀ ਨੇ 5 ਅਤੇ ਕਾਂਗਰਸ ਨੇ 1 ਸੀਟ ਜਿੱਤੀ ਸੀ, 2017 ਵਿਚ ਭਾਰਤੀ ਜਨਤਾ ਪਾਰਟੀ ਨੇ 4 ਕਾਂਗਰਸ ਨੇ 2 ਜਿੱਤੀਆਂ ਹਨ।


ਦੱਖਣੀ ਗੁਜਰਾਤ ਵਿਚ 30 ਸੀਟਾਂ ਹਨ, ਜਿਨਾਂ ਵਿਚੋਂ ਬੀ.ਜੇ.ਪੀ.ਨੇ 2012 ਵਿਚ 24 ਅਤੇ ਕਾਂਗਰਸ ਨੇ 6 ਜਿੱਤੀਆਂ ਸਨ, 2017 ਵਿਚ ਬੀ.ਜੇ.ਪੀ.ਨੇ 22 ਅਤੇ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ। ਉਤਰੀ ਗੁਜਰਾਤ ਵਿਚ ਕੁਲ 32 ਸੀਟਾਂ ਹਨ ਜਿਨਾਂ ਵਿਚੋਂ 2012 ਵਿਚ ਬੀ.ਜੇ.ਪੀ.ਨੇ 15 ਕਾਂਗਰਸ ਨੇ 17 ਸੀਟਾਂ ਜਿੱਤੀਆਂ ਸਨ, 2017 ਵਿਚ ਬੀ.ਜੇ.ਪੀ.ਨੇ 14 ਅਤੇ ਕਾਂਗਰਸ ਨੇ 17 ਸੀਟਾਂ ਜਿੱਤੀਆਂ ਹਨ। ਗੁਜਰਾਤ ਵਿਚ 5.5 ਲੱਖ ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ ਹੈ ਪ੍ਰੰਤੂ ਸਭ ਤੋਂ ਵੱਧ 30 ਹਲਕਿਆਂ ਵਿਚ ਨੋਟਾ ਦੀ ਵਰਤੋਂ ਕੀਤੀ ਗਈ ਹੈਰਾਨੀ ਦੀ ਗੱਲ ਹੈ ਕਿ ਉਨਾਂ ਵਿਚ ਜਿੱਤਣ ਵਾਲੇ ਦੀਆਂ ਵੋਟਾਂ ਦੇ ਅੰਤਰ ਦੀ ਗਿਣਤੀ ਨੋਟਾ ਵਾਲੀਆਂ ਵੋਟਾਂ ਤੋਂ ਕਿਤੇ ਘੱਟ ਹੈ। ਇਨਾਂ ਵਿਚੋਂ ਬੀ.ਜੇ.ਪੀ.ਨੇ 15 ਅਤੇ ਕਾਂਗਰਸ ਨੇ 13 ਸੀਟਾਂ ਜਿੱਤੀਆਂ ਹਨ।


  55 ਸ਼ਹਿਰੀ ਸੀਟਾਂ ਵਿਚੋਂ 44 ਭਾਰਤੀ ਜਨਤਾ ਪਾਰਟੀ ਨੇ 11 ਕਾਂਗਰਸ ਅਤੇ ਦਿਹਾਤੀ 127 ਸੀਟਾਂ ਵਿਚੋਂ 55 ਬੀ.ਜੇ.ਪੀ.ਅਤੇ 68 ਕਾਂਗਰਸ ਨੇ ਜਿੱਤੀਆਂ ਹਨ। ਪਾਟੀਦਾਰ ਜਾਤੀ ਦੇ ਵੋਟਰਾਂ ਨੇ ਪਿੰਡਾਂ ਵਿਚ ਕਾਂਗਰਸ ਨੂੰ ਅਤੇ ਸ਼ਹਿਰਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ ਹਨ। ਹੈਰਾਨੀ ਦੀ ਗੱਲ ਹੈ ਸੂਰਤ ਜਿਸਨੂੰ ਪਾਟੀਦਾਰ ਜਾਤੀ ਦਾ ਗੜ ਸਮਝਿਆ ਜਾਂਦਾ ਹੈ ਅਤੇ ਇਥੇ 65000 ਟੈਕਸਟਾਈਲ ਅਤੇ ਡਾਇਮੰਡ ਦੇ ਵਪਾਰੀ ਹਨ ਜਿਨਾਂ ਵਿਚ ਬਹੁਤੇ ਪਾਟੀਦਾਰ ਬਿਰਾਦਰੀ ਦੇ ਹਨ ਅਤੇ 10 ਲੱਖ ਕਾਮੇ ਵੀ ਪਾਟੀਦਾਰ ਬਿਰਾਦਰੀ ਦੇ ਹਨ ਪ੍ਰੰਤੂ ਉਥੋਂ ਬੀ.ਜੇ.ਪੀ.16 ਸੀਟਾਂ ਵਿਚੋਂ 12 ਜਿੱਤ ਗਈ। ਇਥੇ ਹਾਰਦਿਕ ਪਟੇਲ ਦਾ ਇਕੱਠ ਵੀ ਬਹੁਤ ਹੋਇਆ ਪ੍ਰੰਤੂ ਵੋਟਾਂ ਵਿਚ ਨਹੀਂ ਬਦਲ ਸਕੇ। ਵੱਡੇ ਸ਼ਹਿਰਾਂ ਅਹਿਮਦਾਬਾਦ ਦੀਆਂ 21 ਸੀਟਾਂ ਵਿਚੋਂ ਭਾਰਤੀ ਜਨਤਾ ਪਾਰਟੀ 16 ਜਿੱਤ ਗਈ। ਵਡੋਦਰਾ ਵਿਚੋਂ 10 ਚੋਂ 8, ਰਾਜਕੋਟ ਵਿਚ 7 ਚੋਂ 6 ਅਤੇ ਗਾਂਧੀ ਨਗਰ ਵਿਚ 5 ਵਿਚੋਂ 2 ਸੀਟਾਂ ਜਿੱਤ ਗਈ।


ਵਪਾਰੀ ਜਿਹੜੇ ਜੀ.ਐਸ.ਟੀ.ਅਤੇ ਨੋਟਬੰਦੀ ਤੋਂ ਦੁਖੀ ਸਨ ਉੁਹ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰ ਗਏ। ਅਗਸਤ 2017 ਵਿਚ ਰਾਜ ਸਭਾ ਦੀ ਚੋਣ ਸਮੇਂ ਕਾਂਗਰਸ ਪਾਰਟੀ ਦੇ 14 ਵਿਧਾਨਕਾਰ ਪਾਰਟੀ ਛੱਡਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ, ਉਨਾਂ ਵਿਚੋਂ ਸਿਰਫ 6 ਨੂੰ ਟਿਕਟਾਂ ਦਿੱਤੀਆਂ ਗਈਆਂ ਸਨ। ਉਨਾਂ ਵਿਚੋਂ ਸਿਰਫ 2 ਧਰਮੇਂਦਰ ਮਿਨਹਾੜਦੇਜਾ ਅਤੇ ਰਾਓਲਜੀ ਜਿੱਤ ਸਕੇ ਹਨ। ਕਾਂਗਰਸ ਪਾਰਟੀ ਦਾ ਸਭ ਤੋਂ ਅਮੀਰ ਉਮੀਦਵਾਰ ਪੰਕਜ ਭਾਈ ਜਿਸਨੇ ਆਪਣੀ ਜਾਇਦਾਦ 231 ਕਰੋੜ ਦਰਸਾਈ ਸੀ, ਉਹ ਡਸਕੋਈ ਸੀਟ ਤੋਂ ਹਾਰ ਗਿਆ ਹੈ। 182 ਮੈਂਬਰੀ ਵਿਧਾਨ ਸਭਾ ਵਿਚ 47 ਮੈਂਬਰ ਜੋ ਕਿ ਤੀਜਾ ਹਿੱਸਾ ਬਣਦਾ ਹੈ ਦਾ ਰਿਕਾਰਡ ਕਰੀਮੀਨਲ ਹੈ। ਭਾਰਤੀਆ ਟਰਾਈਬਲ ਪਾਰਟੀ ਦਾ ਉਮੀਦਵਾਰ ਮਹੇਸ਼ ਵਾਸਾਵਾ ਜਿਸ ਉਪਰ 24 ਕਰਿਮੀਨਲ ਕੇਸ ਦਰਜ ਹਨ ਉਹ 21000 ਵੋਟਾਂ ਦੇ ਅੰਤਰ ਨਾਲ ਜਿੱਤ ਗਿਆ ਹੈ। ਗੁਜਰਾਤ ਚੋਣਾਂ ਦੇ ਨਤੀਜਿਆਂ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਉਨਾਂ ਦੇ ਪਟੇ ਰੱਦ ਕਰਵਾ ਰਹੀ ਹੈ। ਉਨਾਂ ਦੇ ਕੇਸ ਸੁਪਰੀਮ ਕੋਰਟ ਵਿਚ ਚਲ ਰਹੇ ਹਨ। ਇਹ ਕਿਸਾਨ ਪੰਜਾਬ ਤੋਂ 1964 ਵਿਚ ਲਾਲ ਬਹਾਦਰ ਸ਼ਾਸ਼ਤਰੀ ਦੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਅਧੀਨ ਗੁਜਰਾਤ ਵਿਚ ਲਿਆਕੇ ਜ਼ਮੀਨ ਪਟੇ ਤੇ ਦਿੱਤੀ ਸੀ ਪ੍ਰੰਤੂ ਗੁਜਰਾਤ ਸਰਕਾਰ ਨੇ ਪਟੇ ਰੱਦ ਕਰ ਦਿੱਤੇ ਹਨ। ਭੁੱਜ ਦੇ ਇਲਾਕੇ ਵਿਚ ਪੰਜਾਬ ਦੇ ਬਹੁਤੇ ਕਿਸਾਨ ਬੈਠੇ ਹਨ। ਭਾਰਤੀ ਜਨਤਾ ਪਾਰਟੀ ਨੇ ਪਿਛਲੀ ਵਿਧਾਨ ਸਭਾ ਦੇ ਤੀਜਾ ਹਿੱਸਾ ਵਿਧਾਨਕਾਰਾਂ ਦੇ ਟਿਕਟ ਕੱਟ ਦਿੱਤੇ ਸਨ। ਫਿਰ ਵੀ ਭਾਰਤੀ ਜਨਤਾ ਪਾਰਟੀ ਦੇ 5 ਮੰਤਰੀ ਆਤਮਾ ਰਾਮ ਪਰਮਾਰ, ਚਿਮਨਾ ਸਪਾਰੀਆ, ਭਾਈ ਸੰਕਰ ਚੌਧਰੀ, ਕੇਸ਼ਾਜੀ ਚੌਹਾਨ ਅਤੇ ਸ਼ਬਦਸ਼ਰਨ ਤਾਂਡਵੀ ਚੋਣ ਹਾਰ ਗਏ ਹਨ।
 ਹਿਮਾਚਲ ਵਿਧਾਨ ਸਭਾ ਦੀ ਚੋਣ ਨੂੰ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੋਹਾਂ ਨੇ ਹੀ ਸੰਜਦਗੀ ਨਾਲ ਨਹੀਂ ਲਿਆ, ਇਸ ਕਰਕੇ ਇਥੇ ਕੋਈ ਕੇਂਦਰੀ ਲੀਡਰ ਪ੍ਰਚਾਰ ਲਈ ਨਹੀਂ ਆਇਆ। ਹਿਮਾਚਲ ਵਿਚ ਕੁਲ 68 ਸੀਟਾਂ ਹਨ ਜਿਸ ਵਿਚੋਂ ਭਾਰਤੀ ਜਨਤਾ ਪਾਰਟੀ 44 ਅਤੇ ਕਾਂਗਰਸ 21 ਸੀਟਾਂ ਤੇ ਜੇਤੂ ਰਹੀਆਂ। 2012 ਵਿਚ ਭਾਰਤੀ ਜਨਤਾ ਪਾਰਟੀ 26 ਅਤੇ ਕਾਂਗਰਸ ਦੀਆਂ 36 ਸੀਟਾਂ ਸਨ। ਇੱਕ ਸਿਖ ਪਰਮਜੀਤ ਸਿੰਘ ਪਮੀ, ਇੱਕ ਅਜ਼ਾਦ ਅਤੇ ਇੱਕ ਸੀ.ਪੀ.ਐਮ ਦਾ ਉਮੀਦਵਾਰ ਰਾਕੇਸ਼ ਸਿੰਘਾ ਚੋਣ ਜਿੱਤ ਗਏ ਹਨ। ਬੀ.ਜੇ.ਪੀ.ਨੂੰ 48.08 ਅਤੇ ਕਾਂਗਰਸ ਨੂੰ 41.04 ਫ਼ੀ ਸਦੀ ਵੋਟਾਂ ਪਈਆਂ ਹਨ। 30 ਹਜ਼ਾਰ ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ ਹੈ। ਕਾਂਗਰਸ ਦੇ 5 ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਅਤੇ ਪਾਰਟੀ ਦੇ ਪ੍ਰਧਾਨ ਸਤਪਾਲ ਸਿੰਘ ਸਤੀ ਚੋਣ ਹਾਰ ਗਏ ਹਨ। ਇਸ ਰਾਜ ਵਿਚ ਕਦੀਂ ਵੀ ਕੋਈ ਪਾਰਟੀ ਲਗਾਤਾਰ ਦੂਜੀ ਵਾਰ ਸਰਕਾਰ ਨਹੀਂ ਬਣਾ ਸਕੀ। ਇਸ ਸਾਰੀ ਪਰੀਚਰਚਾ ਦਾ ਸਿੱਟਾ ਨਿਕਲਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਖ਼ੁਸ਼ੀ ਮਨਾਉਣ ਦੀ ਲੋੜ ਨਹੀਂ ਕਿਉਂਕਿ ਉਨਾਂ ਦੀ ਵੋਟ ਪ੍ਰਤੀਸ਼ਤਤਾ ਘਟੀ ਹੈ। 2019 ਦੀਆਂ ਲੋਕ ਸਭਾ ਦੀਆਂ ਚੋਣਾਂ ਜਿੱਤਣ ਲਈ ਪਾਰਟੀ ਨੂੰ ਜਦੋਜਹਿਦ ਕਰਨੀ ਪਵੇਗੀ।

 

 

Have something to say? Post your comment
-
-
-