ਬਰਗਾੜੀ ਮੋਰਚੇ ਚ ਸਿੱਖ ਕੌਮ ਵੱਲੋਂ ਮੰਗੀਆਂ ਜਾ ਰਹੀਆਂ ਮੰਗ ਜਾਇਜ਼:- ਮਾਨ
ਮਹਿਲ ਕਲਾਂ 07 ਜੁਲਾਈ (ਗੁਰਭਿੰਦਰ ਗੁਰੀ)- ਬਰਗਾੜੀ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਸਿੱਖ ਕੌਮ ਅੱਗੇ ਤਿੰਨ ਕੌਮੀ ਮਸਲੇ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ, ਸਿੱਖ ਨੌਜਵਾਨਾਂ ਨੂੰ ਸਹੀਦ ਕਰਨ ਵਾਲੇ ਪੁਲਸ ਅਫਸਰਾਂ ਦੀ ਸ਼ਨਾਖ਼ਤ ਅਤੇ ਜੇਲਾਂ ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ 35 ਦਿਨਾਂ ਤੋਂ ਮੋਰਚੇ ਤੇ ਬੈਠੇ ਹਨ। ਜਥੇਦਾਰ ਵੱਲੋਂ ਕੀਤੀਆਂ ਜਾ ਰਹੀਆਂ ਉਕਤ ਤਿੰਨੋਂ ਮੰਗਾਂ ਜਾਇਜ਼ ਨੇ ਇਸ ਲਈ ਕੇਂਦਰ ਤੇ ਰਾਜ ਸਰਕਾਰ ਨੂੰ ਇਹ ਮੰਗਾਂ ਮੰਨ ਕੇ ਸਿੱਖ ਕੌਮ ਨੂੰ ਇਨਸਾਫ ਦੇਣਾ ਚਾਹੀਦਾ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਮਹਿਲ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ। ਮਾਨ ਨੇ ਕਿਹਾ ਕਿ ਅਫ਼ਗਾਨਿਸਤਾਨ ਚ ਸਿੱਖਾਂ ਤੇ ਜੋ ਜਬਰ ਹੋਇਆ ਹੈ ਉਹ ਬੇਹੱਦ ਦੁੱਖਦਾਇਕ ਹੈ । ਆਈ ਏ ਐਸ ਨੇ 17 ਸਿੱਖਾਂ ਨੂੰ ਆਤਮਘਾਤੀ ਹਮਲੇ ਚ ਮਾਰ ਮੁਕਾਇਆ ਹੈ। ਮੋਦੀ ਦੀ ਅਮਰੀਕਾ ਨਾਲ ਗੂੜੀ ਸਾਂਝ ਹੈ, ਅਫ਼ਗਾਨਿਸਤਾਨ ਨੂੰ ਅਮਰੀਕਾ ਚਲਾ ਰਿਹਾ ਹੈ। 17 ਸਿੱਖਾਂ ਦੀ ਮੌਤ ਦੇ ਲਈ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਧੀ ਜਵਾਬਦੇਹੀ ਬਣਦੀ ਹੈ। ਪੰਜਾਬ ਅੰਦਰ ਨਸ਼ਿਆਂ ਖ਼ਿਲਾਫ਼ ਉੱਠੇ ਲੋਕ ਰੋਹ ਸਬੰਧੀ ਮਾਨ ਨੇ ਕਿਹਾ ਕਿ ਸ੍ਰੋਅਦ (ਅ)ਸ਼ੁਰੂ ਤੋਂ ਹੀ ਨਸ਼ਿਆਂ ਦੇ ਖ਼ਿਲਾਫ਼ ਹੈ । ਪਰ ਜੇਕਰ ਪੰਜਾਬ ਅੰਦਰ ਸੱਚਮੁੱਚ ਹੀ ਨਸ਼ਿਆਂ ਨੂੰ ਠੱਲ ਪਾਉਣੀ ਹੈ ਤਾਂ ਚੋਣਾਂ ਸਮੇਂ ਨਸ਼ਿਆਂ ਦੀ ਵੰਡ ਕਰਨ ਵਾਲੀਆਂ ਪਾਰਟੀਆਂ ਦਾ ਵੀ ਵਿਰੋਧ ਕਰਨਾ ਹੋਵੇਗਾ। ਆ ਰਹੀਆਂ ਅਗਾਮੀ ਸਾਰੀਆਂ ਚੋਣਾਂ ਸਬੰਧੀ ਉਨਾਂ ਕਿਹਾ ਕਿ ਸਾਡੀ ਪਾਰਟੀ ਸਾਰੀਆਂ ਚੋਣਾਂ ਚ ਪੂਰੀ ਸਰਗਰਮੀ ਨਾਲ ਹਿੱਸਾ ਲਵੇਂਗੀ। ਮਾਨ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਝੋਨੇ ਦੇ ਰੇਟਾਂ ਚ ਕੀਤਾ ਵਾਧਾ ਸਿਰਫ਼ ਚੋਣ ਸਟੰਟ ਹੈ ਕਿਉਂਕਿ ਕੇਂਦਰ ਸਰਕਾਰ ਇਸ ਫੈਸਲੇ ਨੂੰ ਲਾਗੂ ਨਹੀ ਕਰੇਗੀ। ਇਸ ਮੌਕੇ ਜਿਲਾ ਪ੍ਰਧਾਨ ਰਣਜੀਤ ਸਿੰਘ ਸੰਘੇੜਾ,ਸਰਕਲ ਪ੍ਰਧਾਨ ਮਹਿੰਦਰ ਸਿੰਘ ਸਹਿਜੜਾ, ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ, ਗੁਰਨੈਬ ਸਿੰਘ ਰਾਮਪੁਰਾ, ਹਰਬੰਸ ਸਿੰਘ ਸਲੇਮਪੁਰ, ਲਾਭ ਸਿੰਘ ਠੀਕਰੀਵਾਲ, ਇੰਦਰਜੀਤ ਸਿੰਘ ਠੀਕਰੀਵਾਲ, ਬਲੌਰ ਸਿੰਘ ਮਹਿਲ ਕਲਾਂ, ਜੁਗਰਾਜ ਸਿੰਘ ਮੂੰਮ, ਮਲਕੀਤ ਸਿੰਘ, ਸਾਧੂ ਸਿੰਘ ਵਾਜੇਕਾ, ਗੁਰਪਾਲ ਸਿੰਘ ਚੀਮਾ, ਲਾਭ ਸਿੰਘ ਮਹਿਲ ਕਲਾਂ, ਚਰਨਜੀਤ ਕੌਰ ਚੀਮਾ,ਸਰਬਜੀਤ ਕੌਰ ਅਤੇ ਕੰਵਲਜੀਤ ਕੌਰ ਹਾਜਰ ਸਨ।