22

September 2018
ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ ਮੇਰੀਏ ਪੰਜਾਬ ਸਰਕਾਰੇ, ਖਿਡਾਰੀ ਕਿੱਥੇ ਜਾਣ ਵਿਚਾਰੇ //ਜਗਰੂਪ ਸਿੰਘ ਜਰਖੜ ਬਾਪੂ ਬਾਪੂ ਕਹਿੰਦੇ ਸੀ ਬੜਾ ਈ ਸੁਖ ਲੈਂਦੇ ਸੀ // ਪ੍ਰਭਜੋਤ ਕੌਰ ਢਿੱਲੋਂ
Article

ਬੜੇ ਔਖੇ ਪੁੱਤ ਤੋਰਨੇ....-ਬੇਅੰਤ ਕੌਰ ਗਿੱਲ ਮੋਗਾ

July 10, 2018 05:19 PM
ਬੇਅੰਤ ਕੌਰ ਗਿੱਲ ਮੋਗਾ

ਅਖ਼ਬਾਰਾਂ ਦੀ ਪਹਿਲੀ ਸੁਰਖੀ ਸੀ ਸ਼ੋਸਲ ਮੀਡੀਏ ਤੇ ਵੀ ਹਰ ਕੋਈ ਇਸ ਖ਼ਬਰ ਤੇ ਕੁਮੈਂਟ ਕਰ ਰਿਹਾ ਸੀ ਜਾਂ ਸ਼ੇਅਰ ਕਰ ਰਿਹਾ ਸੀ।ਕਰਦੇ ਵੀ ਕਿਉਂ ਨਾ।

ਇਹ ਹੋਣੀ ਨਹੀਂ ਅਣਹੋਣੀ ਸੀ।ਦਸ ਨਹੁੰਆਂ ਦੀ ਕਿਰਤ ਕਰਕੇ ਆਪਣੇ ਮਾਪਿਆਂ ਨੂੰ ਪਾਲਣ ਵਾਲਾ ਇਕੱਲਾ-ਕੈਰ੍ਹਾ ਪੁੱਤਰ ਸ਼ਾਮੀ ਕੰਮ ਤੋਂ ਵਾਪਸ ਆਉਦਿਆਂ ਦੋ ਆਵਾਰਾ ਢੱਠਿਆਂ ਦੀ ਲਪੇਟ ਵਿੱਚ ਆ ਗਿਆ ਸੀ ਇੱਕ ਮਹੀਨੇ ਤੱਕ ਵਿਆਹ ਸੀ,ਘਰ ਵਿੱਚ ਖੁਸ਼ੀਆਂ ਦੇ ਗੀਤ ਗਾਏ ਜਾਣੇ ਸਨ,ਕੁੜੀਆਂ ਨੇ ਰਲ ਘੋੜੀਆਂ ਗਾਉਣੀਆਂ ਸਨ।ਮਾਮੇ-ਮਾਮੀਆਂ,ਤਾਈਆਂ ਚਾਚੀਆਂ ਤੋਂ ਚਾਅ ਨਹੀਂ ਸੀ ਚੁੱਕਿਆ ਜਾਣਾ।


ਭਰਜਾਈਆਂ ਨੇ ਸੁਰਮੇਦਾਨੀਆਂ ਤੇ ਸੂਰਮਚੂ ਲੈ ਮਿੱਠੀ-ਮਿੱਠੀ ਸੁਰ ਵਿੱਚ ਲੰਬੀਆਂ ਹੇਕਾਂ ਦੇ ਦੋਹੇ ਲਾਉਣੇ ਸਨ।ਯਾਰਾਂ ਦੋਸਤਾਂ ਨੇ ਉਸਨੂੰ ਚੰਨ ਵਾਂਗ ਸਜਾ,ਆਪ ਤਾਰਿਆਂ ਵਾਂਗ ਉਸਦੀ ਸ਼ੋਭਾ ਵਧਾਉਣੀ ਸੀ।ਮੰਗੇਤਰ ਨੇ ਹਜਾਰਾਂ ਸੁਪਨੇ ਉਸ ਨਾਲ ਸਜਾਏ ਸਨ।ਕਾਰਡ ਤੱਕ ਛਪ ਚੁੱਕੇ ਸਨ।


ਪਰ ਹੁਣ ਉਸ ਘਰ ਦਾ ਹੀ ਨਹੀਂ ਸਗੋਂ ਸਾਰੇ ਸ਼ਹਿਰ ਦਾ ਮਹੌਲ ਸੋਗਮਈ ਸੀ।ਹੁੰਦਾ ਵੀ ਕਿਉਂ ਨਾ,ਆਖਰ ਸਭ ਨੇ ਇਸੇ ਸ਼ਹਿਰ ਵਿੱਚ ਹੀ ਰਹਿਣਾ ਹੈ,ਜੱਦੀ ਪੁਰਖੀ ਕੰਮ ਹਨ ਸਭ ਦੇ ਇਸ ਸ਼ਹਿਰ ਵਿੱਚ ਤੇ ਜੱਦੀ ਪੁਰਖੀ ਘਰ।


ਘਰ ਛੱਡ ਕੇ ਕਿਸੇ ਦੂਸਰੇ ਸ਼ਹਿਰ ਵਿੱਚ ਵਸਣਾ ਆਸਾਨ ਨਹੀਂ ਹੁੰਦਾ, ਵੈਸੇ ਵੀ ਸਾਰੀ ਉਮਰ ਲੰਘ ਜਾਂਦੀ ਹੈ ਆਂਢ-ਗੁਆਂਢ ਅਤੇ ਮੁਹੱਲੇ ਵਿੱਚ ਆਪਣੀ ਸ਼ਖਸੀਅਤ ਨੂੰ ਚੰਗਾ ਬਣਾਉਂਦਿਆਂ।ਬਿਗਾਨੇ ਪਿੰਡ ਜਾਂ ਸ਼ਹਿਰ ਜਾ ਕੇ ਉਹ ਮੁਹੱਬਤ ਕਿੱਥੇ ਮਿਲਦੀ ਐ।ਮੇਰੇ ਘਰ ਵੀ ਪਿਛਲੇ ਦਿਨੀਂ ਮੇਰੇ ਪਿਆਰੇ ਬੱਚਿਆਂ ਦੇ ਪਿਆਰੇ ਦਾਦਾ ਜੀ ਪੂਰੇ ਹੋ ਗਏ ਸਨ।ਪੁੱਤ-ਪੋਤਰਿਆਂ ਵਾਲੇ ਸਨ।


ਲੱਗਭੱਗ ਨੱਬੇ ਸਾਲ ਦੀ ਉਮਰ ਹੰਢਾਈ।ਜੁਆਇੰਟ ਡਾਇਰੈਕਟਰ ਦੀ ਪੋਸਟ ਤੋਂ ਰਿਟਾਇਰ ਹੋਏ ਸਨ।ਭਾਉਂਦਾ ਪਾਇਆ ਅਤੇ ਪਹਿਨਿਆ ਸੀ।ਪਰਿਵਾਰ ਲਈ ਵੀ ਵਰਤਣ ਲਈ ਖੁੱਲ੍ਹਾ ਛੱਡ ਗਏ ਸਨ।ਪਰ ਮੌਤ ਤਾਂ ਮੌਤ ਹੈ।ਸਰੀਰ ਮਿੱਟੀ ਹੋਇਆ ਪਿਆ,ਇਹ ਸੋਚ ਕੇ ਕਿ ਇਸ ਦੁਨੀਆਂ 'ਤੇ ਇਸ ਰਿਸਤੇ ਵਿੱਚ ਦੁਬਾਰਾ ਨਹੀਂ ਮਿਲਣਾ।


ਕਿੱਥੋਂ ਸਾਹ ਖਰੀਦ ਲਈਏ।ਧਾਹਾਂ ਮਾਰ-ਮਾਰ ਕੇ ਰੋਣ ਨੂੰ ਦਿਲ ਕਰਦਾ।ਪਰ ਲੋਕਾਈ ਵੱਲ ਦੇਖ ਕੇ ਤੇ ਗੁਰਬਾਣੀ ਵਿੱਚ ਲਿਖਿਆ ਸੋਚ ਕੇ ਫਿਰ ਮਨ ਨੂੰ ਧਰਵਾਸਾ ਦੇਈਦਾ ਘਰ ਖਾਣ ਨੂੰ ਆਉਂਦਾ।ਚੁੰਨੀ ਚੁੱਕ ਗੁਰਦੁਆਰੇ ਜਾ ਬੈਠਦੀ ਹਾਂ ਕਿ ਮਨ ਉਦਾਸ ਨਾ ਹੋਵੇ।ਪਰ ਇਹ ਰਿਸ਼ਤਿਆਂ ਦੀਆਂ ਸਾਝਾਂ ਵੀ ਅਜੀਬ ਹੁੰਦੀਆਂ ਹਨ ਮਰਨ ਤੋਂ ਬਾਅਦ ਹੋਰ ਵੀ ਮਜਬੂਤ ਹੋ ਜਾਂਦੀਆਂ ਹਨ ਜਿਵੇਂ ਨਾਲ ਹੀ ਮੌਤ ਆ ਜਾਉ।ਪਰ ਇਹ ਤਾਂ ਆਪੋ-ਆਪਣੇ ਸਾਹਾਂ ਦੀ ਗਿਣਤੀ ਆ ਜਦ ਪੂਰੀ ਹੋਈ ਉਦੋਂ ਹੀ ਜਾਣਾ ਏ,ਮਰਿਆ ਨਾਲ ਮਰਿਆ ਨਹੀਂ ਜਾਂਦਾ।ਗੁਰਬਾਣੀ ਵਿੱਚ ਵੀ ਦਰਜ ਹੈ ਕਿ ਸਾਡਾ ਜੀਵਨ ਅਤੇ ਮੌਤ ਉਪਰ ਕੋਈ ਜੋ਼ਰ ਨਹੀਂ।ਘਰ ਦਾ ਮਹੌਲ ਸੋਗਮਈ ਹੈ।ਬੱਚਿਆਂ ਨੂੰ ਨਾਨਕੇ ਭੇਜ ਦਿੱਤਾ ਸੀ ਪਰ ਘਰ ਹੋਰ ਵੀ ਸੁੰਨਾ ਲੱਗਦਾ ਹੈ ਤੜਫਦੀ ਹਾਂ ਵਾਰ-ਵਾਰ ਫੋਨ ਕਰਦੀ ਹਾਂ।ਅਖੀਰ ਬੱਚਿਆਂ ਨੂੰ ਨਾਨਕਿਆਂ ਤੋਂ ਵਾਪਸ ਮੰਗਵਾ ਲੈਂਦੀ ਹਾਂ।ਪ


ਰ ਸੋਚਦੀ ਹਾਂ ਉਸ ਮਾਂ ਬਾਰੇ ਜਿਸਦਾ ਜਵਾਨ ਪੁੱਤਰ ਸਦਾ ਲਈ ਚਲਾ ਗਿਆ। ਬੜੇ ਔਖੇ ਪੁੱਤ ਤੋਰਨੇ, ਬੂਹੇ ਭੇੜ ਕੇ ਰੋਂਦੀਆਂ ਮਾਵਾਂ.... ਕਿਵੇਂ ਜੀਵੇਗੀ ਉਹ ਜਿਸਦੇ ਪੁੱਤਰ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ।ਅੱਖਾਂ ਅੱਗੇ ਹਨੇਰਾ ਆਉਣ ਲੱਗਦਾ ਹੈ।ਆਖਿਰ ਮੈਂ ਵੀ ਇੱਕ ਮਾਂ ਹਾਂ ਉਸਦਾ ਦਰਦ ਸਮਝ ਸਕਦੀ ਹਾਂ ਔਲਾਦ ਦਾ ਏਦਾਂ ਚਲੇ ਜਾਣਾ ਅਸਹਿ ਹੈ।ਮੈਨੂੰ ਮੇਰੀ ਮਾਂ ਦੀ ਆਖੀ ਗੱਲ ਯਾਦ ਆਉਂਦੀ ਹੈ ਜਦ ਵੀ ਮੈਂ ਕਦੇ ਆਪਣੇ ਲੇਖਕ ਮਨ ਹੱਥੋਂ ਮਜਬੂਰ ਕਿਸੇ ਦੇ ਵੀ ਦੁੱਖ ਦਿਲ ਤੇ ਲਾ ਲੈਂਦੀ ਤਾਂ ਮਾਂ ਨੇ ਕਹਿਣਾ "ਤੂੰ ਰੱਬ-ਰੱਬ ਕਰ,ਕੀ ਪਤਾ ਇਸਨੇ ਕੀ ਸਾਧ ਦੁਖਾਏ ਹੋਣਗੇ।"ਅੱਗੇ ਤਾਂ ਮਾਂ ਦੀ ਗੱਲ ਯਾਦ ਕਰ ਅਕਸਰ ਆਪਣਾ ਮਨ ਮੋੜ ਲੈਂਦੀ ਪਰ ਇਸ ਵਾਰ ਲੱਗਾ ਨਹੀਂ: ਮਾਂ ਉਹ ਸਾਧੂ ਨਹੀਂ ਹੋ ਸਕਦਾ ਜਿਸਨੇ ਕਿਸੇ ਮਾਂ ਨੂੰ ਅਜਿਹਾ ਸਰਾਪ ਦਿੱਤਾ।ਇੱਕ ਦਿਨ ਮੇਰਾ ਲੇਖ ਅਜੀਤ ਵਿੱਚ ਛਪਿਆ ਤਾਂ ਕਿਸੇ ਐਨ.ਆਰ.ਆਈ ਵੀਰ ਦਾ ਫੋਨ ਆਇਆ ਕਿ "ਭੈਣ ਜੀ ਅਵਾਰਾ ਬੰਦਿਆਂ,ਢੱਠਿਆ ਅਤੇ ਕੁੱਤਿਆਂ ਤੇ ਵੀ ਕੁਝ ਲਿਖੋ।"ਸੱਚਮੁੱਚ ਅਵਾਰਾ ਕੁੱਤੇ ਵੀ ਖਤਰਨਾਕ ਹੁੰਦੇ ਹਨ ਪਰ ਛੋਟਾ ਜਨਵਰ ਹੋਣ ਕਾਰਨ ਮਨੁੱਖ ਇਸ ਤੋਂ ਆਪਣੀ ਰੱਖਿਆ ਕਰ ਸਕਦਾ ਹੈ।ਪਰ ਅਵਾਰਾ ਢੱਠੇ ਬਹੁਤ ਖਤਰਨਾਕ ਹਨ,ਕਿਉਂਕਿ ਸਰੀਰਕ ਤੌਰ 'ਤੇ ਅਸੀਂ ਦਸ ਲੋਕ ਵੀ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ।ਪਰ ਹੁਣ ਗੁੱਸਾ ਅਵਾਰਾ ਢੱਠਿਆ 'ਤੇ ਵੀ ਬਹੁਤਾ ਨਹੀਂ ਆਉਂਦਾ ਅਵਾਰਾ ਬੰਦਿਆਂ ਤੇ ਆਉਂਦਾ ਹੈ ਜਿਹੜੇ ਪਾਰਟੀਬਾਜ਼ੀ ਅਤੇ ਹੋਰ ਸਿਆਸਤਾਂ ਵਿੱਚ ਸਭ ਤੋਂ ਅੱਗੇ ਹੁੰਦੇ ਹਨ।


ਪਰ ਇਨਸਾਨੀਅਤ ਬਚਾਉਣ ਲਈ ਸਭ ਤੋਂ ਪਿੱਛੇ।ਮੇਰੇ ਖੁਦ ਦੇ ਸ਼ਹਿਰ ਵਿੱਚ ਮੈਂ ਦੇਖਦੀ ਹਾਂ ਕਿ ਕਿਸੇ ਵੀ ਪਾਰਟੀ ਨੇ ਅਜਿਹੇ ਪ੍ਰਬੰਧ ਨਹੀਂ ਕੀਤੇ ਕਿ ਸ਼ਹਿਰ ਵਿੱਚੋਂ ਅਵਾਰਾ ਢੱਠਿਆ ਨੂੰ ਬਾਹਰ ਕਿਸੇ ਖੁੱਲ੍ਹੀ ਚਾਰਦੀਵਾਰੀ ਵਿੱਚ ਛੱਡਿਆ ਜਾਵੇ।ਹੁਣ ਲੋਕ ਵੋਟਾਂ ਪਾ ਕੇ ਲੀਡਰਾਂ ਨੂੰ ਜਤਾਉਂਦੇ ਹਨ।ਫੰਡ ਦਿੰਦੇ ਹਨ ਕਿ ਲੀਡਰ ਸਾਡੇ ਕਿਸੇ ਕੰਮ ਆਉਣਗੇ।ਜੇ ਉਹੀ ਫੰਡ ਨੇਤਾ ਲੋਕਾਂ ਨੂੰ ਦੇਣ ਦੀ ਬਜਾਏ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਚੰਗਾ ਮਹੌਲ ਸਿਰਜ ਕੇ ਇਨਸਾਨੀਅਤ ਨੂੰ ਕਾਇਮ ਰੱਖ ਲਿਆ ਜਾਵੇ ਤਾਂ ਕਿੰਨਾ ਚੰਗਾ ਹੋਵੇ।ਦਸ-ਦਸ ਰੁਪਏ ਦੇ ਹਰੇ ਪੱਠੇ ਪਾ ਕੇ ਅਸੀਂ ਗਊਆਂ ਦੀ ਸੇਵਾ ਕਰਦੇ ਹਾਂ ਜੋ ਬੂਰੀ ਗੱਲ ਨਹੀਂ।


ਅਸੀਂ ਉਸਦੀ ਮਮਤਾ ਨੂੰ ਸਿਜਦਾ ਕਰਦੇ ਹਾਂ ਪਰ ਉਹਨਾਂ ਦੇ ਵੱਛੜੇ ਜੋ ਵੱਡੇ ਹੋ ਕੇ ਢੱਠੇ ਬਣਦੇ ਹਨ ਉਹ ਸੜਕਾਂ 'ਤੇ ਰੁਲ ਰਹੇ ਹਨ ਅਜੀਬ ਸ਼ਰਧਾ ਹੈ।ਧਾਰਮਿਕ ਸਥਾਨਾਂ 'ਤੇ ਜਾ ਕੇ ਅਸੀਂ ਮਾਤਾ ਦੇ ਦਰਸ਼ਨਾਂ ਨੂੰ ਜਾਂਦੇ ਹਾਂ ਪਰ ਇੱਕ ਮਾਂ ਦਾ ਪੁੱਤਰਸਾਡੀਆਂ ਅੱਖਾਂ ਦੇ ਸਾਹਮਣੇ ਜਾਨਵਰਾਂ ਵੱਲੋਂ ਕੋਹ-ਕੋਹ ਕੇ ਮਾਰ ਦਿੱਤਾ ਜਾਂਦਾ ਹੈ ਉਸ ਨੂੰ ਵੇਖ ਕੇ ਅਸੀਂ ਕਦੇ ਰੋਸ ਮਾਰਚ ਨਹੀਂ ਕਰਦੇ।ਕਰੋੜਾਂ ਰੁਪਏ ਦੇ ਟੈਕਸ ਅਸੀਂ ਸਰਕਾਰਾਂ ਨੂੰ ਦਿੰਦੇ ਹਾਂ ਪਰ ਪ੍ਰਸ਼ਾਸਨ ਵੀ ਅਜਿਹੀਆਂ ਘਟਨਾਵਾਂ ਨੂੰ ਅਣਗੋਲਿਆ ਕਰ ਜਾਂਦਾ ਹੈ।ਸਾਡੇ ਸਭ ਧਰਮਾਂ ਦੇ ਬਹੁਤ ਵੱਡੇ-ਵੱਡੇ ਗਰੁੱਪ ਹਨ ਲੋੜ ਪਵੇ ਤਾਂ ਆਪੋ-ਆਪਣੇ ਧਰਮਾਂ ਨੂੰ ਬਚਾਉਣ ਲਈ ਜਾਨ ਦੇ ਦੇਈਏ ਪਰ ਅਫਸੋਸ ਅਸੀਂ ਇਨਸਾਨੀਅਤ ਬਚਾਉਣ ਲਈ ਮੌਨ ਨਹੀਂ ਤੋੜਦੇ।ਇਨਸਾਨੀਅਤ ਸਾਡੀਆਂ ਅੱਖਾਂ ਸਾਹਮਣੇ ਰੋਜ਼ ਮਰਦੀ ਹੈ।


ਪੋਸਟਰ ਪਾੜਨੇ,ਸਾੜਨੇ ਸਾਡੇ ਖੱਬੇ ਹੱਥ ਦਾ ਖੇਡ ਹੈ।ਪਰ ਲੋਕ ਭਲਾਈ ਦੇ ਕੰਮ ਰਲ ਕੇ ਨਹੀਂ ਕਰ ਸਕਦੇ ਉਹ ਦੂਸਰੇ ਦੇਸ਼ਾਂ ਵਾਲੇ ਕਰ ਜਾਣ।ਅਨੇਕਾਂ ਐਨ.ਜੀ.ਓ.ਬਣੀਆਂ ਹੋਈਆਂ ਹਨ ਪਰ ਪਤਾ ਨਹੀਂ ਫਿਰ ਵੀ ਗਰੀਬੀ, ਲਾਚਾਰੀ, ਨਸ਼ਾਖੋਰੀ ਅਤੇ ਬੇਵਸੀ ਸੜਕਾਂ ਤੇ ਰੁਲਦੀ ਹੈ।ਕਿਸੇ ਵੀ ਐਨ ਜੀ ਓ ਦਾ ਕੋਈ ਵੀ ਬੋਰਡ ਲੱਗਾ ਨਹੀਂ ਦੇਖਿਆ ਕਿ ਕੋਈ ਲੋੜਵੰਦ ਫੋਨ ਕਰਕੇ ਇੱਥੋਂ ਸਹਾਇਤਾ ਲੈ ਸਕਦਾ ਹੈ।ਹਾਂ ਉਹਨਾਂ ਦੇ ਖੁਦ ਦੇ ਘਰ ਮਿੱਟੀ ਤੋਂ ਪੱਥਰਾਂ ਦੇ ਬਣ ਗਏ ਹਨ।ਸਾਨੂੰ ਆਮ ਲੋਕਾਂ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ ਅਤੇ ਜਾਨਣਾ ਪਵੇਗਾ ਉਹਨਾਂ ਮਾਪਿਆਂ ਦਾ ਦੁੱਖ ਜਿਨ੍ਹਾਂ ਦੇ ਬੱਚੇ ਅਵਾਰਾ ਢੱਠਿਆ, ਕੁੱਤਿਆਂ ਅਤੇ ਬੰਦਿਆਂ ਹੱਥੋਂ ਮਾਰੇ ਗਏ।

 


ਬੇਅੰਤ ਕੌਰ ਗਿੱਲ ਮੋਗਾ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech