Monday, August 19, 2019
FOLLOW US ON

Poem

ਸਾਲ ਚੋਰਾਸੀ ਦੀ ਗੱਲ ਸੁਣਾਵਾਂ //ਦਵਿੰਦਰ ਰਾਜਾ -ਝਿੱਕਾ

December 04, 2018 11:17 PM
ਸਾਲ ਚੋਰਾਸੀ ਦੀ ਗੱਲ ਸੁਣਾਵਾਂ 
ਅੱਜ ਸੱਚੀ ਘਟਨਾ ਨੂੰ ਦੁਹਰਾਵਾਂ 
 
'ਦੀਪੇ' ਨਾਂ ਦਾ  ਯਾਰ ਸੀ ਮੇਰਾ 
ਸੋਹਣਾ ਸੁਨੱਖਾ, ਹੱਸਮੁੱਖ ਚਿਹਰਾ 
 
ਸੱਚ ਬੋਲਣੋ ਨਹੀਂ ਸੀ ਡਰਦਾ 
ਸਾਰੇ ਪਿੰਡ ਦੇ ਕੰਮ ਸੀ ਕਰਦਾ 
 
ਦੋ ਭੈਣਾਂ ਦਾ,  ਇੱਕ ਭਰਾ ਸੀ 
ਚੜੀ ਜਵਾਨੀ, ਜੋਸ਼ ਬੜਾ ਸੀ 
 
ਇੱਕ ਦਿਨ ਪੁਲਿਸ ਨੇ ਵਿਉਂਤ ਬਣਾਈ 
ਪਿੰਡ ਪਿੰਡ ਜਾਕੇ ਸਭਾ ਬੁਲਾਈ 
 
ਕਾਲੇ ਕੱਛਿਆਂ ਦਾ ਡਰ ਪਾ ਦਿੱਤਾ 
 ਪਿੰਡ ਵਿੱਚ ਪਹਿਰਾ ਲਗਵਾ ਦਿੱਤਾ 
 
ਦੀਪਾ ਹੁੰਦਾ ਸੀ  ਸੱਭ ਤੋਂ ਅੱਗੇ 
ਜਦ ਵੀ ਪਿੰਡ ਚ ਪਹਿਰਾ ਲੱਗੇ 
 
ਅੱਧੀ ਰਾਤ ਨੂੰ ਪੁਲਿਸ ਸੀ ਆਈ 
ਪਹਿਰੇ ਵਾਲਿਆਂ ਦੀ ਕਲਾਸ ਲਗਾਈ 
 
ਕਿਸੇ ਅੱਤਵਾਦੀ ਦਾ ਨਾਂ ਦੱਸ ਦਿਓ?
ਕਿੱਥੇ ਹੈ ਅਸਲਾ, ਥਾਂ ਦੱਸ ਦਿਓ? 
 
ਦੀਪਾ ' ਸੁਣਕੇ ਭੜਕ ਗਿਆ ਸੀ 
ਪੁਲਿਸ ਨੂੰ ਇਹੋ ਰੜਕ ਗਿਆ ਸੀ 
 
ਦੋ ਦਿਨ ਪਿੱਛੋਂ ਸ਼ਾਮਤ ਆ ਗਈ 
ਤੜਕੇ ਤੜਕੇ ਪੁਲਿਸ ਆ ਗਈ 
 
ਦੀਪੇ ਦੇ ਘਰ ਨੂੰ ਘੇਰਾ ਪਾ ਲਿਆ 
ਬਾਪੂ ਓਹਦਾ ਬਾਹਰ ਬੁਲਾ ਲਿਆ 
 
ਮੁੰਡਾ ਤੁਹਾਡਾ ਕੀ ਹੈ ਕਰਦਾ ? 
ਬਾਪੂ ਆਖਿਆ, ਹਾਲੇ ਪੜ੍ਹਦਾ 
 
ਮੁੰਡੇ ਨੂੰ ਤੁਸੀਂ ਬਾਹਰ ਬੁਲਾਓ 
ਪੁੱਛਣਾ ਹੈ ਕੁੱਝ, ਛੇਤੀ ਜਾਓ 
 
ਦੌੜੀ- ਦੌੜੀ ਮਾਂ ਵੀ ਆਈ 
ਦੇਖ ਪੁਲਿਸ ਨੂੰ ਸੀ ਘਬਰਾਈ 
 
ਅੱਖਾਂ ਮੱਲਦਾ, ਦੀਪਾ ਆਇਆ 
ਖਿੱਚ ਪੁਲਸੀਏ ਜੀਪ ਬਿਠਾਇਆ 
 
ਠੰਡ ਦੇਖ ਕੇ ਮਾਂ ਘਬਰਾਈ 
ਭੱਜ ਕੇ ਅੰਦਰੋਂ ਖ਼ੇਸ ਲਿਆਈ 
 
ਖ਼ੇਸ ਹੱਥਾਂ ਵਿੱਚ ਹੀ ਰਹਿ ਗਿਆ 
'ਲੈ ਗਏ" ਕਹਿ ਕੇ ਬਾਪੂ ਬਹਿ ਗਿਆ 
 
ਭੈਣਾਂ ਰੋਵਣ,  ਮਾਂ ਕੁਰਲਾਈ 
ਬਾਪੂ ਦੇ ਕੁੱਝ ਸਮਝ ਨਾ ਆਈ 
 
ਦਿਨ ਚੜ੍ਹਦੇ ਨੂੰ ਰੌਲਾ ਪੈ ਗਿਆ 
ਰਾਤੀਂ ਕੋਈ 'ਦੀਪਾ' ਲੈ ਗਿਆ 
 
ਪਿੰਡ ਦੇ ਲੋਕੀਂ ਠਾਣੇ ਆਉਂਦੇ 
ਕੱਠੇ ਹੋ ਸੱਭ  ਰੌਲਾ ਪਾਉਂਦੇ 
 
ਥਾਣੇਦਾਰ ਪਿਆ ਦੇਵੇ ਸਫਾਈ 
'ਸਪੈਸ਼ਲ' ਟੀਮ ਸੀ ਉਪਰੋਂ ਆਈ 
 
ਪਤਾ ਨਹੀਂ ਸਾਨੂੰ, ਮੁੰਡੇ ਵਾਰੇ 
ਐਵੇਂ ਨਾ ਤੁਸੀਂ ਲਾਵੋ ਨਾਅਰੇ 
 
ਫਿਰ ਲੋਕਾਂ ਯਾਦ ਨੇਤਾ ਦੀ ਆਈ 
ਪੰਚ ਸਰਪੰਚ ਨੂੰ ਗੁਹਾਰ ਲਗਾਈ 
 
ਬਾਡੀਗਾਡ ਨਾਲ ਨੇਤਾ ਆਇਆ 
ਥਾਣੇਦਾਰ ਨਾਲ ਹੱਥ ਮਿਲਾਇਆ
 
 ਗਿਟਮਿਟ ਕਰਕੇ ਬਾਹਰ ਸੀ ਆਇਆ 
ਫਿਕਰ ਕਰੋ ਨਾ, ਆ ਸਮਝਾਇਆ 
 
'ਇੰਨਕੁਆਰੀ' ਹੈ ਚਲਦੀ ਪਈ ਏ 
"ਬੇਕਸੂਰ ਹੈ, ਖ਼ਬਰ ਮੈਂ ਲਈ ਏ 
 
ਉਹਨੂੰ ਕਿਹੜਾ ਕੋਈ ਖਾ ਜਾਵੇਗਾ 
"ਇੱਕ ਦੋ ਦਿਨ ਤੱਕ ਆ ਜਾਵੇਗਾ 
 
ਕੁੱਛ ਨਹੀਂ ਹੁੰਦਾ, ਨਾ ਘਬਰਾਵੋ 
ਚੁੱਪ ਕਰਕੇ ਤੁਸੀਂ ਘਰ ਨੂੰ ਜਾਵੋ 
 
ਬੇਬੱਸ ਹੋਕੇ,  ਘਰ ਨੂੰ ਆਏ 
ਕੀ ਕਰੀਏ ਕੁੱਝ ਸਮਝ ਨਾ ਆਏ 
 
ਥੋੜੇ ਦਿਨ ਹੋਈ ਨੱਠ ਭਜਾਈ 
ਕਿਤਿਓਂ ਵੀ ਕੋਈ ਖ਼ਬਰ ਨਾ ਆਈ 
 
ਆਖਿਰ ਬਹਿ ਗਏ ਥੱਕ ਹਾਰਕੇ 
ਆ ਜਾਵੇਗਾ,  ਇਹੋ ਧਾਰਕੇ 
 
ਹੋਲੀ ਹੋਲੀ ਪਿੰਡ ਵਾਲੇ ਘੱਟ ਗਏ 
ਯਾਰ ਬੇਲੀ ਸੱਭ ਆਉਣੋਂ ਹੱਟ ਗਏ 
 
ਰੋਂਦੀ ਮਾਂ ਨੂੰ ਕੋਣ ਚੁੱਪ ਕਰਾਵੇ 
ਉੱਠ ਉੱਠ ਭੱਜੇ ਨੀਂਦ ਨਾ ਆਵੇ 
 
ਭੈਣਾਂ ਰੋਜ ਉਡੀਕਾਂ ਕਰਦੀਆਂ 
ਬੂਹੇ ਖੜ ਕੇ ਹੌਕੇ ਭਰਦੀਆਂ
 
ਪਿਓ ਤਾਂ ਬੂਹਾ ਢੋਹ ਲੈਂਦਾ ਸੀ 
ਅੰਦਰ ਵੜਕੇ, ਰੋ ਲੈਂਦਾ ਸੀ 
 
ਇੱਕ ਦਿਨ ਐਸੀ ਖ਼ਬਰ ਆ ਗਈ 
ਸਾਰੇ ਪਿੰਡ ਵਿੱਚ ਸੁੰਨ ਛਾ ਗਈ 
 
ਕਹਿੰਦੇ ਦੀਪੇ ਦੀ ਲਾਸ਼ ਆ ਗਈ 
ਮੇਰੇ ਤਾਂ ਸਾਹ ਸੱਤ ਮੁਕਾ ਗਈ 
 
ਖ਼ਬਰ ਸੁਣਕੇ ਮੈਂ ਵੀ ਆਇਆ 
ਲਾਸ਼ ਦੇਖਕੇ ਜੀਅ ਘਬਰਾਇਆ 
 
ਪਾਟੇ ਕਪੜੇ, ਕੇਸ ਸੀ ਖੁੱਲ੍ਹੇ 
ਮੂੰਹ ਚੋਂ ਪਿਆ ਖੂਨ ਸੀ ਡੁਲ੍ਹੇ 
 
ਕਹਿੰਦੇ ਪੁਲਿਸ ਮੁਕਾਬਲਾ ਹੋਇਆ 
ਸੁਣਕੇ ਹਰ ਪਿੰਡ ਵਾਲਾ ਰੋਇਆ 
 
ਮਾਰ ਗੋਲੀ ਹੱਥ ਹਥਿਆਰ ਦਿੱਤਾ 
ਅੱਤਵਾਦੀ ਕਹਿਕੇ ਮਾਰ ਦਿੱਤਾ 
 
ਨੇਤਾ ਆ ਕੇ, ਹਾਰ ਪਾ ਗਿਆ 
ਥਾਣੇਦਾਰ ਦੇ ਸਟਾਰ ਲਾ ਗਿਆ 
 
ਜਿਸ ਨਾਲ ਬੀਤੀ ਉਸ ਨੇ ਜਾਣੀ ਏ 
ਬਾਕੀਆਂ ਨੂੰ ਲੱਗਦੀ ਕਹਾਣੀ ਏ 
 
ਅੱਜਕਲ ਉਹੀ ਨਜਰੀ ਆਇਆ 
ਪਹਿਲਾਂ ਜੋ  ਸੰਤਾਪ ਹੰਢਾਇਆ 
 
ਰਾਜਨੀਤੀ ਹੈ ਧੋਖਾ ਨਾ ਖਾਈਂ 
ਫਿਰ ਮਰਨਗੇ ਕਈ ਅਜਾਈਂ 
 
ਸੱਚੀ ਗੱਲ ਐਵੇਂ ਨਹੀਂ ਸੁਣਾਈ ਏ 
ਕੁੱਝ ਤਾਂ ਆਹਟ "ਝਿੱਕੇ "ਨੂੰ ਆਈ ਏ!!
 
ਦਵਿੰਦਰ ਰਾਜਾ -ਝਿੱਕਾ
 
 
Have something to say? Post your comment