Article

ਨੋਟਬੰਦੀ ਨੇ ਕਾਲੇ ਧਨ ਦੀ ਥਾਂ ਤੇ ਕੰਮ ਵਿਚ ਪੈਦਾ ਕੀਤੀ ਖੜੋਤ//ਬੇਅੰਤ ਬਾਜਵਾ

December 05, 2018 11:03 PM

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਵਿਚੋਂ ਕਾਲੇ ਧੰਨ ਦੇ ਖਾਤਮੇ ਲਈ ਪਿਛਲੇ ਦਿਨੀਂ ਪੰਜ ਸੌ ਅਤੇ ਇੱਕ ਹਜ਼ਾਰ ਦੇ ਨੋਟ 'ਤੇ ਪਾਬੰਦੀ ਲਾ ਕੇ ਪੂਰੇ ਦੇਸ਼ ਵਿਚ ਹਲਚਲ ਮਚਾ ਦਿੱਤੀ ਸੀ।ਅਚਨਚੇਨ ਲਏ ਗਏ ਇਸ ਫੈਸਲੇ ਨੇ ਲੋਕਾਂ ਵਿਚ ਰਾਤੋਂ ਰਾਤ ਗੜਬੜੀ ਵਾਲਾ ਮਾਹੌਲ ਬਣਾ ਦਿੱਤਾ।


ਮੀਡੀਆਂ ਨੇ ਵੀ ਆਪਣੀ ਆਪਣੀ ਟੀ ਆਰ ਪੀ ਵਧਾਉਣ ਲਈ ਵਧਾ ਚੜਾ ਕੇ ਸਰਕਾਰ ਦੇ ਪੱਖ ਵਿਚ ਬੋਲਣਾ ਸ਼ੁਰੂ ਕਰ ਦਿੱਤਾ।ਲੋਕ ਰਾਤੋਂ ਰਾਤ ਬੈਂਕਾਂ ਦੇ ਏ ਟੀ ਐੱਮ ਮਸੀਨਾਂ ਵੱਲ ਭੱਜਣੇ ਸ਼ੁਰੂ ਹੋ ਗਏ।ਕੋਈ ਸੋਨਾ ਚਾਂਦੀ ਖਰੀਦਣ ਨੂੰ ਤੁਰ ਪਿਆ।ਲਏ ਗਏ ਫੈਸਲੇ ਦੇ ਦੂਜੇ ਦਿਨ ਹੀ ਪੂਰੇ ਦੇਸ਼ ਦੀਆਂ ਬੈਂਕਾਂ ਅੱਗੇ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈ।


ਹਰ ਦਿਨ ਕੋਈ ਨਾ ਕੋਈ ਵਿਅਕਤੀ ਲਾਈਨਾਂ ਵਿਚ ਖੜਾ ਮੁਸ਼ਕਿਲ ਨਾ ਝਲਦਾ ਦੁਨੀਆਂ ਤੋਂ ਹੀ ਰੁਖਸਤ ਹੋ ਤੁਰਿਆ।ਸ੍ਰੀ ਮੋਦੀ ਦੇ ਇਸ ੫੦ ਦਿਨਾਂ ਦੇ ਫੈਸਲੇ ਪਹਿਲਾਂ ਪਹਿਲਾਂ ਬਹੁਤ ਸਲਾਹਿਆ।ਪਰ ਕੁਝ ਦਿਨਾਂ ਬਾਅਦ ਹੀ ਜੋ ਲੋਕ ਇਸ ਫੈਸਲੇ ਨੂੰ ਚੰਗਾ ਮੰਨਦੇ ਸਨ, ਉਹ ਹੀ ਇਸ ਉਲਟ ਹੋ ਗਏ ਹਨ।ਮੱਧਵਰਗੀ ਲੋਕ ਭਾਵ ਆਮ ਲੋਕ, ਛੋਟੇ ਦੁਕਾਨਦਾਰ, ਛੋਟੇ ਵਪਾਰੀ ਆਦਿ ਹੀ ਬੈਂਕਾਂ ਦੀਆਂ ਲਾਈਨਾਂ ਵਿਚ ਖੜੇ ਆਪਣੀ ਮਿਹਨਤ ਦੇ ਪਸੀਨੇ ਨਾਲ ਕਮਾਈ ਪੂੰਜੀ ਲੈਣ ਲਈ ਤਰਲੋ ਮੱਛੀ ਹੋ ਰਹੇ ਹਨ।ਹਾਲਾਂਕਿ ਧਨਾਢ ਲੋਕਾਂ ਦੇ ਨੋਟ ਦਾ ਵੱਡੇ ਕਮਿਸ਼ਨ 'ਤੇ ਘਰ ਬੈਠੇ ਹੀ ਬਦਲ ਗਏ।ਇਹ ਵੀ ਸੁਣਨ ਵਿਚ ਆਇਆ ਹੈ ਕਿ ਕਈ ਬੈਂਕ ਮੈਨੇਜਰ ਰਾਤੋਂ ਰਾਤ ਚੰਗਾ ਪੈਸਾ ਕਮਾ ਗਏ।ਹਾਲਾਂਕਿ ਮੋਦੀ ਸਰਕਾਰ ਨੇ ਕਈ ਬੈਂਕ ਖਿਲਾਫ ਜਾਂਚ ਦੀ ਗੱਲ ਕਹੀ ਹੈ।ਮੋਦੀ ਦੇ ਨੋਟਬੰਦੀ ਫੈਸਲੇ ਨੂੰ ਆਮ ਲੋਕ ਕੰਮਬੰਦੀ ਫੈਸਲਾ ਦੱਸ ਰਹੇ ਹਨ।ਕਿਉਂਕਿ ਮੱਧਵਰਗੀ ਵਪਾਰੀ, ਛੋਟੇ ਦੁਕਾਨਦਾਰ ਅਤੇ ਕਿਸਾਨ-ਮਜ਼ਦੂਰ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ।ਕਈ ਮਜ਼ਦੂਰਾਂ ਦੇ ਘਰ ਤਾਂ ਇੱਕ ਸਮੇਂ ਹੀ ਚੁੱਲਾਂ ਤਪਦਾ ਹੈ।ਜ਼ਿਨਾਂ ਨੇ ਧੀਆਂ ਦੇ ਵਿਆਹ ਕਰਨੇ ਸੀ ਉਨਾਂ ਨੂੰ ਸਰਕਾਰ ਦੀਆਂ ਹਦਾਇਤਾਂ 'ਤੇ ਪੈਸਾ ਨਹੀਂ ਮਿਲਿਆ।ਸਰਕਾਰ ਦੇਸ਼ ਨੂੰ ਕੈਸ਼ਲੈਸ ਕਰਨਾ ਚਾਹੁੰਦੀ ਹੈ ਅਤੇ ਈ ਪ੍ਰਣਾਲੀ ਰਾਂਹੀ ਕੰਮ ਕਰਨ ਨੂੰ ਕਹਿ ਰਹੀ ਹੈ।


ਪਰ ਜ਼ਮੀਨੀ ਹਕੀਕਤ ਇਹ ਹੈ ਕਿ ਜੋ ਅਨਪੜ ਤਬਕਾ ਹੈ ਉਹ ਉਕਤ ਪ੍ਰਣਾਲੀ ਨੂੰ ਕਿਵੇਂ ਵਰਤੋਂ ਕਰੇਗਾ।ਦੇਸ਼ ਦੇ ਕਈ ਹਿੱਸਿਆਂ ਵਿਚ ਅਜੇ ਤੱਕ ਲੋਕਾਂ ਨੂੰ ਬਿਜਲੀ ਤੱਕ ਨਸੀਬ ਨਹੀਂ ਹੋਈ, ਉਥੇ ਇਹ ਪ੍ਰਣਾਲੀ ਕਿਵੇਂ ਲਾਗੂ ਹੋ ਸਕਦੀ ਹੈ।ਸੋ ਅਸਲ ਸਚਾਈ ਹੈ ਕਿ ਆਮ ਲੋਕਾਂ ਲਈ ਇਹ ਨੋਟਬੰਦੀ ਦਾ ਫਰਮਾਨ ਸਹੀ ਸਾਬਤ ਨਹੀਂ ਹੋਇਆ।ਜਿੱਥੇ ਭਾਜਪਾ ਪਾਰਟੀ ਨੂੰ ਇਸ ਦਾ ਨਤੀਜਾ ਆਗਾਮੀ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ, ਉਥੇ ਹੀ ਪੰਜਾਬ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਨੂੰ ਵੀ ਚੋਣਾਂ ਵਿਚ ਇਸ ਫੈਸਲਾ ਕਾਰਨ ਭਾਰੀ ਨੁਕਸਾਨ ਹੋ ਸਕਦਾ ਹੈ? ਇੱਕ ਸਾਲ ਬੀਤ ਜਾਣ ਤੇ ਵੀ ਵਪਾਰ ਅਤੇ ਆਮ ਦੁਕਾਨਦਾਰਾਂ ਦੀ ਸਥਿਤੀ ਪਹਿਲਾਂ ਵਾਂਗ ਨਹੀਂ ਰਹੀ ਹੈ।


ਹਰ ਵਪਾਰੀ ਮੰਦੇ ਵਿਚ ਚੱਲ ਰਿਹਾ ਹੈ ਅਤੇ ਛੋਟੇ ਕਾਰੋਬਾਰੀਆਂ ਦੇ ਕੰਮਾਂ ਵਿਚ ਨੋਟਬੰਦੀ ਨੇ ਖੜੋਤ ਪੈਦਾ ਕਰ ਦਿੱਤੀ ਹੈ। ਅਜੋਕੇ ਸਮੇਂ ਵਿਚ ਐਤਵਾਰ ਵਾਲੇ ਦਿਨ ਵੀ ਦੁਕਾਨਾਂ ਖੁੱਲ ਰਹੀਆਂ ਹਨ ਤੇ ਵਪਾਰ ਕੀਤੇ ਜਾ ਰਹੇ। ਪਰ ਇਸ ਦੇ ਬਾਵਜੂਦ ਹਰ ਤਬਕਾ ਔਖਾ ਹੀ ਹੈ। ਕੇਂਦਰ ਸਰਕਾਰ ਨੇ ਭਾਵੇਂ ਛੋਟੀ ਕਰੰਸੀ ਵੀ ਜਾਰੀ ਕਰ ਦਿੱਤੀ ਹੈ ਪਰ ਨੋਟਬੰਦੀ ਵੇਲੇ ਵਪਾਰ ਵਿਚ ਪਿਆ ਘਾਟਾ ਪੂਰਾ ਨਹੀਂ ਹੋ ਰਿਹਾ ਹੈ। ਇੱਥੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਪਾਰੀ ਤੇ ਆਮ ਵਰਗ ਨੂੰ ਰਿਆਇਤਾਂ ਪ੍ਰਦਾਨ ਕਰੇ। ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਛੋਟਾ ਵਪਾਰੀ ਤੇ ਕਿਸਾਨ ਮਜ਼ਦੂਰ ਬਿਲਕੁਲ ਖਤਮ ਹੋ ਜਾਵੇਗਾ।


ਬੇਅੰਤ ਬਾਜਵਾ

Have something to say? Post your comment