Tuesday, September 17, 2019
FOLLOW US ON

Article

ਪੰਜਾਬੀ ਸਿਨੇਮੇ ਦੇ ਮਾਣ 'ਚ ਹੋਰ ਵਾਧਾ ਕਰੇਗੀ ਉਸ ਦੀ ਨਵੀ ਫ਼ਿਲਮ 'ਭੱਜੋ ਵੀਰੋ ਵੇ'// ਹਰਜਿੰਦਰ ਸਿੰਘ

December 05, 2018 11:08 PM

ਸੁਲਝਿਆ ਹੋਇਆ ਲੇਖਕ-ਨਿਰਦੇਸ਼ਕ ਤੇ ਅਦਾਕਾਰ ਅੰਬਰਦੀਪ ਸਿੰਘ

ਪੰਜਾਬੀ ਸਿਨੇਮੇ ਦੇ ਮਾਣ 'ਚ ਹੋਰ ਵਾਧਾ ਕਰੇਗੀ ਉਸ ਦੀ ਨਵੀ ਫ਼ਿਲਮ 'ਭੱਜੋ ਵੀਰੋ ਵੇ'


ਪੰਜਾਬੀ ਫ਼ਿਲਮ 'ਅੰਗਰੇਜ਼' ਨਾਲ ਇੱਕ ਫ਼ਿਲਮੀ ਲੇਖਕ ਵਜੋਂ ਉਭਰਿਆ ਅੰਬਰਦੀਪ ਸਿੰਘ ਅੱਜ ਪਾਲੀਵੁੱਡ ਵਿੱਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਇੱਕ ਵੱਡੀ ਪਛਾਣ ਰੱਖਦਾ ਹੈ। ਇਸ ਸਾਲ ਆਈ ਫ਼ਿਲਮ 'ਲੌਂਗ ਲਾਚੀ'  ਸਦਕਾ ਨਿਰਦੇਸ਼ਨ ਦੇ ਨਾਲ-ਨਾਲ ਉਸਦਾ ਹੀਰੋ ਬਣਕੇ ਆਉਣ ਦਾ ਸੁਪਨਾ ਵੀ ਸਾਕਾਰ ਹੋ ਗਿਆ।'ਲੌਂਗ ਲਾਚੀ' ਫ਼ਿਲਮ ਉਸਦੀ ਹੀਰੋਇਨ ਨੀਰੂ ਬਾਜਵਾ ਰਹੀ ਜਦਕਿ ਹੁਣ ਨਵੀਂ ਫ਼ਿਲਮ 'ਭੱਜੋ ਵੀਰੋ ਵੇ' ਫ਼ਿਲਮ ਵਿੱਚ ਅੰਬਰਦੀਪ ਦੀ ਜੋੜੀ ਸਿੰਮੀ ਚਾਹਲ  ਨਾਲ ਹੈ।
ਅਬੋਹਰ ਇਲਾਕੇ ਦਾ ਜੰਮਿਆ ਪਲਿਆ ਅੰਬਰਦੀਪ ਨੇ ਪਟਿਆਲਾ ਯੂਨੀਵਰਸਿਟੀ ਤੋਂ ਥੀਏਟਰ ਦੀ ਪੜਾਈ ਕੀਤੀ ਤੇ ਫਿਰ ਆਪਣੀ ਕਿਸਮਤ ਅਜਮਾਉਣ ਫ਼ਿਲਮ ਨਗਰੀ ਮੁੰਬਈ ਚਲਾ ਗਿਆ। ਜਿੱਥੇ ੧੦ ਕਾਮੇਡੀਅਨ ਕਪਿਲ ਸ਼ਰਮਾਂ ਨਾਲ ਬਤੌਰ ਐਸੋਸੀਏਟ ਕੰਮ ਕਰਦਿਆਂ ਫ਼ਿਲਮ ਨਗਰੀ 'ਚ ਸੰਘਰਸ਼ ਕੀਤਾ। ਪੰਜਾਬੀ ਫ਼ਿਲਮਾਂ ਦਾ ਰਾਹ ਪੱਧਰਾ ਹੋਇਆ ਤਾਂ ਉਸਨੇ ਆਪਣਾ ਧਿਆਨ ਇਧਰ ਕਰ ਲਿਆ। ਅੰਬਰਦੀਪ ਸਿੰਘ ਪਿਛਲੇ ਪੰਜ ਕੁ ਸਾਲਾਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸਰਗਰਮ ਹੈ। ਫ਼ਿਲਮ 'ਜੱਟ ਐਂਡ ਜੂਲਿਅਟ' ਨਾਲ ਕਹਾਣੀ ਤੇ ਸਕਰੀਨ ਪਲੇਅ ਲੇਖਕ ਵਜੋਂ ਆਪਣੀ ਸ਼ੁਰੂਆਤ ਕਰਦਿਆਂ ਅੰਬਰਦੀਪ ਨੇ 'ਵਿਆਹ ੭੦ ਕਿੱਲੋਮੀਟਰ', 'ਡੈਡੀ ਕੂਲ ਮੁੰਡੇ ਫੂਲ', 'ਹੈਪੀ ਗੋ ਹੈਪੀ', 'ਗੋਰਿਆਂ ਨੂੰ ਦਫ਼ਾ ਕਰੋ', ਅੰਗਰੇਜ' ਲਵ ਪੰਜਾਬ, ਅਤੇ 'ਡਿਸਕੋ ਸਿੰਘ' ਆਦਿ ਫ਼ਿਲਮਾਂ ਲਈ ਯੋਗਦਾਨ ਪਾਇਆ। ਇਸੇ ਦੌਰਾਨ 'ਗੋਰਿਆ ਨੂੰ ਦਫ਼ਾ ਕਰੋ' ਤੇ 'ਅੰਗਰੇਜ' ਫ਼ਿਲਮਾਂ ਲਈ ਤਾਂ ਅੰਬਰਦੀਪ ਨੂੰ ਬੈਸਟ ਲੇਖਕ ਦਾ ਐਵਾਰਡ ਵੀ ਮਿਲਿਆ।'ਲਵ ਪੰਜਾਬ', 'ਸਰਵਣ', 'ਹਰਜੀਤਾ', ਅਤੇ 'ਲਾਹੌਰੀਏ' ਫ਼ਿਲਮਾਂ ਵਿੱਚ ਉਸਨੇ ਲੇਖਕ ਦੇ ਇਲਾਵਾ ਅਦਾਕਾਰੀ ਵੀ ਕੀਤੀ। ਭਾਵੇਂ ਦੁਨੀਆਂ ਘੁੰਮ ਆਇਆ ਪਰ ਉਸ ਦੀ  ਸਰਹੱਦੀ ਬੋਲੀ ਉਸਦਾ ਫ਼ਿਲਮੀ ਅੰਦਾਜ਼ ਬਣ ਚੁੱਕੀ ਹੈ। 
ਬਤੌਰ ਅਦਾਕਾਰ, ਲੇਖਕ ਤੇ ਨਿਰਦੇਸਕ ਉਸਦੀ ਪਹਿਲੀ ਫ਼ਿਲਮ 'ਲਾਹੋਰੀਏ' ਸੀ ਜਿਸਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ। ਇਸ ਤੋਂ ਬਾਅ 'ਲੌਂਗ ਲਾਚੀ ਅਤੇ 'ਅਸ਼ਕੇ' ਫ਼ਿਲਮਾਂ ਨਾਲ ਅੰਬਰਦੀਪ ਚਾਰ ਕਦਮ ਅੱਗੇ ਹੀ ਵਧਿਆ। ਹੁਣ ੧੪ ਦਸੰਬਰ ਨੂੰ ਅੰਬਰਦੀਪ ਦੀ ਨਵੀਂ ਫ਼ਿਲਮ 'ਭੱਜੋ ਵੀਰੋ ਵੇ' ਵੀ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ੧੯੬੦ ਦੇ ਸਮਿਆਂ ਦੀ ਹੈ, ਜੋ ਵਿਆਹ ਬਾਰੇ ਨਹੀਂ ਬਲਕਿ ਉਨਾਂ ਬਾਰੇ ਹੈ ਜਿੰਨਾਂ ਦੇ ਵਿਆਹ ਨਹੀਂ ਹੁੰਦੇ... ਮਤਬਲ ਛੜੇ ਬੰਦੇ ਦੀ ਜੂਨ ਹੰਢਾਉਂਦੇ ਲੋਕਾਂ 'ਤੇ ਕੀ ਬੀਤਦੀ ਹੈ, ਬੰਦੇ ਦੀ ਜ਼ਿੰਦਗੀ ਵਿੱਚ ਤੀਵੀਂ ਦੀ ਅਹਿਮੀਅਤ ਕੀ ਹੁੰਦੀ ਹੈ, ਇਹੋ ਹੀ ਫ਼ਿਲਮ ਦਾ ਅਹਿਮ ਵਿਸ਼ਾ ਹੈ।  ਅੰਬਰਦੀਪ ਨੇ ਦੱਸਿਆ ਕਿ ਫ਼ਿਲਮ ਵਿੱਚ ਰੁਮਾਂਸ ਹੈ, ਭਾਵੁਕਤਾ ਹੈ, ਕਾਮੇਡੀ ਹੈ, ਬਦਮਾਸ਼ਾਂ-ਵੈਲੀਆਂ ਵਾਲਾ ਰੋਹਬ ਤੇ ਮਾਰਧਾੜ ਵੀ ਹੈ। ਖ਼ਾਸ ਗੱਲ ਕਿ ਗੁੱਗੂ ਗਿੱਲ ਇਸ ਫਿਲਮ 'ਚ ਰੋਹਬਦਾਰ ਕਿਰਦਾਰਾਂ ਵਿੱਚ ਨਜ਼ਰ ਆਵੇਗਾ।
ਫ਼ਿਲਮ ਦੀ ਕਹਾਣੀ ਅਨੁਸਾਰ ਨਾਇਕ ਅੰਬਰਦੀਪ ਦਾ ਰਿਸ਼ਤਾ ਸਿੰਮੀ ਚਾਹਲ ਨਾਲ ਹੋਣ ਲੱਗਦਾ ਹੈ ਪਰ ਉਸਦੇ ਅਨਾਥ ਹੋਣ ਕਰਕੇ ਇਹ ਰਿਸ਼ਤਾ ਰੁਕ ਜਾਂਦਾ ਹੈ ਜਿਸ ਲਈ ਆਪਣੇ ਨਾਨਕਿਆਂ ਦੀ ਭਾਲ ਵਿੱਚ ਨਿੱਕਲਿਆ ਅੰਬਰਦੀਪ ਨਵੀਆਂ ਹੀ ਘੁੰਮਣ-ਘੇਰੀਆਂ ਵਿੱਚ ਫ਼ਸ ਜਾਂਦਾ ਹੈ। ਰਿਧਮ ਬੁਆਏਜ਼,ਹੇਅਰ ਓਮ ਜੀ ਸਟੂਡੀਓ ਦੀ ਪੇਸ਼ਕਸ ਇਹ ਲੇਖਕ-ਨਿਰਦੇਸ਼ਕ ਅੰਬਰਦੀਪ ਸਿੰਘ ਦੀ ਇਸ ਸਾਲ ਤੀਸਰੀ ਫ਼ਿਲਮ ਰਿਲੀਜ਼ ਹੋ ਰਹੀ ਹੈ ਜਿਸ ਦਾ ਨਾਂ ਪਹਿਲਾਂ 'ਕਾਰ ਰੀਂਬਨਾ ਵਾਲੀ ਸੀ ਜੋ ਬਦਲ ਕੇ 'ਭੱਜੋ ਵੀਰੋ ਵੇ' ਰੱਖਿਆ ਗਿਆ। ਇਸ ਫ਼ਿਲਮ ਦੀ ਕਹਾਣੀ ਖੁਦ ਅੰਬਰਦੀਪ ਨੇ ਲਿਖੀ ਹੈ। ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ, ਤਲਵਿੰਦਰ ਹੇਅਰ ਤੇ ਸਹਿ ਨਿਰਮਾਤਾ ਮੁਨੀਸ਼ ਸਾਹਨੀ ਹਨ। ਫ਼ਿਲਮ ਵਿੱਚ ਅੰਬਰਦੀਪ, ਸਿੰਮੀ ਚਾਹਲ, ਗੁੱਗੂ ਗਿੱਲ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਹਰਦੀਪ ਗਿੱਲ, ਯਾਦ ਗਰੇਵਾਲ ਤੇ ਸੁਖਵਿੰਦਰ ਰਾਜ ਨੇ ਅਹਿਮ ਕਿਰਦਾਰ ਨਿਭਾਏ  ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਗੀਤ ਗਾਇਕ ਅਮਰਿੰਦਰ ਗਿੱਲ, ਸੁਰਿੰਦਰ ਛਿੰਦਾ, ਗੁਰਸ਼ਬਦ, ਬੀਰ ਸਿੰਘ ਤੇ ਗੁਰਪ੍ਰੀਤ ਮਾਨ ਨੇ ਗਾਏ ਹਨ।   

   ਹਰਜਿੰਦਰ ਸਿੰਘ

Have something to say? Post your comment