Tuesday, March 19, 2019
FOLLOW US ON

Article

ਉੱਨਤ ਪਰਿਵਾਰ ਉੱਨਤ ਪਰਿਵਾਰ// ਲੇਖਿਕਾ:- ਹਰਪ੍ਰੀਤ ਕੌਰ ਘੁੰਨਸ

December 05, 2018 11:26 PM

ਜਿਵੇਂ ਰੰਗ-ਬਿਰੰਗੇ ਫੁੱਲਾਂ ਤੋਂ ਮਾਲਾ ਬਣਦੀ ਹੈ, ਇਉਂ ਹੀ ਵੱਖ ਵੱਖ ਪਰਿਵਾਰਾਂ ਦੇ ਸੁਮੇਲ ਨਾਲ ਇੱਕ ਰਾਸ਼ਟਰ ਬਣਦਾ ਹੈ।


ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੈ। ਕੋਈ ਵੀ ਘਰ ਤਾਂ ਹੀ ਮਜਬੂਤ ਹੋ ਸਕਦਾ ਹੈ ਜੇਕਰ ਉਸਦੀ ਨਿਉਂ(ਨੀਂਹ) ਮਜਬੂਤ ਹੋਵੇ। ਇਸੇ ਲਈ ਆਪਣੇ ਭਾਰਤ ਰਾਸ਼ਟਰ ਨੂੰ ਸ਼ਕਤੀਸ਼ਾਲੀ ਕਿਵੇਂ ਬਣਾਇਆ ਜਾਵੇ ? ਪ੍ਰਸ਼ਨ ਦਾ ਹੱਲ ਲੱਭਣ ਲਈ ਇਸਦੀ ਜੜ ਤੱਕ ਪਹੁੰਚਣਾ ਪਵੇਗਾ ਭਾਵ ਪਹਿਲਾਂ ਪਰਿਵਾਰ ਨੂੰ ਸ਼ਕਤੀਸ਼ਾਲੀ ਬਣਾਏ ਜਾਣ ਦੀ ਲੋੜ ਹੈ। ਭਾਵੇਂ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਪਰ ਜਨਮ ਤੋਂ ਮਨੁੱਖ ਵੀ ਜਾਨਵਰ ਹੁੰਦਾ ਹੈ। ਜਿਓਂ- ਜਿਓਂ ਉਹ ਪਰਿਵਾਰ ਵਿੱਚ ਵੱਡਾ ਹੁੰਦਾ ਹੈ ਤਿਓਂ- ਤਿਓਂ ਉਸਦਾ ਵਿਵਹਾਰ ਮਨੁੱਖਤਾ ਵਾਲਾ ਹੋਣ ਲਗ ਜਾਂਦਾ ਹੈ। 


ਜੇਕਰ ਉਸੇ ਬੱਚੇ ਨੂੰ ਜੰਗਲ ਚ ਛੱਡ ਦਿੱਤਾ ਜਾਵੇ ਤਾਂ ਉਹਦਾ ਵਿਵਹਾਰ ਵੀ ਜਾਨਵਰਾਂ ਵਾਲਾ ਹੋ ਜਾਵੇਗਾ। ਅੱਜ ਦੇ ਸਮੇਂ ਵਿੱਚ ਮਨੁੱਖ ਵਿੱਚੋਂ ਨਿਮਰਤਾ, ਮਿਠਾਸ, ਸਹਿਣਸ਼ੀਲਤਾ ਜਿਹੇ ਗੁਣ ਦੂਰ ਹੋ ਰਹੇ ਹਨ ਜਿੰਨਾ ਦੀ ਜਗ੍ਹਾ ਆਕੜ, ਹਾਉਮੇ ਅਤੇ ਤੰਗ ਦਿਲੀ ਨੇ ਲੈ ਲਈ ਹੈ।


ਅੱਗੇ ਵਧਣ ਦੀ ਹੋੜ ਵਿੱਚ ਮਨੁੱਖਤਾ ਪਿੱਛੇ ਛੁੱਟਦੀ ਜਾ ਰਹੀ ਹੈ। ਜਿਸਦੇ ਨਤੀਜੇ ਸਾਨੂੰ ਟੀਵੀ ਅਖਬਾਰਾਂ ਵਿੱਚ ਵੇਖਣ ਨੂੰ ਮਿਲ ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਸੰਸਕਾਰਾਂ ਅਤੇ ਕਦਰਾਂ ਕੀਮਤਾਂ ਨੂੰ ਮਹੱਤਵ ਜਿਆਦਾ ਦਿੱਤਾ ਜਾਂਦਾ ਸੀ ਜਿਸ ਕਾਰਨ ਪਰਿਵਾਰ ਇਕੱਠੇ ਅਤੇ ਮਜਬੂਤ ਹੋਇਆ ਕਰਦੇ ਸਨ। ਪੱਛਮੀ ਸਭਿਆਚਾਰ ਨੇ ਸੰਸਕ੍ਰਿਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਚਾਹੇ ਉਹ ਸਾਡੀਆਂ ਕਦਰਾਂ ਕੀਮਤਾਂ ਹੋਣ, ਭਾਸ਼ਾਵਾਂ ਹੋਣ ਚਾਹੇ ਸਾਡਾ ਜੀਵਨ ਜਿਓਂ ਦਾ ਢੰਗ। ਕੋਈ ਸਮਾਂ ਸੀ ਜਦੋਂ ਬੱਚੇ ਆਪਣੇ ਵਡੇਰਿਆਂ ਤੋਂ ਮਹਾਨ ਸਖਸੀਅਤਾਂ ਦੀਆਂ ਕਹਾਣੀਆਂ ਸੁਣਦੇ ਸਨ ਅਤੇ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਨੇਕ ਰਾਹਾਂ ਤੇ ਚਲਦੇ ਹੋਏ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਜਾਂ ਬਲੀਦਾਨ ਦਿੰਦੇ ਸਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣਦੇ ਸਨ। ਪਰ ਅੱਜ ਕੱਲ੍ਹ ਦੀ ਪੀੜ੍ਹੀ 'ਤੇ ਫੈਸ਼ਨ ਅਤੇ ਨਸ਼ੇ ਦੀ ਹਨੇਰੀ 'ਚ ਝੁੱਲ ਰਹੀ ਹੈ। ਨਸ਼ੇ, ਮਹਿੰਗਾਈ, ਅੱਜ ਦੀ ਗਾਇਕੀ, ਮੋਬਾਈਲ ਟੀਵੀ ਦਾ ਪ੍ਰਭਾਵ ਬੱਚੇ ਤੋਂ ਵੱਡੇ ਤੱਕ ਸਭ ਨੂੰ ਪ੍ਰਭਾਵਿਤ ਕਰ ਰਿਹਾ ਹੈ। ਗਾਇਕੀ ਅਤੇ ਫ਼ਿਲਮਾਂ ਨਸ਼ੇ ਅਤੇ ਹਥਿਆਰਾਂ ਨੂੰ ਉਤਸਾਹਿਤ ਕਰਦੀਆਂ ਹਨ। ਗਾਇਕੀ ਅਤੇ ਫ਼ਿਲਮਾਂ ਨਸ਼ੇ ਅਤੇ ਹਥਿਆਰਾਂ ਨੂੰ ਉਤਸਾਹਿਤ ਕਰਦੀਆਂ ਹਨ। ਜਿਨ੍ਹਾਂ 'ਤੇ ਰੋਕ ਲੱਗਣੀ ਚਾਹੀਦੀ ਹੈ। ਦੂਜੇ ਪਾਸੇ ਲੜਕੀਆਂ ਦੀ ਅਸੁਰੱਖਿਆ ਅਤੇ ਦਹੇਜ ਵਰਗੀਆਂ ਬੁਰਾਈਆਂ ਹੀ ਭਰੂਣ ਹੱਤਿਆ ਜਿਹੀਆਂ ਬੁਰਾਈਆਂ ਨੂੰ ਜਨਮ ਦਿੰਦੀਆਂ ਹਨ। ਜੇਕਰ ਇਹ ਸਭ ਬੁਰਾਈਆਂ ਇਕਜੁਟ ਹੋ ਕੇ ਖਤਮ ਕੀਤੀਆਂ ਜਾਣ ਤਾਂ ਹਰ ਪਰਿਵਾਰ ਉੱਨਤ ਪਰਿਵਾਰ ਹੋਵੇਗਾ। ਪਰਿਵਾਰਾਂ ਦੇ ਉੱਨਤ ਹੋਣ ਨਾਲ ਭਾਰਤ ਆਪਣੇ - ਆਪ ਹੀ ਉੱਨਤ ਹੋ ਜਾਵੇਗਾ ਅਤੇ ਭਾਰਤ ਦਾ ਝੰਡਾ ਬੁਲੰਦੀਆਂ 'ਤੇ ਝੂਲਦਾ ਦਿਖਾਈ ਦੇਵੇਗਾ।


ਲੇਖਿਕਾ:- ਹਰਪ੍ਰੀਤ ਕੌਰ ਘੁੰਨਸ

Have something to say? Post your comment