Saturday, May 25, 2019
FOLLOW US ON

Article

ਗੁਹਜ ਰਤਨ ਭਾਗ 3// ਗਿਆਨੀ ਗੁਰਮੁੱਖ ਸਿੰਘ ਖਾਲਸਾ

December 07, 2018 10:23 PM

ਪੰਜ ਤੱਤ 
ਗੁਰਬਾਣੀ ਅੰਦਰ ਕਈ ਥਾਈਂ ਜਿਕਰ ਆਇਆ ਹੈ ਕਿ ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਹ ਪੰਜ ਤੱਤ ਕਿਹੜੇ ਹਨ?

ਗੁਰਬਾਣੀ ਮਨੁੱਖੀ ਹੋਂਦ ਨੂੰ ਪੰਜ ਤੱਤਾਂ (ਪੰਜ ਭੂਤਾਂ) ਦਾ ਸੁਮੇਲ ਗਿਣਦੀ ਹੈ ਅਤੇ ਇਹ ਤੱਤ ਹਨ: ਧਰਤੀ, ਪਾਣੀ, ਹਵਾ, ਅਗਨੀ ਅਤੇ ਅਕਾਸ਼। ਪੰਜ ਤੱਤ ਵਾਲੀ ਇਹ ਧਾਰਨਾ ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:

ਪੰਚ ਤਤ ਕਾ ਰਚਨ ਰਚਾਨਾ॥ (ਪੰਨਾਂ 1073)                                                              

ਪੰਚ ਤਤੁ ਮਿਲ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥ (ਪੰਨਾਂ 1030)                                     

ਹੁਣ ਜੇਕਰ ਪਹਿਲਾਂ ਗੁਰਬਾਣੀ ਦੀ ਦ੍ਰਿਸ਼ਟੀ ਦੇ ਆਧਾਰ ਪੰਜ ਤੱਤਾਂ ਦੇ ਸਰੀਰਕ ਵਜੂਦ ਨੂੰ ਮੰਨਿਆ ਕਿ ਜਿਵੇਂ ਪੰਜ ਤੱਤਾਂ ਦੇ ਮੇਲ ਤੋਂ ਤਨ ਬਣਿਆ ਅਤੇ ਫਿਰ ਇਸ ਅਸਥੂਲ ਤਨ ਵਿੱਚ ਸੂਖਮ ਰੂਪ ਵਿੱਚ ਮਨ ਦੀ ਹੋਂਦ ਹੈ। ਇਸ ਪ੍ਰਕਾਰ ਮਨ ਸਾਡੇ ਖ਼ਿਆਲਾਂ, ਫੁਰਨਿਆ ਤੇ ਵਿਚਾਰਾਂ ਦਾ ਵਜੂਦ ਹੈ।
‘ਸਮ-ਅਰਥ ਕੋਸ਼’ ਵਿੱਚ ਮਨ ਲਈ ਉਡਨ ਪੰਖੇਰੂ, ਅਧਿਆਤਮ, ਆਤਮ, ਹਿਰਦਾ, ਚਿਤ, ਜੀਉ, ਜੀਅੜਾ, ਦਿਲ, ਨਫ਼ਸ, ਮਨਸ, ਮਨੂਆ ਆਦਿ ਸ਼ਬਦ ਵੀ ਦਿੱਤੇ ਗਏ ਹਨ। ‘ਗੁਰਮਤ ਮਾਰਤੰਡ’ ਵਿੱਚ ਮਨ ਸਬੰਧੀ ਇਉਂ ਲਿਖਿਆ ਹੈ, ਵਿਦਵਾਨਾਂ ਨੇ ਅੰਤਹਕਰਣ (ਭੀਤਰੀ ਇੰਦਰੀ) ਦੇ ਚਾਰ ਭੇਦ ਕਲਪੇ ਹਨ।


1.  ਮਨ (ਸੰਕਲਪ ਵਿਕਲਪ) (ਸੰਕਲਪ-ਪ੍ਰਤੱਖ ਗਿਆਨ ’ਤੇ ਆਧਾਰਿਤ ਹੁੰਦਾ ਹੈ ਅਤੇ ਵਿਕਲਪ-ਗੈਰਹਾਜ਼ਰ ਵਸਤੂ ਦਾ ਗਿਆਨ ਭਾਵ ਕਲਪਨਾ ਸ਼ਕਤੀ ਹੈ।)

2. ਬੁੱਧਿ (ਵਿਵੇਕ ਨਾਲ ਨਿਸ਼ਚਯ ਕਰਨ ਵਾਲੀ ਸ਼ਕਤੀ)

3. ਚਿੱਤ (ਜਿਸ ਤੋਂ ਬਾਤਾਂ ਦਾ ਚੇਤਾ ਹੁੰਦਾ ਹੈ)

4. ਅਹੰਕਾਰ (ਜਿਸ ਤੋਂ ਸੰਸਾਰ ਦੇ ਪਦਾਰਥਾਂ ਨਾਲ ਆਪਣਾ ਸਬੰਧ ਪ੍ਰਤੀਤ ਹੁੰਦਾ ਹੈ)।


ਹੁਣ ‘ਪੰਜ ਤੱਤ ਤੇ ਜਨਮਾਂ’ ਦੀ ਸੰਖੇਪ ਵਿਆਖਿਆ ਕਰੀਏ ਤਾਂ ਪੰਜ ਤੱਤ ਜੋ ਤਨ ਦੇ ਵਜੂਦ ਦਾ ਆਧਾਰ ਹਨ, ਉਹ ਹਨ- ਪ੍ਰਿਥਵੀ, ਜਲ, ਅਗਨ, ਪਵਨ ਤੇ ਅਕਾਸ਼। ਸਰਲ ਭਾਸ਼ਾ ਵਿੱਚ ਪ੍ਰਿਥਵੀ ਭਾਵ ਧਰਤੀ ਦਾ ਤੱਤ ਨਿਮਰਤਾ ਤੇ ਸਹਿਣਸ਼ੀਲਤਾ  ਲਈ ਪ੍ਰੇਰਕ ਸ਼ਕਤੀ ਹੈ। ਜਲ ਤੋਂ ਪਵਿੱਤਰਤਾ ਲੈਣੀ ਹੈ। ਅਗਨੀ ਤੋਂ ਬੀਰ -ਰਸ, ਗੈਰਤ। ਪਵਨ ਦਾ ਸੁਭਾਉ ਗਤੀਸ਼ੀਲ ਤੇ ਚਲਦੇ ਰਹਿਣਾ ਹੈ। ਅਕਾਸ਼ ਦਾ ਸੁਭਾਉ ਵਿਆਪਕ ਦ੍ਰਿਸ਼ਟੀ ਹੈ। ਇਸ ਪ੍ਰਕਾਰ ਪੰਜ ਤੱਤਾਂ ਦੇ ਸੁਮੇਲ ਵਿੱਚ ਬਹੁਤ ਵੱਡਾ  ਸੰਦੇਸ਼  ਵੀ ਹੈ।
ਸ੍ਰੀ ਗੁਰਬਖਸ਼ ਸਿੰਘ ਕੇਸਰੀ ਨੇ ‘ਸੰਖਿਆ ਕੋਸ਼’ ਵਿੱਚ ਪੰਜ ਤੱਤਾਂ ਦਾ ਹੋਰ ਵੀ ਵਿਸਥਾਰ ਦਿੱਤਾ ਹੈ:-
1. ਪ੍ਰਿਥਵੀ ਦੇ ਗੁਣ:- ਹੱਡ, ਮਾਸ, ਨਖ, ਤੁਚਾ, ਰੋਮ।

 2. ਜਲ ਦੇ ਗੁਣ:- ਵੀਰਯ, ਲਹੂ, ਮਿੱਜ, ਮਲ, ਮੂਤਰ।

3. ਅਗਨੀ ਦੇ ਗੁਣ:- ਨੀਂਦ, ਭੁੱਖ, ਪਿਆਸ, ਪਸੀਨਾ, ਆਲਸ।

4. ਪਵਨ ਦੇ ਗੁਣ:- ਧਾਰਣ (ਫੜਨਾ), ਚਾਲਨ (ਧਕੇਲਨਾ), ਫੈਂਕਨਾ, ਸਮੇਟਨਾ, ਫੈਲਾਉਣਾ।

5. ਅਕਾਸ਼ ਦੇ ਗੁਣ:- ਕਾਮ, ਕਰੋਧ, ਲੱਜਾ, ਮੋਹ, ਲੋਭ ਆਦਿ।
ਤੱਤ ਲਈ ਸ਼ਬਦ ਭੂਤ ਵੀ ਵਰਤਿਆ ਜਾਂਦਾ ਹੈ, ਜਿਵੇਂ ਪੰਜ ਭੂਤਕ ਸਰੀਰ। ਪ੍ਰਚੱਲਤ ਸ਼ਬਦ ਹੈ। ਦਸਮ ਪਾਤਸ਼ਾਹ ਨਮਸਤੰ ਅਭੂਤੇ (ਤੱਤ ਰਹਿਤ ਪ੍ਰਭੂ ਨੂੰ ਨਮਸਕਾਰ)  ਸ਼ਬਦ ‘ਜਾਪੁ ਸਾਹਿਬ’ ਵਿੱਚ ਉਚਾਰਦੇ ਹਨ।

ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥ ਪੰਚ ਤਤ ਰਚਿ ਜੋਤਿ ਨਿਵਾਜਿਆ।।                                           

ਸਿਹਜਾ ਧਰਤਿ ਬਰਤਨ ਕਉ ਪਾਨੀ ॥ ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ॥(133)                

ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਮਝਾਉਣ ਲੱਗੇ ਕਿ ਜਿਸ ਪ੍ਰਮਾਤਮਾ ਨੇ ਤੇਰਾ ਇਹ ਮਨ ਬਣਾਇਆ, ਤੇਰਾ ਇਹ ਸਰੀਰ ਬਣਾਇਆ। ਉਸਨੇ ਪ੍ਰਮਾਤਮਾ ਨੇ ਮਿੱਟੀ, ਪਾਣੀ, ਹਵਾ, ਅਗਨੀ,ਅਕਾਸ਼ ਪੰਜ ਤੱਤਾਂ ਦਾ ਪੁਤਲਾ ਬਣਾ ਕੇ ਉਸ ਨੂੰ ਆਪਣੀ  ਜੋਤਿ ਨਾਲ ਸੋਹਣਾ ਬਣਾ ਦਿੱਤਾ ਹੈ । ਐ ਜੀਵ ਜਿਸ ਪ੍ਰਮਾਤਮਾ ਨੇ ਤੈਨੂੰ ਲੇਟਣ ਵਾਸਤੇ ਰਹਿਣ ਸਹਿਣ ਨੂੰ ਧਰਤੀ ਦਿੱਤੀ, ਜਿਸ ਨੇ ਤੈਨੂੰ ਵਰਤਣ ਲਈ ਪਾਣੀ ਦਿੱਤਾ, ਉਸ ਪ੍ਰਮਾਤਮਾ ਨੂੰ ਕਦੇ ਵੀ ਨਾ ਭੁਲਾਉ, ਉਸ ਨੂੰ ਹਰ ਵੇਲੇ ਸਿਮਰਦੇ ਰਿਹਾ ਕਰੋ ।

 ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥                                                                         

 ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥(1427)

   ਗੁਰੂ ਤੇਗ ਬਹਾਦਰ ਜੀ ਵੀ ਸਪੱਸ਼ਟ ਕਰਦੇ ਹਨ ਕਿ ਐ ਜੀਵ ! ਤੂੰ ਜਾਣਦਾ ਹੈਂ ਕਿ ਤੇਰਾ ਇਹ ਸਰੀਰ ਦੀ ਰਚਨਾ ਪ੍ਰਮਾਤਮਾ ਨੇ ਪੰਜ ਤੱਤਾਂ ਤੋਂ ਕੀਤੀ ਹੋਈ ਹੈ । ਇਹ ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਬਣਿਆ ਹੈ। ਉਸ ਸਰੀਰ ਮੁੜ ਉਹਨਾਂ ਪੰਜਾਂ ਤੱਤਾਂ ਵਿੱਚ ਹੀ ਲੀਨ ਹੋ ਜਾਇਗਾ। ਫਿਰ ਇਸ ਸਰੀਰ ਦੇ ਝੂਠੇ ਮੋਹ ਵਿੱਚ ਫਸਕੇ ਪ੍ਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈਂ? ਉਸ ਪ੍ਰਮਾਤਮਾ ਨੂੰ ਹਰ ਸਮੇਂ ਯਾਦ ਕਰਿਆ ਕਰ। ਫਿਰ ਸਤਿਗੁਰੂ ਜੀ ਦੱਸਦੇ ਨੇ ਕਿ ਕਿਹੜੇ ਪੰਜ ਤੱਤ ਨੇ-

ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥ਤਿਨ ਮਹਿ ਪੰਚ ਤਤੁ ਘਰਿ ਵਾਸਾ॥                                             

ਸਤਿਗੁਰ ਸਬਦਿ ਰਹਹਿ ਰੰਗਿ ਰਾਤਾ,ਤਜਿ ਮਾਇਆ ਹਉਮੈ ਭ੍ਰਾਤਾ ਹੇ॥1031

ਪਾਣੀ ਅੱਗ ਹਵਾ ਧਰਤੀ ਤੇ ਆਕਾਸ਼ ਇਹ ਵਿਰੋਧੀ ਤੱਤਾਂ ਦੇ ਸੁਮੇਲ ਨਾਲ ਇਹ ਦੇਹੀ ਪ੍ਰਮਾਤਮਾ ਨੇ ਬਣਾਈ । ਇਹਨਾਂ ਪੰਜਾਂ ਦੇ ਸੁਮੇਲ ਦੀ ਰਾਹੀਂ ਪ੍ਰਮਾਤਮਾ ਨੇ ਪੰਜ-ਤੱਤੀ ਘਰ ਬਣਾ ਦਿੱਤਾ ਹੈ। ਉਸ ਘਰ ਵਿੱਚ ਜੀਵਾਤਮਾ ਦਾ ਨਿਵਾਸ ਕਰ ਦਿੱਤਾ ਹੈ। ਜਿਹੜੇ ਮਨੁੱਖ ਸਤਿਗੁਰੂ ਦੇ ਸ਼ਬਦ ਵਿੱਚ ਜੁੜਦੇ ਹਨ। ਉਹ ਹਉਮੈ ਤੇ ਮਾਇਆ ਦੀ ਖ਼ਾਤਿਰ ਭਟਕਣਾ ਛੱਡ ਕੇ ਪ੍ਰਮਾਤਮਾ ਦੇ ਪ੍ਰੇਮ-ਰੰਗ ਵਿੱਚ ਰੰਗੇ ਰਹਿੰਦੇ ਹਨ । 

ਪਉਣੁ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥ 723                

 ਹਵਾ, ਪਾਣੀ,ਅੱਗ, ਧਰਤੀ, ਆਕਾਸ਼-ਇਹ ਸਾਰੇ ਪ੍ਰਮਾਤਮਾ ਦੇ ਰਹਿਣ ਵਾਸਤੇ ਘਰ ਮੰਦਰ ਬਣੇ ਹੋਏ ਹਨ। ਹੇ ਨਾਨਕ ! ਇਹਨਾਂ ਸਭਨਾਂ ਵਿੱਚ ਪ੍ਰਮਾਤਮਾ ਆਪ ਵੱਸ ਰਿਹਾ ਹੈ। ਇਹਨਾਂ ਵਿਚੋਂ ਕਿਸ ਨੂੰ ਮੈਂ ਅਸੱਤ ਆਖਿਆ ਜਾਵੇ?                                                                                  

ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ ॥ (1345)                                             

ਪ੍ਰਮਾਤਮਾ ਨੇ ਆਪ ਹੀ ਪਾਣੀ ਅੱਗ ਹਵਾ ਆਦਿਕ ਤੱਤ ਪੈਂਦਾ ਕੀਤੇ, ਪ੍ਰਭੂ ਦੇ ਹੁਕਮ ਵਿੱਚ ਹੀ ਇਹਨਾਂ ਤਿੰਨਾਂ ਨੇ ਮਿਲਾ ਕੇ ਜਗਤ ਪੈਦਾ ਕੀਤਾ ।ਪ੍ਰਮਾਤਮਾ ਨੇ ਇਹਨਾਂ ਤੱਤਾਂ ਨੂੰ ਬੇਅੰਤ ਤਾਕਤ ਦਿੱਤੀ ਹੋਈ ਹੈ, ਪਰ ਆਪਣੇ ਹੁਕਮ ਨਾਲ ਇਹਨਾਂ ਨੂੰ ਬੇ-ਥਵ੍ਹੀ ਤਾਕਤ ਵਰਤਣ ਵਲੋਂ ਰੋਕ ਵੀ ਰਖਿਆ ਹੋਇਆ ਹੈ ।                                                                                     

 ਪਾਂਚੈ ਪੰਚ ਤਤ ਬਿਸਥਾਰ ॥ (ਕਬੀਰ, 343)                                                                        

ਪ੍ਰਭੂ ਪ੍ਰਮਾਤਮਾ ਨੇ ਪੰਜਾਂ ਤੱਤਾਂ ਦੇ ਦੁਆਰਾ ਸਾਰੀ ਸ਼੍ਰਿਸਟੀ ਨੂੰ ਬਣਾਉਣਾ ਕੀਤਾ ਹੈ। ਸਿੱਖ ਧਰਮ-ਚਿੰਤਨ ਅਨੁਸਾਰ ਸੰਸਾਰ ਰਚਨਾ ਤੋਂ ਪਹਿਲਾਂ ਅਕਾਲ ਪੁਰਖ ਸੁੰਨ-ਸਮਾਧ ਦੀ ਅਵਸਥਾ ਵਿਚ ਸੀ ਅਤੇ ਉਹ ਅਰਬਾਂ ਸਾਲਾਂ ਤੱਕ, ਜੁਗਾਂ ਜੁਗਾਂ ਤੱਕ, ਇਸੇ ਸੁੰਨ-ਸਮਾਧ ਦੀ ਅਵਸਥਾ ਵਿਚ ਰਿਹਾ। ਉਸ ਅਵਸਥਾ ਵਿਚ ਕਿਸੇ ਕਿਸਮ ਦੀ ਕੋਈ ਰਚਨਾ ਨਹੀਂ ਸੀ। ਨਾ ਕੋਈ ਆਕਾਸ਼ ਸੀ, ਨਾ ਧਰਤੀ ਸੀ, ਨਾ ਪੌਣ ਸੀ, ਨਾ ਪਾਣੀ ਸੀ। ਕੋਈ ਵੀ ਚੰਨ, ਸੂਰਜ, ਤਾਰੇ, ਜੀਵ-ਜੰਤੂ, ਬਨਸਪਤੀ ਆਦਿ ਨਹੀਂ ਸੀ। ਨਾ ਕੋਈ ਜਾਤਿ ਸੀ, ਨਾ ਜਨਮ ਸੀ, ਨਾ ਜਨਮ ਦਾ ਦੁੱਖ, ਨਾ ਕੋਈ ਦੇਵੀ-ਦੇਵਤੇ, ਨਾ ਕੋਈ ਕਰਮ ਜਾਂ ਧਰਮ ਸੀ, ਕੇਵਲ ਉਹ ਇੱਕ ਕਰਤਾ ਪੁਰਖ ਆਪ ਹੀ ਆਪ ਸੀ। ਫਿਰ ਉਸ ਇੱਕ ਨੇ ਆਪਣੇ ਭਾਣੇ ਵਿਚ ਹੀ ਆਪਣੇ ਆਪ ਤੋਂ ਸਾਰੀ ਰਚਨਾ ਅਰੰਭ ਕਰ ਦਿੱਤੀ ਅਤੇ ਰਚਨਾ ਨੂੰ ਬਿਨਾ ਕਿਸੇ ਸਰੀਰਕ ਕਲਾ ਦੇ ਸਹਾਰਾ ਦਿੱਤਾ। ਉਹ ਗੁਪਤ ਤੋਂ ਪਰਗਟ ਰੂਪ ਵਿਚ ਆਇਆ, ਬ੍ਰਹਮ ਅਫੁਰ ਅਵਸਥਾ ਤੋਂ ਫੁਰ ਅਵਸਥਾ ਵਿਚ ਆਇਆ। ਉਸ ਨੇ ਵੱਖ ਵੱਖ ਤੱਤਾਂ ਹਵਾ, ਪਾਣੀ ਆਦਿ ਨੂੰ ਮਿਲਾ ਕੇ ਮਨੁੱਖੀ-ਸਰੀਰ ਰੂਪੀ ਕਿਲੇ ਦੀ ਰਚਨਾ ਕੀਤੀ, ਕੰਨ, ਨੱਕ ਆਦਿ ਨੌਂ ਗੋਲਕਾਂ ਭਾਵ ਗਿਆਨ-ਇੰਦ੍ਰੀਆਂ ਦੀ ਰਚਨਾ ਕੀਤੀ ਅਤੇ ਆਪ ਦਸਵੇਂ ਦੁਆਰ ਵਿਚ ਜੋਤਿ-ਸਰੂਪ ਹੋ ਕੇ ਮਨੁੱਖ ਦੇ ਹਿਰਦੇ ਵਿਚ ਨਿਵਾਸ ਕੀਤਾ। ਮਨੁੱਖ ਦੇ ਸਰੀਰ ਰੂਪੀ ਕਿਲੇ ਵਿਚ ਜੋ ਅਮੋਲਕ ਗੁਣ ਪਰਮਾਤਮਾ ਨੇ ਰੱਖੇ ਹਨ, ਉਨ੍ਹਾਂ ਨੂੰ ਆਪਣੀ ਜੋਤਿ ਰਾਹੀਂ ਆਪ ਹੀ ਦਿਖਾਉਂਦਾ ਹੈ।


ਇਸ ਸੁੰਨ ਅਵਸਥਾ ਤੋਂ ਕਰਤਾ ਪੁਰਖ ਨੇ ਪੰਜ ਤੱਤਾਂ ਪੌਣ, ਪਾਣੀ, ਅਗਨੀ, ਧਰਤੀ ਅਤੇ ਆਕਾਸ਼ ਆਦਿ ਦਾ ਪ੍ਰਕਾਸ਼ਨ ਕੀਤਾ ਅਤੇ ਇਨ੍ਹਾਂ ਤੋਂ ਹੀ ਜੀਵ ਦੇ ਸਰੀਰ ਅਰਥਾਤ ਮਨੁੱਖੀ ਦੇਹ ਦਾ ਨਿਰਮਾਣ ਕੀਤਾ। ਜੀਵ (ਆਤਮਾ) ਇਸ ਦੇਹ ਦੇ ਸੰਜੋਗ ਵਿਚ ਆ ਕੇ ਕਰਮਾਂ ਦਾ ਅਭਿਆਸ ਕਰਦਾ ਹੈ। ਮਾਂ ਦੇ ਖੂਨ ਅਤੇ ਪਿਤਾ ਦੇ ਬਿੰਦ ਨੂੰ ਮਿਲਾ ਕੇ ਵਾਹਿਗੁਰੂ ਨੇ ਮਨੁੱਖ ਦੀ ਇਸ ਸੂਰਤ ਦੀ ਘਾੜਤ ਕੀਤੀ ਅਤੇ ਆਪ ਉਹ ਕਰਤਾ ਪੁਰਖ ਜੋਤਿ-ਸਰੂਪ ਹੋ ਕੇ ਵਿਚਰ ਰਿਹਾ ਹੈ। ਉਹ ਹੀ ਮਨੁੱਖ ਦੀ ਦੇਹ ਨੂੰ ਪੈਦਾ ਕਰਦਾ ਹੈ ਅਤੇ ਉਹ ਇਸ ਦਾ ਵਿਨਾਸ਼ ਕਰਦਾ ਹੈ ਅਰਥਾਤ ਉਹ ਹੀ ਜਨਮ ਦਿੰਦਾ ਹੈ ਅਤੇ ਉਹ ਹੀ ਮੌਤ ਦਿੰਦਾ ਹੈ।


ਭਾਈ ਗੁਰਦਾਸ ਅਨੁਸਾਰ ਪੰਜ ਤੱਤਾਂ ਨਾਲ ਪੰਝੀ ਗੁਣ ਜਿਹੜੇ ਕਿ ਆਪਸ ਵਿਚ ਮਿਲਦੇ ਵੀ ਹਨ ਅਤੇ ਵਿਰੋਧੀ ਵੀ ਹਨ, ਮਿਲਾ ਕੇ ਕਰਤਾ ਪੁਰਖ ਨੇ ਇਹ ਸਰੀਰ ਰਚਿਆ ਹੈ। ਉਸ ਨੇ ਚਾਰ ਖਾਣੀਆਂ ਅਤੇ ਬਾਣੀਆਂ ਰਚ ਕੇ ਚੁਰਾਸੀ ਲੱਖ ਜੂਨ ਪੈਦਾ ਕੀਤੀ ਅਤੇ ਉਨ੍ਹਾਂ ਸਭ ਜੂਨਾਂ ਵਿਚ ਸਭ ਤੋਂ ਉਤਮ ਮਨੁੱਖੀ-ਦੇਹ ਦੀ ਰਚਨਾ ਹੈ ਕਿਉਂਕਿ ਇਸ ਨੂੰ ਵਾਹਿਗੁਰੂ ਨੇ ਅੱਖਾਂ ਨਾਲ ਵੇਖਣ, ਕੰਨਾਂ ਨਾਲ ਸੁਣਨ ਅਤੇ ਮੂੰਹ ਨਾਲ ਸ਼ੁਭ ਵਚਨ ਬੋਲਣ ਦੀ ਸ਼ਕਤੀ ਦਿੱਤੀ ਹੈ।                                                                                                                                 

ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ॥                                                                                                                          

ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ॥

ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ॥

ਪੰਚ ਤੱਤ ਪਚੀਸ ਗੁਣ ਸ਼ਤ੍ਰ ਮਿਤ੍ਰ ਮਿਲ ਦੇਹ ਬਣਾਈ॥{ਵਾਰ 1 ਪਉੜੀ 2}

                                                                                 

ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਅੰਦਰ ਵੀ ਲਿਖਦੇ ਨੇ ਕਿ ਪਿਤਾ ਦੀ ਬਿੰਦ ਅਤੇ ਮਾਤਾ ਦੇ ਖੂਨ ਮਿਲਾਕੇ ਪੰਜਾਂ ਤੱਤਾਂ ਦੀ ਦੇਹੀ ਦੀ ਸਿਰਜਣਾ ਮਾਤਾ ਦੇ ਗਰਬ ਵਿੱਚ ਬਣਤਰ ਬਣਾਈ ਹੈ। ਇਸ ਦੇਹੀ ਵਿੱਚ ਹਵਾ ਪਾਣੀ ਅੱਗਨੀ ਪ੍ਰਿਥਵੀ ਦੇ ਨਾਲ ਆਤਮਾ ਰੂਪੀ ਆਕਾਸ਼ ਇਸ ਦੇਹੀ ਵਿੱਚ ਪਾ ਦਿਤਾ। ਪੰਜ ਤੱਤ ਪੰਝੀ ਪ੍ਰਕ੍ਰਿਤੀਆਂ ਦਾ ਮੇਲ ਕਰਕੇ ਜੋ ਕਿ ਆਪਸ ਵਿੱਚ ਵਿਰੋਧੀ ਸੁਭਾਅਉ ਵਾਲੀਆਂ ਹਨ ਜਿੰਨ੍ਹਾਂ ਦਾ ਮਿਲਾਪ ਕਰਕੇ ਇਹ ਦੇਹੀ ਦੀ ਸਿਰਜਣਾ ਕੀਤੀ ਹੈ।ਚਾਰੇ ਖਾਣੀਆਂ (ਅੰਡਜ,ਜੇਰਜ,ਸੇਤਜ,ਉਤਭੁਜ) ਚਾਰੇ ਬਾਣੀਆਂ (ਪਰਾ, ਪਸੰਤੀ, ਮਾਧਵਾ, ਬੈਖਰੀ) ਇਸ ਦੇਹੀ ਵਿੱਚ ਪਾ ਦਿੱਤੀਆ।

ਪਹਿਲਾ ਤੱਤ ਹੈ ਅਕਾਸ਼ ਸਭ ਤੋਂ ਪਹਿਲਾਂ ਉਸ ਤੇ ਵੀਚਾਰ ਅਗਲੇ ਲੇਖ ਵਿਚ ਕਰਾਂਗੇ। ਕਿ੍ਰਪਾ ਕਰਕੇ ਗਲਤੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।

ਗਿਆਨੀ ਗੁਰਮੁੱਖ ਸਿੰਘ ਖਾਲਸਾ

9779612929

Have something to say? Post your comment

More Article News

ਪੇਟ ਦੀ ਅੱਗ ਤੋਂ ਤਾਂ ਬਚਿਆ ਜਾ ਸਕਦਾ ਹੈ ਪੰ੍ਰਤੂ ਹਵਸ਼ ਦੀ ਅੱਗ ਤੋਂ ਨਹੀਂ-ਹਰਸ਼ਦਾ ਸ਼ਾਹ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੁੱਦੇ ਰਹੇ ਗਾਇਬ //ਗੁਰਦਿੱਤ ਸਿੰਘ ਸੇਖੋਂ ਚੀ-ਗਾਵੇਰਾ ਦੀ ਸਾਥਣ ਅਮਰ! ਗੁਰੀਲਾ ਲੜਾਕੂ !! ਤਾਨਿਆ 'ਤਮਾਰਾ'//ਰਾਜਿੰਦਰ ਕੌਰ ਚੋਹਕਾ ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ
-
-
-