Article

ਮੌਤ ਦੇ ਭੋਗਾਂ ਉੱਤੇ ਫਜੂਲ ਖਰਚੀ ਕਿਉਂ?

January 05, 2019 08:50 PM
 ਮੌਤ ਦੇ ਭੋਗਾਂ ਉੱਤੇ ਫਜੂਲ ਖਰਚੀ ਕਿਉਂ?
ਸਾਡਾ ਸਮਾਜ ਵੱਖ ਵੱਖ ਸਮਾਜਿਕ ਕੁਰੀਤੀਆਂ ਨਾਲ ਜਕੜਿਆ ਪਿਆ ਹੈ। ਲੋਕ ਆਪਣੇ ਬੜੇ ਬਜੁਰਗਾਂ ਦੀਆਂ ਦਿੱਤੀਆਂ ਨਸੀਹਤਾਂ ਨੂੰ ਭੁਲਾ ਕੇ ਅੱਜ ਦੇ ਦਿਖਾਵੇ ਦੇ ਯੁੱਗ ਵਿੱਚ ਰਚ ਮਿਚ ਗਏ ਹਨ। ਅਮੀਰ ਲੋਕਾਂ ਦੀ ਦੇਖਾ ਦੇਖੀ ਮੱਧ ਵਰਗੀ ਅਤੇ ਗਰੀਬ ਲੋਕ ਸਮਾਜ ਵਿੱਚ ਆਪਣਾ ਨੱਕ ਉੱਚਾ ਰੱਖਣ ਲਈ ਵਿਤੋਂ ਵੱਧ ਖਰਚ ਕਰ ਰਹੇ ਹਨ ਭਾਵੇਂ ਉਨ੍ਹਾਂ ਦੀ ਆਰਥਿਕ ਹਾਲਤ ਇਸ ਗੱਲ ਦੀ ਇਜਾਜਤ ਦੇਵੇ ਜਾਂ ਨਾ। ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਜਿੱਥੇ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਔਖਾ ਹੈ ਉਸ ਵੇਲੇ ਮੌਤ ਦੇ ਭੋਗਾਂ ਉੱਤੇ ਫਜੂਲ ਖਰਚੀ ਕਰਨਾ ਕਿਸੇ ਵੀ ਢੰਗ ਨਾਲ ਜਾਇਜ ਨਹੀਂ ਕਿਹਾ ਜਾ ਸਕਦਾ।
ਦਿਖਾਵੇ ਦਾ ਸਮਾਂ - ਬਿਨ੍ਹਾਂ ਸ਼ੱਕ ਅੱਜ ਦਾ ਸਮਾਂ ਦਿਖਾਵੇ ਦਾ ਸਮਾਂ ਹੈ ਪਹਿਲੇ ਸਮਿਆਂ ਵਿੱਚ ਲੋਕ ਕਿਸੇ ਵੀ ਕੰਮ ਨੂੰ ਆਪਣੀ ਲੋੜ ਅਤੇ ਆਰਥਿਕ ਹਾਲਤ ਦੇ ਅਨੁਸਾਰ ਕਰਦੇ ਸਨ ਪਰ ਅੱਜ ਦੇ ਦਿਖਾਵੇ ਵਾਲੇ ਸਮੇਂ ਵਿੱਚ ਲੋਕ ਆਪਣਾ ਨਾਮ ਉੱਚਾ ਰੱਖਣ ਖਾਤਿਰ ਬੇਲੋੜਾ ਖਰਚ ਕਰਨ ਤੋਂ ਵੀ ਨਹੀਂ ਡਰਦੇ । ਪੁਰਾਤਨ ਸਮਿਆਂ ਵਿੱਚ ਮੌਤ ਦੇ ਭੋਗ ਬੜੇ ਹੀ ਸਾਦੇ ਢੰਗ ਨਾਲ ਪਾਏ ਜਾਂਦੇ ਸਨ ਪਰ ਅੱਜਕਲ ਮੌਤ ਦੇ ਭੋਗਾਂ ਉੱਤੇ ਦਿਖਾਵੇ ਲਈ ਹੀ ਲੱਖਾਂ ਰੁਪਈਏ ਖਰਚ ਕੀਤੇ ਜਾ ਰਹੇ ਹਨ।
ਵੱਖੋ ਵੱਖਰੇ ਪਕਵਾਨ - ਅੱਜ ਕਲ ਮੌਤ ਦੇ ਭੋਗਾਂ ਉੱਤੇ ਵੱਖੋ ਵੱਖਰੇ ਪਕਵਾਨ ਤਿਆਰ ਕਰਵਾਏ ਜਾਣ ਦਾ ਰਿਵਾਜ ਹੀ ਚੱਲ ਪਿਆ ਹੈ। ਖਾਣਾ ਖਾਣ ਤੋਂ ਬਾਅਦ ਮਿੱਠੇ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਪਾਣੀ ਪੀਣ ਲਈ ਪਾਣੀ ਦੀਆਂ ਬੋਤਲਾਂ , ਚਾਹ, ਮੱਠੀ, ਬਿਸਕੁਟ ਆਦਿ ਅਫ਼ਸੋਸ ਕਰਨ ਲਈ ਅਾਏ ਲੋਕਾਂ ਨੂੰ ਵਰਤਾਏ ਜਾਂਦੇ ਹਨ।
ਖਰਚੇ ਵਿੱਚ ਬੇਲੋੜਾ ਵਾਧਾ - ਅਮੀਰ ਲੋਕਾਂ ਦੀ ਦੇਖਾ ਦੇਖੀ ਮੱਧਵਰਗੀ ਅਤੇ ਗਰੀਬ ਲੋਕ ਮੌਤ ਦੇ ਭੋਗਾਂ ਉੱਤੇ ਬੇਲੋੜਾ ਖਰਚ ਕਰ ਰਹੇ ਹਨ ਭਾਵੇਂ ਕਿ ਇਸ ਕੰਮ ਲਈ ਉਨ੍ਹਾਂ ਨੂੰ ਕਰਜਾ ਹੀ ਕਿਉਂ ਨਾ ਲੈਣਾ ਪਵੇ। ਵਿਤੋਂ ਬਾਹਰ ਜਾ ਕੇ ਸਿਰਫ ਲੋਕ ਦਿਖਾਵੇ ਖਾਤਿਰ ਖਰਚ ਕਰਨਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ।
ਹਾਜਰੀ ਲਵਾਉਣਾ, ਖਾਣਾ ਖਾਣਾ ਅਤੇ ਟਾਈਮ ਪਾਸ ਕਰਨਾ  - ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਮੌਤ ਦੇ ਭੋਗ ਉੱਤੇ ਲੋਕ ਪੂਰੇ ਸਮੇਂ ਉੱਤੇ ਪਹੁੰਚਦੇ ਹਨ ਉਨ੍ਹਾਂ ਦਾ ਮੁੱਖ ਮਕਸਦ ਪਰਿਵਾਰ ਕੋਲ ਹਾਜਰੀ ਲਵਾਉਣਾ ਅਤੇ ਖਾਣਾ ਖਾਣਾ ਹੁੰਦਾ ਹੈ। ਬਹੁਤੇ ਲੋਕਾਂ ਨੂੰ ਭੋਗ ਉੱਤੇ ਆਪਣੀਆਂ ਰਾਜਨੀਤਿਕ, ਵਪਾਰਕ, ਅਤੇ ਟਾਈਮ ਪਾਸ ਦੀਆਂ ਗੱਲਾਂ ਕਰਦੇ ਦੇਖਿਆ ਜਾ ਸਕਦਾ ਹੈ ਜੋ ਕਿ ਸਮਾਜਿਕ ਤੌਰ ਤੇ ਵਧੀਆ ਸੰਕੇਤ ਨਹੀਂ ਹੈ।
ਮਾਪਿਆਂ ਦੀ ਸੇਵਾ ਕਰਨਾ - ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਦੁਨੀਆਂ ਉੱਤੇ ਮਾਪੇ ਜਿਉਂਦੇ ਜੀਅ ਰੱਬ ਦਾ ਰੂਪ ਹਨ ਅਤੇ ਸਾਨੂੰ ਉਨ੍ਹਾਂ ਦੀ ਸੇਵਾ ਜਿਉਂਦੇ ਜੀਅ ਕਰਨੀ ਚਾਹੀਦੀ ਹੈ। ਸਮਾਜ ਵਿੱਚ ਅਜਿਹੇ ਲੋਕਾਂ ਦੀ ਕੋਈ ਘਾਟ ਨਹੀਂ ਹੈ ਜੋ ਜਿਉਂਦੇ ਜੀਅ ਆਪਣੇ ਮਾਪਿਆਂ ਨੂੰ ਦੋ ਵਕਤ ਦੀ ਰੋਟੀ ਨਹੀਂ ਦੇ ਸਕਦੇ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਲੱਖਾਂ ਰੁਪਈਏ ਭੋਗਾਂ ਉੱਤੇ ਖਰਚ ਕਰ ਦਿੰਦੇ ਹਨ।
ਸਮਾਜ ਸੇਵੀ ਸੰਸਥਾਵਾਂ ਪਹਿਲ ਕਰਨ - ਕਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰਾਂ ਵਿੱਚ ਨੌਜਵਾਨਾਂ ਵੱਲੋਂ ਕਮੇਟੀਆਂ ਬਣਾ ਕੇ ਮਤੇ ਪਾਸ ਕੀਤੇ ਗਏ ਹਨ ਕਿ ਮੌਤ ਦੇ ਭੋਗ ਉੱਤੇ ਕੋਈ ਵੀ ਲੋਕਲ ਬੰਦਾ ਖਾਣਾ ਨਹੀਂ ਖਾਵੇਗਾ। ਪਰਿਵਾਰ ਵੱਲੋਂ ਸਾਦਾ ਭੋਜਨ ਤਿਆਰ ਕਰਵਾਇਆ ਜਾਵੇਗਾ ਉਹ ਵੀ ਦੂਰੋਂ ਅਾਏ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਲਈ। ਬਿਨ੍ਹਾਂ ਸ਼ੱਕ ਇਹ ਉਪਰਾਲਾ ਸਲਾਹੁਣ ਯੋਗ ਹੈ।
ਮੌਤ ਦੇ ਭੋਗ ਉੱਤੇ ਖਾਣਾ ਨਾ ਕੇ ਜਿੱਥੇ ਅਸੀਂ ਉਸ ਪਰਿਵਾਰ ਦੀ ਲੁਕਵੇਂ ਤੌਰ ਤੇ ਵਿੱਤੀ ਮੱਦਦ ਕਰਦੇ ਹਾਂ ਉੱਥੇ ਹੀ ਅਸੀਂ ਵਿਛੜੀ ਰੂਹ ਨੂੰ ਆਪਣੀ ਸੱਚੀ ਸਰਧਾਂਜਲੀ ਵੀ ਦੇ ਸਕਦੇ ਹਾਂ।
ਪ੍ਰਿੰਸ ਅਰੋੜਾ ਮਲੌਦ
9855483000
Have something to say? Post your comment