Thursday, June 20, 2019
FOLLOW US ON

Article

ਸਧਾਰਨ ਪਿਤਾ ਦੀ ਅਸਧਾਰਨਤਾ~ ਪ੍ਰੋ. ਨਵ ਸੰਗੀਤ ਸਿੰਘ

January 06, 2019 08:45 PM
        
 
          ਭੌਤਿਕ- ਜਗਤ ਵਿੱਚ ਮਾਂ ਤੇ ਪਿਓ ਦੇ ਸੁਮੇਲ ਤੋਂ ਹੀ ਸੰਤਾਨ ਦੀ ਉਤਪਤੀ ਹੁੰਦੀ ਹੈ। ਇਨ੍ਹਾਂ ਵਿੱਚੋਂ ਕਿਸੇ ਇੱਕ ਦੇ ਅਭਾਵ ਵਿੱਚ ਬੱਚੇ ਦੀ ਸ਼ਖ਼ਸੀਅਤ ਪੂਰੀ ਤਰ੍ਹਾਂ ਨਹੀਂ ਨਿਖਰ ਸਕਦੀ। ਗੁਰਬਾਣੀ ਵਿੱਚ ਦੁਨਿਆਵੀ ਪਿਤਾ ਦੀ ਥਾਂ ਤੇ ਪਰਮਾਤਮਾ ਅਤੇ ਪਾਣੀ ਨੂੰ ਹੀ 'ਪਿਤਾ' ਦਾ ਦਰਜਾ ਦਿੱਤਾ ਗਿਆ ਹੈ, ਜਿਵੇਂ:
            ~  ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ...
    (ਜਾਂ)  ~  ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ...
          ਅੱਜ (8 ਜਨਵਰੀ) ਮੇਰੇ ਪਿਤਾ ਜੀ ਦਾ ਜਨਮਦਿਨ ਹੈ। ਜੇ ਉਹ ਅੱਜ ਜਿਉਂਦੇ ਹੁੰਦੇ ਤਾਂ ਉਨ੍ਹਾਂ ਨੇ ਸ਼ਤਾਬਦੀ ਦੇ ਨੇੜੇ-ਤੇੜੇ ਹੋਣਾ ਸੀ। ਪਰ ਉਹ 2013 ਦੀ 22 ਮਈ ਨੂੰ ਕਰੀਬ 92½ ਸਾਲ ਦੀ ਉਮਰ ਵਿੱਚ ਰੁਖ਼ਸਤ ਹੋ ਗਏ ਸਨ। ਮੇਰੇ ਪਿਤਾ ਜੀ ਬਹੁਤ ਹੀ ਨਿਮਨ, ਸਧਾਰਨ, ਕਿਰਤੀ- ਪਰਿਵਾਰ ਵਿੱਚ 8 ਜਨਵਰੀ 1921 ਨੂੰ ਪੈਦਾ ਹੋਏ। ਚਾਰ ਭਰਾਵਾਂ ਤੇ ਦੋ ਭੈਣਾਂ ਵਿੱਚੋਂ ਮੇਰੇ ਪਿਤਾ ਦਾ ਚੌਥਾ ਸਥਾਨ ਸੀ। ਯਾਨੀ, ਇੱਕ ਭਰਾ ਤੇ ਇੱਕ ਭੈਣ ਪਿਤਾ ਜੀ ਤੋਂ ਛੋਟੇ ਸਨ, ਜਦਕਿ ਇੱਕ ਭੈਣ ਤੇ ਦੋ ਭਰਾ ਵੱਡੇ। ਪਿਤਾ ਜੀ ਦੇ ਪਰਿਵਾਰ ਕੋਲ ਬਹੁਤ ਹੀ ਘੱਟ ਜ਼ਮੀਨ ਸੀ, ਜਿਸ ਨਾਲ ਇਕ ਵੱਡੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ।
        ਮੇਰੇ ਪਿਤਾ ਜੀ ਹੀ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਧ ਪੜ੍ਹੇ ਹੋਏ ਸਨ। ਸਿਰਫ਼ ਪੜ੍ਹੇ ਹੋਏ ਹੀ ਨਹੀਂ, ਸਗੋਂ ਨੌਕਰੀ ਤੇ ਤਾਇਨਾਤ ਸਨ। ਮੇਰੇ ਪਿਤਾ ਜੀ ਦੇ ਮਾਂ- ਪਿਓ ਤਾਂ ਅਨਪੜ੍ਹ ਸਨ ਹੀ, ਬਾਕੀ ਭੈਣ- ਭਰਾ ਵੀ ਚਾਰ-ਪੰਜ ਜਮਾਤਾਂ ਤੋਂ ਵੱਧ ਨਾ ਪੜ੍ਹ ਸਕੇ ਤੇ ਉਹ ਮਾਮੂਲੀ ਛੋਟੇ- ਮੋਟੇ ਕੰਮ ਕਰਕੇ ਪਰਿਵਾਰ ਦਾ ਢਿੱਡ ਭਰਦੇ ਸਨ। ਮੇਰੇ ਪਿਤਾ ਜੀ ਨੇ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦਿਆਂ ਵੀ ਪੜ੍ਹਨਾ ਜਾਰੀ ਰੱਖਿਆ ਤੇ ਪ੍ਰਾਇਮਰੀ ਤੱਕ ਦੀ ਵਿੱਦਿਆ ਪਿੰਡ ਦੇ ਸਕੂਲ 'ਚੋਂ ਪ੍ਰਾਪਤ ਕੀਤੀ। ਅਗਲੀ ਪੜ੍ਹਾਈ ਲਈ ਉਹ ਆਪਣੀ ਭੂਆ ਕੋਲ ਮੁਕਤਸਰ ਚਲੇ ਗਏ, ਜਿੱਥੇ ਬੜੀਆਂ ਹੀ ਮੁਸ਼ਕਿਲ ਪਰਿਸਥਿਤੀਆਂ ਵਿੱਚ ਉਨ੍ਹਾਂ ਨੇ ਖ਼ਾਲਸਾ ਹਾਈ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ (1937 ਈ. ਵਿੱਚ) ਪਹਿਲੀ ਸ਼੍ਰੇਣੀ ਵਿੱਚ ਪਾਸ ਕੀਤੀ।
           ਪਿੱਛੋਂ ਉਨ੍ਹਾਂ ਨੇ ਸੰਤ ਅਤਰ ਸਿੰਘ ਦੀ ਅਕਾਲ ਵਿੱਦਿਅਕ ਸੰਸਥਾ, ਮਸਤੂਆਣਾ ਤੋਂ 1938 ਈ. ਵਿੱਚ ਗਿਆਨੀ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਉੱਥੋਂ ਹੀ ਖੰਡੇ- ਬਾਟੇ ਦੀ ਪਾਹੁਲ ਵੀ।  1940-41 ਈ. ਵਿੱਚ ਉਨ੍ਹਾਂ ਨੇ ਅੰਮ੍ਰਿਤਸਰ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਸਿੱਖ ਮਿਸ਼ਨਰੀ ਕੋਰਸ ਪਾਸ ਕੀਤਾ। ਸਤੰਬਰ 1942 ਤੋਂ ਅਕਤੂਬਰ 1949 ਤੱਕ ਉਨ੍ਹਾਂ ਨੇ ਤਲਵੰਡੀ ਸਾਬੋ ਅਤੇ ਮੁਕਤਸਰ ਦੇ ਖ਼ਾਲਸਾ ਸਕੂਲਾਂ ਵਿੱਚ ਅਧਿਆਪਕ ਵਜੋਂ ਕੰਮ ਕੀਤਾ ਅਤੇ 24 ਅਕਤੂਬਰ 1949 ਤੋਂ 31 ਜਨਵਰੀ 1979 ਤੱਕ ਕੋਟਕਪੂਰਾ, ਬਰਗਾੜੀ, ਮੁੱਦਕੀ, ਗੋਨਿਆਣਾ ਮੰਡੀ ਦੇ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾੲੀ। ਅਧਿਆਪਨ ਦੌਰਾਨ ਹੀ ਉਨ੍ਹਾਂ ਨੇ ਓ.ਟੀ. ਪਾਸ ਕੀਤੀ ਅਤੇ ਸੀ.ਐਂਡ ਵੀ. (ਕਲਾਸੀਕਲ ਅੈਂਡ ਵਰਨੈਕੂਲਰ) ਅਧਿਆਪਕ ਵਜੋਂ ਕਰੀਬ ਤੀਹ ਸਾਲ ਪੰਜਾਬੀ ਅਧਿਆਪਕ ਵਜੋਂ ਕਾਰਜ ਕੀਤਾ। 
           ਮੇਰੇ ਪਿਤਾ ਜੀ ਨੇ ਅਧਿਆਪਕ ਲੱਗ ਕੇ ਵੀ ਧਰਤੀ ਨਾਲੋਂ ਪੈਰ ਨਹੀਂ ਛੱਡੇ ਤੇ ਹਮੇਸ਼ਾ ਆਪਣੀਆਂ ਜੜ੍ਹਾਂ, ਆਪਣੇ ਵਿਰਸੇ ਨਾਲ ਜੁੜੇ ਰਹੇ। ਉਨ੍ਹਾਂ ਨੇ ਸਾਰੀ ਉਮਰ ਸਾਧਾਰਨ ਕੁੜਤਾ- ਪਜਾਮਾ ਪਹਿਨਿਆ, ਕਦੇ ਵੀ ਪੈਂਟ- ਸ਼ਰਟ ਦੀ ਵਰਤੋਂ ਨਹੀਂ ਕੀਤੀ; ਹਮੇਸ਼ਾ ਸਾਈਕਲ ਦੀ ਸਵਾਰੀ ਹੀ ਕੀਤੀ ਅਤੇ ਆਪਣੇ ਧੀਆਂ- ਪੁੱਤਰਾਂ ਦੇ ਵਿਆਹਾਂ ਵਿੱਚ ਵਿਖਾਵੇਬਾਜ਼ੀ ਜਾਂ ਆਡੰਬਰ ਨਹੀਂ ਕੀਤੇ।
           ਇਹ ਮੇਰੇ ਪਿਤਾ ਹੀ ਸਨ, ਜਿਨ੍ਹਾਂ ਨੇ ਆਪਣੇ ਸੱਤ ਧੀਆਂ- ਪੁੱਤਰਾਂ (ਦੋ ਲੜਕੀਆਂ, ਪੰਜ ਲੜਕਿਆਂ) ਨੂੰ ਆਪਣੇ ਨਾਲੋਂ ਵੱਧ ਪੜ੍ਹਾਈ ਲਈ ਪ੍ਰੇਰਿਤ ਕੀਤਾ ਅਤੇ ਸਾਰਿਆਂ ਨੂੰ ਪੋਸਟਗ੍ਰੈਜੂਏਟ ਪੱਧਰ ਤੱਕ ਦੀ ਪੜ੍ਹਾਈ ਕਰਵਾਈ। ਮੇਰੇ ਮਾਤਾ ਜੀ ਬਿਲਕੁਲ ਅਨਪੜ੍ਹ ਸਨ ਤੇ ਸਿਰਫ ਘਰ ਦੇ ਕੰਮਾਂ ਤੱਕ ਸੀਮਤ ਸਨ। ਪਰ ਮੇਰੇ ਪਿਤਾ ਜੀ ਨੇ ਆਪਣੀ ਥੋੜ੍ਹੀ ਤਨਖਾਹ ਰਾਹੀਂ ਹੀ ਘਰ ਦੇ ਖਰਚਿਆਂ ਦੇ ਨਾਲ- ਨਾਲ ਬੱਚਿਆਂ ਦੀ ਪੜ੍ਹਾਈ ਲਈ ਵੀ ਪੈਸਾ ਬਚਾਇਆ। 
         ਅਸੀਂ ਪੰਜ ਭਰਾਵਾਂ 'ਚੋਂ ਚਾਰਾਂ ਨੇ ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰ; ਇੱਕ ਨੇ ਬਿਜਲੀ ਬੋਰਡ ਵਿੱਚ ਉੱਚ- ਅਧਿਕਾਰੀ; ਇੱਕ ਭੈਣ ਨੇ ਸਰਕਾਰੀ ਹਸਪਤਾਲ ਵਿੱਚ ਨਰਸਿੰਗ ਸਿਸਟਰ; ਅਤੇ ਦੂਜੀ ਨੇ  ਸਕੂਲ- ਲਾਇਬ੍ਰੇਰੀਅਨ ਵਜੋਂ ਕਾਰਜ ਕੀਤਾ। ਪਿਤਾ ਜੀ ਚਾਹੁੰਦੇ, ਤਾਂ ਹੋਰ ਲੋਕਾਂ ਵਾਂਗ ਪੁੱਤਰਾਂ ਦੇ ਵਿਆਹਾਂ ਵਿੱਚ ਦਾਜ ਦੇ ਭੰਡਾਰ ਭਰ ਲੈਂਦੇ। ਪਰ ਉਨ੍ਹਾਂ ਨੇ ਨਾ ਤਾਂ ਬਰਾਤ ਵਿੱਚ ਘਰ ਦੇ ਮੈਂਬਰਾਂ ਤੋਂ ਬਿਨਾਂ ਬਾਹਰਲੇ ਬੰਦੇ ਨੂੰ ਨਿਮੰਤਰਣ ਦਿੱਤਾ ਅਤੇ ਨਾ ਹੀ ਪੈਸੇ ਇਕੱਠੇ ਕਰਨ ਦੇ ਲਾਲਚ ਵਜੋਂ ਕੋਈ ਰਿਸੈਪਸ਼ਨ ਪਾਰਟੀ ਕੀਤੀ। ਸਾਧਾਰਨ ਢੰਗ ਨਾਲ ਘਰ ਵਿੱਚ ਰਹਿ ਕੇ ਹੀ ਸਾਰੇ ਵਿਆਹ ਕੀਤੇ ਅਤੇ ਕਿਸੇ ਹੋਟਲ ਜਾਂ ਮੈਰਿਜ ਪੈਲੇਸ ਦੀ ਜ਼ਰੂਰਤ ਨਹੀਂ ਸਮਝੀ।
            ਸਾਡੇ ਕਿਸੇ ਭੈਣ- ਭਰਾ ਦੇ ਵਿਆਹ ਵਿੱਚ ਕੋਈ ਲਾਊਡ- ਸਪੀਕਰ, ਕੋਈ ਨਾਚ- ਗਾਣੇ ਜਾਂ ਢੋਲ- ਢਮੱਕਾ ਨਹੀਂ ਵੱਜਿਆ। ਘਰ ਦੇ ਮੈਂਬਰ ਚੁੱਪ-ਚੁਪੀਤੇ ਜਾਂਦੇ ਅਤੇ ਵਿਆਹ ਪਿੱਛੋਂ ਚੁੱਪ- ਚੁਪੀਤੇ ਆ ਜਾਂਦੇ। ਗਲੀ- ਗੁਆਂਢ ਵਿੱਚ ਮੇਰੇ ਮਾਤਾ ਜੀ ਮੂੰਹ ਮਿੱਠਾ ਕਰਾਉਣ ਦੇ ਮੰਤਵ ਵਜੋਂ ਲੱਡੂ ਜ਼ਰੂਰ ਵੰਡ ਕੇ ਆਉਂਦੇ। ਪਰ ਕਿਸੇ ਤੋਂ ਸ਼ਗਨ ਦੀ ਝਾਕ ਨਹੀਂ ਰੱਖੀ।
           ਮੇਰੇ ਪਿਤਾ ਜੀ ਨੇ ਸਾਰੀ ਉਮਰ ਆਪਣੇ ਲਈ ਕੋਈ ਜ਼ਮੀਨ, ਜਾਇਦਾਦ ਜਾਂ ਘਰ ਨਹੀਂ ਬਣਾਇਆ ਅਤੇ ਸਾਰੀ ਜ਼ਿੰਦਗੀ ਕਿਰਾਏ ਦੇ ਮਕਾਨਾਂ ਵਿੱਚ ਲੰਘਾ ਦਿੱਤੀ। ਜਦੋਂ ਕਦੇ ਵੀ ਪਰਿਵਾਰ ਵਿਚ ਘਰ ਬਣਾਉਣ ਬਾਰੇ ਗੱਲ ਚੱਲਦੀ, ਤਾਂ ਉਹ ਗੁਰਬਾਣੀ ਵਿੱਚੋਂ ਫਰਮਾਨ ਸੁਣਾ ਕੇ ਸਭ ਨੂੰ ਖਾਮੋਸ਼ ਕਰ ਦਿੰਦੇ:
         ਫ਼ਰੀਦਾ ਕੋਠੇ ਮੰਡਪ ਮਾੜੀਆ ਉਸਾਰੇਂਦੇ ਭੀ ਗਏ॥
         ਕੂੜਾ ਸਉਦਾ ਕਰ ਗਏ ਗੋਰੀ ਆਏ ਪਏ॥
            ਘਰ ਵਿੱਚ ਵਿਹਲੇ ਰਹਿ ਕੇ ਵਕਤ ਲੰਘਾਉਣਾ ਉਨ੍ਹਾਂ ਨੂੰ ਪਸੰਦ ਨਹੀਂ ਸੀ। ਇਸ ਲਈ ਉਹ ਕਿਤਾਬਾਂ, ਅਖ਼ਬਾਰਾਂ, ਮੈਗਜ਼ੀਨਾਂ ਨੂੰ ਪੜ੍ਹਦੇ ਰਹਿੰਦੇ ਅਤੇ ਉਨ੍ਹਾਂ 'ਚੋਂ ਚੰਗੀਆਂ ਗੱਲਾਂ ਨੋਟ ਕਰ ਕੇ ਜਾਂ ਕਟਿੰਗ ਕਰਕੇ ਫਾਈਲਾਂ ਵਿੱਚ ਸੰਭਾਲ ਲੈਂਦੇ। ਉਨ੍ਹਾਂ ਦੀਆਂ ਅਜਿਹੀਆਂ ਸਿੱਖਿਆਦਾਇਕ ਕਤਰਨਾਂ, ਜਿਨ੍ਹਾਂ ਵਿੱਚ ਸਿਹਤ ਤੇ ਸਿੱਖਿਆ ਦੀ ਗਿਣਤੀ ਵਧੇਰੇ ਹੈ, ਦੀਆਂ ਪੰਜ ਫਾਈਲਾਂ ਅਜੇ ਤੱਕ ਵੀ ਮੇਰੀ ਕੋਲ਼ ਸੰਭਾਲੀਆਂ ਹੋਈਆਂ ਹਨ। 
           ਮੇਰੇ ਪਿਤਾ ਜੀ ਨੇ ਸਾਰੀ ਜ਼ਿੰਦਗੀ ਕਦੇ ਵੀ ਕੋਈ ਨਸ਼ਾ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਗੱਪਾਂ ਮਾਰ ਕੇ; ਤਾਸ਼ ਜਾਂ ਜੂਆ ਖੇਡ ਕੇ; ਖੁੰਢਾਂ ਤੇ ਬਹਿ ਕੇ 'ਟਾਈਮ ਪਾਸ' ਕੀਤਾ। ਉਨ੍ਹਾਂ ਦਾ ਮੰਤਵ ਸਾਫ ਤੇ ਸਪਸ਼ਟ ਸੀ : ਬੱਚਿਆਂ ਨੂੰ ਚੰਗਾ ਪੜ੍ਹਾ ਲਿਖਾ ਕੇ ਸੈੱਟ ਕਰਨਾ ਅਤੇ ਸੁਖਾਵੀਂ ਤੇ ਨਰੋਈ ਜ਼ਿੰਦਗੀ ਬਤੀਤ ਕਰਨਾ। ਉਨ੍ਹਾਂ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਦੇ 'ਸੁਖਾਵੀਂ ਸੁਧਰੀ ਜ਼ਿੰਦਗੀ' ਦੇ ਫ਼ਲਸਫ਼ੇ ਨੂੰ ਆਪਣਾ ਆਦਰਸ਼ ਬਣਾਇਆ ਸੀ ਤੇ ਜੀਵਨ ਨੂੰ ਤੰਦਰੁਸਤ ਰੱਖਣ ਦੇ ਕੁਦਰਤੀ ਢੰਗ ਤਰੀਕਿਆਂ ਦੀ ਵਰਤੋਂ ਕਰਦੇ ਸਨ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਦਵਾਈ ਦੀ ਬਹੁਤ ਹੀ ਘੱਟ ਵਰਤੋਂ ਕੀਤੀ ਅਤੇ ਜ਼ਿੰਦਗੀ ਦੇ ਆਖਰੀ ਦਿਨ ਤੱਕ ਸਾਰੇ ਕੰਮ ਖ਼ੁਦ ਕਰਦੇ ਰਹੇ। 
            ਭਾਸ਼ਾ ਅਧਿਆਪਕ ਹੋਣ ਕਰਕੇ ਮੇਰੇ ਪਿਤਾ ਜੀ ਸੁੰਦਰ ਲਿਖਾਈ ਪ੍ਰਤੀ ਬੜੇ ਸੁਚੇਤ ਰਹੇ। ਉਨ੍ਹਾਂ ਦੀ ਆਪਣੀ ਲਿਖਾਈ ਬਹੁਤ ਖੂਬਸੂਰਤ ਸੀ, ਜਿਸ ਦਾ ਪ੍ਰਭਾਵ ਅਸੀਂ (ਬੱਚਿਆਂ ਨੇ) ਵੀ ਕਬੂਲ ਕੀਤਾ। ਅਸੀਂ ਚਾਰ ਭਰਾਵਾਂ ਨੇ ਪ੍ਰੋਫੈਸਰ ਬਣਨ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 1962 ਤੋਂ 1984  ਤੱਕ ਵੱਖ- ਵੱਖ ਸਮੇਂ 'ਕੈਲੀਗ੍ਰਾਫਿਸਟ' ਵਜੋਂ ਕਾਰਜ ਕੀਤਾ। ਪਿਤਾ ਜੀ ਆਪਣੇ ਵਿਦਿਆਰਥੀਆਂ ਨੂੰ ਵੀ ਕਾਨੇ ਦੀ ਕਲਮ ਰਾਹੀਂ ਲਿਖਣ ਦੀ ਪ੍ਰੇਰਨਾ ਅਤੇ ਜਾਚ ਦੱਸਦੇ ਰਹੇ। ਸੁੰਦਰ ਲਿਖਾਈ ਦੀ ਇੱਕ ਦਿਲਚਸਪ ਘਟਨਾ ਦਾ ਜ਼ਿਕਰ ਇੱਥੇ ਕੁਥਾਂ ਨਹੀਂ ਹੋਵੇਗਾ:  ਇਹ ਮੁਕਤਸਰ ਦੀ ਗੱਲ ਹੈ। ਛੁੱਟੀ ਵਾਲੇ ਦਿਨ ਪਿਤਾ ਜੀ ਸਾਨੂੰ ਗੁਰਦੁਆਰਾ ਟੁੱਟੀ- ਗੰਢੀ ਲੈ ਜਾਂਦੇ ਤੇ ਸਰੋਵਰ ਦੀ ਪਰਿਕਰਮਾ ਤੇ ਲੱਗੇ ਰੁੱਖਾਂ ਹੇਠ ਬਹਿ ਕੇ ਅਸੀਂ ਫੱਟੀ ਤੇ ਸੁੰਦਰ ਲਿਖਾਈ ਲਿਖਦੇ ਤੇ ਪਿਤਾ ਜੀ ਰੁੱਖਾਂ ਹੇਠ ਸੌਂਂ ਜਾਂਦੇ। ਇੱਕ ਵਾਰ ਇਉਂ ਹੀ ਮੇਰੇ ਵੱਡੇ ਭਰਾ ਨੇ ਫੱਟੀ ਲਿਖੀ ਅਤੇ ਫਿਰ ਖੇਡਣ ਲੱਗ ਪਿਆ। ਕੋਲੋਂ ਇੱਕ ਯਾਤਰੀ ਲੰਘਿਆ। ਉਹਨੇ ਫੱਟੀ ਤੇ ਕੀਤੀ ਸੁੰਦਰ ਲਿਖਾਈ ਵੇਖ ਕੇ ਪਿਤਾ ਜੀ ਨੂੰ ਸਵਾਲ ਕੀਤਾ: "ਮਾਸਟਰ ਜੀ, ਸਾਰੀ ਫੱਟੀ ਆਪ ਹੀ ਲਿਖ ਦਿੱਤੀ, ਬੱਚੇ ਨੂੰ ਵੀ ਕੁਝ ਸਿਖਾ ਦੇਣਾ ਸੀ!" ਉਸ ਯਾਤਰੀ ਨੇ ਸੋਚਿਆ ਸੀ ਕਿ ਇੰਨੀ ਸੋਹਣੀ ਲਿਖਾਈ ਬੱਚੇ ਦੀ ਨਹੀਂ ਹੋ ਸਕਦੀ। ਪਰ ਪਿਤਾ ਜੀ ਨੇ ਸਾਰੀ ਗੱਲ ਸਪਸ਼ਟ ਕੀਤੀ ਅਤੇ ਯਾਤਰੀ ਦੇ ਸਾਹਮਣੇ ਮੇਰੇ ਭਰਾ ਤੋਂ ਹੋਰ ਲਿਖਾਈ ਕਰਵਾ ਕੇ ਵਿਖਾਈ। 
           ਮੇਰੇ ਪਿਤਾ ਜੀ ਛੇਵੀਂ ਜਮਾਤ ਤੋਂ ਅੱਸੀ ਸਾਲ ਦੀ ਉਮਰ ਤੱਕ ਸੇਵਾ- ਭਾਵਨਾ ਅਧੀਨ ਮਾਘੀ ਦੇ ਜੋੜ- ਮੇਲੇ ਤੇ ਦਰਬਾਰ ਸਾਹਿਬ ਮੁਕਤਸਰ ਵਿਖੇ ਸਾਈਕਲ ਅਤੇ ਗਠੜੀਆਂ ਸੰਭਾਲਣ ਦੀ ਸੇਵਾ ਕਰਦੇ ਰਹੇ। ਗੁਰੂ ਸਾਹਿਬਾਨਾਂ ਦੇ ਗੁਰਪੁਰਬ, ਨਗਰ- ਕੀਰਤਨ, ਪ੍ਰਭਾਤ- ਫੇਰੀਆਂ ਸਮੇਂ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਨਾਲ ਲਿਜਾ ਕੇ ਇਸ ਵਿੱਚ ਸ਼ਾਮਲ ਹੋਣਾ ਆਪਣਾ ਇਖ਼ਲਾਕੀ ਫ਼ਰਜ਼ ਸਮਝਦੇ ਸਨ।
           ਆਪਣੇ ਵਿਦਿਆਰਥੀਆਂ ਵਿੱਚ 'ਅਧਿਆਪਨ ਦੇ ਮਸੀਹਾ' ਅਤੇ 'ਕਰਮਯੋਗੀ ਇਨਸਾਨ' ਵਜੋਂ ਜਾਣੇ ਜਾਂਦੇ ਮੇਰੇ ਪਿਤਾ ਜੀ ਸਧਾਰਨ ਹੁੰਦਿਆਂ ਹੋਇਆਂ ਵੀ ਅਸਾਧਾਰਨ ਅਤੇ ਆਦਰਸ਼ਕ ਅਧਿਆਪਕ ਵਜੋਂ ਚਰਚਿਤ ਰਹੇ।
 
 
    # ਨੇੜੇ ਗਿੱਲਾਂ ਵਾਲਾ ਖੂਹ, ਤਲਵੰਡੀ ਸਾਬੋ-151302
       (ਬਠਿੰਡਾ)    9417692015.
Have something to say? Post your comment