Article

ਕਿਉਂ ਕਰਦੇ ਹਨ ਮਾਪੇ ਪੁੱਤਰਾਂ ਨੂੰ ਬੇਦਖ਼ਲ?

January 07, 2019 09:18 PM
ਕਿਉਂ ਕਰਦੇ ਹਨ ਮਾਪੇ ਪੁੱਤਰਾਂ ਨੂੰ ਬੇਦਖ਼ਲ?
 
 
ਪੰਜਾਬ ਵਿਚ ਛਪਦੇ ਦੇ ਕਿਸੇ ਵੀ ਅਖ਼ਬਾਰ ਦੇ ਕਲਾਸਫਾਈਡ ਨੋਟਿਸ ਪੜਨ ਤੇ ਪਤਾ ਲਗਦਾ ਹੈ ਕਿ ਕਿੰਨੇ ਮਾਪੇ ਨੇ ਜੋ ਅਪਣੇਂ ਪੁੱਤਰਾਂ ਤੋਂ ਪਰੇਸ਼ਾਨ ਨੇ।ਆਖਰ ਕਿਉਂ ਚਾਵਾਂ ਨਾਲ ਨਾਲੇ ਪੁੱਤਰ ਨੂੰ ਬੁਢਾਪੇ ਵਿਚ ਮਾਂ-ਪਿਓ ਦੁਆਰਾ ਚੱਲ-ਅਚੱਲ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਜਾਂਦਾ ਹੈ।ਕਿਉਂ ਮਾਪੇ ਬੇਵਸੀ ਵਿਚ ਇਹੋ ਜਿਹੇ ਫੈਸਲੇ ਲੈਂਦੇ ਨੇ?ਇਸ ਦੇ ਕਈ ਕਾਰਣ ਹੁੰਦੇ ਨੇ,ਜਿਹਨਾਂ ਨੂੰ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿਚ ਅਪਣੇਂ ਆਲੇ -ਦੁਆਲੇ ਵਿਚ ਆਮ ਦੇਖਦੇ ਹਾਂ।
     ਸਭ ਤੋਂ ਵੱਡਾ ਕਾਰਣ ਹੈ ਨਸ਼ਾ। ਜਦੋਂ ਚਾਵਾਂ ਅਤੇ ਲਾਡਾਂ ਨਾਲ ਪਾਲਿਆ ਪੁੱਤ ਬੁਰੀ ਸੰਗਤ ਵਿਚ ਪੈ ਕੇ  ਨਸ਼ੇ ਦੀ ਗ੍ਰਿਫਤ ਵਿਚ ਆ ਜਾਂਦੈ ਤਾਂ ਨਸ਼ੇ ਵਿਅਕਤੀ ਤੋਂ ਲੜਾਈ ਝਗੜੇ,ਚੋਰੀ,ਬਲਾਤਕਾਰ ਇਥੋਂ ਤੱਕ ਕਿ ਕਤਲ ਤੱਕ ਕਰਵਾ ਲੈਂਦੇ ਹਨ।ਇਹੋ ਡਰ ਮਾਪਿਆਂ ਨੂੰ ਸਤਾਉਂਦਾ ਹੈ ਕਿ ਕਿਤੇ ਇਹੋ ਜੇਹਾ ਕਾਰਾ ਕਰਕੇ ਸਾਨੂੰ ਕਿਸੇ ਹੋਰ ਪ੍ਰੇਸ਼ਾਨੀ ਵਿਚ ਨਾ ਪਾ ਦੇਵੇ।
       ਦੂਜਾ ਕਾਰਣ ਵਿਆਹੇ ਪੁੱਤਰ -ਨੂੰਹ ਦਾ ਆਪਸ ਵਿਚ ਲੜਾਈ-ਝਗੜਾ ਹੁੰਦਾ ਹੈ।ਨੂੰਹ-ਪੁੱਤ ਦਾ ਆਪਸ ਵਿਚ ਝਗੜਾ ਜਦੋਂ ਵੱਧਦਾ -ਵਧਦਾ ਤਲਾਕ ਤੱਕ ਪਹੁੰਚ ਜਾਂਦਾ ਹੈ ਤਾਂ ਉਸ ਸਮੇਂ ਪਿਓ ਪੁੱਤਰ-ਨੂੰਹ ਦੋਵਾਂ ਨੂੰ ਹੀ ਬੇਦਖ਼ਲ ਕਰਨ ਵਿਚ ਭਲਾਈ ਸਮਝਦਾ ਹੈ।ਭਾਵੇਂ ਪੁੱਤਰ-ਨੂੰਹ ਨੂੰ ਬੇਦਖ਼ਲੀ ਕਰਨ ਦੇ ਕੇਸ ਬਹੁਤ ਘੱਟ ਨੇ ਪਰ ਜਿੱਥੇ ਵੀ ਇਹੋ ਜਹੇ ਕੇਸ ਦੇਖਣ ਨੂੰ ਮਿਲਦੇ ਨੇ,ਉਥੇ ਮੁੱਖ ਕਾਰਣ ਇਹੀ ਹੁੰਦਾ ਹੈ।ਮਾਪਿਆਂ ਨੂੰ ਵੀ ਡਰ ਹੁੰਦੈ ਕਿ ਕਿਤੇ ਪੁੱਤਰ-ਨੂੰਹ ਆਪਸ ਵਿਚ ਲੜ ਕੇ ਕੋਈ ਵੱਡੀ ਗ਼ਲਤੀ ਨਾ ਕਰ ਲੈਣ।ਬੇਸਮਝ ਨੂੰਹ-ਪੁੱਤਰ ਲਈ ਮਾਪਿਆਂ ਕੋਲ ਬੇਦਖ਼ਲੀ ਦਾ ਰਾਹ ਹੀ ਬਚਦਾ ਹੈ,ਜਿਸ 'ਤੇ ਚੱਲ ਕੇ ਲੈਣ-ਦੇਣ ਤੇ ਹੋਰ ਉਲਾਂਭਿਆਂ ਤੋਂ ਖਹਿੜਾ ਛੁਡਾ ਲਿਆ ਜਾਂਦਾ ਹੈ।
    ਕਿਤੇ-ਕਿਤੇ ਬੇਦਖ਼ਲੀ ਦਾ ਕਾਰਨ ਬੇਰੁਜ਼ਗਾਰ ਪੁੱਤਰ ਦਾ ਆਸ਼ਕੀ ਵਿਚ ਮਿਰਜ਼ਾ ਬਣ ਜਾਣਾਂ ਵੀ ਬਣਦਾ ਹੈ। ਮੁੰਡਾ-ਕੁੜੀ ਦੇ ਪਰਿਵਾਰਾਂ ਦੀ ਆਪਸੀ ਮੇਲ-ਜੋਲ ਵਿਚ ਕਮੀ,ਪੁੱਤਰ ਦਾ ਕਹਿਣੇਂ ਤੋਂ ਬਾਹਰ ਹੋਣਾ ਜਾਂ ਪਿਓ ਦੀ ਇੱਜ਼ਤ ਤੋਂ ਵੱਧ ਪੁੱਤ ਦਾ ਆਪਣੀ ਮੁੱਛ ਨੂੰ ਪਹਿਲ ਦੇਣਾਂ,ਪਿਓ-ਪੁੱਤਰ ਦੀ ਇਹੀ ਲੜਾਈ ਬੇਦਖ਼ਲੀ ਦੇ ਨੋਟਿਸ ਤੱਕ ਲੈ ਜਾਂਦੀ ਹੈ।
       ਇਹਤਾਂ ਸਨ ਬੇਦਖ਼ਲੀ ਦੇ ਕਾਰਨ,ਪਰ ਗੱਲ ਸੋਚਣ ਵਾਲੀ ਹੈ ਕਿ ਪੁਰਾਣੇ ਸਮਿਆਂ ਵਿਚ ਪੁੱਤਰ ਬੇਦਖ਼ਲ ਘੱਟ ਕੀਤੇ ਜਾਂਦੇ ਸਨ,ਜਿਸ ਦਾ ਮੁੱਖ ਕਾਰਨ ਸੀ ਪਰਿਵਾਰਾਂ ਦਾ ਆਪਸੀ ਮੋਹ,ਵੱਡਿਆਂ ਦਾ ਸਤਿਕਾਰ,ਘਰ ਦੇ ਵਡੇਰੀ ਉਮਰ ਦੇ ਵਿਅਕਤੀ ਨੂੰ ਘਰ ਦਾ ਮੂੱਖੀ ਸਮਝਿਆ ਜਾਂਦਾ ਸੀ।ਉਸ ਤੋਂ ਆਗਿਆ ਲੈਕੇ ਸਾਰੇ ਕੰਮ ਕੀਤੇ ਜਾਂਦੇ ਸਨ ਪਰ ਅੱਜ ਦੇ ਸਮੇਂ ਵਿਚ ਜਿੰਨੇ ਪਰਿਵਾਰ ਦੇ ਮੈਂਬਰ ਹਨ,ਸਭ ਨੇ ਆਪਣੀ ਸੋਚ ਅਨੁਸਾਰ ਆਪਣੇ-ਆਪ ਨੂੰ ਢਾਲ ਲਿਆ ਹੈ,ਨਾ ਵੱਡਿਆਂ ਦਾ ਡਰ,ਨਾ ਸਤਿਕਾਰ ਰਿਹੈ।ਜਿੱਥੇ ਅੱਜ ਵੀ ਵੱਡਿਆਂ ਦਾ ਸਤਿਕਾਰ ਕਾਇਮ ਹੈ,ਉਥੇ ਇਹੋ ਜਿਹੀ ਗੱਲ ਦੇਖਣ-ਸੁਣਨ ਨੂੰ ਨਹੀਂ ਮਿਲਦੀ।ਪਰ,ਹੁਣ ਲੋੜ ਹੈ ਸਭ ਨੂੰ ਹੰਭਲ਼ਾ ਮਾਰਨ ਦੀ,ਨਸ਼ੇ ਨੂੰ ਖਤਮ ਕਰਨ ਦੀ,ਵੱਡਿਆਂ ਦੇ ਤਜ਼ਰਬਿਆਂ ਨੂੰ ਜਿੰਦਗੀ ਵਿਚ ਢਾਲਣ ਦੀ,ਤਾਂ ਕਿ ਪਰਿਵਾਰਾਂ ਨੂੰ ਇਹੋ ਜਿਹੇ ਦੁੱਖ ਤੋਂ ਦੂਰ ਰੱਖਿਆ ਜਾ ਸਕੇ ਤੇ ਚੰਗੇ ਸਮਾਜ ਦੀ ਸਿਰਜਣਾਂ ਕੀਤੀ ਜਾ ਸਕੇ।
        ਜਸਵੰਤ ਸਿੰਘ ਲਖਣਪੁਰੀ
ਤਹਿ:ਖਮਾਣੋਂ ਜਿਲਾ ਸ੍ਰੀ ਫਤਿਹਗੜ ਸਾਹਿਬ।(141801)
Have something to say? Post your comment