Poem

ਧੰਨ ਦਸ਼ਮੇਸ਼ ਪਿਤਾ ~ ਪ੍ਰੋ. ਨਵ ਸੰਗੀਤ ਸਿੰਘ

January 07, 2019 09:31 PM
       
ਤੇਗ਼ ਬਹਾਦਰ ਗੁਰੂ ਪਿਤਾ, ਤੇ ਮਾਂ ਗੁਜਰੀ ਦੇ ਜਾਏ
ਪਟਨਾ ਸ਼ਹਿਰ 'ਚ ਜਨਮ ਲਿਆ, ਮੇਰੇ ਧੰਨ ਸ੍ਰੀ ਗੋਬਿੰਦ ਰਾਏ।
 
ਪੰਜ ਸਾਲ ਦੀ ਉਮਰ ਸੀ ਕੇਵਲ , ਜਦੋਂ ਅਨੰਦਪੁਰ ਆਏ
ਚੋਜੀ ਪ੍ਰੀਤਮ ਨੇ ਕੀ ਆਖਾਂ, ਕੀ- ਕੀ ਚੋਜ ਵਿਖਾਏ।
 
ਹਿੰਦੂ ਧਰਮ ਬਚਾਵਣ ਦੇ ਲਈ, ਪਿਤਾ ਤੋਰਿਆ ਦਿੱਲੀ 
ਤੇਗ਼ ਬਹਾਦਰ ਦਿੱਤੀ ਸ਼ਹਾਦਤ, ਖ਼ਲਕਤ ਸਾਰੀ ਹਿੱਲੀ।
 
ਬਾਲ- ਵਰੇਸੇ ਗੁਰੂ ਸਾਹਿਬ ਨੇ, ਸ਼ਸਤਰ ਵਿਦਿਅਾ ਸਿੱਖੀ 
ਡਰੇ ਪਹਾੜੀ- ਰਾਜੇ ਐਸੇ, ਤੇਗ਼ ਵਾਹੀ ਉਹ ਤਿੱਖੀ।
 
ਤੇਤੀ ਵਰ੍ਹੇ ਦੀ ਉਮਰੇ ਗੁਰੂ ਜੀ, ਅੰਮ੍ਰਿਤ ਤਿਆਰ ਕਰਾਇਆ
ਮਜ਼ਲੂਮਾਂ ਨੂੰ ਉੱਚਾ ਚੁੱਕਿਆ, ਗਿੱਦੜੋਂ ਸ਼ੇਰ ਬਣਾਇਆ।
 
'ਪੰਜ ਪਿਆਰੇ' ਸਾਜ ਸਿੱਖਾਂ ਨੂੰ, ਫਿਰ ਉਹ ਕੌਤਕ ਕੀਤਾ 
ਗੁਰੂ ਗੋਬਿੰਦ ਨੇ ਚੇਲਾ ਬਣ ਕੇ, ਘੁੱਟ ਅੰਮ੍ਰਿਤ ਦਾ ਪੀਤਾ।
 
ਜੰਗ ਚਮਕੌਰ ਦੋ ਵੱਡੇ ਬੇਟੇ, ਸਨ ਸ਼ਹੀਦ ਕਰਾਏ
ਦੋ ਛੋਟਿਆਂ ਨੂੰ ਖ਼ਾਨ ਵਜ਼ੀਰੇ, ਨੀਂਹਾਂ ਵਿੱਚ ਚਿਣਾਏ।
 
ਅੈਸੀ ਬਿਪਤਾ ਤੇ ਵੀ ਉਨ੍ਹਾਂ, ਜ਼ਰਾ ਨਾ ਸੋਗ ਮਨਾਇਆ
'ਯਾਰੜੇ ਦਾ ਸਾਨੂੰ ਸੱਥਰ ਚੰਗਾ', ਉੱਚੀ ਆਖ ਸੁਣਾਇਆ।
 
'ਜ਼ਫ਼ਰਨਾਮਾ' ਅੌਰੰਗੇ ਤਾਈਂ, ਲਿਖਿਆ ਜੋਸ਼ 'ਚ ਆ ਕੇ
ਜੇਤੂ ਚਿੱਠੀ ਪੜ੍ਹ ਅੌਰੰਗਾ, ਕੰਬ ਉੱਠਿਆ ਥੱਰਰਾ ਕੇ।
 
ਜਿੱਤੀ ਜੰਗ ਖਿਦਰਾਣੇ ਦੀ, ਤੇ ਟੁੱਟੀ ਸਿੰਘਾਂ ਦੀ ਗੰਢੀ
ਪਾੜ ਬੇਦਾਵਾ ਮਹਾਂ ਸਿੰਘ ਦਾ, ਮੰਦੀਓਂ ਕੀਤੀ ਚੰਗੀ।
 
ਤੁਰਦੇ-ਫਿਰਦੇ ਆਖ਼ਿਰ ਸਤਿਗੁਰ, ਦੇਸ਼ ਮਾਲਵਾ ਆਏ
ਤਲਵੰਡੀ ਦੀ ਬੰਜਰ ਭੂਮੀ, ਨੂੰ ਆ ਭਾਗ ਲਗਾਏ।
 
ਦਮਦਮਾ ਸਾਹਿਬ ਨੂੰ ਦਾਤੇ ਨੇ, ਤਖ਼ਤ ਥਾਪਿਆ ਚੌਥਾ 
ਕੀਤਾ ਲੰਮਾ ਟਿਕਾਣਾ ਏਥੇ, ਵੇਲਾ ਮੁੱਕਿਆ ਅੌਖਾ।
 
ਬੈਠ ਹਜ਼ੂਰੀ ਵਿੱਚ ਦਾਤੇ ਦੀ, ਮਾਣ ਡੱਲੇ ਦਾ ਟੁੱਟਿਆ 
ਛਕਿਆ ਅੰਮ੍ਰਿਤ ਮਿਟ ਗਈ ਹਉਮੈ, ਗਰਬ ਦਾ ਭਾਂਡਾ ਫੁੱਟਿਆ।
 
ਬੀੜ ਗ੍ਰੰਥ ਸੰਪੂਰਨ ਕੀਤੀ, ਵਿੱਚ ਤਲਵੰਡੀ ਰਹਿ ਕੇ
ਮਨੀ ਸਿੰਘ ਨੂੰ ਆਪ ਲਿਖਾਇਆ,ਮੁੱਖੋਂ ਜ਼ਬਾਨੀ ਕਹਿ ਕੇ।
 
ਦਸਮ ਗ੍ਰੰਥ ਵਿੱਚ ਲਿਖੀ ਦਾਤੇ ਨੇ, ਕੇਵਲ ਆਪਣੀ ਬਾਣੀ 
ਅਜਬ- ਅਨੋਖੀ ਉਹਦੀ ਗਾਥਾ, ਆਖਾਂ ਕਿੰਜ ਕਹਾਣੀ।
 
ਵਿੱਚ ਨੰਦੇੜ ਹਜ਼ੂਰ ਸਾਹਿਬ ਜਾ, ਅੰਤਿਮ ਫ਼ਤਹਿ ਬੁਲਾਈ
ਗੁਰੂ ਗ੍ਰੰਥ ਨੂੰ ਸੀਸ ਝੁਕਾ ਕੇ, ਸੌਂਪ ਦਿੱਤੀ ਗੁਰਿਆਈ।
 
ਸਾਲ ਬਿਆਲੀ ਰਹਿ ਦੁਨੀਆਂ ਵਿੱਚ, ਅੈਸੇ ਕੌਤਕ ਕੀਤੇ 
ਜੋ ਅੜਿਆ ਸੋ ਝੜਿਆ, ਮੁਗ਼ਲਾਂ ਜ਼ਹਿਰ ਪਿਆਲੇ ਪੀਤੇ।
 
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ, ਸਨ ਇੱਕ ਮਹਾਂ ਸੈਨਾਨੀ
ਸਭ ਕੁਝ ਵਾਰ ਦਿੱਤਾ ਸੀ ਆਪਣਾ, ਧੰਨ ਸਨ ਸਰਬੰਸਦਾਨੀ।
 
ਸਭ ਧਰਮਾਂ ਦੇ ਸਭ ਮਜ਼ਬਾਂ ਦੇ, ਕੀ ਮੁਸਲਿਮ ਕੀ ਹਿੰਦੂ 
ਸਭ ਦੇ ਗੁਰੂ- ਪੀਰ ਸਨ ਸਤਿਗੁਰ, ਸਭ ਦੇ ਕੇਂਦਰ-ਬਿੰਦੂ।
 
ਮਿੱਤਰ-ਪਿਆਰਾ,ਗੁਣੀ-ਗਹੀਰਾ,ਧੰਨ ਅੰਮ੍ਰਿਤ ਦਾ ਦਾਤਾ
ਕਰ ਕਿਰਪਾ 'ਰੂਹੀ' ਤੇ ਰਹਿਬਰ, ਭੇਤ ਨਾ ਤੇਰਾ ਜਾਤਾ।  
 
 
 
#ਨੇੜੇ ਗਿੱਲਾਂ ਵਾਲਾ ਖੂਹ, ਤਲਵੰਡੀ ਸਾਬੋ -151302 (ਬਠਿੰਡਾ)     9417692015.
Have something to say? Post your comment