Thursday, June 20, 2019
FOLLOW US ON

Article

ਦੇਸ਼- ਵੰਡ ਨਾਲ ਸਬੰਧਤ ਲੰਮੀ ਕਵਿਤਾ : ਵੰਡਨਾਮਾ ~ ਡਾ. ਕੁਲਦੀਪ ਕੌਰ

January 07, 2019 09:46 PM
 1947 ਵਿੱਚ ਹੋਈ ਭਾਰਤ- ਪਾਕਿ ਵੰਡ  ਸਾਡੇ ਸਮਿਆਂ ਦੀ ਖੌਫ਼ਨਾਕ ਦਾਸਤਾਨ ਹੈ। ਅੰਗਰੇਜ਼ਾਂ ਦੀ ਕੂਟਨੀਤੀ ਨੇ ਸਾਨੂੰ ਆਜ਼ਾਦੀ ਤਾਂ ਦਿੱਤੀ ਪਰ ਸਾਡੇ ਹਮਸਾਏ, ਦੋਸਤ- ਮਿੱਤਰ ਅਤੇ ਗੁਆਂਢੀ ਭਰਾ- ਮਾਰੂ ਜੰਗ ਵਿੱਚ ਗ਼ਲਤਾਨ ਹੋ ਗਏ। ਹਿੰਦੁਸਤਾਨ ਦੀ ਇਸ ਤ੍ਰਾਸਦੀ ਬਾਰੇ ਦੋਹਾਂ ਮੁਲਕਾਂ ਦੇ ਦਾਨਿਸ਼ਵਰਾਂ ਤੇ ਸਾਹਿਤਕਾਰਾਂ ਨੇ ਕਾਫੀ ਕੁਝ ਲਿਖਿਆ ਹੈ, ਸਾਹਿਤ ਦੇ ਕਈ ਰੂਪਾਂ ਵਿੱਚ। ਜਿਨ੍ਹਾਂ ਵਿੱਚ ਕਹਾਣੀ, ਕਵਿਤਾ, ਨਾਵਲ, ਯਾਦਾਂ ਤੇ ਹੱਡ- ਬੀਤੀਆਂ ਆਦਿ ਸ਼ਾਮਲ ਹਨ।
 
            ਇਸੇ ਲੜੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਅਤੇ ਪ੍ਰੋਫੈਸਰ ਡਾ. ਹਰਵਿੰਦਰ ਸਿੰਘ ਭੱਟੀ ਨੇ 'ਵੰਡਨਾਮਾ' ਸਿਰਲੇਖ ਹੇਠ ਇੱਕ ਕਾਵਿ-ਪੁਸਤਕ ਦੀ ਰਚਨਾ ਕੀਤੀ ਹੈ।ਪਹਿਲਾਂ ਇਹ ਰਚਨਾ ਡਾ. ਭਗਵੰਤ ਸਿੰਘ ਦੇ ਤ੍ਰੈਮਾਸਿਕ ਪਰਚੇ 'ਜਾਗੋ ਇੰਟਰਨੈਸ਼ਨਲ' ਵਿੱਚ ਪ੍ਰਕਾਸ਼ਿਤ ਹੋਈ ਸੀ।ਪਿੱਛੋਂ ਇਸ ਵਿੱਚ ਥੋੜ੍ਹੀ ਬਹੁਤ ਸੋਧ- ਸੁਧਾਈ ਕਰਕੇ ਇਸ ਨੂੰ ਕਿਤਾਬ ਦਾ ਰੂਪ ਦੇ ਦਿੱਤਾ ਗਿਆ ਹੈ। ਪ੍ਰੋਫ਼ੈਸਰ ਭੱਟੀ ਭਾਵੇਂ ਸੋਸ਼ਿਆਲੋਜੀ ਨਾਲ ਸਬੰਧਿਤ ਅਧਿਆਪਕ ਹੈ,ਪਰ ਉਹਨੇ ਪੰਜਾਬੀ ਵਿੱਚ 83 ਪੰਨਿਆਂ ਦੀ ਇੱਕ ਲੰਮੀ ਕਵਿਤਾ ਲਿਖ ਕੇ ਆਪਣੇ ਪੰਜਾਬੀ ਹੋਣ ਦਾ ਭਰਪੂਰ ਪਰਿਚੈ ਦਿੱਤਾ ਹੈ।
 
             ਡਾ. ਭੱਟੀ ਦਾ ਜਨਮ ਤਾਂ ਵੰਡ ਤੋਂ ਦਸ ਕੁ ਸਾਲ ਪਿੱਛੋਂ ਦਾ ਹੈ, ਪਰ ਉਹਨੇ ਆਪਣੇ ਬਚਪਨ ਵਿੱਚ ਇਸ ਕਤਲੇਆਮ ਦਾ ਜ਼ਿਕਰ ਏਨੀ ਵਾਰ ਸੁਣਿਆ ਕਿ ਸਭ ਕੁਝ ਉਹਦੀ ਚੇਤਨਾ ਦਾ ਅਨਿੱਖੜ ਹਿੱਸਾ ਬਣ ਗਿਆ। ਮੁਸਲਮਾਨ, ਭਰਾਈ, ਗੁੱਜਰ, ਝਾਂਗੀ, ਬਾਰੀ ਆਦਿ ਕਬੀਲਿਆਂ ਦੇ ਲੋਕ ਉਹਦੇ ਪਿੰਡ ਛੋਟੀ ਹਰਿਓਂ (ਲੁਧਿਆਣਾ) ਵਿੱਚ ਹੀ ਰਹਿੰਦੇ ਰਹੇ ਸਨ। ਇਸ ਸਾਰੇ ਵਾਕਿਆਤ ਨੂੰ ਡਾ. ਭੱਟੀ ਨੇ ਪੁਸਤਕ ਦੇ 'ਦੋ ਸ਼ਬਦ' ਵਿੱਚ ਤਿੰਨ ਪੰਨਿਆਂ ਤੇ ਲਿਖੀਆਂ ਅਠਾਹਟ ਪੰਕਤੀਆਂ ਵਿੱਚ ਭਾਵੁਕ ਢੰਗ ਨਾਲ ਬਿਆਨਿਆ ਹੈ।
            'ਵੰਡਨਾਮਾ' ਵਿੱਚ ਸਿਰਫ 110 ਬੰਦ ਹਨ, 4- 4 ਪੰਕਤੀਆਂ ਵਾਲੇ, ਜਿਨ੍ਹਾਂ ਨੂੰ 8- 8 ਪੰਕਤੀਆਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਕਵੀ ਨੇ ਭੂਮਿਕਾ ਵਿੱਚ ਹੀ ਸਪਸ਼ਟ ਕਰ ਦਿੱਤਾ ਹੈ ਕਿ ਉਹਨੇ ਵੰਡ ਨਾਲ ਸਬੰਧਿਤ ਬਹੁਤ ਸਾਰਾ ਸਾਹਿਤ ਪੜ੍ਹਿਆ ਸੀ, ਪਰ ਕੋਈ ਵੱਡੀ ਕਾਵਿ- ਰਚਨਾ ਉਹਦੇ ਨਜ਼ਰੀ ਨਹੀਂ ਪਈ, ਸਿਵਾਏ  ਅੰਮ੍ਰਿਤਾ ਪ੍ਰੀਤਮ ਅਤੇ ਅਹਿਮਦ ਸਲੀਮ ਰਚਿਤ ਇੱਕ- ਇੱਕ ਕਵਿਤਾ ਤੋਂ। ਪ੍ਰੋ. ਭੱਟੀ ਆਮ ਲੋਕਾਂ ਦੀ ਸਮਝ ਵਿਚ ਆਉਣ ਵਾਲੀ ਕਵਿਤਾ ਦਾ ਪ੍ਰਸ਼ੰਸਕ ਹੈ ਤੇ ਇਸ ਸਿਲਸਿਲੇ ਵਿੱਚ ਉਹਨੂੰ ਸ਼ਾਹ ਮੁਹੰਮਦ ਦਾ ਲਿਖਿਆ 'ਜੰਗਨਾਮਾ ਸਿੰਘਾਂ ਤੇ ਫਰੰਗੀਆਂ' ਬੇਹਤਰੀਨ ਪੁਸਤਕ ਜਾਪੀ ਹੈ। ਪ੍ਰੋ. ਭੱਟੀ ਨੇ ਸ਼ਾਹ ਮੁਹੰਮਦ ਰਚਿਤ ਜੰਗਨਾਮੇ ਦੇ ਲਹਿਜ਼ੇ ਵਿੱਚ ਹੀ 'ਵੰਡਨਾਮਾ' ਲਿਖਣ ਦੀ ਕੋਸ਼ਿਸ਼ ਕੀਤੀ ਹੈ।
           'ਜੰਗਨਾਮਾ ਸ਼ਾਹ ਮੁਹੰਮਦ' ਬੈਂਤ ਛੰਦ ਵਿੱਚ ਲਿਖਿਆ ਗਿਆ ਹੈ, ਜੋ ਕਿ 40, 41 ਅਤੇ 42 ਮਾਤਰਾਵਾਂ ਵਿੱਚ ਵਿਉਂਤਿਆ ਗਿਆ ਹੈ। ਇਸੇ ਪਰੰਪਰਾ ਨੂੰ ਨਿਭਾਉਂਦਿਆਂ ਪ੍ਰੋ. ਭੱਟੀ ਨੇ 'ਵੰਡਨਾਮਾ' ਵਿੱਚ ਉਕਤ ਮਾਤ੍ਰਿਕ ਛੰਦ ਦਾ ਨਿਭਾਓ ਕੀਤਾ ਹੈ। ਰਵਾਇਤੀ ਕਵਿਤਾ ਵਾਂਗ 'ਵੰਡਨਾਮਾ' ਵਿੱਚ ਵੀ ਸਭ ਤੋਂ ਪਹਿਲਾਂ ਮੰਗਲਾਚਰਨ ਹੈ, ਜਿਸ ਵਿੱਚ ਕਵੀ ਆਪਣੇ ਇਸ਼ਟ ਦੀ ਅਰਾਧਨਾ ਕਰਦਾ ਹੈ :
 
                ਪਹਿਲਾਂ ਰੱਬ ਨੂੰ ਮੱਥਾ ਟੇਕੀਏ ਜੀ
                ਜਿਹੜਾ ਖੇਲ ਅਵੱਲੜੇ ਖੇਲਦਾ ਜੀ।
                ਕੱਠੇ ਬੈਠਿਆਂ ਨੂੰ ਆਪ ਜੁਦਾ ਕਰਕੇ
                ਫੇਰ ਮੇਲ ਅਚਾਨਕੀ ਮੇਲਦਾ ਜੀ।    (ਬੰਦ 1) 
            ਪ੍ਰੋ. ਭੱਟੀ ਨੇ ਹਰ ਬੰਦ ਦੇ ਅੰਤ ਵਿੱਚ ਆਪਣਾ ਉਪਨਾਮ 'ਬਿੰਦਰ ਸਿਆਂ' ਵਰਤਿਆ ਹੈ, ਜਿਸ ਤੋਂ ਕਵੀ ਦੀ ਨਿਮਰਤਾ ਜ਼ਾਹਿਰ ਹੁੰਦੀ ਹੈ ਤੇ ਉਹਨੇ ਭੂਮਿਕਾ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਪਿੰਡ ਦੇ ਲੋਕਾਂ ਲਈ ਉਹ ਹਰਵਿੰਦਰ ਸਿੰਘ ਜਾਂ ਪ੍ਰੋਫੈਸਰ ਜਾਂ ਡਾਕਟਰ ਨਹੀਂ, ਸਿਰਫ 'ਬਿੰਦਰ ਸਿੰਘ' ਹੀ ਹੈ।
           ਭਾਵੇਂ ਇਸ ਕਵਿਤਾ ਵਿੱਚ ਬਹੁਤਾ ਜ਼ਿਕਰ ਸੁਣੀਆਂ- ਸੁਣਾਈਆਂ ਗੱਲਾਂ ਤੇ ਆਧਾਰਿਤ ਹੈ, ਪਰ ਫਿਰ ਵੀ ਇਹ ਇੱਕ ਇਤਿਹਾਸਕ ਦਸਤਾਵੇਜ਼ ਵੀ ਹੈ,ਜਿਸ ਵਿੱਚ ਪ੍ਰੋ. ਭੱਟੀ ਨੇ ਰੈੱਡਕਲਿਫ, ਮਾਊਂਟਬੈਟਨ, ਮਾਸਟਰ ਤਾਰਾ ਸਿੰਘ, ਪੰਡਿਤ ਨਹਿਰੂ, ਮਹਾਤਮਾ ਗਾਂਧੀ ਆਦਿ ਸ਼ਖ਼ਸੀਅਤਾਂ ਦੇ ਅਸਲੀ ਆਚਾਰ- ਵਿਹਾਰ ਨੂੰ ਰੇਖਾਂਕਿਤ ਕੀਤਾ ਹੈ।
          ਵੰਡ ਦੇ ਕਾਰਨਾਂ ਤੇ ਦੁਖਾਂਤ ਦੇ ਨਾਲ- ਨਾਲ ਪ੍ਰੋ. ਭੱਟੀ ਨੇ ਪੰਜਾਬੀਆਂ ਨੂੰ ਏਕੇ ਦਾ ਸੰਦੇਸ਼ ਦਿੰਦਿਆਂ ਵੰਡੀਆਂ ਪਾਉਣੋਂ ਰੋਕਦਿਆਂ ਬੜੇ ਵੇਗ ਵਿੱਚ ਲਿਖਿਆ ਹੈ:
                 ਏਕਮਕਾਰ ਤੋਂ ਸਾਡੀ ਸ਼ੁਰੂਆਤ ਹੋਈ
                 ਅਸੀਂ ਹੋਈ ਜਾਂਦੇ ਵੱਖਰੇ ਵੱਖਰੇ ਜੀ।
                 ਬਿੰਦਰ ਸਿਆਂ ਖਾਤਰ ਏਕਤਾ ਦੇ
                 ਇੱਕ ਦੂਜੇ ਤੇ ਕਰਦੇ ਡੱਕਰੇ ਜੀ। (ਬੰਦ 106)  
         ਇਹ ਪੁਸਤਕ ਇੱਕ ਵਿਸ਼ੇਸ਼ ਆਕਾਰ ਵਾਲੀ ਹੈ, ਜੋ ਕਿ ਲੰਬਾਈ ਵਿੱਚ 7½ ਇੰਚ ਅਤੇ ਚੌੜਾਈ ਵਿੱਚ ਪੌਣੇ ਨੌਂ ਇੰਚ ਹੈ। ਪੁਸਤਕ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਖੱਬੇ ਪਾਸੇ ਦੇ ਪੰਨਿਆਂ ਤੇ ਦੇਸ਼- ਵੰਡ ਨਾਲ ਸਬੰਧਤ ਵੱਖ- ਵੱਖ ਸਾਈਟਾਂ ਤੋਂ ਲਈਆਂ ਤਸਵੀਰਾਂ ਜਾਂ ਨਕਸ਼ੇ ਪ੍ਰਕਾਸ਼ਿਤ ਹਨ ਅਤੇ ਸੱਜੇ ਪਾਸੇ ਦੇ ਹਰ ਪੰਨੇ ਤੇ ਤਿੰਨ- ਤਿੰਨ ਬੰਦ ਹਨ, ਜਿਨ੍ਹਾਂ ਦੀ ਕ੍ਰਮ- ਸੰਖਿਆ( 1, 2, 3...) ਵੀ ਨਾਲ- ਨਾਲ ਲਿਖੀ ਗਈ ਹੈ। ਕੁੱਲ 36 ਤਸਵੀਰਾਂ ਹਨ, ਜੋ ਦਰਦ, ਉਜਾੜੇ ਤੇ ਸੰਤਾਪ ਦੀ ਗਵਾਹੀ ਭਰਦੀਆਂ ਹਨ। ਵਧੇਰੇ ਤਸਵੀਰਾਂ (ਕੁੱਲ 23) ਕਾਲੀਆਂ- ਚਿੱਟੀਆਂ ਹਨ। ਕਿਤੇ- ਕਿਤੇ ਪੰਜਾਬੀ ਵਿੱਚ ਵਰਤੇ ਜਾਂਦੇ ਆਮ ਸ਼ਬਦਾਂ ਦੇ ਜੋੜ ਗ਼ਲਤ ਲਿਖੇ ਹੋਏ ਅੱਖਰਦੇ ਹਨ (ਜਿਵੇਂ ਬਾਰੇ ਨੂੰ ਵਾਰੇ, ਸਾਹਿਤ ਨੂੰ ਸਹਿਤ ਆਦਿ) ਪਰ...। ਕਵੀ ਨੇ ਇਹ ਕਿਤਾਬ "1947 ਦੀ ਵੰਡ ਦਾ ਸ਼ਿਕਾਰ ਹੋਏ ਮਾਸੂਮ ਤੇ ਬੇਕਸੂਰ ਲੋਕਾਂ ਦੇ ਨਾਂ" ਸਮਰਪਿਤ ਕੀਤੀ ਹੈ। ਵਧੀਆ ਆਰਟ ਪੇਪਰ ਤੇ ਪ੍ਰਕਾਸ਼ਿਤ, ਸਰਵਰਕ ਉੱਤੇ ਪ੍ਰਸਿੱਧ ਚਿੱਤਰਕਾਰ ਸਤੀਸ਼ ਗੁਜਰਾਲ ਦੀ ਪੇਂਟਿੰਗ ਨਾਲ ਸ਼ਿੰਗਾਰੀ,ਪੜ੍ਹਨ ਅਤੇ ਸਾਂਭਣ ਵਾਲੀ ਇਹ ਇੱਕ ਵਧੀਆ ਕਿਤਾਬ ਹੈ, ਜਿਸ ਦਾ ਪੰਜਾਬੀ ਅਦਬ ਵਿੱਚ ਹਾਰਦਿਕ ਸਵਾਗਤ ਹੈ। ਕੁੱਲ 83 ਪੰਨਿਆਂ ਅਤੇ 400/- ਰੁ. ਦੀ ਕੀਮਤ ਵਾਲੀ ਇਸ ਪੁਸਤਕ ਨੂੰ ਅਸਥੈਟਿਕਸ ਪਬਲੀਕੇਸ਼ਨਜ਼ ਲੁਧਿਆਣਾ/ ਬਰੈਂਪਟਨ/ ਨਿਊਯਾਰਕ ਨੇ ਬੜੀ ਰੀਝ ਨਾਲ ਛਾਪਿਆ ਹੈ।
 
 
  #ਐਸੋਸੀਏਟ ਪ੍ਰੋਫੈਸਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ,
Have something to say? Post your comment