Thursday, June 20, 2019
FOLLOW US ON

Article

ਇਨਸਾਫ਼ ਦੀ ਦੁਹਾਈ

January 08, 2019 09:47 PM
Prabhjot Kaur Dhillon
ਇਨਸਾਫ਼ ਦੀ ਦੁਹਾਈ
ਧੀਆਂ ਲਈ ਇਨਸਾਫ਼ ਦੀ ਗੱਲ ਹੁੰਦੀ ਹੈ।ਕਦੇ ਬੇਟੀ ਬਚਾਉ ਬੇਟੀ ਪੜ੍ਹਾਉ ਦੀ ਗੱਲ ਹੁੰਦੀ ਹੈ ਪਰ ਕੋਈ ਵੀ ਆਪਣੀ ਪੀੜ੍ਹੀ ਹੇਠਾਂ ਸੋਟਾ ਨਹੀਂ ਮਾਰਦਾ।ਕੋਈ ਆਪਣੀ ਸੋਚ ਬਦਲਣ ਨੂੰ ਤਿਆਰ ਨਹੀਂ।ਹਰ ਕੋਈ ਧੀਆਂ ਲਈ ਫ਼ਿਕਰ ਵਿਖਾਏਗਾ,ਉਸਦੇ ਹੱਕਾਂ ਦੀ ਗੱਲ ਕਰੇਗਾ ਪਰ ਜਦੋਂ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਉਵੇਂ ਦਾ ਬਹੁਤ ਘੱਟ ਵਿਖਾਈ ਦਿੰਦਾ ਹੈ।ਜਦੋਂ ਧੀਆਂ ਦੀ ਗੱਲ ਹੁੰਦੀ ਹੈ ਤਾਂ ਮਾਪੇ ਕਹਿ ਦਿੰਦੇ ਹਨ ਕਿ ਅਸੀਂ ਪੁੱਤ ਵਾਂਗ ਪਾਲੀ ਹੈ,ਇਸਦਾ ਮਤਲਬ ਬਹੁਤ ਵੱਡਾ ਅਹਿਸਾਨ ਕੀਤਾ ਹੈ।ਪੁੱਤ ਨੂੰ ਧੀਆਂ ਵਾਂਗ ਪਾਲਣ ਦੀ ਗੱਲ ਕਿਉਂ ਨਹੀਂ ਕਰਦੇ।ਜੇਕਰ ਗੰਭੀਰਤਾ ਨਾਲ ਸੋਚੀਏ ਤਾਂ ਅਜੇ ਵੀ ਸੋਚ ਵਿੱਚ ਹੈ ਕਿ ਹੈ ਤਾਂ ਤੂੰ ਕੁੜੀ ਪਰ ਤੈਨੂੰ ਵਧੀਆ ਤਰੀਕੇ ਨਾਲ ਪਾਲਿਆ ਹੈ।
 
 
ਮਾਪੇ ਧੀਆਂ ਨੂੰ ਹਮੇਸ਼ਾਂ ਅਗਲੇ ਪਰਿਵਾਰ ਲਈ ਇੰਜ ਦੱਸਣਗੇ ਜਿਵੇਂ ਲੜਕੇ ਦੀ ਮਾਂ ਬੁਰੀ ਹੈ,ਭੈਣ ਵੀ ਚੰਗੀ ਨਹੀਂ ਭਰਾ ਵੀ ਬੁਰਾ ਹੀ ਹੋਏਗਾ।ਜਦੋਂ ਸਾਰੇ ਸੁਹਰੇ ਪਰਿਵਾਰ ਵਾਲੇ ਇਵੇਂ ਦੇ ਹੀ ਹਨ,ਤੁਸੀਂ ਜਾਣੀ ਜਾਣ ਹੋ ਤਾਂ ਆਪਣੀ ਬੇਟੀ ਨੂੰ ਉਸ ਘਰ ਵਿੱਚ ਕਿਉਂ ਭੇਜ ਰਹੇ ਹੋ,ਇੰਨੀ ਵੱਡੀ ਗਲਤੀ ਜਾਣਦੇ ਹੋਏ ਕਰ ਰਹੇ ਹੋ।ਅਸਲ ਵਿੱਚ ਲੜਕੀ ਦੀਆਂ ਭਾਵਨਾਵਾਂ ਨਾਲ ਖੇਲਿਆ ਜਾਂਦਾ ਹੈ।ਉਸਦੇ ਮਨ ਵਿੱਚ ਅਗਲੇ ਪਰਿਵਾਰ ਲਈ ਜ਼ਹਿਰ ਘੋਲ ਦਿੱਤਾ ਜਾਂਦਾ ਹੈ।ਦਹੇਜ ਦੀ ਦੁਹਾਈ ਪਾਈ ਜਾਣਗੇ,ਰੋਣਾ ਰੋਈ ਜਾਣਗੇ ਪਰ ਪੁੱਤ ਲਈ ਘਰ ਜਾਂ ਜਾਇਦਾਦ ਬਣਾਉਣ ਲੱਗੇ ਤਾਂ ਰੋਂਦੇ ਨਹੀਂ।ਜਿਹੜਾ ਸਮਾਨ ਪੁੱਤ ਨੂੰ ਦੇ ਰਹੇ ਹੋ ਉਹ ਧੀ ਨੂੰ ਕਿਉਂ ਨਹੀਂ ਦਿੰਦੇ, ਘਰਦਾ ਸਮਾਨ ਧੀ ਨੂੰ ਦੇਣ ਲੱਗਿਆਂ ਇੰਨੀ ਦੁਹਾਈ ਕਿਸ ਵਾਸਤੇ।ਇਥੇ ਤਾਂ ਇਹ ਗੱਲ ਹੋ ਗਈ,"ਗੱਲੀਂ ਬਾਤੀਂ ਮੈਂ ਸਿਆਣੀ ਕਰਤੂਤੀਂ ਮੇਰੀ ਜਠਾਨੀ"।ਘਰਬਾਰ ਜਾਇਦਾਦ ਸੁਹਰਾ ਪਰਿਵਾਰ ਦੇਵੇ ਅਤੇ ਚੰਗੇ ਅਸੀਂ ਹੀ ਹਾਂ।ਅੱਜਕਲ ਦਹੇਜ ਵਿਰੋਧੀ ਕਾਨੂੰਨ ਦੀ ਧੜਲੇ ਨਾਲ ਦੁਰਵਰਤੋਂ ਹੋ ਰਹੀ ਹੈ।ਲੜਕੀ ਅਤੇ ਉਸਦੇ ਮਾਪੇ ਦਹੇਜ ਮੰਗਣ ਦੀ ਸ਼ਕਾਇਤ ਕਰਕੇ ਕੇਸ ਦਰਜ ਕਰਵਾ ਦਿੰਦੇ ਹਨ ਪਰ ਕੋਈ ਵੀ ਸੰਬੰਧਿਤ ਵਿਭਾਗ ਇਹ ਨਹੀਂ ਪੁੱਛਦਾ ਕਿ ਤੁਸੀਂ ਉਸਨੂੰ ਆਪਣੇ ਪੁੱਤ ਦੇ ਬਰਾਬਰ ਸੱਭ ਦਿੱਤਾ ਹੈ ਜੇਕਰ ਨਹੀਂ ਦਿੱਤਾ ਤਾਂ ਕਿਉਂ ਨਹੀਂ ਦਿੱਤਾ।ਬਸ ਲੜਕਾ ਅਤੇ ਉਸਦੇ ਮਾਪੇ ਗਲਤ ਘੋਸ਼ਿਤ ਕਰ ਦਿੱਤੇ ਜਾਂਦੇ ਹਨ।ਹਕੀਕਤ ਇਹ ਹੈ ਕਿ ਜਿੰਨਾ ਵਾਸਤੇ ਇਹ ਕਾਨੂੰਨ ਬਣਿਆ ਸੀ ਉਨ੍ਹਾਂ ਨੂੰ ਫ਼ਾਇਦਾ ਘੱਟ ਹੋਇਆ ਜਾਂ ਕਹਿ ਸਕਦੇ ਹਾਂ ਉਨ੍ਹਾਂ ਨੇ ਇਸ ਕਾਨੂੰਨ ਦੀ ਬਹੁਤ ਘੱਟ ਵਰਤੋਂ ਕੀਤੀ ਹੈ।ਅੱਜ ਸਮਾਜ ਵਿੱਚ ਤਲਾਕ ਅਤੇ ਬਿਰਧ ਆਸ਼ਰਮਾਂ ਦੀ ਗਿਣਤੀ ਬਹੁਤ ਵਧ ਰਹੀ ਹੈ।
 
 
ਅੱਜ ਲੜਕੀਆਂ ਦੇ ਮਾਪਿਆਂ ਦਾ ਧੀਆਂ ਦੇ ਘਰਾਂ ਵਿੱਚ ਵਿਆਹ ਤੋਂ ਬਾਦ ਦਖ਼ਲ ਬਹੁਤ ਵਧ ਗਿਆ ਹੈ।ਲੜਕਾ ਕਾਨੂੰਨੀ ਲਫੜਿਆਂ ਤੋਂ ਬਚਣ ਲਈ ਮਾਪਿਆਂ ਦੇ ਵਿਰੁੱਧ ਹੋ ਜਾਂਦਾ ਹੈ।ਇਸਦਾ ਨਤੀਜਾ ਹੀ ਹੁੰਦਾ ਹੈ ਕਿ ਮਾਪੇ ਘਰਾਂ ਵਿੱਚੋਂ ਕੱਢਕੇ ਆਸ਼ਰਮਾਂ ਵਿੱਚ ਧਕੇਲ ਦਿੱਤੇ ਜਾਂਦੇ ਹਨ।ਦੂਸਰੇ ਪਾਸੇ ਕੁਝ ਇੱਕ ਨੂੰ ਛੱਡਕੇ ਬਾਕੀ ਕੇਸ ਆਪਣੀ ਗੱਲ ਮਨਾਉਣ ਲਈ ਅਤੇ ਬਦਲਾਖੋਰੀ ਦੀ ਨੀਯਤ ਨਾਲ ਹੋ ਰਹੇ ਹਨ।ਮੇਰਾ ਇੱਕ ਹੀ ਸਵਾਲ ਹੈ ਧੀਆਂ ਦੇ ਮਾਪਿਆਂ ਨੂੰ ਕਿ ਸਮਾਂ ਬਦਲ ਗਿਆ ਹੈ ਤੁਸੀਂ ਆਪਣਾ ਘਰ ਜਵਾਈ ਅਤੇ ਉਸਦੇ ਮਾਪਿਆਂ ਦੇ ਕਹਿਣ ਮੁਤਾਬਿਕ ਚਲਾਉਣ ਲਈ ਹਾਮੀ ਭਰਦੇ ਹੋ।
 
 
ਜੇਕਰ ਧੀਆਂ ਨੂੰ ਇਨਸਾਫ਼ ਮਿਲਣ ਦੀ ਗੱਲ ਕਰਨੀ ਹੈ ਤਾਂ ਮਾਪੇ ਆਪਣੇ ਤੋਂ ਸ਼ੁਰੂ ਕਰਨ।ਧੀਆਂ ਨੂੰ ਪੁੱਤ ਵਾਂਗ ਨਹੀਂ ਪਾਲਣ ਸਗੋਂ ਦੋ ਬੱਚਿਆਂ ਵਾਂਗ ਪਾਲਣ।ਜਿਵੇਂ ਪੁੱਤ ਨੂੰ ਸੱਭ ਕੁਝ ਦਿੰਦੇ ਹੋ ਧੀਆਂ ਨੂੰ ਦਿਉ।ਬਹੁਤ ਘੱਟ ਮਾਪੇ ਜਾਇਦਾਦ ਧੀ ਨੂੰ ਦਿੰਦੇ ਹਨ ਪਰ ਬੜੇ ਫ਼ਖਰ ਨਾਲ ਕਹਿੰਦੇ ਹਨ ਕਿ ਸਾਡੀ ਧੀ ਸਾਡਾ ਬਹੁਤ ਖਿਆਲ ਰੱਖਦੀ ਹੈ।ਦਹੇਜ ਦੀ ਦੁਹਾਈ ਨਾ ਦਿਉ ਬਰਾਬਰ ਹੱਕ ਦਿਉ ਤਾਂ ਹੀ ਇਨਸਾਫ਼ ਦੀ ਗੱਲ ਕਰਦੇ ਚੰਗੇ ਲੱਗਦੇ ਹਨ।
 
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
Have something to say? Post your comment