Thursday, June 20, 2019
FOLLOW US ON

Article

ਅਣਹੋਇਆਂ ਦੀ ਹੋਂਦ ਦਰਸਾਉਣ ਵਾਲਾ ਸਾਹਿਤਕਾਰ ਸੀ ਪ੍ਰੋਫ਼ੈਸਰ ਗੁਰਦਿਆਲ ਸਿੰਘ : ~ ਪ੍ਰੋ. ਨਵ ਸੰਗੀਤ ਸਿੰਘ

January 08, 2019 09:56 PM
 ਪੰਜਾਬੀ ਸਾਹਿਤ ਵਿੱਚ ਗੁਰਦਿਆਲ ਸਿੰਘ ਦੇ ਨਾਂ ਵਾਲੇ ਅਨੇਕਾਂ ਲੇਖਕ ਹਨ : ਗੁਰਦਿਆਲ ਸਿੰਘ ਖੋਸਲਾ, ਗੁਰਦਿਆਲ ਸਿੰਘ ਫੁੱਲ, ਗੁਰਦਿਆਲ ਸਿੰਘ ਪੰਜਾਬੀ, ਗੁਰਦਿਆਲ ਦਲਾਲ, ਗੁਰਦਿਆਲ ਰੌਸ਼ਨ, ਗੁਰਦਿਆਲ ਸਿੰਘ ਫਰੀਦਕੋਟ, ਗੁਰਦਿਆਲ ਸਿੰਘ ਕਰਨਾਲ, ਗੁਰਦਿਆਲ ਸਿੰਘ ਆਰਿਫ਼, ਗੁਰਦਿਆਲ ਸਿੰਘ ਕੈਪਟਨ ਅਤੇ ਕਈ ਹੋਰ...। ਪਰ ਇਨ੍ਹਾਂ ਸਾਰਿਆਂ ਵਿੱਚ ਧਰੂ ਤਾਰੇ ਵਾਂਗ ਚਮਕਦਾ ਹੈ- ਨਾਵਲਕਾਰ ਗੁਰਦਿਆਲ ਸਿੰਘ, ਜਿਸ ਨੂੰ ਗੁਰਦਿਆਲ ਸਿੰਘ ਜੈਤੋ ਜਾਂ ਗੁਰਦਿਆਲ ਸਿੰਘ ਰਾਹੀ ਜਾਂ ਪ੍ਰੋਫ਼ੈਸਰ ਗੁਰਦਿਆਲ ਸਿੰਘ ਵਜੋਂ ਵੀ ਜਾਣਿਆ ਜਾਂਦਾ ਹੈ।
 
 
          ਸੁਤੰਤਰ ਭਾਰਤ ਦੀ ਸੱਤਰਵੀਂ ਵਰ੍ਹੇਗੰਢ ਮਨਾਉਣ ਤੋਂ ਇੱਕ ਦਿਨ ਬਾਅਦ(16 ਅਗਸਤ,2016 ਨੂੰ) ਗੁਰਦਿਆਲ ਸਿੰਘ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ। 10 ਜਨਵਰੀ 1935 ਨੂੰ ਪਿਤਾ ਸ. ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਪਿੰਡ ਭੈਣੀ ਫਤਹਿ, ਜ਼ਿਲ੍ਹਾ ਸੰਗਰੂਰ ਵਿੱਚ ਜਨਮ ਲੈ ਕੇ ਉਸ ਨੇ ਪੂਰੇ ਪੰਜਾਬੀ ਜਗਤ ਨੂੰ ਸਾਹਿਤ ਦੀ ਦਿ੍ਸ਼ਟੀ ਤੋਂ ਨਿਹਾਲ ਕਰ ਦਿੱਤਾ। ਬੀਬੀ ਬਲਵੰਤ ਕੌਰ ਨਾਲ ਵਿਆਹੇ ਪ੍ਰੋ. ਗੁਰਦਿਆਲ ਸਿੰਘ ਦੇ ਤਿੰਨ ਬੱਚੇ ਹਨ-ਦੋ ਬੇਟੀਆਂ, ਇਕ ਬੇਟਾ- ਮਨਜੀਤੀ (1951),  ਰਵਿੰਦਰ ਸਿੰਘ (1954)ਅਤੇ ਸੁਮੀਤੀ(1956)। 
          ਬਚਪਨ ਵਿੱਚ ਉਸ ਨੇ ਆਪਣੇ ਪਿਤਾ ਨਾਲ ਰਲ ਕੇ ਪਿਤਾ- ਪੁਰਖੀ ਕੰਮ, ਲੱਕੜ ਤੇ ਲੋਹੇ ਦੇ ਕਾਰੀਗਰ ਵਜੋਂ ਕਰੀਬ ਦਸ ਸਾਲ (1945-1954) ਸਖਤ ਮੁਸ਼ੱਕਤ ਕੀਤੀ। ਪੜ੍ਹਾਈ ਦੇ ਸ਼ੌਕ ਨੇ ਉਹ ਨੂੰ ਅੱਗੇ ਤੋਂ ਅਗੇਰੇ ਲਿਜਾਣ ਵਿੱਚ ਵੱਡਮੁੱਲੀ ਭੂਮਿਕਾ ਨਿਭਾਈ ਤੇ ਇਸ ਦੌਰਾਨ ਉਹ ਪ੍ਰਾਇਮਰੀ ਸਕੂਲ ਅਧਿਆਪਕ ਤੋਂ ਕਾਲਜ- ਲੈਕਚਰਾਰ ਅਤੇ ਫਿਰ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਉਸ ਵੱਲੋਂ ਕੀਤੀ ਅਧਿਆਪਕ- ਨੌਕਰੀ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ: ਪ੍ਰਾਇਮਰੀ ਸਕੂਲ ਅਧਿਆਪਕ(1954 ਤੋਂ 1961) ਹਾਈ ਸਕੂਲ ਅਧਿਆਪਕ- ਪੰਜ ਗਰਾਈਂ, ਚੁਘੇ ਕਲਾਂ, ਉਕੰਦਵਾਲਾ, ਜੈਤੋ, ਭੁੱਚੋ(1962-1970), ਲੈਕਚਰਾਰ ਪੰਜਾਬੀ, ਗੌਰਮਿੰਟ ਬ੍ਰਜਿੰਦਰਾ ਕਾਲਜ ਫਰੀਦਕੋਟ (1971-1986), ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਰਿਜਨਲ ਸੈਂਟਰ ਬਠਿੰਡਾ ਵਿਖੇ ਪੰਜਾਬੀ ਲੈਕਚਰਾਰ(1986-87), ਰੀਡਰ(19887-92)ਅਤੇ ਪ੍ਰੋਫੈਸਰ(1992-93) ਫਿਰ ਪੁਨਰ- ਨਿਯੁਕਤੀ(1993-95)। ਜੈਤੋ ਵਿਖੇ ਉਹ ਦਾ ਸਥਾਈ- ਨਿਵਾਸ ਮਿਹਰਚੰਦ ਸਟਰੀਟ ਸੀ, ਜੋ ਅੱਜ ਕੱਲ੍ਹ 'ਗਿਆਨਪੀਠ ਮਾਰਗ' ਦੇ ਨਾਂ ਨਾਲ ਜਾਣੀ ਜਾਂਦੀ ਹੈ। 
 
 
           ਪੰਜਾਬੀ ਸਾਹਿਤ ਨੂੰ ਵਿਸ਼ਵ-ਵੰਨਗੀ ਵਿੱਚ ਉਲੇਖਯੋਗ ਥਾਂ ਦਿਵਾਉਣ ਲਈ ਗੁਰਦਿਆਲ ਸਿੰਘ ਦਾ ਯੋਗਦਾਨ ਲਾਸਾਨੀ ਹੈ। ਉਸ ਨੇ ਸਾਹਿਤ ਦੇ ਲੱਗਭੱਗ ਹਰ ਰੂਪ ਤੇ ਕਲਮ ਅਜ਼ਮਾਈ। ਜਿਸ ਵਿੱਚ ਨਾਵਲ, ਕਹਾਣੀ,ਨਾਟਕ, ਵਾਰਤਕ, ਸਵੈ-ਜੀਵਨੀ, ਬਾਲ- ਸਾਹਿਤ, ਸੰਪਾਦਨ, ਅਨੁਵਾਦ ਆਦਿ ਦਾ ਵਿਸ਼ੇਸ਼ ਜ਼ਿਕਰ ਹੈ। ਉਸ ਦੀਆਂ ਵਿਸ਼ੇਸ਼ ਸਾਹਿਤਕ- ਵੰਨਗੀਆਂ ਦਾ ਵੇਰਵਾ ਇਸ ਪ੍ਰਕਾਰ ਹੈ:
  * ਨਾਵਲ: ਮੜ੍ਹੀ ਦਾ ਦੀਵਾ(1964), ਅਣਹੋਏ(1966), ਕੁਵੇਲਾ (1967),ਰੇਤੇ ਦੀ ਇਕ ਮੁੱਠੀ(1968), ਅੱਧ ਚਾਨਣੀ ਰਾਤ (1972), ਅਾਥਣ ਉਗਣ(1974), ਅੰਨ੍ਹੇ ਘੋੜੇ ਦਾ ਦਾਨ (1976), ਪਹੁ- ਫ਼ੁਟਾਲੇ ਤੋਂ ਪਹਿਲਾਂ(1982), ਪਰਸਾ(1991), ਆਹਣ(2005)। 
  * ਕਹਾਣੀ ਸੰਗ੍ਰਹਿ: ਸੱਗੀ ਫੁੱਲ(1962), ਚੰਨ ਦਾ ਬੂਟਾ (1964), ਓਪਰਾ ਘੱਟ (1965), ਕੁੱਤਾ ਤੇ ਆਦਮੀ (1972), ਮਸਤੀ ਬੋਤਾ(1978), ਬਿਗਾਨਾ ਪਿੰਡ (1981), ਰੁੱਖੇ ਮਿੱਸੇ ਬੰਦੇ (1982),ਪੱਕਾ ਟਿਕਾਣਾ(1989), ਚੋਣਵੀਆਂ ਕਹਾਣੀਆਂ (1989), ਕਰੀਰ ਦੀ ਢਿੰਗਰੀ(1991), ਜਿਉਂਦਿਆਂ ਦੇ ਮੇਲੇ (2000)।
     * ਨਾਟਕ ਤੇ ਇਕਾਂਗੀ: ਨਿੱਕੀ ਮੋਟੀ ਗੱਲ(1984), ਫ਼ਰੀਦਾ ਰਾਤੀਂ ਵੱਡੀਆਂ(1984,ਅੱਧ ਚਾਨਣੀ ਰਾਤ ਉੱਤੇ ਆਧਾਰਤ ਪੂਰਾ ਨਾਟਕ), ਵਿਦਾਇਗੀ ਤੋਂ ਪਿੱਛੋਂ (1984)। 
    * ਵਾਰਤਕ: ਪੰਜਾਬੀ ਦੇ ਤਿਉਹਾਰ ਤੇ ਮੇਲੇ(1986), ਲੇਖਕ ਦਾ ਅਨੁਭਵ ਤੇ ਸਿਰਜਣ ਅਨੁਵਾਦ (1995), ਦੁਖੀਆ ਦਾਸ ਕਬੀਰ (1996),ਸਤਯੁਗ ਦੇ ਆਉਣ ਤੱਕ(2000)।
      * ਸਵੈਜੀਵਨੀ: ਨਿਆਣ-ਮੱਤੀਆਂ(1999, ਪਹਿਲਾ ਭਾਗ- ਬਚਪਨ ਦੀਆਂ ਯਾਦਾਂ), ਦੂਜੀ ਦੇਹੀ(2000)।
     * ਬਾਲ ਸਾਹਿਤ: ਬਕਲਮ ਖੁਦ(1959),ਟੁੱਕ ਖੋਹ ਲਏ ਕਾਵਾਂ (1964), ਲਿਖਤੁਮ ਬਾਬਾ ਖੇਮਾ(1971), ਮਹਾਂਭਾਰਤ(1990, ਚਾਰ ਭਾਗ),ਗੱਪੀਆਂ ਦਾ ਪਿਉ(1991),ਧਰਤ ਸੁਹਾਵੀ(1991), ਢਾਈ ਹੱਥ ਧਰਤੀ(1993), ਖੱਟੇ- ਮਿੱਠੇ ਲੋਕ(1999), ਜੀਵਨ- ਦਾਤੀ ਗੰਗਾ(1999, ਦੋ ਭਾਗ), ਕਾਲੂ ਕੌਤਕੀ(1999)।
    * ਸੰਪਾਦਨ: ਮੇਰੀ ਪ੍ਰਤੀਨਿਧ ਰਚਨਾ(1992, ਚੋਣਵੀਆਂ ਕਹਾਣੀਆਂ, ਨਾਵਲ-ਅੰਸ਼, ਇਕਾਂਗੀ ਅਤੇ ਲੇਖ)।
   * ਅਨੁਵਾਦ: ਮੈਕਸਿਮ ਗੋਰਕੀ ਦੀ ਪੁਸਤਕ 'ਮਾਈ ਚਾਈਲਡ ਹੁਡ' ਦਾ  ਅਨੁਵਾਦ 'ਮੇਰਾ ਬਚਪਨ'(1961) ਈ. ਕਜਾਕੇਵਿਚ ਦੀ ਪੁਸਤਕ 'ਦ ਬਲੂ ਨੋਟਬੁੱਕ' ਦਾ ਅਨੁਵਾਦ 'ਨੀਲੇ ਪੱਤਰੇ'(1963), ਸ਼ਰਤਚੰਦਰ ਦੀ ਬੰਗਲਾ ਪੁਸਤਕ ਦਾ ਅਨੁਵਾਦ 'ਬਿਰਾਜ ਬਹੂ'(1964), ਮਿਖਾਇਲ ਸਤੇਲਮਾਖ ਦੀ ਰੂਸੀ ਕਿਤਾਬ 'ਰਿਟਰਨ ਆਫ ਦਾ ਵਾਈਲਡ ਗੂਜ਼' ਦਾ ਅਨੁਵਾਦ 'ਹੰਸਾਂ ਦੀ ਫੇਰੀ'(1966), ਵਾਈ. ਐੱਨ. ਦੇਵਧਰ ਦੀ ਅੰਗਰੇਜ਼ੀ ਕਿਤਾਬ ਦਾ ਅਨੁਵਾਦ 'ਨਾਨਾ ਫਰਨਵੀਸ'(1968), 'ਲੈਟਰਜ਼ ਫਰੋਮ ਦ ਡੈੱਡ' ਦਾ ਅਨੁਵਾਦ 'ਮੋਇਆਂ ਦੇ ਖਤ'(1968), ਸੱਯਦ ਗੁਲਾਮ ਸਮਨਾਨੀ ਦੀ ਅੰਗਰੇਜ਼ੀ ਕਿਤਾਬ ਦਾ ਅਨੁਵਾਦ 'ਅਮੀਰ ਖੁਸਰੋ'(1969), ਮਿਖਾਇਲ ਸਤੇਲਮਾਖ ਦੀ ਪੁਸਤਕ 'ਲੈੱਟ ਨਾਟ ਦਾ ਬਲੱਡ ਫਲੋਅ' ਦਾ ਅਨੁਵਾਦ 'ਇੱਕ ਦਿਨ ਇੱਕ ਰਾਤ'(1969), ਸੋਵੀਅਤ ਕਹਾਣੀਆਂ(1970), ਲੀਲ੍ਹਾ ਮਜੂਮਦਾਰ ਦੀ ਅੰਗਰੇਜ਼ੀ ਕਿਤਾਬ 'ਅਵਰ ਰਿਵਰਜ਼' ਦਾ ਅਨੁਵਾਦ 'ਸਾਡੀਆਂ ਨਦੀਆਂ'(1970), ਭਗਵਤੀ ਚਰਨ ਵਰਮਾ ਦੀ ਹਿੰਦੀ ਕਿਤਾਬ 'ਭੂਲੇ ਬਿਸਰੇ ਚਿੱਤ੍ਰ' ਦਾ ਅਨੁਵਾਦ 'ਭੁੱਲੇ ਵਿੱਸਰੇ ਚਿੱਤਰ'(1970), ਸੁਮੰਗਲ ਪ੍ਰਕਾਸ਼ ਦੀ ਅੰਗਰੇਜ਼ੀ ਕਿਤਾਬ 'ਸਟੋਰੀਜ਼ ਆਫ ਫਰੀਡਮ' ਦਾ ਅਨੁਵਾਦ 'ਆਜ਼ਾਦੀ ਦੀ ਕਹਾਣੀ'(1972), ਲਕਸ਼ਮੀ ਚੰਦਰ ਬੋਰਾ ਦੀ ਹਿੰਦੀ ਕਿਤਾਬ 'ਗੰਗਾਚੀਲ ਕੇ ਪੰਖ' ਦਾ ਅਨੁਵਾਦ 'ਗੰਗਾਚੀਲ ਦੇ ਖੰਭ' (1972),ਵ੍ਰਿੰਦਾਵਨ ਲਾਲ ਵਰਮਾ ਦੀ ਹਿੰਦੀ ਕਿਤਾਬ 'ਮ੍ਰਿਗ-  ਨੈਨੀ' ਦਾ ਅਨੁਵਾਦ 'ਮ੍ਰਿਗ ਨੈਣੀ'(1972), ਲੀਲ੍ਹਾ ਮਜੂਮਦਾਰ ਦੀ ਅੰਗਰੇਜ਼ੀ ਕਿਤਾਬ 'ਅਵਰ ਰਿਵਰਜ਼ ਪਾਰਟ ॥' ਦਾ ਅਨੁਵਾਦ 'ਸਾਡੀਆਂ ਨਦੀਆਂ, ਭਾਗ ਦੂਜਾ' ਕ੍ਰਿਸ਼ਨਾ ਸੋਬਤੀ ਦੀ ਹਿੰਦੀ ਕਿਤਾਬ 'ਮਿੱਤ੍ਰੋ ਮਰਜਾਨੀ' ਦਾ ਅਨੁਵਾਦ 'ਮਿੱਤਰੋ ਮਰਜਾਣੀ'(1974), ਯਸ਼ਪਾਲ ਦੀ ਹਿੰਦੀ ਕਿਤਾਬ 'ਝੂਠਾ ਸੱਚ' ਦੇ ਅੱਧੇ ਭਾਗ ਦਾ ਅਨੁਵਾਦ 'ਝੂਠਾ ਸੱਚ ਅੱਧਾ ਭਾਗ' ਗੋਪੀਨਾਥ ਮਹੰਤੀ ਦੀ ਹਿੰਦੀ ਕਿਤਾਬ 'ਦਾਨਾ ਪਾਨੀ' ਦਾ ਅਨੁਵਾਦ 'ਦਾਣਾ ਪਾਣੀ'(1981), ਯਸ਼ਪਾਲ ਦੇ ਹਿੰਦੀ ਨਾਵਲ 'ਦਿਵਯ' ਦਾ ਅਨੁਵਾਦ 'ਦਿੱਵਿਆ' (1982), ਕ੍ਰਿਸ਼ਨਾ ਸੋਬਤੀ ਦੀ ਹਿੰਦੀ ਕਿਤਾਬ ਦਾ ਅਨੁਵਾਦ 'ਜ਼ਿੰਦਗੀ ਨਾਮਾ'(1983), ਰਾਜੀਵ ਸਕਸੈਨਾ ਦੀ ਅੰਗ੍ਰੇਜ਼ੀ ਕਿਤਾਬ ਦਾ ਅਨੁਵਾਦ'ਵ੍ਰਿੰਦਾਵਨਲਾਲ ਵਰਮਾ'(1990)।
               ਗੁਰਦਿਆਲ ਸਿੰਘ ਦੇ ਕਥਾ-ਪਾਤਰ ਹਾਸ਼ੀਆਕ੍ਰਿਤ, ਦੱਬੇ,ਕੁਚਲੇ, ਲਿਤਾੜੇ ਤੇ ਨਿਮਨ- ਵਰਗ ਨਾਲ ਸਬੰਧ ਰੱਖਦੇ ਹਨ। ਪਰ ਉਸ ਨੇ ਇਨ੍ਹਾਂ ਅਣਹੋਏ ਪਾਤਰਾਂ ਦੀ ਹੋਂਦ ਨੂੰ ਪ੍ਰਸਤੁਤ ਕੀਤਾ ਹੈ। 'ਅਣਹੋਏ' ਦਾ ਤਾਇਆ ਬਿਸ਼ਨਾ, 'ਮੜੀ ਦਾ ਦੀਵਾ' ਦਾ ਜਗਸੀਰ- ਅਜਿਹੇ ਹੀ ਹਾਸ਼ੀਏ ਤੇ ਧੱਕੇ ਹੋਏ ਪਾਤਰ ਹਨ, ਜੋ ਆਪਣੀ ਪੂਰੀ ਸਮਰੱਥਾ ਅਤੇ ਸੰਭਾਵਨਾਵਾਂ ਸਹਿਤ ਗੁਰਦਿਆਲ ਸਿੰਘ ਦੇ ਨਾਵਲਾਂ ਵਿੱਚ ਸਾਹਮਣੇ ਆਏ ਹਨ। ਉਸ ਨੇ ਅਜਿਹੇ ਹੀ ਅਣਗੌਲੇ ਤੇ ਗੁਆਚੇ ਪਾਤਰਾਂ ਦੀ ਬਾਤ ਪਾਈ ਹੈ। 'ਰੇਤੇ ਦੀ ਇਕ ਮੁੱਠੀ' ਵਿਚਲਾ ਅਮਰ ਸਿੰਘ ਅਭੋਲ ਵਾਸਤਵ ਵਿੱਚ ਪ੍ਰੋ. ਗੁਰਦਿਆਲ ਸਿੰਘ ਨਾਲ ਕੁਲੀਗ ਰਿਹਾ ਮਾਸਟਰ ਆਤਮਾ ਸਿੰਘ ਅਨਭੋਲ ਹੈ, ਜੋ ਆਪਣੀ ਕਲਾਤਮਕ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਸਖ਼ਤ ਮਿਹਨਤ ਕਰਦਾ ਹੈ। ਗੁਰਦਿਆਲ ਸਿੰਘ ਨੇ ਅਜਿਹੇ ਹੀ ਜਿਊਂਦੇ- ਜਾਗਦੇ ਤੇ ਵਾਸਤਵਿਕ ਪਾਤਰਾਂ ਨੂੰ ਸਾਡੇ ਸਾਹਮਣੇ ਲਿਅਾਂਦਾ, ਪਰ ਉਨ੍ਹਾਂ ਦੇ ਨਾਂ ਬਦਲ ਕੇ ਸਾਡੇ ਨਾਲ ਸਾਂਝ ਪੁਆਈ।  
 
 
           ਪ੍ਰੋ. ਗੁਰਦਿਆਲ ਸਿੰਘ ਨੂੰ ਉਸਦੀਆਂ ਲਿਖਤਾਂ ਬਦਲੇ ਦੇਸ਼- ਵਿਦੇਸ਼ ਦੀਆਂ ਸਰਕਾਰੀ/ ਗੈਰ- ਸਰਕਾਰੀ ਤੇ ਸਮਾਜਿਕ- ਸਾਹਿਤਕ ਸੰਸਥਾਵਾਂ ਵੱਲੋਂ ਕਈ ਵਾਰ ਸਨਮਾਨਿਤ ਕੀਤਾ ਗਿਆ। ਇਨ੍ਹਾਂ 'ਚੋਂ ਕੁਝ ਪ੍ਰਮੁੱਖ ਸਨਮਾਨਾਂ ਦਾ ਵੇਰਵਾ ਇਸ ਪ੍ਰਕਾਰ ਹੈ: ਭਾਸ਼ਾ ਵਿਭਾਗ ਪੰਜਾਬ ਵੱਲੋਂ 'ਮੜ੍ਹੀ ਦਾ ਦੀਵਾ' ਲਈ 'ਪ੍ਰਥਮ ਗਲਪ ਪੁਰਸਕਾਰ'(1966), ਭਾਸ਼ਾ ਵਿਭਾਗ ਪੰਜਾਬ ਵੱਲੋਂ ਹੀ 'ਅਣਹੋਏ' ਲਈ 'ਪ੍ਰਥਮ ਗਲਪ ਪੁਰਸਕਾਰ'(1967), 'ਓਪਰਾ ਘਰ' ਲਈ ਇਹੋ ਪੁਰਸਕਾਰ(1968), 'ਕੁੱਤਾ ਤੇ ਆਦਮੀ' ਉੱਤੇ ਇਹੋ ਪੁਰਸਕਾਰ(1972), ਭਾਰਤੀ ਸਾਹਿਤ ਅਕਾਡਮੀ ਵੱਲੋਂ 'ਅੱਧ ਚਾਨਣੀ ਰਾਤ' ਲਈ ਪੁਰਸਕਾਰ(1975), ਭਾਸ਼ਾ ਵਿਭਾਗ ਪੰਜਾਬ ਵੱਲੋਂ 'ਨਾਨਕ ਸਿੰਘ ਨਾਵਲ ਪੁਰਸਕਾਰ'(1976), ਪੰਜਾਬੀ ਸਾਹਿਤ ਸਭਾ,ਦਿੱਲੀ ਵੱਲੋਂ ਪੁਰਸਕਾਰ(1979), 'ਸੋਵੀਅਤ ਲੈਂਡ ਨਹਿਰੂ ਪੁਰਸਕਾਰ'(1986), ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ ਅਵਾਰਡ'(1991), ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ 'ਭਾਈ ਵੀਰ ਸਿੰਘ ਗਲਪ ਪੁਰਸਕਾਰ'(1991), ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ'(1992), ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਸਾਹਿਤਕਾਰ ਸਨਮਾਨ'(1994), 'ਪਾਸ਼ ਅਵਾਰਡ'(1995), 'ਉੱਤਰ ਪ੍ਰਦੇਸ਼ ਹਿੰਦੀ ਸਾਹਿਤ ਸੰਮੇਲਨ ਸਨਮਾਨ'(1997), ਭਾਰਤ ਸਰਕਾਰ ਵੱਲੋਂ 'ਪਦਮ ਸ੍ਰੀ' ਦੀ ਉਪਾਧੀ (1988),ਡਾ. ਰਵੀ ਮੈਮੋਰੀਅਲ ਟਰੱਸਟ ਪਟਿਆਲਾ ਵੱਲੋਂ 'ਡਾ. ਰਵੀ ਪੁਰਸਕਾਰ'(1999), ਭਾਰਤ ਸਰਕਾਰ ਵੱਲੋਂ 'ਗਿਆਨਪੀਠ ਅਵਾਰਡ'(2000), ਕੇਂਦਰੀ ਪੰਜਾਬੀ ਸਾਹਿਤ ਸਭਾ ਅਤੇ ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਸਨਮਾਨ(2000) ਇਤਿਆਦਿ।   
          ਪ੍ਰੋ.ਗੁਰਦਿਆਲ ਸਿੰਘ ਦੇ ਸਭ ਤੋਂ ਪਹਿਲੇ ਨਾਵਲ 'ਮੜ੍ਹੀ ਦਾ ਦੀਵਾ' ਨੂੰ ਭਾਰਤ ਸਰਕਾਰ ਨੂੰ ਸਮੂਹ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਪ੍ਰਵਾਨਗੀ ਮਿਲੀ।
 
 
ਇਸੇ ਨਾਵਲ ਉੱਤੇ ਪੰਜਾਬੀ ਦੀ ਸਭ ਤੋਂ ਪਹਿਲੀ ਕਲਾਸਿਕ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਜਿਸਨੂੰ 1989 ਦਾ ਸਰਬੋਤਮ ਫ਼ਿਲਮ ਪੁਰਸਕਾਰ ਮਿਲਿਆ। ਇਹ ਨਾਵਲ ਰੂਸੀ ਭਾਸ਼ਾ ਵਿੱਚ ਵੀ ਅਨੁਵਾਦ ਪਾਇਆ, ਜੋ ਚਾਰ ਲੱਖ ਦੀ ਗਿਣਤੀ ਵਿੱਚ ਛਪਿਆ। ਅੰਗਰੇਜ਼ੀ ਵਿੱਚ ਇਸ ਨੂੰ ਅਜਮੇਰ ਰੋਡੇ ਨੇ 'ਦ ਲਾਸਟ ਫਲਿੱਕਰ'(1993) ਦੇ ਨਾਮ ਹੇਠ ਅਨੁਵਾਦ ਕੀਤਾ। 'ਅਣਹੋਏ' ਦਾ ਹਿੰਦੀ ਅਨੁਵਾਦ 'ਘਰ ਔਰ ਰਾਸਤਾ'(1968) ਦੇ ਨਾਂ ਹੇਠ ਛਪਿਆ। ਉਸ ਦੇ ਨਾਵਲ 'ਅੱਧ  ਚਾਨਣੀ ਰਾਤ' ਉੱਤੇ ਗੁਰਵਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਫ਼ਿਲਮ ਬਣੀ। ਇਸ ਦਾ ਅਨੁਵਾਦ ਹਿੰਦੀ, ਉਰਦੂ, ਅਸਾਮੀ, ਮਲਿਆਲਮ, ਉੜੀਆ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਕ੍ਰਮਵਾਰ 'ਅਰਧ ਚਾਂਦਨੀ ਰਾਤ' (ਸ੍ਰੀਮਤੀ ਵਿਜੈ ਚੌਹਾਨ), 'ਆਧੇ ਚਾਂਦ ਕੀ ਰਾਤ' (ਅਰਸ਼ ਮਸਲਿਆਨੀ), 'ਅਰਧਾ ਚੰਦਰਾਰ', 'ਅਰਧਾ ਚੰਦਰਾਡੇ ਰਾਯਰੀ', 'ਅਧਾ ਚੰਦਰ ਰਾਤੀ', 'ਨਾਈਟ ਆਫ ਦ ਹਾਫ ਮੂਨ' ਨਾਵਾਂ ਹੇਠ ਕੀਤਾ ਗਿਆ। 'ਪਰਸਾ' ਨਾਵਲ ਦਾ ਅਨੁਵਾਦ ਇਸੇ ਨਾਂ ਹੇਠ ਅੰਗਰੇਜ਼ੀ ਵਿੱਚ ਡਾ. ਰਾਣਾ ਨਈਅਰ ਵੱਲੋਂ 1999 ਵਿੱਚ ਕੀਤਾ ਗਿਆ। ਇਸੇ ਤਰ੍ਹਾਂ ਉਹਦੀਆਂ ਬਹੁਤ ਸਾਰੀਆਂ ਕਹਾਣੀਆਂ ਦੇ ਹਿੰਦੀ ਭਾਸ਼ਾ ਵਿੱਚ ਅਨੁਵਾਦ ਮਿਲਦੇ ਹਨ।
    ਸਰੀਰਕ ਤੌਰ ਤੇ ਭਾਵੇਂ ਗੁਰਦਿਆਲ ਸਿੰਘ ਅੱਜ ਸਾਡੇ ਵਿਚਕਾਰ ਮੌਜੂਦ ਨਹੀਂ ਹੈ,ਪਰ ਉਸ ਦੀਆਂ ਰਚਨਾਵਾਂ ਤੇ ਪਾਤਰ ਯੁੱਗਾਂ ਤੱਕ ਆਉਣ ਵਾਲੀ ਪੀੜ੍ਹੀ ਅਤੇ ਪੰਜਾਬੀ ਸਾਹਿਤ ਨੂੰ ਰੁਸ਼ਨਾਉਂਦੇ ਰਹਿਣਗੇ।
 
 
 # ਨੇੜੇ ਗਿੱਲਾਂ ਵਾਲਾ ਖੂਹ, ਤਲਵੰਡੀ ਸਾਬੋ-151302. (ਬਠਿੰਡਾ)     9417692015.
Have something to say? Post your comment