Article

ਰਿਸ਼ਵਤ ਨੇ ਪੰਜਾਬ ਨੂੰ ਕੀਤਾ ਖੋਖਲਾ

January 09, 2019 10:07 PM
Prabhjot Kaur Dhillon

ਰਿਸ਼ਵਤ ਨੇ ਪੰਜਾਬ ਨੂੰ ਕੀਤਾ ਖੋਖਲਾ
ਜਦੋਂ ਬੇਨਿਯਮੀਆਂ ਵੱਧ ਜਾਣ,ਕੁਤਾਹੀਆਂ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹੋਣ ਜਾਣ ਤਾਂ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਤੋਂ ਮੁੱਕਰਿਆ ਨਹੀਂ ਜਾ ਸਕਦਾ।ਰਿਸ਼ਵਤ ਪੰਜਾਬ ਨੂੰ ਕੈਂਸਰ ਦੀ ਲੱਗੀ ਬੀਮਾਰੀ ਹੈ,ਜੇਕਰ ਇਸਦਾ ਇਲਾਜ ਨਾ ਕੀਤਾ ਗਿਆ ਤਾਂ ਨਤੀਜੇ ਹੋਰ ਵੀ ਭਿਆਨਕ ਹੋਣਗੇ।ਜਿਸ ਦੇ ਹੱਥ ਤਾਕਤ ਆਉਂਦੀ ਹੈ ਉਹ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਨੋਚ ਨੋਚ ਕੇ ਖਾਣ ਲੱਗ ਜਾਂਦੇ ਹਨ।ਜਿਹੜੇ ਇਮਾਨਦਾਰੀ ਨਾਲ ਚੱਲਣਾ ਚਾਹੁੰਦੇ ਹਨ ਉਨ੍ਹਾਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਛੋਟੇ ਤੋਂ ਛੋਟੇ ਕੰਮ ਲਈ ਵੀ ਰਿਸ਼ਵਤ ਮੰਗੀ ਜਾਂਦੀ ਹੈ।ਕਹਿੰਦੇ ਨੇ ਦੁਨੀਆਂ ਤੋਂ ਜਾਣ ਲੱਗਿਆਂ ਜੋ ਕਫ਼ਨ ਪਾਇਆ ਜਾਂਦਾ ਹੈ ਉਸਨੂੰ ਜੇਬ ਨਹੀਂ ਲੱਗੀ ਹੁੰਦੀ, ਫੇਰ ਇੰਨੀ ਮਾਰ ਧਾੜ ਕਿਉਂ ਕੀਤੀ ਜਾ ਰਹੀ ਹੈ।ਜਿਸ ਔਲਾਦ ਲਈ ਸਾਰੀ ਜ਼ਿੰਦਗੀ ਭ੍ਰਿਸ਼ਟਾਚਾਰ ਕੀਤਾ, ਉਹ ਕਈ ਵਾਰ ਬੁਢਾਪੇ ਵਿੱਚ ਵੀ ਨਹੀਂ ਸੰਭਾਲਦੀ ਅਤੇ ਮੌਤ ਤੋਂ ਬਾਦ ਤਾਂ ਸੱਭ ਨੂੰ ਜਲਦੀ ਹੁੰਦੀ ਹੈ ਕਿ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾਣ।ਇਸਦੇ ਬਾਦ ਵੀ ਰਿਸ਼ਵਤ ਲੈਣ ਅਤੇ ਭ੍ਰਿਸ਼ਟਾਚਾਰ ਕਰਨ ਤੋਂ ਨਹੀਂ ਹੱਟਦੇ।
ਅਖ਼ਬਾਰ ਵਿੱਚ ਜੇਕਰ ਰਿਸ਼ਵਤ ਨਾਲ ਜੋੜਕੇ ਖਬਰਾਂ ਨੂੰ ਵੇਖਿਆ ਜਾਵੇ ਤਾਂ ਸਿਸਟਮ ਦੇ ਵਿਗੜੇ ਢਾਂਚੇ ਦੀ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ।ਹੌਲਦਾਰ ਰੰਗੇ ਹੱਥ ਰਿਸ਼ਵਤ ਲੈਂਦਾ ਫੜਿਆ ਗਿਆ,ਪਟਵਾਰੀ ਰਿਸ਼ਵਤ ਲੈਂਦਾ ਫੜਿਆ ਗਿਆ, ਥਾਣੇਦਾਰ ਨੇ ਕਿਸੇ ਕੇਸ ਵਿੱਚ ਰਿਸ਼ਵਤ ਲਈ, ਇਹ ਆਮ ਖ਼ਬਰਾਂ ਹਨ।ਇਸਦਾ ਮਤਲਬ ਹੈ ਕਿ ਇੱਕ ਆਮ ਬੰਦਾ ਛੋਟੇ ਮੋਟੇ ਕੰਮ ਲਈ ਵੀ ਰਿਸ਼ਵਤ ਦੇਣ ਲਈ ਮਜ਼ਬੂਰ ਹੈ।ਉਹ ਕਿਵੇਂ ਇਹ ਪੈਸੇ ਇਕੱਠੇ ਕਰਦਾ ਹੈ ਉਹ ਸਿਰਫ਼ ਉਹ ਹੀ ਜਾਣਦਾ ਹੈ।ਹੈਰਾਨੀ ਹੁੰਦੀ ਹੈ ਕਿ ਇੰਨਾ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਤਨਖਾਹ ਦਿੱਤੀ ਜਾਂਦੀ ਹੈ।ਇਹ ਤਨਖਾਹ ਉਸਦੀ ਕਾਬਲੀਅਤ ਅਨੁਸਾਰ ਮਿਲਦੀ ਹੈ ਫੇਰ ਲੋਕਾਂ ਦੀਆਂ ਜੇਬਾਂ ਤੇ ਡਾਕਾ ਕਿਉਂ ਮਾਰ ਰਹੇ ਹਨ,ਇਹ ਵੱਡਾ ਸਵਾਲ ਹੈ।ਰਿਸ਼ਵਤ ਅਤੇ ਭ੍ਰਿਸ਼ਟਾਚਾਰ ਕਰਨ ਵਾਲਾ ਇੱਕ ਵਾਰ ਇਹ ਸ਼ੁਰੂ ਕਰ ਲੈਂਦਾ ਹੈ ਤਾਂ ਇਸਨੂੰ ਛੱਡਣ ਲਈ ਤਿਆਰ ਹੀ ਨਹੀਂ ਹੋ ਸਕਦਾ,ਜਿਵੇਂ ਕੁੱਤੇ ਨੂੰ ਹੱਡੀ ਦਾ ਚਸਕਾ ਪੈ ਜਾਂਦਾ ਹੈ,ਰਿਸ਼ਵਤਖੋਰਾਂ ਦਾ ਵੀ ਇਹ ਹੀ ਹਾਲ ਹੁੰਦਾ ਹੈ।ਰਿਸ਼ਵਤ ਬਹੁਤ ਵਾਰ ਲਾਲਚ ਕਰਕੇ ਅਤੇ ਫਜੂਲ ਦੀਆਂ ਵਫ਼ਾਦਾਰੀਆਂ ਨਿਭਾਉਣ ਕਰਕੇ ਲਈ ਜਾਂਦੀ ਹੈ।ਰੌਬਰਟ ਜੈਕਸਨ ਅਨੁਸਾਰ,"ਬੰਦੇ ਪੈਸੇ ਨਾਲੋਂ ਵਫ਼ਾਦਾਰੀਆਂ ਤੇ ਸੁਪਨੇ ਦੇ ਵੱਸ ਪੈ ਕੇ ਜਲਦੀ ਭ੍ਰਿਸ਼ਟ ਹੁੰਦੇ ਹਨ।"ਦੇਸ਼ ਵਿੱਚ ਰਿਸ਼ਵਤ ਦਾ ਬੋਲਬਾਲਾ ਹੈ ਪਰ ਅਸੀਂ ਪੰਜਾਬ ਦੀ ਹੀ ਗੱਲ ਕਰ ਰਹੇ ਹਾਂ।ਪੰਜਾਬ ਦੇ ਖਜ਼ਾਨੇ ਨੂੰ ਇਵੇਂ ਲੁੱਟਿਆ ਜਾ ਰਿਹਾ ਹੈ ਜਿਵੇਂ ,"ਚੋਰੀ ਦਾ ਕੱਪੜਾ ਲਾਠੀਆਂ ਦੇ ਗਜ"ਵਾਲੀ ਗੱਲ ਹੈ।ਮੁਆਫ਼ ਕਰਨਾ ਕੁਰਸੀਆਂ ਦੀ ਤਾਕਤ ਨਾਲ ਲੋਕਾਂ ਅਤੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ।ਕਿਧਰੇ ਵੀ ਕਿਸੇ ਨੂੰ ਡਰ ਵਰਗੀ ਗੱਲ ਨਹੀਂ ਹੈ।
ਘਪਲੇ ਤਾਂ ਹੁਣ ਆਮ ਹੀ ਗੱਲ ਹੋ ਗਈ ਹੈ।ਖ਼ਬਰ ਆਉਂਦੀ ਹੈ ਪਰ ਅਖੀਰ ਵਿੱਚ ਉਸਦਾ ਕੀ ਬਣਿਆ ਬਹੁਤ ਘੱਟ ਸਾਹਮਣੇ ਆਉਂਦਾ ਹੈ।ਉਸ ਸਮੇਂ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਜਦੋਂ ਫੜੇ ਜਾਣ ਤੇ ਹਰ ਕੋਈ ਕਹਿੰਦਾ ਹੈ ਕਿ ਮੈਨੂੰ ਗਲਤ ਫਸਾਇਆ ਜਾ ਰਿਹਾ ਹੈ।ਉਦੋਂ ਸੋਚਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਕਿ ਫਿਰ ਰਿਸ਼ਵਤ ਲੈਂਦਾ ਕੌਣ ਹੈ।ਸਾਡੇ ਦੇਸ਼ ਦੀਆਂ ਸੜਕਾਂ ਰਿਸ਼ਵਤ ਦੀ ਬਲੀ ਚੜ੍ਹ ਗਈਆਂ।ਸੜਕਾਂ ਬਣਦੀਆਂ ਪਿੱਛੋਂ ਹਨ ਟੁੱਟਦੀਆਂ ਪਹਿਲਾਂ ਹਨ।ਸੜਕਾਂ ਤੇ ਪੂਰਾ ਮਟੀਰੀਅਲ ਪੈਂਦਾ ਹੀ ਨਹੀਂ।ਸਧਾਰਨ ਸ਼ਬਦਾਂ ਵਿੱਚ ਕਹਿ ਲਈਏ ਕਿ ਲੋਕਾਂ ਦੇ ਹਿੱਸੇ ਇੱਕ ਰੁਪੈ ਵਿੱਚੋਂ ਦੱਸ ਪੈਸੇ ਵੀ ਹਿੱਸੇ ਨਹੀਂ ਆਉਂਦੇ।ਲੋਕ ਟੁੱਟੀਆਂ ਸੜਕਾਂ ਉੱਤੇ ਧੱਕੇ ਖਾਂਦੇ ਰਹਿੰਦੇ ਹਨ ਅਤੇ ਟੋਇਆਂ ਕਰਕੇ ਡਿੱਗ ਕੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।ਪਤਾ ਨਹੀਂ ਕਿਉਂ ਹੁਣ ਬੰਦੇ ਦੀ ਵੀ ਕੀਮਤ ਨਹੀਂ ਰਹੀ,ਜਿਹੜੇ ਰਿਸ਼ਵਤ ਲੈਂਦੇ ਹਨ ਅਤੇ ਦਿੰਦੇ ਹਨ ਪਤਾ ਨਹੀਂ ਉਨ੍ਹਾਂ ਨੂੰ ਕਦੋ ਅਹਿਸਾਸ ਹੋਏਗਾ ਕਿ ਇਨ੍ਹਾਂ ਦੀ ਮੌਤ ਸਾਡੇ ਕਰਕੇ ਹੋਈ ਹੈ ਜਾਂ ਇੰਨਾ ਦੇ ਸਰੀਰ ਦਾ ਨੁਕਸਾਨ ਹੋਇਆ ਹੈ।ਨਵੇਂ ਤੋਂ ਨਵੇਂ ਢੰਗ ਕੱਢ ਲਏ ਜਾਂਦੇ ਹਨ ਰਿਸ਼ਵਤ ਲੈਣ ਦੇ ਅਤੇ ਭ੍ਰਿਸ਼ਟਾਚਾਰ ਕਰਨ ਦੇ।ਰਸੀਦ ਬੁੱਕ ਪਤਾ ਨਹੀਂ ਕਿੰਨੀਆਂ ਕਿੰਨੀਆਂ ਹਨ,ਜਾਅਲੀ ਕੰਪਨੀਆਂ ਬਣਾ ਬਣਾਕੇ ਭ੍ਰਿਸ਼ਟਾਚਾਰ ਕਰਦੇ ਹਨ,ਲੋਕਾਂ ਦੀ ਜ਼ਿੰਦਗੀ ਨਰਕ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ।ਪਿੱਛੇ ਕੁਝ ਦਿਨਾਂ ਤੋਂ ਨਗਰ ਕੌਂਸਲ ਖਰੜ ਵਿੱਚ ਜਾਅਲੀ ਰਸੀਦਾਂ ਕੱਟੀਆਂ ਗਈਆਂ, ਨਕਸ਼ੇ ਪਾਸ ਕੀਤੇ ਗਏ, ਹੁਣ ਪੈਸੇ ਲੈਣ ਵਾਲੇ ਪੈਸੇ ਲੈ ਗਏ, ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚ ਪੈਸੇ ਗਏ ਨਹੀਂ ਅਤੇ ਜਿਸ ਦਾ ਨਕਸ਼ਾ ਪਾਸ ਕਰਕੇ ਹੱਥ ਫੜਾਇਆ ਸੀ ਉਹ ਹੁਣ ਧੱਕੇ ਖਾ ਰਿਹਾ ਹੋਏਗਾ।ਕਾਰਜਕਾਰੀ ਅਧਿਕਾਰੀ ਪੁਲਿਸ ਨੂੰ ਸ਼ਕਾਇਤ ਕਰਦੇ ਹਨ ਤਾਂ ਪੁਲਿਸ ਕਾਰਵਾਈ ਨਹੀ ਕਰਦੀ।ਕਾਰਜ ਸਾਧਿਕ ਅਫ਼ਸਰ ਪੁੱਛ ਰਹੇ ਹਨ ਕਿ ਕਾਰਵਾਈ ਕੀ ਕੀਤੀ ਗਈ ਹੈ।ਅਸੀਂ ਪਿੱਛਲੇ ਪੰਜ ਸਾਲਾਂ ਤੋਂ ਆਪਣੀ ਕਲੋਨੀ ਦੀ ਸੜਕ ਲਈ ਖੱਜਲ ਹੋ ਰਹੇ ਹਾਂ।ਕਲੋਨੀ ਨੂੰ ਦੋ ਤੀਹ ਤੀਹ ਫੁੱਟ ਦੀਆਂ ਸੜਕਾਂ ਸਾਡੇ ਘਰਦੇ ਪਾਸ ਕੀਤੇ ਨਕਸ਼ੇ ਦੀ ਲੁਕੇਸ਼ਨ ਪਲੈਨ ਵਿੱਚ ਹੈ ਪਰ ਨਗਰ ਕੌਂਸਲ ਖਰੜ ਦੇ ਅਧਿਕਾਰੀਆਂ ਅਤੇ ਬਿਲਡਰ ਦੀ ਮਿਲੀ ਭੁਗਤ ਨਾਲ ਕਲੋਨੀ ਅੱਜ ਸੜਕ ਵਿਹੂਣੀ ਹੈ।ਹਾਂ, ਇਥੇ ਕੰਮ ਕਰਦੇ ਲੋਕ ਇੰਨੇ ਬੁੱਧੀਮਾਨ ਹਨ ਕਿ ਆਪਣੇ ਪਾਸ ਕੀਤੇ ਨਕਸ਼ਿਆਂ ਨੂੰ ਜਿਸ ਤੇ ਸੱਭ ਦੇ ਦਸਤਖ਼ਤ ਅਤੇ ਮੋਹਰਾਂ ਹਨ ਉਨ੍ਹਾਂ ਨੂੰ ਮੰਨਣ ਲਈ ਤਿਆਰ ਨਹੀਂ।ਬਿਲਡਰ ਦੇ ਅਤੇ 2014 ਵਿੱਚ ਕੀਤੀ ਗੜਬੜ ਵਾਲੇ ਨਕਸ਼ਿਆਂ ਨੂੰ ਮੰਨ ਰਹੇ ਹਨ ਅਤੇ ਕਲੋਨੀ ਵਾਸੀਆਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਬਿੰਨਾ ਕੋਈ ਕੰਮ ਕੀਤੇ ਕਲੋਨੀ ਨੂੰ ਨਗਰ ਕੌਂਸਲ ਨੇ ਆਪਣੇ ਅਧੀਨ ਕਰ ਲਿਆ।ਹੁਣ ਸਰਕਾਰ ਦੇ ਸਿਰ ਤੇ ਕਲੋਨੀ ਦਾ ਭਾਰ ਪਾ ਦਿੱਤਾ। ਉਧਰ ਕਲੋਨੀ ਵਾਸੀ ਬਿੰਨਾ ਸੜਕਾਂ, ਬਿੰਨਾ ਸੀਵਰੇਜ਼ ਟਰੀਟਮੈਂਟ ਪਲਾਂਟ, ਬਿੰਨਾ ਟਰਾਂਸਫਾਰਮਰ ਦੇ ਨਰਕ ਵਾਲੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੋਣਗੇ।ਕਲੋਨੀ ਪੁੱਡਾ/ਗੁਮਾਡਾ ਦੀ ਪ੍ਰਮਾਣਿਤ ਹੈ ਪਰ ਉਸਦੀ ਹਾਲਤ ਪੱਛੜੇ ਪਿੰਡ ਵਰਗੀ ਹੈ।ਜਿਥੇ ਵੀ ਪੈਸੇ ਦਾ ਲੈਣ ਦੇਣ ਵਾਲਾ ਕੰਮ ਹੁੰਦਾ ਹੈ ਸੱਭ ਰਿਸ਼ਵਤ ਦੀ ਭੇਂਟ ਚੜ੍ਹ ਰਿਹਾ ਹੈ।ਇਸ ਸਿਸਟਮ ਤੋਂ ਤੰਗ ਆਇਆ ਅੱਜ ਨੌਜਵਾਨ ਵਿਦੇਸ਼ਾਂ ਨੂੰ ਵਹੀਰਾਂ ਘੱਤ ਰਹੇ ਹਨ।ਇੰਜ ਲੱਗਦਾ ਹੈ ਪੰਜਾਬ ਵਿੱਚ ਸਿਰਫ਼ ਬਜ਼ੁਰਗ ਹੀ ਰਹਿ ਜਾਣਗੇ।ਨੌਕਰੀਆਂ ਰਿਸ਼ਵਤ ਨੇ ਖਾ ਲਈਆਂ,ਸੱਭ ਮੁੱਢਲੀਆਂ ਸਹੂਲਤਾਂ ਰਿਸ਼ਵਤ ਨਿਗਲ ਗਈ।ਪੰਜਾਬ ਦਾ ਅੰਮ੍ਰਿਤ ਵਰਗਾ ਪਾਣੀ ਜ਼ਹਿਰ ਬਣ ਗਿਆ, ਲੋਕ ਕੈਂਸਰ ਨਾਲ ਮਰ ਰਹੇ ਹਨ।ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਤੋਂ ਤੰਗ ਆਈ ਨਸ਼ਿਆਂ ਵਿੱਚ ਪੈ ਗਈ।ਘਰਾਂ ਦੇ ਘਰ ਨਸ਼ਿਆਂ ਨੇ ਤਬਾਹ ਕਰ ਦਿੱਤੇ।ਇੰਨੇ ਦਰਦਨਾਕ ਹਾਲਾਤਾਂ ਨੂੰ ਵੇਖਕੇ ਵੀ ਜੇਕਰ ਰਿਸ਼ਵਤ ਲੈਕੇ ਗਲਤ ਕੰਮ ਕਰਨ ਤੋਂ ਨਹੀਂ ਰੁੱਕਦੇ ਤਾਂ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਵਿੱਚ ਇਨਸਾਨੀਅਤ ਨਹੀਂ ਹੈ।ਜੋ ਆਪਣੇ ਸੂਬੇ ਜਾਂ ਦੇਸ਼ ਨੂੰ ਪਿਆਰ ਨਹੀਂ ਕਰਦਾ ਉਹ ਸੂਬੇ ਜਾਂ ਦੇਸ਼ ਨੂੰ ਖੋਖਲਾ ਕਰੇਗਾ।ਪੰਜਾਬ ਨੂੰ ਰਿਸ਼ਵਤ ਦਾ ਕੀੜਾ ਸਿਉਂਕ ਵਾਂਗ ਲੱਗਾ ਹੋਇਆ ਹੈ ਅਤੇ ਭ੍ਰਿਸ਼ਟਾਚਾਰ ਕੈਂਸਰ ਬਣਕੇ ਲੱਗਾ ਹੋਇਆ ਹੈ। ਸੱਚ ਹੈ ਪੰਜਾਬ ਨੂੰ ਰਿਸ਼ਵਤ ਨੂੰ ਖੋਖਲਾ ਕਰ ਦਿੱਤਾ ਹੈ।  ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
Have something to say? Post your comment