Thursday, June 20, 2019
FOLLOW US ON

Article

ਪੁਸਤਕ ਰੀਵਿਊ: // ਪ੍ਰੋ. ਨਵ ਸੰਗੀਤ ਸਿੰਘ

January 09, 2019 10:19 PM
 
       *   ਪੁਸਤਕ   :   ਸੋਨੇ ਦੇ ਪੱਤਰੇ  (ਗ਼ਜ਼ਲ-ਸੰਗ੍ਰਹਿ)
       *     ਕਵੀ     :   ਮਹਿਮਾ ਸਿੰਘ ਤੂਰ
       *  ਪ੍ਰਕਾਸ਼ਕ   :   ਚੇਤਨਾ ਪ੍ਰਕਾਸ਼ਨ, ਲੁਧਿਆਣਾ 
       *     ਪੰਨੇ      :   88       ;     ਮੁੱਲ     :     150/-
        *  ISBN    :   978-93-5112-196-1
     
 
          ਮਹਿਮਾ ਸਿੰਘ 'ਤੂਰ' ਕਿਸੇ ਸਮੇਂ ਮਹਿਮਾ ਸਿੰਘ ਹਲਵਾਰਵੀ ਵਜੋਂ ਵੀ ਚਰਚਿਤ ਰਿਹਾ ਹੈ। ਹੁਣ ਉਹ ਕੁਝ ਵਰ੍ਹਿਆਂ ਤੋਂ ਕੈਨੇਡਾ ਪਰਵਾਸ ਕਰ ਗਿਆ ਹੈ। ਪਿਛਲੇ ਦਿਨੀਂ ਉਹਦੀ ਨਵੀਂ ਕਾਵਿ- ਕਿਤਾਬ ਪ੍ਰਕਾਸ਼ਿਤ ਹੋਈ ਹੈ: 'ਸੋਨੇ ਦੇ ਪੱਤਰੇ', ਜੋ ਇੱਕ ਗ਼ਜ਼ਲ- ਸੰਗ੍ਰਹਿ ਹੈ ਤੇ ਇਸ ਵਿੱਚ ਇੱਕ-ਇੱਕ ਪੰਨੇ ਉੱਤੇ ਕੁੱਲ ਅਠੱਤਰ ਗ਼ਜ਼ਲਾਂ ਹਨ।
           ਉਹਦੀਆਂ ਵਧੇਰੇ ਗ਼ਜ਼ਲਾਂ ਸੱਤ ਸ਼ਿਅਰਾਂ ਵਾਲੀਆਂ (ਕੁੱਲ 44) ਹਨ , ਜਦ ਕਿ ਛੇ (ਕੁੱਲ 21),ਅੱਠ (ਕੁੱਲ 12) ਅਤੇ ਪੰਜ (ਕੁੱਲ 01) ਸ਼ਿਅਰਾਂ ਵਾਲੀਆਂ ਗ਼ਜ਼ਲਾਂ ਵੀ ਇਸ ਸੰਗ੍ਰਹਿ ਵਿੱਚ ਸ਼ਾਮਿਲ ਹਨ। ਪੁਸਤਕ ਦੇ ਸਰਵਰਕ 'ਤੇ ਵੀ ਤਿੰਨ ਗ਼ਜ਼ਲਾਂ ਪ੍ਰਕਾਸ਼ਿਤ ਹਨ, ਜੋ ਕਿ ਸੰਗ੍ਰਹਿ ਵਿੱਚੋਂ ਹੀ (ਨੰ: 2, 6 ਅਤੇ 8 ਉੱਤੇ) ਲਈਆਂ ਗਈਆਂ ਹਨ।
          ਮਹਿਮਾ ਸਿੰਘ ਤੂਰ ਨੇ ਕਿਤਾਬ ਵਿੱਚ ਆਪਣੇ ਬਾਰੇ ਸਿਰਫ਼ ਇੰਨੀ ਕੁ ਜਾਣਕਾਰੀ ਦਿੱਤੀ ਹੈ ਕਿ ਉਹਦੀਆਂ ਹੁਣ ਤੱਕ ਚਾਰ ਕਿਤਾਬਾਂ ਛਪ ਚੁੱਕੀਆਂ ਹਨ ਅਤੇ ਜਾਂ ਫਿਰ ਉਹਦੀ ਫੋਟੋ ਕਿਤਾਬ ਤੇ ਪ੍ਰਕਾਸ਼ਿਤ ਹੈ। ਉਹ ਠਰੰਮੇ, ਸਹਿਜ ਤੇ ਧੀਰਜ ਨਾਲ ਲਿਖਣ ਵਾਲਾ ਲੇਖਕ ਹੈ। ਪਿਛਲੇ 30 ਸਾਲਾਂ ਵਿੱਚ (1988 ਤੋਂ 2016 ਤੱਕ) ਉਹਨੇ ਸਿਰਫ਼ ਚਾਰ ਪੁਸਤਕਾਂ ਦੀ ਰਚਨਾ ਕੀਤੀ ਹੈ। ਜਿਨ੍ਹਾਂ ਵਿੱਚ ਇੱਕ- ਇੱਕ ਕਵਿਤਾਵਾਂ ਤੇ ਕਹਾਣੀਆਂ ਦੀ (1988, 2012)ਅਤੇ ਦੋ ਗ਼ਜ਼ਲਾਂ (1992, 2016) ਦੀਆਂ ਪੁਸਤਕਾਂ ਹਨ।
           'ਸੋਨੇ ਦੇ ਪੱਤਰੇ' ਵਿੱਚ ਕਵੀ ਆਸ਼ਾਵਾਦ ਦਾ ਭਰਪੂਰ ਸੁਨੇਹਾ ਦਿੰਦਾ ਹੈ। ਉਹ ਹਰ ਵਿਰੋਧੀ ਤੇ ਵਿਪਰੀਤ ਪਰਿਸਥਿਤੀ ਵਿੱਚ ਹਿੰਮਤ ਅਤੇ ਉਮੀਦ ਦਾ ਪੱਲਾ ਘੁੱਟ ਕੇ ਫੜੀ ਰੱਖਦਾ ਹੈ। ਉਹ ਹਰ ਮੁਸ਼ਕਿਲ ਅਤੇ ਔਖੀ ਘੜੀ ਵਿੱਚ ਸਮੇਂ ਦੇ ਬਦਲਣ ਦੀ ਉਡੀਕ ਕਰਦਾ ਹੈ, ਕਿਉਂਕਿ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ- ਜੇ ਅੱਜ ਦੁੱਖ ਹੈ ਤਾਂ ਕੱਲ ਨੂੰ ਸੁੱਖ ਦੀ ਆਸ ਕੀਤੀ ਜਾ ਸਕਦੀ ਹੈ। ਹਰ ਸੂਝਵਾਨ ਕਵੀ ਤੇ ਲੇਖਕ ਤੋਂ ਵੀ ਇਹੋ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਾ ਤਾਂ ਖੁਦ ਨਿਰਾਸ਼ਾ ਦੀ ਗੱਲ ਕਰੇ ਤੇ ਨਾ ਹੀ ਆਪਣੇ ਪਾਠਕਾਂ ਨੂੰ ਬੇਆਸ ਕਰੇ। 'ਤੂਰ' ਦੇ ਸ਼ਿਅਰਾਂ ਵਿੱਚ ਇਹੋ ਜਿਹੇ ਭਾਵ- ਬੋਧ ਦੀ ਤਰਜਮਾਨੀ ਉੱਘੜ ਕੇ ਸਾਹਮਣੇ ਆਈ ਹੈ: 
    *  ਮਿਲ ਹੀ ਜਾਵੇਗਾ ਕਿਨਾਰਾ, ਚੱਲ ਰਹੇ ਚੱਪੂ ਅਜੇ 
      ਹਿੱਕ ਵਿੱਚ ਹੈ ਹੌਸਲਾ ਤੇ ਵਲਵਲੇ ਸਾਹਾਂ 'ਚ ਹਨ। (ਪੰਨਾ 17)
     * ਮੈਂ ਲੈ ਕੇ ਖ਼ਾਬ ਦੇ ਨੁਕਤੇ ਮਹੀਨ ਤੁਰਦਾ ਹਾਂ
       ਜਗਾ ਕੇ ਆਸ ਦਾ ਦੀਪਕ ਨਵੀਨ ਤੁਰਦਾ ਹਾਂ। (ਪੰਨਾ 32) 
     * ਇੱਕ ਦਿਨ ਫੇਰ ਮੁਹੱਬਤ ਸਾਡੀ ਹੋਵੇਗੀ ਸੁਰਜੀਤ 
       ਫੇਰ ਸਮਾਂ ਕਰਵਟ ਬਦਲੇਗਾ ਗੂੰਜੇਗਾ ਸੰਗੀਤ। (ਪੰਨਾ 43)
      * ਚੁੱਪ ਬੈਠੇ ਹਾਂ ਜੇਕਰ ਹਾਰੇ ਹੋਏ ਨਹੀਂ 
         ਆਸ ਨਵੀਂ ਦੇ ਫਿਰ ਤੋਂ ਦੀਵੇ ਬਾਲ ਰਹੇ। (ਪੰਨਾ 50)
               ਅਭਿਮਾਨੀ ਤੇ ਹੰਕਾਰੀ ਬੰਦਾ ਕਦੇ ਵੀ ਉੱਚੇ ਮੁਕਾਮ ਤੇ ਨਹੀਂ ਪਹੁੰਚ ਸਕਦਾ। ਨਿਮਰਤਾ ਅਤੇ ਨਿਰਮਾਣਤਾ ਵਿੱਚ ਜੋ ਆਨੰਦ ਤੇ ਰਸ ਹੈ,ਉਹ ਹਉਮੈਵਾਦੀ ਮਨੁੱਖ ਵਿੱਚ ਕਿੱਥੇ! ਘੁਮੰਡੀ ਬੰਦਾ ਸਦਾ ਈਰਖਾ ਤੇ ਘਿਰਣਾ ਵਿੱਚ ਫਸਿਆ ਰਹਿੰਦਾ ਹੈ। ਸਹਿਜਤਾ ਸਵੀਕਾਰਨ ਅਤੇ ਬਨਾਉਟੀਪਣ ਦਾ ਤਿਆਗ ਕਰਨ ਉੱਤੇ ਜ਼ੋਰ ਦਿੰਦਾ ਹੋਇਆ 'ਤੂਰ' ਲਿਖਦਾ ਹੈ : 
      * ਛੱਡ ਤਕੱਲੁਫ਼ ਸਹਿਜ ਰਿਹਾ ਕਰ 'ਤੂਰ' ਜ਼ਰਾ 
        ਹੱਲ ਮਿਲੇਗਾ ਹਰ ਇੱਕ ਮੁਸ਼ਕਿਲ ਦਾ ਪਿਆਰੇ। (ਪੰਨਾ46)
    * ਕਦੇ ਮੈਂ ਛਟਪਟਾਉਂਦਾ ਸਾਂ ਕਿਸੇ ਛੋਟੀ ਨਦੀ ਵਾਂਗੂੰ
 ਖ਼ੁਦੀ ਆਪਣੀ ਮਿਟਾਈ ਤਾਂ ਸਮੁੰਦਰ ਹੋ ਗਿਆ ਹਾਂ ਮੈਂ। (ਪੰਨਾ 23)
        ਸਮਾਂ ਆਪਣੀ ਚਾਲੇ ਚਲਦਾ ਰਹਿੰਦਾ ਹੈ। ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਸਾਰੇ ਕੰਮ ਸਮੇਂ ਸਿਰ ਕਰੇ। ਵਿਅਕਤੀ ਨੂੰ ਭਵਿੱਖਮਈ ਸੁਪਨੇ ਸੰਜੋਏ ਰੱਖਣੇ ਚਾਹੀਦੇ ਹਨ। ਬੀਤੇ ਤੇ ਝੂਰਨ ਦੀ ਥਾਂ ਉਹਨੂੰ ਆਉਣ ਵਾਲੇ ਸਮੇਂ (ਭਵਿੱਖ) ਬਾਰੇ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਬੀਤੇ ਬਾਰੇ ਚਿੰਤਾ ਕਰਨ ਨਾਲ ਕੁਝ ਨਹੀਂ ਸੰਵਰਦਾ :
   * ਪਾਸਾ ਸਮੇਂ ਤੋਂ ਵੱਟ ਕੇ,ਸਰਦਾ ਨਹੀਂ ਕਦੇ ਵੀ
    ਤੁਰਨਾ ਸਮੇਂ ਦੇ ਸਨਮੁਖ ਚਿਹਰੇ ਨੂੰ ਲਾਲ ਰੱਖਣਾ।
           ***            ***          *** 
   ਕੀ ਤਬਸਰਾ ਹੈ ਕਰਨਾ, ਬੀਤੇ ਹੋਏ ਦਿਨਾਂ ਤੇ
   ਆਉਂਦੇ ਹੋਏ ਦਿਨਾਂ ਲਈ ਜਗਦੀ ਮਿਸ਼ਾਲ ਰੱਖਣਾ। (ਪੰਨਾ 27)
             ਪ੍ਰਕਿਰਤੀ ਮੁੱਢ ਤੋਂ ਹੀ ਕਵੀਆਂ ਦੇ ਅਨੁਭਵ ਦਾ ਅਨਿੱਖੜ ਅੰਗ ਰਹੀ ਹੈ।ਰੁਮਾਂਸਵਾਦੀ ਕਵੀਆਂ (ਕੀਟਸ, ਬਾਇਰਨ, ਸ਼ੈਲੀ, ਵਰਡਜ਼ਵਰਥ ਆਦਿ) ਵਾਂਗ 'ਤੂਰ' ਵੀ ਪ੍ਰਕਿਰਤੀ ਦਾ ਗੁਣਗਾਨ ਕਰਦਾ ਹੋਇਆ ਪਸ਼ੂ- ਪੰਛੀਆਂ, ਰੁੱਖ-ਪੌਦਿਆਂ ਅਤੇ ਜੰਗਲ- ਬੇਲਿਆਂ ਦੇ ਵਧਣ- ਫੁਲਣ ਦੀ ਕਾਮਨਾ ਕਰਦਾ ਹੈ। ਕਵੀ ਦੀ ਇੱਛਾ     ਹੈ ਕਿ ਸਾਰੀ ਲੋਕਾਈ ਸੁੱਖ- ਸ਼ਾਂਤੀ ਨਾਲ ਜੀਵਨ ਬਸਰ ਕਰੇ ਅਤੇ ਹਰੇਕ ਨੂੰ ਉਹਦੀ ਇੱਛਾ ਮੁਤਾਬਕ ਖੁੱਲ੍ਹ ਤੇ ਆਜ਼ਾਦੀ ਪ੍ਰਾਪਤ ਹੋਵੇ : 
    * ਹੈ 'ਤੂਰ' ਦੁਆ ਕਰਦਾ ਦੁਨੀਆਂ ਰਹੇ ਇਹ ਵਸਦੀ
       ਸੂਰਜ ਵੀ ਰਹੇ ਮਘਦਾ ਹਰ ਰੁੱਖ ਰਹੇ ਹਰਿਆ। (ਪੰਨਾ 34)
     * ਆਏ ਨਾ ਇਹ ਪਰਿੰਦੇ ਜੇ ਮੁੜ ਕੇ ਫਿਰ ਘਰੀਂ 
       ਖਿੜਕੀ 'ਚ ਬਹਿ ਵਜਾਈ ਫਿਰ ਤੂੰ ਰਬਾਬ ਕੀ। (ਪੰਨਾ 37)
     * ਜੇਠ ਹਾੜ੍ਹ ਦੀ ਗਰਮੀ ਪਿੱਛੋਂ,ਪੌਣ ਪੁਰੇ ਦੀ ਰੁਮਕ ਰਹੀ।
       ਕਾਲੇ ਕਾਲੇ ਮੇਘਾਂ ਨੇ ਫਿਰ ਜਲ ਵਰਸਾਇਆ ਸਾਵਣ ਵਿੱਚ। 
                                                              (ਪੰਨਾ 57)
              ਜਿੱਥੇ ਕਵੀ ਵੱਖਰਤਾ, ਵਿਲੱਖਣਤਾ ਅਤੇ ਸਵੈ- ਪਛਾਣ ਦਾ ਸਮਰਥਕ ਹੈ, ਉੱਥੇ ਉਹ ਜ਼ਿੰਦਗੀ ਨੂੰ ਪੂਰੀ ਸ਼ਿੱਦਤ ਨਾਲ ਜਿਉਣਾ ਲੋਚਦਾ ਹੈ। ਉਹ ਜੀਵਨ ਦੇ ਹਰ ਰੰਗ ਨੂੰ ਉਹਦੀ ਗਹਿਰਾਈ ਤੱਕ ਮਾਨਣ ਦਾ ਚਾਹਵਾਨ ਹੈ :
      *  ਕੁਦਰਤ ਨੇ ਬਖ਼ਸ਼ਿਆ ਹੈ, ਵੱਖਰਾ ਹੀ ਰੋਲ ਸਭ ਨੂੰ 
      ਦੁਨੀਆ ਦੇ ਮੰਚ ਉੱਤੇ, ਆਪਣਾ ਕਮਾਲ ਰੱਖਣਾ। (ਪੰਨਾ 27)
      *  ਹੁਸਨ ਵਾਲੀ ਖਿੱਚ ਤੋਂ ਮੈਂ ਕਿਸ ਤਰ੍ਹਾਂ ਪਾਸੇ ਰਹਾਂ
     ਜ਼ਿੰਦਗੀ ਦਾ ਗੀਤ ਹਾਂ ਮੈਂ ਮੌਤ ਦੀ ਸਰਗਰਮ ਨਹੀਂ।(ਪੰਨਾ41)
    *  ਬੰਦਾ ਜਾਂ ਤਾਂ ਨੀਲ ਗਗਨ ਵਿੱਚ ਸੂਰਜ ਬਣ ਚਮਕੇ
     ਜਾਂ ਫਿਰ ਧਰਤੀ ਦੇ ਸਾਰੇ ਸਾਗਰ ਹੰਗਾਲ ਧਰੇ। (ਪੰਨਾ 44)
             ਸਾਡਾ ਸਮਾਜ ਕਈ ਤਰ੍ਹਾਂ ਦੀਆਂ ਲਾਹਨਤਾਂ,ਬੁਰਾਈਆਂ ਵਿਚ ਫਸਿਆ ਹੋਇਆ ਹੈ। ਕਿਧਰੇ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਅਤੇ ਕਿਧਰੇ ਜਨ- ਸਧਾਰਨ ਵਹਿਮਾਂ, ਭਰਮਾਂ, ਟੂਣੇ- ਟਾਮਣਾਂ ਅਤੇ ਭੇਖਾਂ-ਫ਼ਰੇਬਾਂ ਵਿੱਚ ਫਸਿਆ ਹੋਇਆ ਹੈ। ਸੰਵੇਦਨਸ਼ੀਲ ਅਤੇ ਜਾਗਰੂਕ ਕਵੀ ਆਪਣੇ ਦੇਸ਼- ਵਾਸੀਆਂ ਨੂੰ ਅਜਿਹੀਆਂ ਕੂੜੀਆਂ, ਝੂਠੀਆਂ ਤੇ ਫੋਕੀਆਂ ਰਸਮਾਂ 'ਚੋਂ ਕੱਢਣ ਲਈ ਪੂਰੀ ਵਾਹ ਲਾਉਂਦਾ ਹੈ। ਨਸ਼ਿਆਂ ਦੀ ਮਾੜੀ ਆਦਤ ਨੇ ਦੇਸ਼- ਵਾਸੀਆਂ ਨੂੰ ਫ਼ਰਸ਼ ਤੋਂ ਅਰਸ਼ ਤੇ ਲੈ ਆਂਦਾ ਹੈ : 
   * ਜਿਸ ਕੌਮ ਦੇ ਬੰਦੇ ਸਭ ਨਸ਼ਿਆਂ 'ਚ ਰੁਲੇ ਫਿਰਦੇ 
     ਉਸ ਕੌਮ ਨਿਰਾਸੀ ਦਾ ਕੋਈ ਤਾਂ ਸਬੱਬ ਹੋਣਾ। (ਪੰਨਾ 83) 
    * ਜ਼ਹਿਰ ਨਸ਼ਿਆਂ ਦਾ ਹੈ ਘੁਲਿਆ ਆਦਮੀ ਦੀ ਰੱਤ ਵਿੱਚ
    ਭਟਕਣਾਂ ਵਿੱਚ ਡੁੱਬਿਆਂ ਨੂੰ ਹੋਸ਼ ਦਾ ਅੰਬਰ ਦਿਓ। (ਪੰਨਾ 84)
     * ਝੂਠੇ ਮੱਠਾਂ, ਝੂਠੇ ਭੇਖਾਂ ਦੇ ਸਾਰੇ ਗੜ੍ਹ ਭੰਨ ਦਿਆਂ
       ਰੁਖ ਬਦਲਣ ਘਟਨਾਵਾਂ ਜਦ ਮੱਥੇ ਵਿੱਚ ਚਿੰਤਨਦੀਪ ਜਗੇ।  
                                                          (ਪੰਨਾ 59) 
      * ਸਾਨੂੰ ਖੁੱਲ੍ਹਾ ਅੰਬਰ ਰਾਸ ਨਹੀਂ ਆਉਂਦਾ
         ਧਰਮਾਂ, ਕਰਮਾਂ, ਭਰਮਾਂ ਦੇ ਪਾਬੰਦ ਅਸੀਂ।  (ਪੰਨਾ 62) 
                ਸਿੱਖ ਧਰਮ ਦੀ ਰੋਜ਼ਾਨਾ ਅਰਦਾਸ ਵਿੱਚ ਮਨੁੱਖਤਾ ਨੂੰ ਚੜ੍ਹਦੀ ਕਲਾ 'ਚ ਰਹਿਣ ਦੇ ਨਾਲ- ਨਾਲ ਸਰਬੱਤ ਦੇ ਭਲੇ ਦੀ ਮੰਗਲ- ਕਾਮਨਾ ਵੀ ਕੀਤੀ ਜਾਂਦੀ ਹੈ। ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਵਿਅਕਤੀ ਹਮੇਸ਼ਾ ਉਸਾਰੂ ਤੇ ਨਰੋਈਆਂ ਕਦਰਾਂ- ਕੀਮਤਾਂ ਦੇ ਰੂਬਰੂ ਰਹਿੰਦਾ ਹੈ :
     * ਭੁੱਲਣਾ ਨਹੀਂ ਕਦੇ ਵੀ ਵਿਰਸਾ ਹੈ ਜੋ ਅਸਾਡਾ
   ਚੜ੍ਹਦੀ ਕਲਾ 'ਚ ਰਹਿਣਾ ਉੱਡਦਾ ਗੁਲਾਲ ਰੱਖਣਾ। (ਪੰਨਾ 27) 
    * ਮੱਥੇ ਨੂੰ ਪੁਰਨੂਰ ਹੈ ਕਰਦੀ ਚੜ੍ਹਦੀ ਕਲਾ ਦੀ ਓਟ
   ਅੱਖਾਂ ਵਿੱਚ ਸਰੂਰ ਹੈ ਭਰਦੀ ਚੜ੍ਹਦੀ ਕਲਾ ਦੀ ਓਟ। (ਪੰਨਾ86)
              ਹਰ ਕੋਈ ਔਖੇ ਸਮੇਂ ਕਿਸੇ ਨਾ ਕਿਸੇ ਦੇ ਸਹਾਰੇ ਦੀ ਤਲਾਸ਼ ਭਾਲਦਾ ਹੈ। ਕਦੇ- ਕਦਾਈਂ ਤਾਂ ਸਕੇ- ਸਬੰਧੀਆਂ ਅਤੇ ਰਿਸ਼ਤੇਦਾਰਾਂ ਤੋਂ ਵੱਧ ਦੋਸਤ- ਮਿੱਤਰ ਸਾਡੀ ਬਾਂਹ ਫੜਦੇ ਹਨ। ਸ਼ਾਹ ਹੁਸੈਨ ਨੇ ਤਾਂ ਇੱਥੋਂ ਤਕ ਕਿਹਾ ਹੈ ਕਿ "ਮਿੱਤਰਾਂ ਦੀ ਮਿਜਮਾਨੀ ਖਾਤਰ ਦਿਲ ਦਾ ਲੋਹੂ ਛਾਣੀਦਾ"। 'ਤੂਰ' ਨੂੰ ਵੀ ਅਜਿਹੇ ਵਿਸ਼ਵਾਸ- ਯੋਗ ਮਿੱਤਰਾਂ ਤੇ ਬੜਾ ਮਾਣ ਹੈ :
      * ਔਖੇ ਵੇਲੇ ਨਾਲ ਖੜ੍ਹਨਗੇ ਮੇਰੇ ਉਹ
         ਮਿੱਤਰਾਂ ਤੇ ਵਿਸ਼ਵਾਸ ਬਣਾ ਕੇ ਬੈਠਾ ਹਾਂ। (ਪੰਨਾ 49)
      * ਹਰ ਔਖੇ ਵੇਲੇ ਉਹ ਮੇਰੇ ਅੰਗ ਸੰਗ ਰਹਿੰਦਾ ਹੈ
      ਸਿਫ਼ਤਾਂ ਕੀ- ਕੀ ਆਪ ਕਰਾਂ ਅਪਣੇ ਹਮਰਾਜ਼ ਦੀਆਂ।
                                                         (ਪੰਨਾ 51)
              ਮਹਿਮਾ ਸਿੰਘ 'ਤੂਰ' ਗ਼ਜ਼ਲ ਦੇ ਸ਼ਿਲਪ ਪੱਖ ਪ੍ਰਤੀ ਵੀ ਬੜਾ ਸਜੱਗ ਅਤੇ ਸੁਚੇਤ ਹੈ। ਉਹਨੂੰ ਪਤਾ ਹੈ ਕਿ ਗ਼ਜ਼ਲ ਵਿੱਚ ਸਭ ਕੁਝ ਬੜਾ ਸੁਹਜਮਈ ਅਤੇ ਸਲੀਕੇਦਾਰ ਹੋਣਾ ਚਾਹੀਦਾ ਹੈ ਅਤੇ ਇਹ ਅੰਬਰੋਂ ਤਾਰੇ ਤੋੜਨ ਵਾਂਗ ਹੈ :
    * ਇਹ ਸੱਚ ਹੈ ਸ਼ਿਲਪ ਵੀ ਸੋਚਾਂ ਦੇ ਨਾਲੋ- ਨਾਲ ਚਾਹੀਦਾ
      ਗ਼ਜ਼ਲ ਵਿੱਚ ਹਾਂ ਸਲੀਕੇ ਨਾਲ ਮੋਤੀ ਜੋੜਨੇ ਪੈਂਦੇ।
                                                          (ਪੰਨਾ 15)
     * ਗ਼ਜ਼ਲ ਮੈਂ ਛੇੜ ਕੇ ਹਰਿਆਵਲਾ ਸੰਸਾਰ ਕਰਦਾ ਹਾਂ
       ਹਰਿਕ ਰੋਹੀ ਨੂੰ ਮੈਂ ਇਉਂ ਹੀ ਖਿੜੀ ਗੁਲਜ਼ਾਰ ਕਰਦਾ ਹਾਂ।  
                                                          (ਪੰਨਾ 19)
             ਮਹਿਮਾ ਸਿੰਘ 'ਤੂਰ' ਦੀ 'ਸੋਨੇ ਦੇ ਪੱਤਰੇ' ਵਿੱਚ ਹੋਰ ਵੀ ਬਹੁਤ ਕੁਝ ਹੈ, ਜੋ ਪੜ੍ਹਨਯੋਗ ਅਤੇ ਮਾਣਨਯੋਗ ਹੈ। ਨਵੀਂ, ਵੱਖਰੀ ਅਤੇ ਸਾਂਭਣਯੋਗ ਇਸ ਪੁਸਤਕ ਨੂੰ ਮੈਂ ਪੰਜਾਬੀ ਗ਼ਜ਼ਲ ਵਿੱਚ  ਸ਼ੁਭ ਸੰਕੇਤ ਮੰਨਦਾ ਹਾਂ। 
 
Have something to say? Post your comment