Thursday, June 20, 2019
FOLLOW US ON

Article

ਦਰਦ ਦੀ ਦਵਾ / ਮਿੰਨੀ ਕਹਾਣੀ//ਮਹਿੰਦਰ ਸਿੰਘ ਮਾਨ

January 10, 2019 09:17 PM

 
ਗਰਮੀਆਂ ਦੇ ਦਿਨ ਸਨ। ਰਾਤ ਦੇ ੧੦ ਕੁ ਵੱਜਣ ਵਾਲੇ ਸਨ। ਪਿੰਡ ਨੂੰ ਆਉਂਦੀ ਲਿੰਕ ਰੋਡ ਤੇ ਪਿੰਡ ਵਿੱਚ ਦਾਖਲ ਹੋਣ ਲੱਗਿਆਂ ਸੱਭ ਤੋਂ ਪਹਿਲਾਂ ਮੇਰਾ ਘਰ ਹੀ ਆਉਂਦਾ ਹੈ। ਅਚਾਨਕ ਮੇਰੇ ਘਰ ਦਾ ਗੇਟ ਕਿਸੇ ਨੇ ਖੜਕਾਇਆ । ਮੈਂ ਆਪਣੇ ਕਮਰੇ ਤੋਂ ਬਾਹਰ ਆ ਕੇ ਗੇਟ ਨੂੰ ਖੋਲ੍ਹਿਆ । ਇਕ ੨੫ ਕੁ ਸਾਲ ਦਾ ਨੌਜਵਾਨ ਗੇਟ ਵਿੱਚ ਖੜਾ ਸੀ। ਸੜਕ ਤੇ ਖੜੀ ਕਾਰ ਵਿੱਚ ਕੋਈ ਔਰਤ ਦਰਦ ਨਾਲ ਕੁਰਲਾ ਰਹੀ ਸੀ। ਨੌਜਵਾਨ ਨੇ ਮੈਨੂੰ ਆਖਿਆ, "ਇੱਥੇ ਡਾਕਟਰ ਬਲਵਿੰਦਰ ਦਾ ਘਰ ਕਿੱਥੇ ਕੁ ਆ? ਉਸ ਨੇ ਸਾਡੇ ਪਿੰਡ ਕਲਿਨਿਕ ਖੋਲ੍ਹਿਆ ਹੋਇਐ। ਕਾਰ 'ਚ ਬੈਠੀ ਮੇਰੀ ਛੋਟੀ ਭੈਣ ਦੇ ਦਿਲ ਤੇ ਦਰਦ ਬਹੁਤ ਹੋ ਰਿਹੈ।ਅਸੀਂ ਉਸ ਨੂੰ ਫੋਨ ਕਰਨ ਦਾ ਬਹੁਤ ਯਤਨ ਕੀਤਾ, ਪਰ ਉਸ ਦਾ ਫੋਨ ਬੰਦ ਆ ਰਿਹੈ।ਮੇਰੀ ਛੋਟੀ ਭੈਣ ਪਹਿਲਾਂ ਵੀ ਉਸ ਤੋਂ ਦਵਾਈ ਲੈਂਦੀ ਆ।"
"ਉਸ ਦਾ ਘਰ ਪਿੰਡ 'ਚ ਤੰਗ ਗਲੀ 'ਚ ਆ। ਤੁਹਾਨੂੰ ਲੱਭਣ 'ਚ ਔਖ ਹੋਏਗੀ । ਇਸ ਕਰਕੇ  ਮੈਂ ਤੁਹਾਡੇ ਨਾਲ ਚੱਲਦਾਂ।"ਕੁੜੀ ਨੂੰ ਦਰਦ ਨਾਲ ਕੁਰਲਾਂਦੇ ਦੇਖ ਕੇ ਮੈਂ ਆਖਿਆ।
ਨੌਜਵਾਨ ਨੇ ਮੈਨੂੰ ਤੇ ਆਪਣੀ ਭੈਣ ਨੂੰ ਕਾਰ ਵਿੱਚ ਬਹਾ ਕੇ ਕਾਰ ਸਟਾਰਟ ਕੀਤੀ। ਅੱਧਾ ਕੁ ਕਿਲੋ ਮੀਟਰ ਜਾ ਕੇ ਮੈਂ ਨੌਜਵਾਨ ਨੂੰ ਕਾਰ ਰੋਕਣ ਲਈ ਕਿਹਾ।ਮੈਂ,ਨੌਜਵਾਨ ਤੇ ਉਸ ਦੀ ਛੋਟੀ ਭੈਣ ਕਾਰ ਚੋਂ ਉਤਰ ਕੇ ਡਾਕਟਰ ਬਲਵਿੰਦਰ ਦੇ ਘਰ ਵੱਲ ਨੂੰ ਤੁਰ ਪਏ।ਉਸ ਦੇ ਘਰ ਪਹੁੰਚ ਕੇ ਮੈਂ ਉਸ ਦਾ ਦਰਵਾਜ਼ਾ ਖੜਕਾਇਆ।ਉਸ ਦੇ ਡੈਡੀ ਨੇ ਦਰਵਾਜ਼ਾ ਖੋਲ੍ਹਿਆ ਤੇ ਅਸੀਂ ਕੁਰਸੀਆਂ ਤੇ ਬਹਿ ਕੇ ਉਸ ਦਾ ਇੰਤਜ਼ਾਰ ਕਰਨ ਲੱਗੇ।ਉਸ ਨੇ ਆਉਂਦੇ ਸਾਰ ਸੱਭ ਤੋਂ ਪਹਿਲਾਂ ਕੁੜੀ ਦਾ ਬਲੱਡ ਪ੍ਰੈਸ਼ਰ ਦੇਖਿਆ ,ਜੋ ਕਿ ਨਾਰਮਲ ਤੋਂ ਕੁਝ ਵੱਧ ਸੀ। ਫਿਰ ਉਸ ਨੇ ਕੁੜੀ ਦੇ ਦਰਦ ਦਾ ਟੀਕਾ ਲਾਇਆ ਤੇ ਖਾਣ ਨੂੰ ਦੋ ਗੋਲੀਆਂ ਦਿੱਤੀਆਂ।ਦਸ ਕੁ ਮਿੰਟਾਂ ਵਿੱਚ ਕੁੜੀ ਨੂੰ ਦਰਦ ਤੋਂ ਕਾਫੀ ਰਾਹਤ ਮਿਲ ਗਈ।ਡਾਕਟਰ ਬਲਵਿੰਦਰ ਦਾ ਡੈਡੀ ਕੁੜੀ ਵੱਲ ਧਿਆਨ ਨਾਲ ਦੇਖੀ ਜਾ ਰਿਹਾ ਸੀ।ਉਸ ਤੋਂ ਰਿਹਾ ਨਾ ਗਿਆ। ਉਸ ਨੇ ਕੁੜੀ ਦੇ ਵੱਡੇ ਭਰਾ ਨੂੰ ਆਖਿਆ, "ਦੇਖ ਪੁੱਤ, ਇਸ ਵੇਲੇ ਤੇਰੀ ਭੈਣ ਦੀ ਉਮਰ ਵਿਆਹੇ ਜਾਣ ਵਾਲੀ ਆ।ਇਸ ਉਮਰ ਵਿੱਚ ਕੁੜੀਆਂ ਦੇ ਕਿਤੇ ਨਾ ਕਿਤੇ ਦਰਦ ਹੁੰਦਾ ਹੀ ਰਹਿੰਦਾ।ਇਸ ਦਾ ਵਿਆਹ ਹੋਣ ਨਾਲ ਇਸ ਦੇ ਸਾਰੇ ਦਰਦ ਠੀਕ ਹੋ ਜਾਣੇ ਆਂ।" ਇਸ ਤੋਂ ਪਹਿਲਾਂ ਕਿ ਉਹ ਹੋਰ ਕੁਝ ਬੋਲਦਾ, ਅਸੀਂ ਡਾਕਟਰ ਬਲਵਿੰਦਰ ਦੇ ਘਰ ਚੋਂ ਬਾਹਰ ਆ ਗਏ।
ਮਹਿੰਦਰ ਸਿੰਘ ਮਾਨ 
ਪਿੰਡ ਤੇ ਡਾਕ ਰੱਕੜਾਂ ਢਾਹਾ 

Have something to say? Post your comment