Thursday, June 20, 2019
FOLLOW US ON

Article

ਲੋਹੜੀ ਨਵਜੰਮੀਆਂ ਧੀਆਂ, ਪੁੱਤਰਾਂ 'ਤੇ ਨਵ ਵਿਆਹੇ ਜੋੜਿਆਂ ਦੀ ਖੁਸ਼ੀ ਮਨਾਉਣ ਦਾ ਸਾਂਝਾ ਤਿਉਹਾਰ , ਪ੍ਰਮੋਦ ਧੀਰ ਜੈਤੋ

January 13, 2019 12:30 AM

 ਲੋਹੜੀ ਵਾਲੇ ਤਿਉਹਾਰ ਦੀ ਰਾਤ ਗਾਏ ਜਾਣ ਵਾਲੇ ਗੀਤ ਵਿੱਚ ਇਹ ਗੀਤ ਵੀ ਸ਼ਾਮਲ ਹੈ। 
ਲੋਹੜੀ ਦੇ ਤਿਉਹਾਰ ਸੰਬੰਧਿਤ ਕਈ ਕਥਾਵਾਂ ਪ੍ਰਚੱਲਿਤ ਹਨ। ਇਹ ਕਥਾਵਾਂ ਇਤਿਹਾਰ ਨਾਲੋ ਮਿਥਿਹਾਸ ਦੇ ਵਧੇਰੇ ਨੇੜੇ ਲੱਗਦੀਆਂ ਹਨ।ਇਹਨਾਂ ਚੋਂ ਇੱਕ ਕਥਾ ਦੁੱਲੇ ਭੱਟੀ ਦੀ ਵੀ ਹੈ।ਸਾਂਝੇ ਪੰਜਾਬ ਦਾ ਮਹਾਨ ਲੋਕ ਨਾਇਕ ਦੁੱਲਾ ਭੱਟੀ ਰਾਜਪੂਤ ਬਰਾਦਰੀ ਨਾਲ ਸਬੰਧ ਰੱਖਦਾ ਸੀ।ਉਹ ਬਹਾਦਰ ਤੇ ਅਣਖੀਲਾ, ਗਰੀਬਾਂ ਤੇ ਮਜ਼ਲੂਮਾਂ ਦਾ ਮਿੱਤਰ, ਜਾਲਮ ਹਕੂਮਤ ਤੇ ਲੋਟੂ ਸਾਹੂਕਾਰਾ ਦਾ ਵੈਰੀ ਸੀ।ਦੁਲਹਾ ਭੱਟੀ ਅਮੀਰਾਂ ਨੂੰ ਲੁੱਟਦਾ ਤੇ ਗਰੀਬਾ ਦੀ ਮਦਦ ਕਰਦਾ ਸੀ।ਇੱਕ ਲੋਕ ਕਥਾ ਮੁਤਾਬਕ ਲੋਹੜੀ ਦਾ ਸਬੰਧ ਇਸ ਬਾਗੀ ਸੂਰਮੇ ਦੁੱਲੇ ਭੱਟੀ ਨਾਲ ਜੁੜਿਆ ਹੋਇਆ ਹੈ।ਇਤਿਹਾਸਕਾਰ ਸੁਰਿੰਦਰ ਕੋਛੜ ਨੇ ਕਵੀ ਜੀਵਨ ਪ੍ਰਕਾਸ਼ ਦੇ ਹਵਾਲੇ ਨਾਲ ਦੱਸਿਆ ਹੈ ਕਿ ਇੱਕ ਹਿੰਦੂ ਕਿਸਾਨ ਅਤੇ ਉਸ ਦੀਆਂ ਦੋ ਧੀਆਂ ਸੁੰਦਰੀ ਅਤੇ ਮੁੰਦਰੀ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀਆ ਸਨ ਜਿੰਨਾਂ ਦਾ ਵਿਆਹ ਉਹਨਾਂ ਦੇ ਪਿਤਾ ਨੇ ਆਪਣੀ ਬਰਾਦਰੀ ਦੇ ਮੁੰਡਿਆਂ ਨਾਲ ਤਹਿ ਕਰ ਦਿੱਤਾ ਸੀ।ਪਰ ਇੱਕ ਸ਼ਬੀਰ ਨਾਂ ਦੇ ਲੜਕੇ ਨੇ ਇਹਨਾਂ ਦੋਨਾਂ ਭੈਣਾਂ ਤੇ ਅੱਖ ਰੱਖੀ ਹੋਈ ਸੀ ਤੇ ਉਹਨਾਂ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।ਜਦੋ ਦੁੱਲੇ ਭੱਟੀ ਨੂੰ ਸਾਰੀ ਕਹਾਣੀ ਪਤਾ ਲੱਗੀ ਤਾਂ ਉਸ ਨੇ ਸਬੀਰ ਨੂੰ ਲਲਕਾਰਿਆ ਤੇ ਉਸ ਦੇ ਖੇਤ ਨੂੰ ਅੱਗ ਲਾ ਦਿੱਤੀ ।ਇਸ ਅੱਗ ਦੀ ਰੌਸ਼ਨੀ ਵਿੱਚ ਦੋਹੇ ਲੜਕੀਆਂ ਸੁੰਦਰੀ ਅਤੇ ਮੁੰਦਰੀ ਨੂੰ ਆਪਣੀਆ ਧੀਆਂ ਬਣਾ ਕੇ ਉਹਨਾਂ ਦੇ ਪਿਤਾ ਵੱਲੋ ਚੁਣੇ ਹੋਏ ਲੜਕਿਆਂ ਨਾਲ ਵਿਆਹ ਕਰ ਦਿੱਤਾ ਅਤੇ ਲੋਹੜੀ ਦੇ ਤਿਉਹਾਰ ਦਾ ਜਨਮ ਹੋਇਆ।ਇਸ ਕਰਕੇ ਲੋਹੜੀ ਵਾਲੇ ਤਿਉਹਾਰ ਦੀ ਰਾਤ ਗਾਏ ਜਾਣ ਵਾਲੇ ਗੀਤ ਵਿੱਚ ਇਸ ਦੀ ਝਲਕ ਮਿਲਦੀ ਹੈ। ਜਿਵੇ 
ਸੁੰਦਰੀਏ ਮੁੰਦਰੀਏ ਹੋ, ਤੇ ਕੌਣ ਵਿਚਾਰਾ ਹੋ, 
''ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ। ਸੇਰ ਸ਼ੱਕਰ ਪਾਈ ਹੋ,


ਇਹਨਾਂ ਬੱਚਿਆ ਦੀਆਂ ਟੋਲੀਆ ਦੇ ਮਿੱਠੇ ਤੇ ਪਿਆਰੇ ਬੋਲ ਸੁਣ ਕੇ ਕੰਨਾਂ ਵਿੱਚ ਮਿਸਰੀ ਘੁਲ ਜਾਦੀ ਹੈ। ਪੁਰਾਤਨ ਸਮੇਂ ਤੋਂ ਲੈ ਕੇ ਲੋਹੜੀ ਵਾਲੀ ਧੂਣੀ ਉਸ ਘਰ ਦੇ ਅੱਗੇ ਬਲੀ ਜਾਦੀ ਹੈ। ਜਿਨਾਂ ਘਰਾਂ ਵਿੱਚ ਨਵੇ ਬੱਚਿਆਂ ਨੇ ਜਨਮ ਲਿਆ ਹੋਵ ੇ(ਭਾਵੇ ਉਹ ਬੇਟਾ, ਜਾਂ ਬੇਟੀ ਹੋਵੇ) ਜਾਂ ਵਿਆਹ ਦੀ ਸਹਿਨਾਈ ਵੱਜੀ ਹੋਵੇ ਆਦਿ। ਇਸ ਦਿਨ ਲੋਕ ਸਬੱਬ ਨਾਲ ਇਕੱਠੇ ਹੁੰਦੇ ਹਨ ਤੇ ਅਗਨੀ ਨੂੰ ਨਮਸਕਾਰ ਕਰਦੇ ਹਨ।
ਫਿਰ ਰਾਤ ਨੂੰ ਲੋਹੜੀ ਬਾਲ ਕੇ ਤਿਲ ਸੁੱਟਦੇ ਹਨ ਤੇ ਅਕਸਰ ਹੀ ਇਹ ਕਿਹਾ ਜਾਦਾ ਹੈ ਈਸਰ ਆ, ਦਲਿਦਰ ਜਾ।ਦੱਲਿਦਰ ਦੀ ਜੜ ਚੁੱਲੇ ਪਾ। 
ਇਹ ਤਿਉਹਾਰ ਸਰਦੀ ਦੀ ਰਾਤ ਦਾ ਮੁੱਖ ਤਿਉਹਾਰ ਹੈ। ਇਹ ਪੋਹ ਦੇ ਮਹੀਨੇ ਦੇ ਆਖਰੀ ਦਿਨ ਮਨਾਇਆ ਜਾਦਾ ਹੈ।ਇਸ ਤਿਉਹਾਰ ਮੌਕੇ ਲੋਕ ਰਾਤ ਸਮੇ ਆਪਣੇ ਘਰਾਂ ਦੇ ਬਾਹਰ ਭਾਵ ਖੁੱਲੀ ਜਗਾਂ (ਸੱਥਾਂ) 'ਤੇ ਇਕੱਠੇ ਹੋ ਕੇ ਲੋਹੜੀ (ਵੱਡੀ ਸਾਰੀ ਅੱਗ ਵਾਲੀ ਧੂਣੀ) ਬਾਲਦੇ ਹਨ। ਜਿਸ ਵਿੱਚ ਗੋਹੇ ਦੀਆਂ ਪਾਥੀਆਂ, ਛੋਟੀਆਂ-ਛੋਟੀਆਂ ਪੱਚਰਾਂ, ਲੱਕੜਾਂ ਦੇ ਮੁੱਢ ਆਦਿ ਜਲਾਏ ਜਾਂਦੇ ਹਨ। ਇਸ ਮੌਕੇ ਤੇ ਲੋਕ ਮੂੰਗਫਲੀ, ਤਿਲ ਰਿਉੜੀ, ਗੱਚਕ, ਭੁੱਗਾ, ਮੱਕੀ ਦੇ ਫੁੱਲੇ, ਭੁੱਜੇ ਦਾਣੇ, ਗੁੜ ਫਲ ਆਦਿ ਬੜੇ ਹੀ ਚਾਅ ਨਾਲ ਖਾਂਦੇ ਹਨ ਅਤੇ ਲੋਹੜੀ ਤੇ ਇਕੱਠੇ ਹੋਏ ਲੋਕ ਇਹ ਸਮਾਨ ਇੱਕ ਦੂਜੇ ਨੂੰ ਵੀ ਵੰਡਦੇ ਹਨ। ਸੱਭਿਆਚਾਰ ਨਾਲ ਸਬੰਧਿਤ ਇਹ ਤਿਉਹਾਰ ਦੇਰ ਰਾਤ ਤੱਕ ਚਲਦਾ ਹੈ ਤੇ ਲੋਕ ਆਪਣਾਪਨ ਮਹਿਸੂਸ ਕਰਦੇ ਹਨ। ਪਰਿਵਾਰਾਂ ਦੇ ਪਰਿਵਾਰ ਅਗਨੀ ਦੇ ਆਲੇ-ਦੁਆਲੇ ਬੈਠ ਜਾਂਦੇ ਹਨ ਤੇ ਉਹ ਲੋਕ ਗੀਤ, ਟੱਪੇ ਆਦਿ ਗਾÀੁਂਦੇ ਹਨ। ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਇਹ ਤਿਉਹਾਰ ਬੱਚਿਆਂ ਨਾਲ ਵੀ ਜੁੜਿਆਂ ਹੋਇਆ ਹੈ। 
ਲੋਹੜੀ ਵਾਲੀ ਰਾਤ ਲੋਕ ਅਕਸਰ ਹੀ ਰਾਤ ਨੂੰ ਸਾਗ, ਖਿੱਚੜੀ ਆਦਿ ਬਣਾਉਂਦੇ ਹਨ ਤੇ ਅਗਲੇ ਦਿਨ ਖਾਂਦੇ ਹਨ, ਜਿਸ ਤਰਾਂ ਖਿਚੜੀ ਬਾਰੇ ਕਿਹਾ ਵੀ ਗਿਆ ਹੈ ਕਿ “ਪੋਹ ਰਿੱਜੀ ਮਾਘ ਖਾਧੀ” ਭਾਵ ਪੋਹ ਦੇ ਅੰਤਿਮ ਦਿਨ ਬਣਾਈ ਅਤੇ ਮਾਘ ਮਹੀਨੇ ਦੀ ਇੱਕ ਤਰੀਕ ਨੂੰ ਖਾਧੀ। ਅਗਲੀ ਸਵੇਰ ਮਾਘੀ ਦਾ ਤਿਉਹਾਰ ਲੋਕ ਸਵੇਰੇ ਜਲਦੀ ਉੱਠਕੇ ਇਸ਼ਨਾਨ ਕਰਕੇ ਗੁਰੂ ਘਰ ਜਾ ਕੇ ਮਨਾਉਦੇ ਹਨ। ਥਾਂ,ਥਾਂ ਮਾਘੀ ਮੇਲੇ ਲੱਗਦੇ ਹਨ।ਪਰ ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਬਹੁਤ ਹੀ ਪ੍ਰਸਿੱਧ ਅਤੇ ਭਾਰੀ ਇੱਕਠ ਵਾਲਾ ਹੁੰਦਾ ਹੈ। ਮਾਘੀ ਦੇ ਦਿਨ ਲੋਕ ਥਾਂ ਥਾਂ ਲੰਗਰ ਲਗਾ ਕੇ ਦਾਨ ਪੁੰਨ ਵੀ ਕਰਦੇ ਹਨ।
ਬਦਲਦੇ ਸਮੇ ਅਨੁਸਾਰ ਅੱਜ ਲੋਕ ਬੇਟੀ ਦੀ ਪਹਿਲੀ ਲੋਹੜੀ ਵੀ ਮੁੰਡੇ ਦੀ ਲੋਹੜੀ ਵਾਂਗ ਮਨਾÀੁਂਦੇ ਹਨ। ਕੁੜੀਆਂ ਦੀ ਲੋਹੜੀ ਮਨਾਉਣ ਨਾਲ ਲੋਕਾਂ ਵਿੱਚ ਮੁੰਡੇ ਕੁੜੀ ਵਾਲਾ ਭੇਦਭਾਵ ਵੀ ਲੱਗਭੱਗ ਪੂਰੀ ਤਰਾਂ ਖਤਮ ਹੋ ਗਿਆ ਹੈ। ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ, ਸਦ ਭਾਵਨਾ ਅਤੇ ਕੌਮੀ ਏਕਤਾ ਦਾ ਪ੍ਰਤੀਕ ਹੈ। ਜਿਥੇ ਇਹ ਸਾਨੂੰ ਸੱਭਿਆਚਾਰ ਨਾਲ ਜੋੜਦਾ ਹੈ, ਉਥੇ ਸਮਾਜਿਕ ਕੁਰੀਤੀਆ ਪ੍ਰਤੀ ਜਾਗਰੂਕ ਵੀ ਕਰਦਾ ਹੈ। ਅੱਜ ਲੋੜ ਹੈ ਸਮਾਜ ਵਿੱਚ ਦੁੱਲੇ ਜਿਹੇ ਸੂਰਬੀਰਾ ਦੀ ਤਾਂ ਜੋ ਬੇਹਤਰ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ।
ਲੇਖਕ:
ਪ੍ਰਮੋਦ ਧੀਰ ਜੈਤੋ
ਕੰਪਿਊਟਰ ਅਧਿਆਪਕ, 
ਸਰਕਾਰੀ ਹਾਈ ਸਕੂਲ ਢੈਪਈ (ਫਰੀਦਕੋਟ)
ਫੋਨ: 98550-31081

Have something to say? Post your comment