Monday, August 19, 2019
FOLLOW US ON

Article

ਚਿੜੀਆਘਰ ਦੀ ਮਨੋਰੰਜਕ ਯਾਤਰਾ ਪ੍ਰੋ. ਨਵ ਸੰਗੀਤ ਸਿੰਘ

January 21, 2019 11:44 PM
   ਚਿੜੀਆਘਰ ਦੀ ਮਨੋਰੰਜਕ ਯਾਤਰਾ 
             *****************************
                                         #  ਪ੍ਰੋ. ਨਵ ਸੰਗੀਤ ਸਿੰਘ
 
              ਜੂਨ 2018 ਦੇ ਆਖਰੀ ਹਫਤੇ ਮੇਰੀ ਬੇਟੀ ਰੂਹੀ ਦੇ ਮਾਸੀ ਜੀ ਆਪਣੀ ਬੇਟੀ ਪ੍ਰਭਜੋਤ ਨੂੰ ਲੈ ਕੇ ਸਾਡੇ ਕੋਲ ਤਲਵੰਡੀ ਸਾਬੋ ਆਏ। ਰੂਹੀ ਨੂੰ ਤਾਂ ਜਿਵੇਂ ਚਾਅ ਹੀ ਚੜ੍ਹ ਗਿਆ। ਪ੍ਰਭਜੋਤ ਅਤੇ ਰੂਹੀ ਦੀ ਉਮਰ ਵਿੱਚ ਉੱਨੀ- ਇੱਕੀ ਦਾ ਹੀ ਫਰਕ ਹੈ। ਦੋਵੇਂ ਸਾਰਾ- ਸਾਰਾ ਦਿਨ ਜਾਂ ਤਾਂ ਪੜ੍ਹਦੀਆਂ ਤੇ ਜਾਂ ਫਿਰ ਥਕਾਵਟ ਦੂਰ ਕਰਨ ਲਈ ਇਨਡੋਰ ਖੇਡਾਂ (ਕੈਰਮ, ਲੁੱਡੋ, ਬੈਟਬਾਲ ਅਾਦਿ) ਖੇਡਦੀਆਂ। ਕਦੇ ਬਾਜ਼ਾਰ ਚਲੀਆਂ ਜਾਂਦੀਆਂ। ਗੁਰਦੁਆਰੇ ਜਾਣ ਦਾ ਤਾਂ ਉਨ੍ਹਾਂ ਦਾ ਨਿੱਤਨੇਮ ਸੀ। ਚਾਰ-ਪੰਜ ਦਿਨਾਂ ਪਿੱਛੋਂ ਰੂਹੀ ਦੇ ਮਾਸੀ ਜੀ ਨੇ ਵਾਪਸ ਜਾਣ ਦਾ ਪ੍ਰੋਗਰਾਮ ਬਣਾਇਆ ਤਾਂ ਰੂਹੀ ਉਦਾਸ ਹੋ ਗਈ, "ਮਾਸੀ ਜੀ, ਪਲੀਜ਼ ਇੱਕ ਦਿਨ ਹੋਰ ਰੁਕ ਜਾਓ..." ਮਾਸੀ ਜੀ ਨੂੰ ਰੂਹੀ ਦੀ ਮਾਸੂਮੀਅਤ ਚੰਗੀ ਲੱਗੀ ਤੇ ਉਹ ਇੱਕ ਦਿਨ ਹੋਰ ਰੁਕ ਗਏ। ਅਗਲੇ ਦਿਨ ਜਦੋਂ ਉਨ੍ਹਾਂ ਨੇ ਪੈਕਿੰਗ ਸ਼ੁਰੂ ਕੀਤੀ ਤਾਂ ਰੂਹੀ ਨੇ ਫੇਰ ਮਿੰਨਤ ਕੀਤੀ," ਮਾਸੀ ਜੀ, ਤੁਸੀਂ ਜ਼ਰੂਰ ਜਾਣਾ ਹੈ ਤਾਂ ਚਲੇ ਜਾਓ, ਪਰ ਜੋਤੂ ਨੂੰ ਛੱਡ ਜਾਓ... ਪਾਪਾ ਇਹਨੂੰ ਥੋੜ੍ਹੇ ਦਿਨਾਂ ਬਾਅਦ ਛੱਡ ਆਉਣਗੇ..."
           
            "ਪੁੱਤਰ, ਆਪਾਂ ਇਉਂ ਨਾ ਕਰੀਏ, ਤੂੰ ਵੀ ਸਾਡੇ ਨਾਲ ਚੱਲ,   ਦੋ- ਚਾਰ ਦਿਨ ਸਾਡੇ ਕੋਲ ਸਨੌਰ ਰਹੀਂ। ਤੁਸੀਂ ਦੋਵੇਂ ਭੈਣਾਂ ਖੇਤ ਜਾ ਆਇਆ ਕਰਿਓ, ਉੱਥੇ ਸਾਡੇ ਖੇਤਾਂ ਵਿੱਚ ਅੰਬ- ਜਾਮਣ ਦੇ ਰੁੱਖ ਲੱਗੇ ਹਨ। ਤੁਸੀਂ ਖੂਬ ਅੰਬ- ਜਾਮਣਾਂ ਖਾਇਓ। ਫੇਰ ਜਦੋਂ ਤੇਰਾ ਜੀਅ ਕੀਤਾ, ਆਪਾਂ ਮੰਮਾ- ਪਾਪਾ ਨੂੰ ਫ਼ੋਨ ਕਰ ਦਿਆਂਗੇ, ਉਹ ਤੈਨੂੰ ਲੈ ਜਾਣਗੇ। ਠੀਕ ਹੈ ਪ੍ਰੋਗਰਾਮ?..." ਮਾਸੀ ਜੀ ਨੇ ਨਵੀਂ ਵਿਉਂਤ ਬਣਾ ਕੇ ਰੂਹੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ।
           
          ਰੂਹੀ ਨੂੰ ਇਹ ਸਕੀਮ ਚੰਗੀ ਤਾਂ ਲੱਗੀ, ਪਰ ਉਹ ਕਦੇ ਵੀ ਸਾਡੇ ਤੋਂ ਬਿਨਾਂ ਕਿਧਰੇ ਨਹੀਂ ਗਈ। ਇਸ ਲਈ ਉਹਨੇ ਇਸ ਵਿਉਂਤ ਦਾ ਬਹੁਤਾ ਹੁੰਗਾਰਾ ਨਾ ਭਰਿਆ। ਜੋਤੂ ਨੇ ਰੂਹੀ ਨੂੰ ਪਿਆਰ ਨਾਲ ਮਨਾ ਲਿਆ ਤੇ ਇੱਕ ਦਿਨ ਹੋਰ ਰੁਕ ਕੇ ਰੂਹੀ ਮਾਸੀ ਅਤੇ ਜੋਤੂ ਨਾਲ ਸਨੌਰ ਰਵਾਨਾ ਹੋ ਗਈ।
             
          ਦੋ ਕੁ ਦਿਨ ਤਾਂ ਰੂਹੀ ਨੇ ਸਨੌਰ ਵਿੱਚ ਖ਼ੂਬ ਜੀ ਲਾਇਆ ਪਰ ਤੀਜੇ ਦਿਨ ਹੀ ਉਹਨੇ ਮਾਸੀ ਜੀ ਨੂੰ ਕਹਿ ਕੇ ਆਪਣੇ ਮੰਮਾ ਨੂੰ ਫੋਨ ਕਰਕੇ ਸੱਦ ਲਿਆ ਤੇ ਉਹ ਰੂਹੀ ਨੂੰ ਲੈਣ ਚਲੇ ਗਏ। ਤਲਵੰਡੀ ਸਾਬੋ ਤੋਂ ਸਨੌਰ ਜਾਣ ਲਈ ਬੱਸ ਵਿੱਚ ਕਰੀਬ ਚਾਰ ਘੰਟੇ ਲਗਦੇ ਹਨ ਤੇ ਉਸੇ ਦਿਨ ਨਹੀਂ  ਮੁੜਿਆ ਜਾ ਸਕਦਾ। ਉਂਜ ਵੀ ਦੂਰੋਂ ਗਏ  ਮਹਿਮਾਨ ਨੂੰ ਇੱਕ ਦਿਨ ਤਾਂ ਰੁਕਣਾ ਪੈਂਦਾ ਹੀ ਹੈ। ਅਗਲੀ ਰਾਤ ਮੈਂ ਰੂਹੀ ਨੂੰ ਫ਼ੋਨ ਕਰਕੇ ਦੱਸਿਆ," ਬੇਟੇ, ਮੇਰੇ ਮਨ ਵਿੱਚ ਇੱਕ ਗੱਲ ਆਈ ਹੈ। ਅੱਜਕੱਲ੍ਹ ਮੌਸਮ ਬਹੁਤ ਵਧੀਆ ਹੈ, ਮੀਂਹ ਤਾਂ ਲਗਭਗ ਹਰ ਰੋਜ਼ ਹੀ ਪੈਂਦਾ ਹੈ। ਜੇ ਤੂੰ ਚਾਹੇਂ, ਆਪਾਂ ਛੱਤਬੀੜ ਚਿੜੀਆਘਰ ਚੱਲੀਏ...?"
           
        ਰੂਹੀ ਤਾਂ ਇਹ ਸੁਣ ਕੇ ਉੱਛਲ ਹੀ ਪਈ। ਮੈਂ ਉਹਦੇ ਦਿਲ ਦੀ ਗੱਲ ਜਾਣ ਲਈ ਸੀ। ਰੂਹੀ ਨੇ ਤੁਰੰਤ ਇਸ ਪ੍ਰੋਗਰਾਮ ਲਈ ਹਾਮੀ ਭਰ ਦਿੱਤੀ। ਅਗਲੇ ਦਿਨ ਮੈਂ ਸਵੇਰੇ ਪਹਿਲੀ ਬੱਸ ਰਾਹੀਂ ਪਟਿਆਲਾ ਪਹੁੰਚ ਗਿਆ ਤੇ ਉਧਰੋਂ ਸਨੌਰ ਤੋਂ ਰੂਹੀ ਮੰਮਾ ਸਮੇਤ  ਪਟਿਆਲੇ ਆ ਗਈ। ਜੋ ਥੋੜ੍ਹਾ- ਬਹੁਤ ਸਾਮਾਨ ਸਾਡੇ ਕੋਲ ਸੀ,ਉਸ ਨੂੰ ਕਲਾਕ- ਰੂਮ ਵਿੱਚ ਜਮ੍ਹਾਂ ਕਰਵਾਇਆ ਅਤੇ ਬੱਸ ਅੱਡੇ ਤੋਂ ਬੱਸ ਲੈ ਕੇ ਛੱਤ ਬੀੜ ਲਈ ਚੱਲ ਪਏ।
         
           ਕਰੀਬ ਸਵਾ ਕੁ ਦਸ ਵਜੇ ਬੱਸ ਲੈ ਕੇ ਅਸੀਂ ਪੌਣੇ ਬਾਰਾਂ ਵਜੇ ਛੱਤ ਬੀੜ ਪਹੁੰਚੇ ਤੇ ਅੱਗੋਂ ਇੱਕ ਆਟੋ ਰਾਹੀਂ ਚਿੜੀਆਘਰ ਪੁੱਜ ਗਏ,ਜਿਸ ਦਾ ਪੂਰਾ ਨਾਂ 'ਮਹਿੰਦਰਾ ਚੌਧਰੀ ਜ਼ੂਆਲੋਜੀਕਲ ਪਾਰਕ' ਹੈ। ਆਸਪਾਸ ਦਾ ਵਾਤਾਵਰਨ, ਸਾਰੇ ਪਾਸੇ ਸੰਘਣੇ- ਸੰਘਣੇ ਰੁੱਖ, ਮੀਂਹ ਵਾਲਾ ਮੌਸਮ, ਦੂਰੋਂ ਆ ਰਹੀਆਂ ਮੋਰਾਂ ਦੀਆਂ ਅਵਾਜ਼ਾਂ... ਰੂਹੀ ਨੇ ਆਪਣਾ ਸਮਾਰਟਫੋਨ ਕੱਢ ਕੇ ਇਨ੍ਹਾਂ ਪਲਾਂ ਨੂੰ ਕੈਮਰੇ ਵਿੱਚ ਬੰਦ ਕੀਤਾ। ਟਿਕਟ- ਕਾਊਂਟਰ ਦੇ ਨੇੜੇ ਬਣੇ ਹੋਟਲ ਤੋਂ ਪੈਟੀਜ਼ ਖਾ ਕੇ ਅਸੀਂ ਅੰਦਰ ਜਾਣ ਲਈ ਤਿੰਨ ਟਿਕਟਾਂ ਲਈਆਂ। ਉੱਥੇ ਬਾਰਾਂ ਸਾਲ ਤੱਕ ਦੇ ਬੱਚਿਆਂ ਲਈ ਪੱਚੀ ਰੁਪਏ ਅਤੇ ਵੱਡਿਆਂ ਲਈ ਸੱਠ ਰੁਪਏ ਪ੍ਰਤੀ ਮੈਂਬਰ ਦਾਖਲਾ ਸੀ। ਸਾਡੇ ਸਮੇਤ ਕਿਉਂਕਿ ਰੂਹੀ ਵੀ ਬਾਰਾਂ ਸਾਲ ਤੋਂ ਵੱਡੀ ਸੀ, ਇਸ ਲਈ ਮੈਂ 180/- ਦੀਆਂ ਤਿੰਨ ਟਿਕਟਾਂ ਲਈਆਂ ਅਤੇ ਅਸੀਂ ਚਿੜੀਆਘਰ ਅੰਦਰ ਦਾਖਲ ਹੋਏ। ਸੋਮਵਾਰ ਦੀ ਛੁੱਟੀ ਤੋਂ ਇਲਾਵਾ ਇਹ ਚਿੜੀਆਘਰ ਹਰ ਰੋਜ਼ ਸਵੇਰੇ ਨੌਂ ਵਜੇ ਤੋਂ ਸ਼ਾਮੀਂ ਪੌਣੇ ਪੰਜ ਵਿਚ ਤੱਕ ਯਾਤਰੀਆਂ ਲਈ ਖੁੱਲ੍ਹਾ ਰਹਿੰਦਾ ਹੈ।
           
           ਐਂਟਰੀ- ਦਰਵਾਜ਼ੇ ਤੇ ਗੇਟਕੀਪਰ ਨੇ ਟਿਕਟਾਂ ਚੈੱਕ ਕੀਤੀਆਂ ਅਤੇ ਸਭ ਤੋਂ ਪਹਿਲਾਂ ਸੱਜੇ ਪਾਸੇ ਸਾਨੂੰ ਇੱਕ ਟਾਈਗਰ ਨੇ ਦਰਸ਼ਨ ਦਿੱਤੇ, ਜੋ ਕਿ ਬਹੁਤ ਹੀ ਵਿਸ਼ਾਲ ਖੁੱਲ੍ਹੀ ਥਾਂ ਵਿੱਚ ਘੁੰਮ-ਫਿਰ ਰਿਹਾ ਸੀ। ਆਸਪਾਸ ਦੀ ਥਾਂ ਤੇ ਤਾਰਾਂ ਲੱਗੀਆਂ ਹੋਈਆਂ ਸਨ ਤੇ ਦਰਸ਼ਕਾਂ ਤੇ ਟਾਈਗਰ ਵਿਚਕਾਰਲੀ ਥਾਂ ਤੇ ਇੱਕ ਲੰਮੀ ਡੂੰਘੀ ਖਾਈ ਪੁੱਟੀ ਹੋਈ ਸੀ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਾਅ ਹੋ ਸਕੇ। ਇੱਥੇ ਰੂਹੀ ਨੇ ਬਹੁਤ ਸਾਰੀਆਂ ਫੋਟੋਆਂ/ ਸੈਲਫੀਆਂ ਲਈਆਂ, ਜਿਨ੍ਹਾਂ ਵਿਚ ਟਾਈਗਰ ਵੀ ਮੌਜੂਦ ਸੀ। ਹੋਰ ਯਾਤਰੀ ਵੀ ਇਹੋ ਕੁਝ ਕਰ ਰਹੇ ਸਨ। ਉਨ੍ਹਾਂ ਨਾਲ ਆਏ ਛੋਟੇ ਬੱਚੇ ਟਾਈਗਰ ਨੂੰ ਜੀਂਦਾ- ਜਾਗਦਾ ਆਪਣੇ ਸਾਹਮਣੇ ਵੇਖ ਕੇ ਖੂਬ ਉਤਸ਼ਾਹਿਤ ਸਨ।ਰੂਹੀ ਵੀ ਟਾਈਗਰ ਨੂੰ ਵੇਖ ਕੇ ਬਹੁਤ ਖੁਸ਼ ਹੋਈ," ਹੈਲੋ ਟਾਈਗਰ, ਕੈਸੇ ਹੋ?, ਅੱਛਾ, ਅੱਛਾ, ਘੂਮੀ ਕਰ ਰਹੇ ਹੋ... ਠੀਕ ਹੈ, ਫਿਰ ਮਿਲਤੇ ਹੈਂ..." ਰੂਹੀ ਅਕਸਰ ਜਦੋਂ ਮੂਡ ਵਿੱਚ ਹੁੰਦੀ ਹੈ ਤਾਂ ਹਿੰਦੀ ਵਿੱਚ ਬੋਲਣਾ ਪਸੰਦ ਕਰਦੀ ਹੈ।
         
            ਚਿੜੀਆਘਰ ਵਿੱਚ ਯਾਤਰੀਆਂ ਲਈ ਫੈਰੀਜ਼ (ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ) ਦਾ ਵੀ ਪ੍ਰਬੰਧ ਸੀ। ਆਮ ਕਰਕੇ ਇਨ੍ਹਾਂ ਉੱਤੇ ਬਜ਼ੁਰਗ ਜਾਂ ਬੱਚੇ ਹੀ ਬੈਠਦੇ ਹਨ। ਉਂਜ ਕੋਈ ਵੀ ਯਾਤਰੀ ਕਿਰਾਇਆ ਦੇ ਕੇ ਇਨ੍ਹਾਂ ਤੇ ਬੈਠ ਕੇ ਚਿੜੀਆਘਰ ਦੀ ਸੈਰ ਕਰ ਸਕਦਾ ਹੈ। ਰੂਹੀ ਨੂੰ ਤਾਂ ਪੈਦਲ ਤੁਰਨਾ ਹੀ ਚੰਗਾ ਲੱਗਦਾ ਸੀ, ਇਸ ਲਈ ਉਹਨੇ ਸਾਡੇ ਨਾਲ ਤੁਰ- ਫਿਰ ਕੇ ਹੀ ਚਿੜੀਆਘਰ ਵੇਖਿਆ।
           
          ਉੱਚੇ-ਲੰਮੇ ਦਰਖਤਾਂ ਨਾਲ ਸਜਿਆ ਇਹ ਸੰਘਣਾ ਕੁਦਰਤੀ ਵਾਤਾਵਰਣ ਪੰਛੀਆਂ ਤੇ ਜਾਨਵਰਾਂ ਲਈ ਤਾਂ ਢੁਕਵਾਂ ਹੈ ਹੀ, ਯਾਤਰੀਆਂ ਨੂੰ ਵੀ ਬਹੁਤ ਆਕਰਸ਼ਿਤ ਕਰਦਾ ਹੈ। ਰਮਣੀਕ ਤੇ ਸੁਹਾਵਣਾ ਮੌਸਮ ਹੋਣ ਕਰਕੇ ਸਾਰੇ ਹੀ ਜਾਨਵਰ ਤੇ ਪੰਛੀ ਆਪੋ- ਆਪਣੇ ਘੁਰਨਿਆਂ, ਗੁਫ਼ਾਵਾਂ ਅਤੇ ਆਲ੍ਹਣਿਆਂ 'ਚੋਂ ਬਾਹਰ ਆ ਕੇ ਵਿਚਰ ਰਹੇ ਸਨ ਤੇ ਬਾਹਰੋਂ ਆਏ ਦਰਸ਼ਕ ਤੇ ਯਾਤਰੀ ਇਨ੍ਹਾਂ ਨੂੰ ਵੇਖ ਕੇ ਖੂਬ ਆਨੰਦ ਮਾਣ ਰਹੇ ਸਨ। ਰੂਹੀ ਨੇ ਘੁੰਮ- ਫਿਰ ਕੇ ਬਾਂਦਰ, ਲੰਗੂਰ, ਹਾਥੀ, ਘੜਿਆਲ, ਮਗਰਮੱਛ, ਹਿਰਨ, ਮੋਰ, ਬਾਰਾਂਸਿੰਗੇ, ਸ਼ੁਤਰਮੁਰਗ, ਆਦਿ ਦੇ ਨਾਲ-ਨਾਲ ਵੰਨ- ਸੁਵੰਨੇ ਪੰਛੀਆਂ, ਖ਼ਤਰਨਾਕ ਜ਼ਹਿਰੀਲੇ ਸੱਪਾਂ(ਜੋ ਸ਼ੀਸ਼ੇ ਦੇ ਕਮਰਿਆਂ ਵਿੱਚ ਬੰਦ ਸਨ), ਨਿਸ਼ਾਚਰ (ਰਾਤ ਨੂੰ ਜਾਗਣ ਵਾਲੇ ਪੰਛੀ ਤੇ ਜਾਨਵਰ), ਜਿਨ੍ਹਾਂ ਨੂੰ ਹਨੇਰੇ ਕਮਰੇ ਵਿੱਚ ਰੱਖਿਆ ਹੋਇਆ ਸੀ (ਉੱਲੂ, ਸੇਹ, ਚਮਗਿੱਦੜ), ਆਦਿ ਨੂੰ ਪੂਰੀ ਦਿਲਚਸਪੀ ਅਤੇ ਮਜ਼ੇ ਨਾਲ ਵੇਖਿਆ। ਹਰ ਥਾਂ, ਹਰ ਪੰਛੀ/ ਜਾਨਵਰ ਦੀ ਉਹਨੇ ਫੋਟੋ ਲਈ ਅਤੇ ਆਪਣੀਆਂ ਵੀ ਵੱਖ-ਵੱਖ ਅੰਦਾਜ਼ਾਂ ਵਿੱਚ ਖੂਬ ਪਿਕਚਰਜ਼ ਲਈਆਂ।
           
            ਉੱਥੇ ਉਦੋਂ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਸ਼ੇਰ- ਸਫਾਰੀ ਬੰਦ ਸੀ, ਇਸ ਲਈ ਸ਼ੇਰ ਨੂੰ ਨੇੜਿਓਂ ਵੇਖਣ ਦਾ ਸ਼ੌਕ ਪੂਰਾ ਨਹੀਂ ਹੋ ਸਕਿਆ। ਚਿੜੀਆਘਰ ਵਿੱਚ ਥਾਂ ਪੁਰ ਥਾਂ ਉੱਥੋਂ ਦੇ ਕਰਮਚਾਰੀ ਘੁੰਮ- ਫਿਰ ਰਹੇ ਸਨ,ਤਾਂ ਜੋ ਕਿਸੇ ਇੱਕ ਥਾਂ ਤੇ ਹੋਣ ਵਾਲੇ ਇਕੱਠ ਨੂੰ ਰੋਕਿਆ ਜਾ ਸਕੇ ਅਤੇ ਯਾਤਰੀ ਕਿਸੇ ਜੀਵ- ਜੰਤੂ ਨੂੰ ਬੇਵਜ੍ਹਾ ਤੰਗ ਜਾਂ ਪਰੇਸ਼ਾਨ ਨਾ ਕਰਨ। ਚਿੜੀਆਘਰ ਵਿੱਚ ਥੋੜ੍ਹੀ-ਥੋੜ੍ਹੀ ਦੂਰੀ ਤੇ ਪੀਣ ਵਾਲਾ ਠੰਡਾ, ਸਾਫ਼ ਤੇ ਆਰ.ਓ. ਦਾ ਪਾਣੀ; ਸੈਲਾਨੀਆਂ ਦੇ ਬੈਠਣ ਲਈ ਵਧੀਆ ਹੱਟਸ/ ਥਾਵਾਂ;  ਖਾਣ- ਪੀਣ ਲਈ ਚੰਗੇ ਹੋਟਲਾਂ ਦਾ ਪ੍ਰਬੰਧ ਸੀ। ਆਈਸਕ੍ਰੀਮ, ਛੋਲੇ ਭਟੂਰੇ, ਪੌਪਕੌਰਨ, ਕੋਲਡ ਡ੍ਰਿੰਕਸ ਆਦਿ ਚੀਜ਼ਾਂ ਦਾ ਲੁਤਫ਼ ਉਠਾਉਣ ਦੇ ਨਾਲ- ਨਾਲ ਅਸੀ ਪੰਛੀਆਂ/ਜਾਨਵਰਾਂ ਦੀ ਭਰਪੂਰ ਜਾਣਕਾਰੀ ਹਾਸਲ ਕੀਤੀ। ਇੱਥੇ ਹਰ ਪੰਛੀ/ ਜਾਨਵਰ ਦੀ ਰਿਹਾਇਸ਼ ਦੇ ਮੂਹਰੇ ਇੱਕ ਤਖ਼ਤੀ ਉੱਤੇ ਉਹਦਾ ਆਮ ਨਾਂ, ਵਿਗਿਆਨਕ ਨਾਂ, ਖਾਣ- ਪੀਣ, ਉਮਰ, ਲਿੰਗ ਅਤੇ ਦੇਸ਼/ਸਥਾਨ ਬਾਰੇ ਵਿਸਤ੍ਰਿਤ ਜਾਣਕਾਰੀ ਲਿਖੀ ਹੋਈ ਸੀ।
       
             ਕਰੀਬ ਸਵਾ ਕੁ ਚਾਰ ਵਜੇ ਤੱਕ(ਪੂਰੇ ਚਾਰ ਘੰਟੇ ਬਾਅਦ) ਸਾਰਾ ਚਿੜੀਆਘਰ ਘੁੰਮਣ ਪਿੱਛੋਂ ਅਸੀਂ ਬਾਹਰ ਆ ਗਏ। ਹੁਣ ਸਾਨੂੰ ਥੋੜ੍ਹੀ- ਥੋੜ੍ਹੀ ਥਕਾਵਟ ਮਹਿਸੂਸ ਹੋ ਰਹੀ ਸੀ, ਭਾਵੇਂ ਅੰਦਰ ਤੁਰਦਿਆਂ ਸਾਨੂੰ ਇਸਦਾ ਪਤਾ ਨਹੀਂ ਸੀ ਲੱਗਾ। ਅਸੀਂ ਇੱਕ ਹੋਟਲ ਤੋਂ ਕੁਝ ਸਨੈਕਸ ਲਏ ਤੇ ਰੂਹੀ ਨੇ ਮੈਂਗੋ-ਜੂਸ ਪੀਤਾ। ਸਾਢੇ ਛੇ ਵਜੇ ਤੱਕ ਅਸੀਂ ਵਾਪਸ ਪਟਿਆਲੇ ਆ ਗਏ। ਪਰ ਇਸ ਵੇਲੇ ਤਲਵੰਡੀ ਸਾਬੋ ਨਹੀਂ ਸੀ ਪਹੁੰਚਿਆ ਜਾ ਸਕਦਾ। ਇਸ ਲਈ ਪੰਜਾਬੀ ਯੂਨੀਵਰਸਿਟੀ ਦੇ ਗੈਸਟ- ਹਾਊਸ ਵਿੱਚ ਰਾਤ ਬਿਤਾਈ।
         
             ਪਾਠਕਾਂ ਦੀ ਜਾਣਕਾਰੀ ਹਿਤ ਦੱਸ ਦਿਆਂ ਕਿ ਇਸ ਚਿੜੀਆਘਰ ਦਾ ਉਦਘਾਟਨ ਪੰਜਾਬ ਦੇ ਤਤਕਾਲੀ ਗਵਰਨਰ ਸ੍ਰੀ ਮਹਿੰਦਰ ਮੋਹਨ ਚੌਧਰੀ ਨੇ 13 ਅਪ੍ਰੈਲ 1977 ਨੂੰ ਕੀਤਾ ਸੀ। ਇਹ  ਚਿੜੀਆਘਰ ਛੱਤ ਪਿੰਡ ਤੋਂ 3 ਕਿ.ਮੀ., ਚੰਡੀਗੜ੍ਹ ਤੋਂ 20 ਕਿ.ਮੀ. ਅਤੇ ਪਟਿਆਲੇ ਤੋਂ 55 ਕਿ.ਮੀ. ਦੂਰੀ ਤੇ ਸਥਿਤ ਹੈ। 202 ਏਕੜ ਵਿੱਚ ਫੈਲੇ ਇਸ ਚਿੜੀਆਘਰ ਵਿੱਚ 369 ਥਣਧਾਰੀ ਜਾਨਵਰ, 400 ਪੰਛੀ ਅਤੇ 20 ਰੀਂਘਣ ਵਾਲੇ ਜੀਵ ਹਨ। ਉੱਤਰੀ- ਭਾਰਤ ਦੇ ਸਭ ਤੋਂ ਵੱਡੇ ਇਸ ਜ਼ੂਆਲੋਜੀਕਲ ਪਾਰਕ ਵਿੱਚ ਲਾਇਨ- ਸਫ਼ਾਰੀ ਇਸ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਇੱਥੇ ਰਾਇਲ ਬੈਂਗਾਲ ਟਾਈਗਰ, ਵ੍ਹਾਈਟ ਟਾਈਗਰ, ਏਸ਼ੀਅਨ ਐਲੀਫੈਂਟ,ਹਿੱਪੋਪੋਟੈਮਸ, ਇੰਡੀਅਨ ਗੈਜ਼ਲ (ਚਿੰਕਾਰਾ), ਸਾਂਬਰ ਡੀਅਰ, ਸਵੈਂਪ ਡੀਅਰ, ਇਮੂ, ਏਸ਼ੀਆਟਿਕ ਲਾਇਨ, ਇੰਡੀਅਨ ਲੈਪਰਡ, ਜੈਗੁਆਰ, ਹਿਮਾਲੀਅਨ ਬਲੈਕ ਬੀਅਰ, ਜ਼ੈਬਰਾ, ਚਿੰਪੈਂਜ਼ੀ, ਬੁੱਲ,ਬਲੈਕ ਬੱਕ, ਘੜਿਆਲ, ਮਗਰਮੱਛ, ਇੰਡੀਅਨ ਪਾਇਥਨ, ਅਫਰੀਕਨ ਬਫੈਲੋ, ਬੈਂਗਾਲ ਫਾਕਸ, ਜੈਕਾਲ, ਸਾਰਸ (ਕਰੇਨ),  ਕੱਛੂਕੁੰਮੇ ਆਦਿ ਦਰਸ਼ਕਾਂ ਦਾ ਖ਼ੂਬ ਮਨ ਮੋਂਹਦੇ ਹਨ। ਇਸ ਪਾਰਕ ਵਿੱਚ ਪੰਛੀਆਂ ਰੀਂਗਣ ਵਾਲੇ ਜੀਵਾਂ ਅਤੇ ਜਾਨਵਰਾਂ ਦੀਆਂ ਕਰੀਬ 88 ਜਾਤੀਆਂ ਅਜਿਹੀਆਂ ਹਨ, ਜੋ ਬਹੁਤ ਹੀ ਦੁਰਲਭ ਹਨ ਅਤੇ ਜਿਨ੍ਹਾਂ ਦਾ ਵਜੂਦ ਹੁਣ ਖ਼ਤਰੇ ਦੀ ਹੱਦ ਵਿੱਚ ਪ੍ਰਵੇਸ਼ ਕਰ ਚੁੱਕਾ ਹੈ।
         
    ਬੀਤੇ ਦਿਨੀਂ ਮੈਂ ਅਖ਼ਬਾਰ ਵਿੱਚ ਇਹ ਖ਼ਬਰ ਪੜ੍ਹ ਕੇ ਤ੍ਰਭਕ ਗਿਆ ਕਿ "ਛੱਤ ਬੀੜ ਵਿੱਚ ਸ਼ੇਰਾਂ ਨੇ ਨੌਜਵਾਨ ਨੂੰ ਮਾਰ ਦਿੱਤਾ"... ਅਸਲ ਮਾਮਲਾ ਕੀ ਹੈ - ਇਹ ਤਾਂ ਉੱਥੋਂ ਦੇ ਸੁਰੱਖਿਆ ਕਰਮਚਾਰੀ ਜਾਂ ਡਾਇਰੈਕਟਰ ਹੀ ਜਾਣਦੇ ਹਨ। ਪਰ ਪੰਜਾਬ ਵਿੱਚ ਵਿਭਿੰਨ ਪਰਜਾਤੀਆਂ ਅਤੇ ਜੰਗਲੀ ਜੀਵਾਂ ਦੀ ਇਹ ਖੂਬਸੂਰਤ ਰੱਖ (ਬੀੜ) ਚਿਰਾਂ ਤੱਕ ਸਾਡੀਆਂ ਯਾਦਾਂ ਦਾ ਹਿੱਸਾ ਬਣੀ ਰਹੇਗੀ...।
<<<<<<<<<<<<<<<<<<<<<<<<<<<<<<<<<<<
 
 #  ਨੇੜੇ ਗਿੱਲਾਂ ਵਾਲਾ ਖੂਹ,ਤਲਵੰਡੀ ਸਾਬੋ-151302 (ਬਠਿੰਡਾ)    9417692015.
Have something to say? Post your comment

More Article News

ਕਾਵਿ ਸੰਗ੍ਰਹਿ : ਤਰੇਲ ਤੁਪਕੇ / ਰੀਵੀਊਕਾਰ : ਪ੍ਰੋ. ਨਵ ਸੰਗੀਤ ਸਿੰਘ ਮਿੰਨੀ ਕਹਾਣੀ:- ਵਖਰੇਵੇਂ ਦੀ ਕੈਦ/ਹਰਪ੍ਰੀਤ ਕੌਰ ਘੁੰਨਸ ਪਰਜਾ ਦੀਆਂ ਚੀਕਾਂ/ਹਰਪ੍ਰੀਤ ਕੌਰ ਘੁੰਨਸ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਵੱਲੋਂ ਫਿਲਮ "ਦੂਜਾ ਵਿਆਹ" ਰਿਲੀਜ਼ / ਛਿੰਦਾ ਧਾਲੀਵਾਲ ਸ਼ਰੀਫ ਬੰਦਾ/ਜਸਕਰਨ ਲੰਡੇ ਪਾਤਲੀਆਂ ਦਾ ਦਰਦ/ਡਾ: ਸੁਧੀਰ ਗੁਪਤਾ ਤੇ ਡਾ: ਰਿਪੁਦਮਨ ਸਿੰਘ ਤ੍ਰਿਲੋਕ ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ/ ਉਜਾਗਰ ਸਿੰਘ "ਸੁੱਚਾ ਸੂਰਮਾ" ਲੋਕ ਗਾਥਾ ਗਾਇਕੀ ਚ ਨਵਾਂ ਮਾਅਰਕਾ ਗਾਇਕ ਲੱਕੀ ਸਿੰਘ ਦੁਰਗਾਪੁਰੀਆ ਮਾਂ ਤਾਂ ਪੁੱਤ ਲਈ---ਪ੍ਰਭਜੋਤ ਕੌਰ ਢਿੱਲੋਂ ਦੇਸ਼ ਦੇ ਸਮੁੱਚੇ ਦਲਿਤ ਸਮਾਜ ਦੇ ਧਿਆਨ ਹਿਤ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ /ਬਘੇਲ ਸਿੰਘ ਧਾਲੀਵਾਲ
-
-
-