News

31 ਮਾਰਚ ਤੱਕ 5000 ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਕੀਤਾ ਜਾਵੇਗਾ ਵਿਕਸਤ-ਸੋਨੀ

January 22, 2019 09:48 PM

31 ਮਾਰਚ ਤੱਕ 5000 ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਕੀਤਾ ਜਾਵੇਗਾ ਵਿਕਸਤ-ਸੋਨੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਰਕਾ ਨੂੰ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਸਰਕਾਰ ਸਿਖਿਆ ਦਾ ਪੱਧਰ ਉਚਾ ਚੁੱਕਣ ਲਈ ਵਚਨਬੱਧ
ਅੰਮ੍ਰਿਤਸਰ, 22 ਜਨਵਰੀ: ਕੁਲਜੀਤ ਸਿੰਘ--  ਸਰਕਾਰ ਵੱਲੋਂ 31 ਮਾਰਚ ਤੱਕ 5000 ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਜਾਵੇਗਾ ਅਤੇ ਹੁਣ ਤੱਕ 3000 ਦੇ ਕਰੀਬ ਸਕੂਲ ਸਮਾਰਟ ਸਕੂਲ ਬਣ ਚੁੱਕੇ ਹਨ ਅਤੇ ਆਉਂਦੇ 2 ਮਹੀਨਿਆਂ ਵਿੱਚ ਬਾਕੀ ਰਹਿੰਦੇ 2000 ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕਰ ਦਿੱਤਾ ਜਾਵੇਗਾ। 
 ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ੍ਰੀ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵੇਰਕਾ ਵਿਖੇ ਮਨਾਏ ਗਏ ਸਲਾਨਾ ਇਨਾਮ ਵੰਡ ਸਮਾਗਮ ਦੌਰਾਨ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ  ਸਿਖਿਆ ਦਾ ਪੱਧਰ ਉਚਾ ਚੁੱਕਣ ਲਈ ਵਚਨਬੱਧ ਹੈ। ਸੋਨੀ ਨੇ ਕਿਹਾ ਕਿ ਇਸ ਵਾਰ ਜਿੰਨਾਂ ਸਕੂਲਾਂ ਦੇ ਰਿਜਲਟ ਵਧੀਆ ਆਉਣਗੇ ਉਨਾਂ ਦੇ ਪ੍ਰਿੰਸੀਪਲਾਂ ਨੂੰ ਸਨਮਾਨਤ ਕੀਤਾ ਜਾਵੇਗਾ ਅਤੇ ਮਾੜੇ ਨਤੀਜੇ ਆਉਣ ਦੀ ਸੂਰਤ ਵਿੱਚ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਜਿੰਮੇਵਾਰੀ ਨਿਸ਼ਚਤ ਕੀਤੀ ਜਾਵੇਗੀ। ਸਿਖਿਆ ਮੰਤਰੀ ਨੇ ਦੱਸਿਆ ਕਿ ਬਾਰਡਰ ਏਰੀਆ ਦੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੁਰ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਸਰਕਾਰੀ ਸਕੂਲਾਂ ਵਿੱਚ ਫਰਨੀਚਰ ਅਤੇ ਕਿਤਾਬਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।  ਸ੍ਰੀ ਸੋਨੀ ਨੇ ਦੱਸਿਆ ਕਿ ਬੱਚਿਆਂ ਨੂੰ ਚੰਗੇਰੀ ਸਿਖਿਆ ਦੇਣ ਲਈ ਹੁਣ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਤੋਂ ਹੀ ਅੰਗਰੇਜੀ ਵਿਸ਼ੇ ਨੂੰ ਲਾਜਮੀ ਕਰ ਦਿੱਤਾ ਗਿਆ ਹੈ। ਸਿਖਿਆ ਮੰਤਰੀ ਵੱਲੋ ਸਮਾਰੋਹ ਦੌਰਾਨ ਬੱਚਿਆਂ ਨੂੰ ਇਨਾਮ ਵੀ ਦਿੱਤੇ। 
 ਇਸ ਤੋਂ ਪਹਿਲਾਂ ਸਕੂਲੀ ਬੱਚਿਆਂ ਵੱਲੋਂ ਸ਼ਬਦ ਗਾਇਨ ਵੀ ਕੀਤਾ ਗਿਆ ਅਤੇ ਸਿਖਿਆ ਮੰਤਰੀ ਨੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।  ਸ੍ਰੀ ਸੋਨੀ ਨੇ ਵੇਰਕਾ ਸਕੂਲ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਕੂਲ ਵਿੱਚੋਂ ਕਈ ਵਿਦਿਆਰਥੀ ਪੜ ਕੇ ਉਚ ਅਹੁੱਦਿਆਂ ਤੱਕ ਪਹੁੰਚੇ ਹਨ ਅਤੇ ਕਈ ਡੀ:ਸੀ, ਜੱਜ, ਡਾਕਟਰ ਅਤੇ ਇੰਜਨੀਅਰ ਵੀ ਬਣੇ ਹਨ। ਉਨਾਂ ਦੱਸਿਆ ਕਿ ਇਸੇ ਹੀ ਸਕੂਲ ਤੋਂ ਪੜ ਕੇ ਵਿਦਿਆਰਥੀ ਇਸੇ ਹੀ ਸਕੂਲ ਵਿੱਚ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸਿਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਯੋਗਤਾ ਬਹੁਤ ਵਧੀਆ ਹੈ ਅਤੇ ਆਪਣੀ ਮਿਹਨਤ ਨਾਲ ਬੱਚਿਆਂ ਨੂੰ ਪੜਾ ਰਹੇ ਹਨ। ਉਨਾਂ ਕਿਹਾ ਕਿ ਜੇਕਰ ਅਧਿਆਪਕ ਹੋਰ ਮਿਹਨਤ ਕਰਨ ਤਾਂ ਸਾਡੇ ਪੰਜਾਬ ਦੇ ਸਕੂਲ ਦੇਸ਼ ਵਿੱਚੋਂ ਇਕ ਨੰਬਰ ਤੇ ਹੋਣਗੇ। ਸ੍ਰੀ ਸੋਨੀ ਨੇ ਕਿਹਾ ਕਿ ਬੱਚਿਆਂ ਦੀ ਸਿਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। 
 ਸਿਖਿਆ ਮੰਤਰੀ ਨੇ ਵੇਰਕਾ ਸਕੂਲ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਛੇਤੀ ਹੀ ਇਸ ਸਕੂਲ ਵਿੱਚ ਸਾਇੰਸ ਅਤੇ ਕਾਮਰਸ ਦੀਆਂ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਬੱਚਿਆਂ ਨੂੰ ਨੇਕ ਨੀਤੀ ਅਤੇ ਇਮਾਨਦਾਰੀ ਨਾਲ ਪੜਾਈਏ ਤਾਂ ਜੋ ਬੱਚੇ ਆਪਣੇ ਮਾਂ -ਪਿਓ, ਸਕੂਲ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਉਨਾਂ ਕਿਹਾ ਕਿ ਉਨਾਂ ਨੂੰ ਪੂਰੀ ਆਸ ਹੈ ਕਿ ਇਸ ਵਾਰ ਸਰਕਾਰੀ ਸਕੂਲਾਂ ਦੇ ਨਤੀਜੇ ਬੇਹਤਰ ਹੋਣਗੇ। 
 ਇਸ ਮੌਕੇ ਸ੍ਰੀ ਸੋਨੀ ਨੇ ਦੱਸਿਆ ਕਿ ਇਸ ਸਕੂਲ ਦੀ ਜਮੀਨ ਨੂੰ ਰਸਾਲਦਾਰ ਸਵਰਗੀ ਇੰਦਰ ਸਿੰਘ ਦੁਆਰਾ ਦਾਨ ਕੀਤਾ ਗਿਆ ਸੀ। ਉਨਾਂ ਕਿਹਾ ਕਿ ਜਿਹੜੀਆਂ  ਸਖਸ਼ੀਅਤਾਂ  ਸਮਾਜ ਲਈ ਕੁਝ ਕਰਦੀਆਂ ਹਨ ਉਨਾਂ ਦਾ ਨਾਮ ਹਮੇਸ਼ਾਂ ਲੋਕਾਂ ਦੇ ਮਨਾਂ ਵਿੱਚ ਰਹਿੰਦਾ ਹੈ। ਸ੍ਰੀ ਸੋਨੀ ਨੇ ਰਸਾਲਦਾਰ ਇੰਦਰ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।  
 ਸ੍ਰੀ ਸੋਨੀ ਨੇ ਯੂਨੀਅਨ ਲੀਡਰਾਂ ਬਾਰੇ ਕਿਹਾ ਕਿ ਉਹ ਆਪਣੀ ਮੁਫਾਦ ਲਈ ਧਰਨੇ, ਮੁਜਾਹਰੇ ਕਰ ਰਹੇ ਹਨ।  ਉਨਾਂ ਕਿਹਾ ਕਿ ਸਰਕਾਰ ਵੱਲੋਂ ਇਨਾਂ ਦੀਆਂ ਜਾਇਜ ਮੰਗਾਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਜਿਹੜੇ ਯੂਨੀਅਨ ਲੀਡਰ ਬੱਚਿਆਂ ਦੀ ਪੜਾਈ ਨੂੰ ਛੱਡ ਕੇ  ਧਰਨੇ ਦੇਣਗੇ ਉਨਾਂ ਤੇ ਕਾਨੂੰਨ ਆਪਣਾ ਕੰਮ ਕਰੇਗਾ। 
 ਇਸ ਮੌਕੇ ਸਕੂਲ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਅਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਨਵਜੋਤ ਕੌਰ ਨੇ ਮੰਤਰੀ ਨੂੰ ਜੀ ਆਇਆ ਕਿਹਾ ਤੇ  ਸਨਮਾਨ ਵੀ ਕੀਤਾ। ਇਸ ਮੌਕੇ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰ ਸਲਵਿੰਦਰ ਸਿੰਘ ਸਮਰਾ, ਕੌਂਸਲਰ ਸ੍ਰ ਹਰਪਾਲ ਸਿੰਘ, ਸਿਖਿਆ ਮੰਤਰੀ ਦੇ ਓ:ਐਸ:ਡੀ ਕੈਪਟਨ ਸੰਜੀਵ ਸ਼ਰਮਾ, ਲੈਕਚਰਾਰ ਬਲਵਿੰਦਰ ਸਿੰਘ, ਕੰਨਵਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਅਤੇ ਉਨਾਂ ਦੇ ਮਾਤਾ ਪਿਤਾ ਹਾਜਰ ਸਨ। 
 

Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-