Article

ਕਾਵਿ-ਸੰਗ੍ਰਹਿ "ਇਹ ਮੋਤੀ ਬਿਖਰਨ ਨਾ ਦਿਓ" /ਲੇਖਕ:-ਡਾ.ਇੰਦਰਪਾਲ ਕੌਰ

January 22, 2019 09:55 PM

ਕਾਵਿ-ਸੰਗ੍ਰਹਿ

"ਇਹ ਮੋਤੀ ਬਿਖਰਨ ਨਾ ਦਿਓ"
ਕੀਮਤ 150 ਰੁਪਏ
ਲੇਖਕ:-ਡਾ.ਇੰਦਰਪਾਲ ਕੌਰ
ਪ੍ਰਕਾਸ਼ਕ:-ਸੱਤਿਆ ਕੈਲਾਸ਼ ਪਬਲੀਕੇਸ਼ਨ
 
"ਇਹ ਮੋਤੀ ਬਿਖਰਨ ਨਾ ਦਿਓ" ਦਿਲੀ ਵੇਦਨਾ ਦਾ ਸਬੂਤ 
 
ਡਾ.ਇੰੰਦਰਪਾਲ ਕੌਰ ਪੰਜਾਬੀ ਕਵਿਤਾ ਦੇ ਖੇਤਰ ਚ ਜਾਣਿਆ ਪਹਿਚਾਣਿਆ ਨਾਮ ਹੈ।ਉਸ ਦੁਆਰਾ ਰਚਿਤ ਕਵਿਤਾਵਾਂ ਅਤੇ ਕਹਾਣੀਆਂ ਆਲੇ ਦੁਆਲੇ ਵਾਪਰ ਰਹੀਆਂ ਸਮਾਜਿਕ ਅਤੇ ਪਰਿਵਾਰਕ ਘਟਨਾਵਾਂ ਦਾ ਸੁਮੇਲ ਹੈ।ਇਸ ਪਹਿਲਾਂ ਲੇਖਿਕਾ ਕਾਵਿ ਸੰਗ੍ਰਹਿ "ਧਰਤੀ, ਔਰਤ ਤੇ ਫੁੱਲ" ਅਤੇ ਕਹਾਣੀ ਸੰਗ੍ਰਹਿ "ਇਹ ਰੰਗ ਜੀਵਨ ਦੇ " ਨਾਲ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਮਾਂ ਬੋਲੀ ਪੰਜਾਬੀ ਨੂੰ ਜਿਉਂਦਾ ਰੱਖਣ ਦਾ ਯਤਨ ਅਤੇ ਉੱਦਮ ਕੀਤਾ ਹੈ।ਹੱਥਲਾ ਕਾਵਿ ਸੰਗ੍ਰਹਿ "ਇਹ ਮੋਤੀ ਬਿਖਰਨ ਨਾ ਦਿਓ" ਨਾਲ ਡਾ.ਇੰਦਰਪਾਲ ਨੇ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਪ੍ਰਤੀ ਆਪਣੀ ਸੁਹਿਰਦਤਾ, ਦ੍ਰਿੜਤਾ,ਹੇਜ ਅਤੇ ਉਦਾਰਵਾਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ।ਉਸਦੀਆਂ ਕਵਿਤਾਵਾਂ ਪੜ੍ਹ ਕੇ ਅਨੁਭਵ ਹੁੰਦਾ ਹੈ ਕਿ ਇਹ ਵੰਨ ਸੁਵੰਨੀ ਸੋਚ ਅਤੇ ਵਿਸ਼ਿਆਂ ਦਾ ਸੁਮੇਲ ਹੈ ਅਤੇ ਮਨੁੱਖੀ ਮਾਨਸਿਕਤਾ ਦਾ ਦਰਪਣ ਹਨ।ਮਨੁੱਖਤਾ ਦੀ ਸੌੜੀ ਸੋਚ ਅਤੇ ਗੈਰ ਜਿੰਮੇਵਾਰਾਨਾ ਰਵੱਈਆ ਨੂੰ ਵਿਆਕਤ ਉਸਦੀ ਕਵਿਤਾ 'ਗੈਰ ਜਿੰਮੇਵਾਰ' ਉਹ ਲਿਖਦੀ ਹੈ:-
ਆਪਣੀ ਜਿੰਮੇਵਾਰੀ ਦੂਜੇ ਨੂੰ ਸੌਂਪ ਕੇ
ਦੂਜੇ ਦੇ ਮੋਢੇ ਤੇ ਬੰਦੂਕ ਰੱਖਕੇ
ਗੋਲੀ ਚਲਾਉਣ ਦਾ ਆਦੀ ਹੋ 
ਆਪਣੇ ਹੀ ਹਉਂ  ਵਿੱਚ ਤੁਰਦਾ 
ਹਉਂ ਵਿੱਚ ਖਤਮ ਹੋ ਰਿਹੈ ਇਨਸਾਨ।
ਉਹ ਆਪਣਿਆਂ ਵਿਚੋਂ ਖਤਮ ਹੋ ਰਹੀ ਇਨਸਾਨੀਅਤ, ਪਿਆਰ ਦੀ ਭਾਵਨਾ ਅਤੇ ਦਗੇਬਾਜੀ,ਫਰੇਬਪੁਣਾ ਦੀ ਪ੍ਰਫੁਲਿਤਾ ਦੀ ਉਦਾਹਰਣ ਪੇਸ਼ ਕਰਦਿਆਂ ਆਪਣੀ ਕਵਿਤਾ 'ਆਵਾਜ਼' ਵਿੱਚ ਦਰਦ ਬਿਆਨਦਿਆਂ ਲਿਖਦੀ ਹੈ:-
ਓ ਹੋ
ਕੀ ਹੋਇਆ?
ਦਿਲ ਟੁੱਟਿਆ
ਕਿਵੇਂ?
ਤਾਅਨਾ ਮਾਰਿਆ
ਕਿਸਨੇ?
ਆਪਣਿਆਂ ਨੇ
ਕਿਉਂ?
ਪਤਾ ਨਹੀਂ
ਆਵਾਜ਼ ਆਈ,ਬਿਲਕੁਲ ਵੀ ਨਹੀਂ।
ਉਸਦੀਆਂ ਕਵਿਤਾਵਾਂ ਵਿਚ ਜੀਵਣ ਜਾਚ ਦੀ ਸੇਧ ਹੈ, ਸਿੱਖਿਆ ਹੈ, ਉਲਾਂਭਾ ਹੈ, ਕੁਦਰਤ ਨਾਲ ਖਿਲਵਾੜ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਹੈ।ਆਪਸੀ ਭਾਈਚਰਕ ਸਾਂਝ ਬਣਾਉਣ ਲਈ ਉੱਦਮ ਦੀ ਪ੍ਰੋੜ੍ਹਤਾ ਹੈ।ਮਨੁੱਖੀ ਪਿਆਰ ਪ੍ਰਤੀ ਸੋਚ ਦਾ ਪ੍ਰਗਟਾਵਾ ਹੈ; ਜਿਵੇਂ,
ਬਚਪਨ, ਜੁਆਨੀ ਕਦੇ ਪਰਤ ਕੇ ਨਹੀਂ ਆਂਂਦੇ
ਬੁਢਾਪਾ ਆਕੇ ਫਿਰ ਵਾਪਿਸ ਕਦੋਂ ਜਾਂਦਾ ਏ।ਮਾਂ ਬਾਪ ਦੀ ਛਾਂ ਸੰਘਣੇ ਬੋਹੜ੍ਹ ਵਾਂਂਗ ਹੁੰਦੀ ਏ
ਇਸ ਵਰਗੀ ਛਾਂ ਹੋਰ ਕਦੋਂ ਕੋਈ ਦੇ ਜਾਂਦਾ ਏ।
ਔਰਤ ਮਨ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਉਸਦੀ ਕਵਿਤਾ ਨਾਰੀ ਦੀ ਦ੍ਰਿੜਤਾ ਵਿੱਚ ਉਹ ਔਰਤ ਦੀ ਹੋਂਦ ਨੂੰ ਵੰਗਾਰਨ ਵਾਲਿਆਂ ਨੂੰ ਲਲਕਾਰਦੀ ਲਿਖਦੀ ਹੈ:-
ਨਾਰੀ ਅਬਲਾ ਨਹੀਂ ਹੈ
ਪਰ ਇਸਨੂੰ ਅਬਲਾ ਕਹਿਣਾ
ਇਸਦੀ ਹੋਂਦ ਨੂੰ ਵੰਗਾਰਣਾ ਹੈ।
ਉਹ ਅਜੋਕੇ ਦੌਰ ਚ ਸਮਾਜਿਕ ਵਰਤਾਰੇ ਪ੍ਰਤੀ ਆਪਣੀ ਸੋਚ ਦੀ ਉਡਾਰੀ ਲਾਉਂਦੀ ਅਤੇ ਲਾਲਚ ਵਿੱਚ ਆਕੇ ਚਰਿੱਤਰ ਨਾਲ ਸਮਝੌਤਾ ਕਰਨ ਵਾਲੀਆਂ ਗੈਰ ਜਿੰਮੇਵਾਰਾਨਾ ਅਤੇ ਇਨਸਾਨੀਅਤ ਨੂੰ ਤਾਰ ਤਾਰ ਕਰਨ ਵਾਲੀਆਂ ਔਰਤਾਂ ਪ੍ਰਤੀ ਉਸਦੀ ਕਲਮ ਲਿਖਦੀ ਹੈ:-
ਕਦੇ ਪੈਸੇ ਦੇ ਲਾਲਚ ਵਿੱਚ ਆਕੇ
ਆਪਣੀ ਪੱਤ ਦਾ ਸੌਦਾ ਕਰ ਜਾਂਦੀ
ਮੂੰਹ ਉੱਚਾ ਨਾ ਚੱਕ ਸਕਦੀ ਕਦੇ ਤੇ
ਚਿੱਕੜ ਵਿੱਚ ਸਦਾ ਲਈ ਧਸ ਜਾਂਦੀ।
ਕਵਿੱਤਰੀ ਆਪਣੀਆਂ ਕਵਿਤਾਵਾਂ ਵਿੱਚ ਸੱਚਾਈਆਂ ਨੂੰ ਤਸਬੀਹ ਦਿੰਦਿਆਂ ਜੀਵਨ ਦੀਆਂ ਸਿਆਣਪਾ ਨੂੰ ਸਹਿਜੇ ਹੀ ਬਿਆਨ ਕਰ ਜਾਂਦੀ ਹੈ।
ਦੂਜਿਆਂ ਦੇ ਦਰਦ ਨੂੰ ਆਪਣੇ ਦਿਲ ਚ ਮਹਿਸੂਸ ਕਰਕੇ ਕਲਮ ਨਾਲ ਕੋਰੇ ਕਾਗਜ ਦੀ ਹਿੱਕ ਤੇ ਕਵਿਤਾ ਰੂਪ ਚ ਝਰੀਟਣ ਦੀ ਡਾ.ਇੰਦਰਪਾਲ ਕੌਰ ਨੂੰ ਖੂਬ ਜਾਚ ਹੈ।
ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜਦਿਆਂ ਬਹੁਤੀਆਂ ਕਵਿਤਾਵਾਂ ਆਪਣੇ ਹੀ ਜੀਵਣ ਨਾਲ ਸੰਬੰਧਿਤ ਜਾਪਦੀਆਂ ਹਨ।ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਬਤੌਰ ਡਿਪਟੀ ਡਾਇਰੈਕਟਰ ਸੇਵਾਵਾਂ ਨਿਭਾਅ ਰਹੀ ਡਾ. ਇੰਦਰਪਾਲ ਕੌਰ ਦੀ ਕਲਮ ਤੋਂ ਭਵਿੱਖ ਚ ਵੀ ਸਮਾਜਿਕ ਰੋਸ਼ਨੀ ਦੀ ਕਿਰਨ ਦੀ ਉਮੀਦ ਹੈ।
ਆਮੀਨ!
ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257
Have something to say? Post your comment