Poem

ਉੱਡਦੇ ਵੇਖ ਪਤੰਗ ~ ਪ੍ਰੋ. ਨਵ ਸੰਗੀਤ ਸਿੰਘ

January 31, 2019 10:16 PM
 
 
           ਆਈ ਰੁੱਤ ਬਸੰਤ ਦੀ, ਉੱਡਣ ਪਏ ਪਤੰਗ 
           ਵੱਖੋ - ਵੱਖ ਆਕਾਰ ਦੇ,ਵੱਖੋ- ਵੱਖਰੇ ਰੰਗ। 
 
           ਕੋਈ ਭਰਾਵਾਂ ਨਾਲ ਹੈ, ਕੋਈ ਯਾਰਾਂ ਦੇ ਨਾਲ
           'ਰੂਹੀ' ਮੇਲਾ ਵੇਖਦੀ, ਆਪਣੇ ਪਾਪਾ ਸੰਗ। 
 
           ਚੜ੍ਹਿਆ ਕੋਠੇ ਤੇ ਕੋਈ, ਕੋਈ ਵਿੱਚ ਮੈਦਾਨ 
           ਵੇਖੋ ਗੁੱਡੇ ਉਡਾਉਣ ਦੇ, ਅਜਬ- ਅਨੋਖੇ ਢੰਗ। 
 
           ਕਿਧਰੇ ਪੇਚੇ ਲੱਗ ਰਹੇ, ਕਿਧਰੇ ਪੈਂਦਾ ਸ਼ੋਰ 
           ਲੁੱਟ ਕੇ ਕੋਈ ਜਾ ਰਿਹਾ, ਜਿੱਤੀ ਜੀਕਰ ਜੰਗ। 
 
           ਕੋਈ ਨੰਗੇ ਪੈਰ ਹੈ, ਕਿਸੇ ਨੇ ਪਾਏ ਬੂਟ 
           ਅੌਹ ਇੱਕ ਪਾ ਕੇ ਨਿਕਲਿਆ, ਜੀਨਜ਼ ਨੀਲੀ ਤੰਗ। 
 
           ਉੱਚਾ ਹੋਰ ਉਡਾ ਲਵਾਂ, ਹਰ ਕੋਈ ਲਾਵੇ ਜ਼ੋਰ 
           ਉੱਚੀ ਇਹ ਉਡਾਣ ਵੇਖ, ਮੈਂ ਹੋ ਜਾਵਾਂ ਦੰਗ। 
 
           ਮਹਿੰਗਾ ਕੋਈ ਪਤੰਗ ਹੈ, ਕੋਈ ਆਮ ਜਿਹਾ
           ਸਭ ਨੂੰ ਸ਼ੌਕ ਉਡਾਉਣ ਦਾ, ਭਾਵੇਂ ਹੋਵੇ ਨੰਗ। 
 
           ਮੇਲਾ ਹੈ ਇਹ ਮੌਜ ਦਾ, ਰੱਖਣਾ ਜ਼ਰਾ ਧਿਆਨ 
           ਧਰਨਾ ਪੈਰ ਸੁਚੇਤ ਹੋ, ਟੁੱਟ ਨਾ ਜਾਵੇ ਟੰਗ। 
 
           ਬੱਚੇ ਸਾਰੇ ਜਗਤ ਦੇ, ਹੱਸਦੇ- ਵੱਸਦੇ ਰਹਿਣ
           ਮੇਰੀ ਸੱਚੇ ਰੱਬ ਤੋਂ, ਬੱਸ ਏਹੋ ਹੈ ਮੰਗ।
 
 ਨੇੜੇ ਗਿੱਲਾਂ ਵਾਲਾ ਖੂਹ, ਤਲਵੰਡੀ ਸਾਬੋ-151302
      (ਬਠਿੰਡਾ)   9417692015. 
Have something to say? Post your comment