Saturday, April 20, 2019
FOLLOW US ON

Poem

ਯਾਦਾਂ : ਗੀਤ

February 03, 2019 10:14 PM

ਯਾਦਾਂ : ਗੀਤ

ਦਿਨ ਵੀ ਲੰਘੇ, ਰਾਤਾਂ ਵੀ ਲੰਘੀਆਂ
ਯਾਦਾਂ ਬਹੁਤ ਹੀ ਸਨ ਚੰਗੀਆਂ
ਪਤਾ ਹੀ ਨਾ ਲੱਗਿਆ ਕੋਈ
ਕਦ ਬੀਤ ਗਏ 12 ਸਾਲ
ਮੈਨੂੰ ਅੱਜ ਵੀ ਚੇਤੇ
ਅੱਜ ਵੀ ਚੇਤੇ ਘਰ ਤੇਰੇ ਦਾ ਉਹ ਨੀ ਹਾਲ

ਵਿਹੜੇ ਤੇਰੇ ਰੰਗ-ਬਰੰਗੀਆਂ ਕਨਾਤਾਂ
ਦਿੰਦੇ ਸੀ ਦੋਸਤ ਨਿੱਘੀਆਂ ਸੌਗਾਤਾਂ
ਮੱਲੋ ਮੱਲੀ ਪਾਉਂਦਾ ਸੀ ਆਕਾਸ਼ ਵੀ ਬਾਤਾਂ
ਮੌਸਮ ਵੀ ਸੀ ਉਦੋਂ ਸਰਸਾਰ
ਮੈਨੂੰ ਅੱਜ ਵੀ ਚੇਤੇ
ਅੱਜ ਵੀ ਚੇਤੇ ਘਰ ਤੇਰੇ ਦਾ ਉਹ ਨੀ ਹਾਲ

ਢੁਕਿਆ ਸੀ ਜਦੋਂ ਉਸ ਦਿਨ ਬੰਨ ਕੇ
ਮੈਂ ਸਿਹਰਾ ਆਪਣੇ ਸਿਰ ਤੇ
ਬੜਾ ਸਵਾਗਤ ਕੀਤਾ ਸੀ ਮੇਰਾ
ਮੇਰੇ ਦੁਆਲੇ ਸਹੁਰੇ ਤੇ ਸੱਸ ਘਿਰ ਕੇ
ਲੜ ਫੜ ਕੇ ਤੇਰਾ ਸੀ ਮੈਂ
ਲਿਆ ਜਨਮ ਸੀ ਆਪਣਾ ਸੰਵਾਰ
ਮੈਨੂੰ ਅੱਜ ਵੀ ਚੇਤੇ 
ਅੱਜ ਵੀ ਚੇਤੇ ਘਰ ਤੇਰੇ ਦਾ ਉਹ ਨੀ ਹਾਲ

ਵਿਦਾ ਕਰਨ ਲੱਗੀ ਮਾਂ ਤੇਰੀ 
ਤੈਨੂੰ ਵਾਰ ਵਾਰ ਗਲ ਲਾਵੇ
ਪਿਓ ਤੇਰਾ ਵੀ ਅੱਖੀਓਂ ਹੰਝੂ ਪੂੰਝੇ
ਦਿਲ ਆਪਣੇ ਨੂੰ ਸਮਝਾਵੇ
ਲੜ ਲਾ ਕੇ ਮੇਰੇ ਹੋ ਗਏ ਬੇਫਿਕਰੇ
ਮੈਂ ਲਿਆ ਸੀ ਤੈਨੂੰ ਸੰਭਾਲ
ਮੈਨੂੰ ਅੱਜ ਵੀ ਚੇਤੇ
ਅੱਜ ਵੀ ਚੇਤੇ, ਘਰ ਤੇਰੇ ਦਾ ਉਹ ਨੀ ਹਾਲ

ਘਰ ਆਪਣੇ ਤੈਨੂੰ ਲਿਆਇਆ ਨੀ ਮੈਂ
ਡੋਲੀ ਵਿੱਚ ਬਿਠਾ ਕੇ
ਮਾਂ ਮੇਰੀ ਨੇ ਸਵਾਗਤ ਕੀਤਾ
ਪੱਲੇ ਤੇਰੇ ਲੱਡੂ-ਪਤਾਸੇ ਪਾ ਕੇ
ਖੁਸ਼ੀ 'ਚ ਖੀਵੀ ਹੁੰਦੀ ਮਾਂ ਮੇਰੀ
ਪੀਂਦੀ ਸਿਰ ਤੋਂ ਪਾਣੀ ਵਾਰ
ਮੈਨੂੰ ਅੱਜ ਵੀ ਚੇਤੇ
ਅੱਜ ਵੀ ਚੇਤੇ, ਘਰ ਤੇਰੇ ਦਾ ਉਹ ਨੀ ਹਾਲ

ਵੀਰਾ-ਭਾਬੀ ਮੇਰੇ ਵੀ ਨੇ ਖੁਸ਼ੀ 'ਚ ਦੂਰੇ ਹੋਏ
ਚਾਅ ਮੇਰੇ ਅਰਮਾਨਾਂ ਦੇ ਅੱਜ ਦੇ ਦਿਨ ਪੂਰੇ ਹੋਏ
ਫੋਟੋਆਂ ਖਿੱਚਵਾ ਕੇ ਰੱਜੀਆਂ ਨਹੀਂ ਸੀ ਭੈਣਾਂ
'ਜਗਤਾਰ' ਸ਼ਬਦਾਂ ਰਾਹੀਂ ਲਿਖੇ ਖਿਆਲ
ਮੈਨੂੰ ਅੱਜ ਵੀ ਚੇਤੇ
ਅੱਜ ਵੀ ਚੇਤੇ, ਘਰ ਤੇਰੇ ਦਾ ਉਹ ਨੀ ਹਾਲ
 ਜਗਤਾਰ ਰਾਏਪੁਰੀਆ

Have something to say? Post your comment