Article

'ਯਾਰਾ ਵੇ' ਦੋਸਤੀ ਦੀ ਖੂਬਸੂਰਤ ਕਹਾਣੀ : ਨਿਰਦੇਸ਼ਕ ਰਾਕੇਸ਼ ਮਹਿਤਾ

February 04, 2019 09:55 PM

 ਸਾਡੇ ਫ਼ਿਲਮਸਾਜ਼

'ਯਾਰਾ ਵੇ' ਦੋਸਤੀ ਦੀ ਖੂਬਸੂਰਤ ਕਹਾਣੀ : ਨਿਰਦੇਸ਼ਕ ਰਾਕੇਸ਼ ਮਹਿਤਾ
ਕਿਸੇ ਵੇਲੇ ਆਪਣੀਆਂ ਲਘੂ ਫ਼ਿਲਮਾਂ 'ਖ਼ੁਦਾਕਸ਼ੀ' ਅਤੇ 'ਡਰਪੋਕ' ਨੂੰ ਲੈ ਕੇ ਕੌਮਾਂਤਰੀ ਪੱਧਰ 'ਤੇ ਚਰਚਾ 'ਚ ਰਿਹਾ ਨਿਰਦੇਸ਼ਕ ਰਾਕੇਸ਼ ਮਹਿਤਾ ਹੁਣ ਪੰਜਾਬੀ ਫ਼ਿਲਮ ਇੰਡਸਟਰੀ 'ਚ ਸਰਗਰਮ ਹੈ। ਅਦਾਕਾਰ ਹਰੀਸ਼ ਵਰਮਾ ਤੇ ਗੁਲਸ਼ਨ ਗਰੋਵਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਵਾਪਸੀ' ਨਾਲ ਪੰਜਾਬੀ ਸਿਨੇਮੇ ਦਾ ਹਿੱਸਾ ਬਣੇ ਰਾਕੇਸ਼ ਦੀ ਹਾਲਹਿ 'ਚ ਪੰਜਾਬੀ ਫ਼ਿਲਮ 'ਰੰਗ ਪੰਜਾਬ' ਵੀ ਰਿਲੀਜ਼ ਹੋਈ ਹੈ। ਗੈਂਗਸਟਰ ਅਤੇ ਪੁਲਿਸ ਤੰਤਰ ਦੁਆਲੇ ਘੁੰਮਦੀ ਇਹ ਫ਼ਿਲਮ ਨੂੰ ਦਰਸ਼ਕਾਂ ਦਾ ਰਲਵਾ ਮਿਲਵਾਂ ਹੁੰਗਾਰਾ ਮਿਲਿਆ। ਉਸ ਦੀਆਂ ਇਹ ਦੋਵੇਂ ਫ਼ਿਲਮਾਂ ਵਿਸ਼ਾ ਤੇ ਤਕਨੀਕ ਪੱਖ ਤੋਂ ਇਕ ਦੂਜੇ ਤੋਂ ਵਿਪਰੀਤ ਸਨ। ਹੁਣ ਉਸ ਦੀ ਤੀਜੀ ਫ਼ਿਲਮ ਇਨਾਂ ਦੋਵਾਂ ਫ਼ਿਲਮਾਂ ਤੋਂ ਹਰ ਪੱਖ ਤੋਂ ਵੱਖਰੇ ਕਿਸਮ ਦੀ ਫ਼ਿਲਮ ਹੈ। ਉਹ ਅੱਜ ਕੱਲ ਆਪਣੀ ਇਸ ਫ਼ਿਲਮ 'ਯਾਰਾ ਵੇ' ਦੇ ਆਖਰੀ ਪੜਾਅ ਯਾਨੀ ਪੋਸਟ ਪ੍ਰੋਡਕਸ਼ਨ 'ਚ ਰੁੱਝਿਆ ਹੋਇਆ ਹੈ। ਉਹ ਪੂਰੇ ਆਤਮ ਵਿਸ਼ਵਾਸ ਨਾਲ ਕਹਿੰਦਾ ਹੈ ਕਿ ਉਸਦੀ ਇਹ ਫ਼ਿਲਮ ਹਰ ਪੰਜਾਬੀ ਦਰਸ਼ਕ ਦੇ ਦਿਲ 'ਚ ਲਹਿ ਜਾਣ ਦੀ ਹਿੰਮਤ ਰੱਖਦੀ ਹੈ। ਇਸ ਫ਼ਿਲਮ ਨੂੰ ਉਸ ਨੇ ਸਿਰਫ ਨਿਰਦੇਸ਼ਤ ਹੀ ਨਹੀਂ ਕੀਤਾ ਬਲਕਿ ਇਸ ਦੀ ਕਹਾਣੀ ਵੀ ਉਸੇ ਦੀ ਲਿਖੀ ਹੋਈ ਹੈ। 


  ਲੰਮਾ ਸਮਾਂ ਜਰਮਨ 'ਚ ਰਿਹਾ ਰਾਕੇਸ਼ ਮਹਿਤਾ ਮੂਲ ਰੂਪ 'ਚ ਅੰਮ੍ਰਿਤਸਰ ਦਾ ਨਿਵਾਸੀ ਹੈ। ਉਸਦਾ ਪਰਿਵਾਰ ਚਾਰ ਕੁ ਦਹਾਕੇ ਪਹਿਲਾਂ ਦਿੱਲੀ ਜਾ ਵੱਸਿਆ ਸੀ। ਇਥੋਂ ਹੀ ਉਹ ਮੁੰਬਈ ਗਿਆ ਸੀ। ਉਸ ਮੁਤਾਬਕ ਪੰਜਾਬ ਅਤੇ ਪੰਜਾਬੀ ਭਾਸ਼ਾ ਨੇ ਹਮੇਸ਼ਾ ਹੀ ਉਸ ਨੂੰ ਪ੍ਰਭਾਵਤ ਕੀਤਾ ਹੈ। ਉਸਦਾ ਝੁਕਾਅ ਅਕਸਰ ਪੰਜਾਬੀ ਸਿਨੇਮੇ ਵੱਲ ਹੀ ਰਿਹਾ ਹੈ। ਇਹੀ ਕਾਰਨ ਹੈ ਕਿ ਉਸ ਦੀ ਹਿੰਦੀ ਲਘੂ ਫ਼ਿਲਮ 'ਡਰਪੋਕ' ਦੀ ਕਹਾਣੀ ਅਤੇ ਪਿੱਠਭੂਮੀ ਪੰਜਾਬੀ ਸੀ। ਇਸ 'ਚ ਜ਼ਿਆਦਾਤਰ ਕਲਾਕਾਰ ਵੀ ਪੰਜਾਬੀ ਹੀ ਸਨ। ਉਸ ਸਮੇਂ ਪੰਜਾਬੀ ਸਿਨੇਮੇ ਉਸ ਮੁਕਾਮ 'ਤੇ ਨਹੀਂ ਸੀ, ਜਿਥੇ ਅੱਜ ਹੈ। ਰਾਕੇਸ਼ ਮੁਤਾਬਕ ਪੰਜਾਬੀ ਸਿਨੇਮੇ ਦੇ ਬਦਲੇ ਚਿਹਰੇ ਮੋਹਰੇ ਨੇ ਹੋਰਾਂ ਨਿਰਮਾਤਾ, ਨਿਰਦੇਸ਼ਕਾਂ ਵਾਂਗ ਉਸ ਨੂੰ ਵੀ ਪੰਜਾਬੀ ਇੰਡਸਟਰੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਕਾਮੇਡੀ ਤੇ ਰੁਮਾਂਟਿਕ ਫ਼ਿਲਮਾਂ ਦੇ ਦੌਰ 'ਚ ਉਸ ਦੀ ਪਹਿਲੀ ਫ਼ਿਲਮ 'ਵਾਪਸੀ' ਪੰਜਾਬ ਦੇ ਕਾਲੇ ਦੌਰ 'ਤੇ ਅਧਾਰਿਤ ਸੀ, ਜਿਸ ਨੂੰ ਹਰ ਪੱਖ ਤੋਂ ਤਸੱਲੀਬਖ਼ਸ਼ ਹੁੰਗਾਰਾ ਮਿਲਿਆ ਸੀ। ਉਸ ਦੀ ਦੂਜੀ ਫ਼ਿਲਮ ਵੀ 'ਰੰਗ ਪੰਜਾਬ' ਵੀ ਆਮ ਫ਼ਿਲਮਾਂ ਨਾਲੋਂ ਹਟਵੀਂ ਸੀ। ਇਹ ਫ਼ਿਲਮ ਪੰਜਾਬ 'ਚ ਸਿਆਸਤ ਅਤੇ ਪੁਲਿਸ ਤੰਤਰ ਦੀ ਮਿਲੀਭੁਗਤ 'ਤੇ ਕਟਾਕਸ਼ ਕਰਦੀ ਗੈਂਗਸਟਰ ਤੇ ਪੁਲਿਸ ਤੰਤਰ 'ਤੇ ਕੇਂਦਰਿਤ ਸੀ। ਪੰਜਾਬੀ ਫ਼ਿਲਮਾਂ 'ਚ ਭਾਵੇਂ ਅਜੇ ਵੀ ਕਾਮੇਡੀ, ਵਿਆਹਾਂ ਅਤੇ ਇਸ ਕਿਸਮ ਦੀਆਂ ਹੋਰ ਫ਼ਿਲਮਾਂ ਦਾ ਬੋਲਬਾਲਾ ਹੈ, ਪਰ ਉਸ ਨੇ ਇਸ ਰੁਝਾਨ ਦਾ ਹਿੱਸਾ ਬਣਨ ਦੀ ਥਾਂ ਮੁੜ ਤੋਂ ਆਪਣੀ ਫ਼ਿਲਮ ਲਈ ਇਕ ਵੱਖਰਾ ਤੇ ਯਥਾਰਥ ਨਾਲ ਜੁੜਿਆ ਵਿਸ਼ਾ ਚੁਣਿਆ ਹੈ। ਉਸ ਦੀ ਹੀ ਲਿਖੀ ਕਹਾਣੀ 'ਤੇ ਅਧਾਰਿਤ ਉਸ ਦੀ ਫ਼ਿਲਮ 'ਯਾਰਾ ਵੇ' ਹਿੰਦੋਸਤਾਨ ਦੀ ਵੰਡ ਤੋਂ ਪਹਿਲਾਂ ਦੀ ਕਹਾਣੀ ਹੈ।

 

ਦਰਅਸਲ ਇਹ ਫ਼ਿਲਮ ਰਿਸ਼ਤਿਆਂ, ਜਜ਼ਬਾਤਾਂ ਅਤੇ ਵੰਡ ਦੇ ਪ੍ਰਭਾਵ ਦੀ ਕਹਾਣੀ ਹੈ, ਜਿਸ ਨੂੰ ਤਿੰਨ ਦੋਸਤਾਂ ਬੂਟਾ, ਕ੍ਰਿਸ਼ਨ ਅਤੇ ਨਿਜ਼ਾਮਤ ਦੇ ਕਿਰਦਾਰਾਂ ਜ਼ਰੀਏ ਕਿਹਾ ਗਿਆ ਹੈ। ਇਹ ਕਿਰਦਾਰ ਯੁਵਰਾਜ ਹੰਸ, ਗਗਨ ਕੋਕਰੀ ਤੇ ਰਘਬੀਰ ਬੋਲੀ ਦੇ ਅਦਾ ਕੀਤੇ ਹਨ। ਰਾਕੇਸ਼ ਮਹਿਤਾ ਮੁਤਾਬਕ ਉਸਦੀ ਇਹ ਫ਼ਿਲਮ ਪੀਰੀਅਡ ਡਰਾਮਾ ਹੈ। ਫ਼ਿਲਮ 'ਚ ਰਿਸ਼ਤਿਆਂ ਦੇ ਮਾਇਨੇ ਬੇਹੱਦ ਬਰੀਕੀ ਨਾਲ ਬਿਆਨ ਕੀਤੇ ਗਏ ਹਨ। 19 ਅਪ੍ਰੈਲ ਨੂੰ ਪਰਦਾਪੇਸ਼ ਹੋਣੀ ਵਾਲੀ ਉਸ ਦੀ ਇਹ ਫ਼ਿਲਮ ਜਜ਼ਬਾਤਾਂ ਅਤੇ ਮੋਹ ਦੀਆਂ ਤੰਦਾਂ ਦੀ ਫ਼ਿਲਮ ਹੈ, ਜਿਸ ਦੀ ਕਹਾਣੀ ਦਰਸ਼ਕਾਂ ਨੂੰ ਝੰਜੋੜ ਦੇਵੇਗੀ। 


ਰਾਕੇਸ਼ ਮਹਿਤਾ ਮੁਤਾਬਕ ਪੰਜਾਬੀ ਸਿਨੇਮੇ ਦਾ ਕੱਦ ਹੋਰ ਉੱਚਾ ਚੁੱਕਣ ਲਈ ਇਸ ਨੂੰ ਵਿਸ਼ਾ ਪੱਖ, ਤਕਨੀਕ ਤੇ ਕਲਾਕਾਰ ਪੱਖ ਤੋਂ ਨਵਾਂਪਣ ਦੇਣਾ ਪਵੇਗਾ। ਪੰਜਾਬੀ ਸੱਭਿਆਚਾਰ ਅਤੇ ਇਸ ਨਾਲ ਜੁੜੀਆਂ ਕਿੱਸੇ, ਕਹਾਣੀਆਂ ਦੀ ਅਮੀਰੀ ਪੰਜਾਬੀ ਸਿਨੇਮੇ ਦਾ ਮੁਹਾਂਦਰਾ ਸੰਵਾਰ ਸਕਦੀ ਹੈ। ਉਸ ਨੇ ਹਮੇਸ਼ਾ ਇਸ ਪਾਸੇ ਪਹਿਲਕਦਮੀ ਦਿਖਾਈ ਹੈ। ਉਸਦੀਆਂ ਫ਼ਿਲਮਾਂ ਇਸ ਗੱਲ ਦੀ ਗਵਾਹ ਹਨ। ਬੇਸ਼ੱਕ ਕਾਮੇਡੀ ਫ਼ਿਲਮਾਂ ਦਾ ਮਹੱਤਵਪੂਰਨ ਅੰਗ ਹਨ, ਪਰ ਇਸ ਦੇ ਨਾਲ ਨਾਲ ਸੰਜੀਦਗੀ ਅਤੇ ਸਮਾਜ ਨਾਲ ਜੁੜੀਆਂ ਕਹਾਣੀਆਂ ਵੀ ਸਿਨੇਮੇ ਦੀ ਅਹਿਮ ਲੋੜ ਹਨ। ਬੇਸ਼ੱਕ ਅਜਿਹੀਆਂ ਫ਼ਿਲਮਾਂ ਬਣਾਉਣਾ ਆਮ ਫ਼ਿਲਮਾਂ ਨਾਲੋਂ ਮੁਸ਼ਕਲ ਕਾਰਜ ਹੈ, ਪਰ ਜੇ ਅਜਿਹੀਆਂ ਫ਼ਿਲਮਾਂ ਦਰਸ਼ਕਾਂ ਦੇ ਦਿਲ ਨੂੰ ਲੱਗ ਜਾਣ ਤੋਂ ਸਭ ਕਾਰਜ ਰਾਸ ਆ ਜਾਂਦੇ ਹਨ। ਉਹ ਭਵਿੱਖ 'ਚ ਵੀ ਅਜਿਹੇ ਵਿਸ਼ਿਆਂ 'ਤੇ ਹੀ ਫ਼ਿਲਮਾਂ ਬਣਾਵੇਗਾ। ਪੰਜਾਬੀ ਸਿਨੇਮੇ ਹੁਣ ਕੌਮਾਂਤਰੀ ਪੱਧਰ 'ਤੇ ਬਾਹਾਂ ਫੈਲਾਉਣ ਲਈ ਅਗੜਾਂਈ ਲੈ ਰਿਹਾ ਹੈ। ਉਸ ਸਮੇਤ ਬਹੁਤੇ ਫ਼ਿਲਮ ਨਿਰਦੇਸ਼ਕ ਅਜਿਹੇ ਵਿਸ਼ੇ ਲੱਭ ਰਹੇ ਹਨ, ਜੋ ਇਸ ਨੂੰ ਮਹਿਜ਼ ਪੰਜਾਬੀ ਦਰਸ਼ਕਾਂ ਤੱਕ ਹੀ ਨਾ ਮਹਿਦੂਦ ਰੱਖਣ। 
ਸਪਨ ਮਨਚੰਦਾ

Have something to say? Post your comment