Article

ਪੰਜਾਬੀ ਫਿਲਮਾਂ ਦਾ ਕੋਹਿਨੂਰ ਹੀਰਾ ਏ ਕਮੇਡੀਅਨ ਸ਼ਮਸ਼ੇਰ ਸਿੰਘ ਮੱਲ੍ਹੀ ---- ਛਿੰਦਾ ਧਾਲੀਵਾਲ ਕੁਰਾਈ ਵਾਲਾ

February 06, 2019 09:10 PM
ਪੰਜਾਬੀ ਫਿਲਮਾਂ ਦਾ ਕੋਹਿਨੂਰ ਹੀਰਾ ਏ ਕਮੇਡੀਅਨ ਸ਼ਮਸ਼ੇਰ ਸਿੰਘ ਮੱਲ੍ਹੀ ---- ਛਿੰਦਾ ਧਾਲੀਵਾਲ ਕੁਰਾਈ ਵਾਲਾ
              ਪੰਜਾਬੀ ਫਿਲਮਾਂ ਦੇ ਵਿੱਚ ਕਮੇਡੀਅਨ ਦਾ ਅਹਿਮ ਸਥਾਨ ਹੁੰਦਾ ਏ, ਪੰਜਾਬੀ ਫਿਲਮਾਂ ਵਿੱਚ ਬਹੁਤ ਸਾਰੇ ਕਮੇਡੀ ਕਲਾਕਾਰ ਅਜਿਹੇ ਹੁੰਦੇ ਹਨ ਜੋ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ ਅਤੇ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ, ਅਜਿਹਾ ਹੀ ਇਕ ਕਲਾਕਾਰ ਏ ਜਿਸ ਨੇ ਦਰਜਨਾਂ ਪੰਜਾਬੀ ਫਿਲਮਾਂ ਵਿੱਚ ਕੰਮ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਅਤੇ ਲੋਕਾਂ ਦਾ ਹਰਮਨ ਪਿਆਰਾ ਕਲਾਕਾਰ ਬਣ ਗਿਆ ਉਸ ਕਮੇਡੀਅਨ ਦਾ ਨਾਮ ਏ ਸ਼ਮਸ਼ੇਰ ਸਿੰਘ ਮੱਲ੍ਹੀ, ਬਹੁਤ ਥੋੜੇ ਸਮੇਂ ਵਿੱਚ ਆਪਣੀ ਸਖ਼ਤ ਮਿਹਨਤ ਨਾਲ ਸ਼ਮਸ਼ੇਰ ਸਿੰਘ ਮੱਲ੍ਹੀ ਪੰਜਾਬੀਆਂ ਦਾ ਹਰਮਨ ਪਿਆਰਾ ਅਦਾਕਾਰ ਬਣ ਗਿਆ। ਸ਼ਮਸ਼ੇਰ ਸਿੰਘ ਮੱਲ੍ਹੀ ਦਾ ਜਨਮ ਮਾਤਾ ਕਪੂਰ ਕੌਰ ਦੀ ਕੁੱਖੋਂ ਪਿਤਾ ਸ੍ਰੀ ਮੂਲ ਚੰਦ ਦੇ ਘਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਫੂਲ ਵਿਖੇ ਹੋਇਆ ਜਿਸ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਹਾਈ ਸਕੂਲ ਵਿਚੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਸਖ਼ਤ ਮਿਹਨਤ ਕਰਕੇ ਆਪਣੀ ਵਰਕਸ਼ਾਪ ਬਣਾਈ, ਵਰਕਸ਼ਾਪ ਤੇ ਆਪਣੀ ਕਿਰਤ ਕਰਦਿਆਂ ਆਪਣੇ ਕਮੇਡੀ ਕਰਨ ਦੇ ਸ਼ੌਕ ਨੂੰ ਸੁਪਨਿਆਂ ਵਿੱਚ ਸਜਾਈ ਰੱਖਿਆ ।
            ਸ਼ਮਸ਼ੇਰ ਸਿੰਘ ਮੱਲ੍ਹੀ ਨੇ ਟੈਲੀ ਫ਼ਿਲਮਾਂ ਰਾਹੀਂ ਫ਼ਿਲਮੀ ਦੁਨੀਆ ਵਿੱਚ ਪੈਰ ਰੱਖਿਆ, ਫ਼ਿਰ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ, ਉਹਨਾਂ ਨੇ ਟੈਲੀ ਫ਼ਿਲਮਾਂ ਜਿਨ੍ਹਾਂ ਵਿਚ ਯਾਦਗਾਰੀ ਰੋਲ ਕੀਤੇ ਉਹਨਾਂ ਵਿਚੋਂ ਪ੍ਰਮੁੱਖ ਹਨ ਸ਼ੇਰ ਦਿਲ ਮਾਪੇ, ਖੁਦਕੁਸ਼ੀ ਤੋਂ ਬਾਅਦ , ਅੰਨਦਾਤਾ , ਮੈਸਜ਼ , ਭੁੱਖ , ਨਿਕੰਮੇ ਪੁੱਤ , ਡਰਾਮਾ 420, ਡਰਾਮਾ 421, ਨਾਨਕ ਸ਼ੱਕ , ਸਰਪੰਚ , ਪੰਗੇ ਲਾਲੇ ਦੇ , ਬਾਪੂ ਵਾਲੀ ਬੈਠਕ , ਇਸ ਤੋਂ ਪੰਜਾਬੀ ਫੀਚਰ ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿਚ ਬਲੈਕੀਆਂ , ਸ਼ਾਕ , ਵਿੱਚ ਯਾਦਗਾਰੀ ਰੋਲ ਕਰ ਚੁੱਕੇ ਹਨ , ਟੀਵੀ ਸੀਰੀਅਲ ਚਿਠੀਆਂ ਵਿੱਚ ਬਹੁਤ ਖੂਬਸੂਰਤ ਰੋਲ਼ ਕੀਤਾ ਜੋ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ, ਇਸ ਤੋਂ ਇਲਾਵਾ ਅਕਸਰ ਪਟਿਆਲਾ ਰੇਡੀਓ ਅਤੇ ਚੰਨ ਪ੍ਰਦੇਸੀ ਰੇਡੀਓ ਤੋਂ ਲਾਈਵ ਮੁਲਾਕਾਤ ਦਿਖਾਈ ਜਾਂਦੀ ਹੈ, 
       ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਕਮੇਡੀਅਨ ਸ਼ਮਸ਼ੇਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਉਹ ਹਮੇਸ਼ਾ ਪੰਜਾਬੀਆਂ ਦਾ ਮਨੋਰੰਜਨ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇਗਾ, ਕਦੇ ਵੀ ਅਜਿਹੇ ਰੋਲ਼ ਨਹੀਂ ਕਰਾਂਗਾ ਜਿਸ ਨਾਲ਼ ਪੰਜਾਬੀ ਮਾਂ ਬੋਲੀ ਨੂੰ ਅਤੇ ਪੰਜਾਬੀਆਂ ਨੂੰ ਠੇਸ ਲੱਗੇ, ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਕਮੇਡੀ ਫ਼ਿਲਮਾਂ ਪੰਜਾਬੀਆਂ ਦੀ ਝੋਲੀ ਵਿੱਚ ਪਾਈਆ ਜਾਣਗੀਆਂ ਜੋ ਮਨੋਰੰਜਨ ਦੇ ਨਾਲ ਨਾਲ ਸਮਾਜ ਨੂੰ ਸੇਧ ਦੇਣ ਵਾਲੀਆਂ ਹੋਣਗੀਆਂ, ਪਰਮਾਤਮਾ ਇਸ ਅਦਾਕਾਰ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ।
Have something to say? Post your comment