Article

ਬੇਰੁਜ਼ਗਾਰਾਂ ਨੂੰ ਕਦੋਂ ਮਿਲੂ ਰੁਜ਼ਗਾਰ

February 06, 2019 09:30 PM
ਬੇਰੁਜ਼ਗਾਰਾਂ ਨੂੰ ਕਦੋਂ ਮਿਲੂ ਰੁਜ਼ਗਾਰ
ਸਮੇਂ ਦੀਆਂ ਸਰਕਾਰਾਂ ਲੈਣ ਬੇਰੁਜ਼ਗਾਰਾਂ ਦੀ ਸਾਰ
-ਬੇਰੁਜ਼ਗਾਰੀ ਬੇਹੱਦ ਗੰਭੀਰ ਸਮੱਸਿਆ-
 

-ਸਾਡਾ ਸਮਾਜ ਜਿਸ ਵਿੱਚ ਅਨੇਕਾਂ ਹੀ ਸਮੱਸਿਆਵਾਂ-ਮੁਸ਼ਕਿਲਾਂ ਹਨ ਅਤੇ ਹਰ ਸਮੱਸਿਆ ਮਨੁੱਖੀ ਜਨ-ਜੀਵਨ ਨੂੰ ਨੁਕਸਾਨ ਹੀ ਪਹੁੰਚਾਉਂਦੀ ਹੈ।ਅਜੋਕੇ ਸਮੇਂ ਵਿੱਚ ਕੁੱਝ ਕੁ ਸਮੱਸਿਆਵਾਂ ਅਜਿਹੀਆਂ ਨੇ ਜੋ ਵਿਕਰਾਲ ਰੂਪ ਧਾਰਨ ਕਰ ਸਾਡੇ ਸਮਾਜ ਨੂੰ ਘੁਣ ਵਾਂਗ ਲੱਗ ਚੁੱਕੀਆਂ ਹਨ ਤੇ ਦਿਨੋ-ਦਿਨ ਜੰਗਲ ਦੀ ਅੱਗ ਵਾਂਗ ਫੈਲਦੀਆਂ ਜਾ ਰਹੀਆਂ ਹਨ ਜੋ ਸਾਡੇ ਸਮਾਜ ਦੇ ਹਰ ਵਰਗ ਵਧੇਰੇ ਕਰਕੇ ਨੌਜਵਾਨ ਵਰਗ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ।ਸੋ ਅਨੇਕਾਂ ਸਮੱਸਿਆਵਾਂ-ਮੁਸ਼ਕਿਲਾਂ ਵਿੱਚੋਂ ਜੋ ਬੇਹੱਦ ਗੰਭੀਰ ਸਮੱਸਿਆ  ਸਾਡੇ ਨੌਜਵਾਨ ਵਰਗ ਸਾਹਮਣੇ ਹੈ ਉਹ ਹੈ ਬੇਰੁਜ਼ਗਾਰੀ ਦੀ ਸਮੱਸਿਆ ਜੋ ਘਟਣ ਦੀ ਥਾਂ ਵੇਲ ਵਾਂਗ ਵੱਧਦੀ ਜਾ ਰਹੀ ਹੈ।ਬੇਸ਼ੱਕ ਸਾਡੀਆਂਂ ਸਰਕਾਰਾਂ ਵੱਡੇ-ਵੱਡੇ ਦਾਅਵਿਆਂ ਰਾਹੀਂ ਬੇੇੇੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਦੇ ਵਾਅਦੇ ਕਰਦਿਆਂ ਨੇ ਪਰ ਦਾਅਵੇ-ਵਾਅਦੇ ਸ਼ਾਇਦ ਦਾਅਵੇ-ਵਾਅਦਿਆਂ ਤੱਕ ਹੀ ਸਿਮਟ ਜਾਂਦੇ ਨੇ।ਅੱਜ ਸਾਡੇ ਚਾਰੇ ਪਾਸੇ ਬੇਰੁਜ਼ਗਾਰ ਮੁੰਡੇ-ਕੁੜੀਆਂ ਆਮ ਵੇਖਣ ਨੂੰ ਮਿਲਦੇ ਹਨ ਅਤੇ ਅਨਪੜ੍ਹਾਂ ਨਾਲੋਂ ਵਧੇਰੇ ਚੰਗੇ ਪੜ੍ਹੇ ਲਿਖੇ ਨੌਜਵਾਨ ਰੁਜ਼ਗਾਰ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।ਮਾਂ-ਬਾਪ ਬਚਪਨ ਤੋਂ ਲੈ ਕੇ ਜਵਾਨੀ ਤੱਕ ਆਪਣੇ ਬੱਚਿਆਂ ਨੂੰ ਉੱਚੀ ਤਾਲੀਮ ਹਾਸਲ ਕਰਾਉਣ ਲਈ ਮਿਹਨਤ ਮਜ਼ਦੂਰੀ ਕਰਕੇ ਉਨ੍ਹਾਂ ਨੂੰ ਪੜ੍ਹਾਉਂਦੇ-ਲਿਖਾਉਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਪੜ੍ਹ-ਲਿਖ ਕੇ ਚੰਗੇ ਅਹੁਦਿਆਂ ਤੇ ਲੱਗਿਆ ਹੋਇਆ ਦੇਖਣ ਦੇ ਸੁਪਨੇ ਦੇਖਦੇ ਹਨ ਪਰ ਇਸ ਬੇਰੁਜ਼ਗਾਰੀ ਨੂੰ ਦੇਖਦੇ ਹੋਏ ਜਦੋਂ ਕੋਈ ਵੀ ਰੁਜ਼ਗਾਰ ਨਹੀਂ ਮਿਲਦਾ ਤਾਂ ਮਾਪਿਆਂ ਤੇ ਬੱਚਿਆਂ ਨੂੰ ਇੰਝ ਜਾਪਦਾ ਹੈ ਕਿ ਜਿਵੇਂ ਉਨ੍ਹਾਂ ਦੀਆਂ ਸਾਰੀਆਂ ਆਸਾਂ ਮਿੱਟੀ ਵਿੱਚ ਰੁਲ ਗਈਆਂ ਹੋਣ।ਜਦੋਂ ਵੀ ਕਿਤੇ ਕੋਈ ਭਰਤੀ ਜਾਂ ਅਸਾਮੀਆਂ ਖੁੱਲ੍ਹਦੀਆਂ ਹਨ ਤਾਂ ਲੱਖਾਂ ਦੀ ਤਾਦਾਦ ਵਿੱਚ ਪਹੁੰਚੇ ਬੇਰੁਜ਼ਗਾਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਸਮਾਜ ਵਿੱਚ ਬੇਰੁਜ਼ਗਾਰੀ ਕਿਸ ਹੱਦ ਤੱਕ ਵੱਧ ਚੁੱਕੀ ਹੈ।ਸਾਡੀਆਂ ਸਰਕਾਰਾਂ ਜੋ ਬੇਰੁਜ਼ਗਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਕੀ ਉਹ ਬੇਰੁਜ਼ਗਾਰੀ ਨੂੰ ਜੜ੍ਹ ਤੋਂ ਖਤਮ ਕਰ ਸਕਣਗੇ ? ਕਿਉਂਕਿ ਸਕੂਲਾਂ-ਕਾਲਜਾਂ ਵਿੱਚੋਂ ਮਹਿੰਗੇ ਮੁੱਲ ਦੇ ਕੋਰਸ ਕਰਕੇ ਡਿਗਰੀਆਂ ਪ੍ਰਾਪਤ ਕਰ ਅਨੇਕਾਂ ਨੌਜਵਾਨ ਮੁੰਡੇ-ਕੁੜੀਆਂ ਹਰ ਸਾਲ ਰੁਜ਼ਗਾਰ ਪ੍ਰਾਪਤੀ ਲਈ ਆ ਰਹੇ ਹਨ ਪਰ ਜਦੋਂ ਉਨ੍ਹਾਂ ਨੂੰ ਵੱਡੇ-ਵੱਡੇ ਕੋਰਸ ਕਰਨ ਉਪਰੰਤ ਵੀ ਰੁਜ਼ਗਾਰ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਬੇਰੁਜ਼ਗਾਰਾਂ ਦੀ ਸੂਚੀ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਆਪਣਾ ਮਾਨਸਿਕ ਸੰਤੁਲਨ ਖੋ ਬੈਠਦੇ ਹਨ ਤੇ ਨਸ਼ਿਆਂ ਆਦਿ ਦਾ ਸਹਾਰਾ ਲੈ ਕੇ ਆਪਣੀ ਅਨਮੋਲ ਜਵਾਨੀ ਨੂੰ ਬਰਬਾਦ ਕਰ ਦਿੰਦੇ ਹਨ।ਸਰਕਾਰਾਂ ਵੱਲੋਂ ਬੇਰੁਜ਼ਗਾਰਾਂ ਲਈ ਕੀਤੇ ਗਏ ਦਾਅਵੇ ਉਸ ਸਮੇਂ ਖੋਖਲੇ ਦਿਖਾਈ ਦਿੰਦੇ ਹਨ ਜਦੋਂ ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿੱਚ ਨੌਜਵਾਨ ਵਰਗ ਨੂੰ ਚੋਰੀਆਂ-ਠੱਗੀਆਂ ਤੇ ਕਈ ਪ੍ਰਕਾਰ ਦੇ ਹੋਰ ਗਲਤ ਕੰਮ ਜਿਨ੍ਹਾਂ ਨੂੰ ਸਮਾਜ ਭੈੜੀ ਨਜ਼ਰਾਂ ਨਾਲ ਦੇਖਦਾ ਹੈ ਦਾ ਸਹਾਰਾ ਲੈਣਾ ਪੈਂਦਾ ਹੈ।ਕਈ ਵਾਰ ਜਦੋਂ ਬੇਰੁਜ਼ਗਾਰ ਮੁੰਡੇ-ਕੁੜੀਆਂ ਰੁਜ਼ਗਾਰ ਪ੍ਰਾਪਤੀ ਲਈ ਰੋਸ-ਰੈਲੀਆਂ,ਧਰਨਿਆਂ ਜਾਂ ਮੁਜ਼ਾਹਰਿਆਂ ਦਾ ਸਹਾਰਾ ਲੈਂਦੇ ਹਨ ਤਾਂ ਉਹਨਾਂ ਨੂੰ ਪੁਲਿਸ ਦੀਆਂ ਡਾਂਗਾਂ ਖਾਣੀਆਂ ਪੈਂਦੀਆਂ ਨੇ ਅਤੇੇ ਕਈ ਵਾਰ ਕੋਈ ਉੱਚ ਕੋਟੀ ਦਾ ਲੀਡਰ ਇਨ੍ਹਾਂ ਧਰਨਿਆਂ-ਮੁਜ਼ਾਹਰਿਆਂ ਵਿੱਚ ਪਹੁੰਚ ਕੇ ਲੁਭਾਉਣੇ ਲਾਰਿਆਂ ਰਾਹੀਂ ਧਰਨਿਆਂ-ਮੁਜ਼ਾਹਰਿਆਂ ਨੂੰ ਖਤਮ ਕਰਨ ਲਈ ਕਹਿੰਦਾ ਹੈ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਅਤੇ ਉਨ੍ਹਾਂ ਦੀਆਂ ਮੰਗਾਂ ਮਨਵਾਉਣ ਦਾ ਭਰੋਸਾ ਦੇ ਕੇ ਚਲਾ ਜਾਂਦਾ ਹੈ ਪਰ ਹੁੰਦਾ ਕੀ ਹੈ ਕੁੱਝ ਵੀ ਨਹੀਂ ! ਕਈ ਪਰਿਵਾਰਾਂ ਵਿੱਚ ਗਰੀਬੀ ਦੇ ਬਾਵਜੂਦ ਵੀ ਚੰਗੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਉਨ੍ਹਾਂ ਮੁਤਾਬਿਕ ਰੁਜ਼ਗਾਰ ਨਹੀਂ ਮਿਲਦਾ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਪੇਟ ਭਰਨ,ਪਾਲਣ-ਪੋਸ਼ਣ ਕਰਨ ਲਈ ਮਜਬੂਰੀ ਵੱਸ ਦਿਹਾੜੀਆਂ ਆਦਿ ਕਰਨੀਆਂ ਪੈਂਦੀਆਂ ਹਨ ਅਤੇ ਕਈ ਨੌਜਵਾਨ ਇਸ ਬੇਰੁਜ਼ਗਾਰੀ ਤੋਂ ਅੱਕ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲੈਂਦੇ ਹਨ।ਰੁਜ਼ਗਾਰ ਪ੍ਰਾਪਤ ਨਾ ਹੋਣ ਕਾਰਨ ਨੌਜਵਾਨ ਵਰਗ ਵਿੱਚ ਕਾਫ਼ੀ ਨਿਰਾਸ਼ਾ ਦੇਖੀ ਜਾ ਸਕਦੀ ਹੈ।ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਮੁੰਡੇ-ਕੁੜੀਆਂ ਸਰਕਾਰਾਂ ਦੇ ਲਾਰਿਆਂ ਅਤੇ ਖੋਖਲੇ ਦਾਅਵਿਆਂ ਤੋਂ ਤੰਗ ਆ ਕੇ ਰੁਜ਼ਗਾਰ ਦੀ ਭਾਲ ਚ ਧੜਾ-ਧੜ ਵਿਦੇਸ਼ਾਂ ਵੱਲ ਭੱਜ ਰਹੇ ਹਨ।ਬੇਰੁਜ਼ਗਾਰ ਮੁੰਡੇ-ਕੁੜੀਆਂ ਨਾਲ ਗੱਲ ਕਰੀਏ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਭਾਵੇਂ ਕੋਈ ਵੀ ਹੋਵੇ ਅਸੀਂ ਤਾਂ ਵੋਟਾਂ ਦੇਣੀਆਂ ਹਨ ਸੋ ਦੇ ਦਿੰਦੇ ਹਾਂ ਭਾਵੇਂ ਰੁਜ਼ਗਾਰ ਦੇਣ ਬਾਰੇ ਸਰਕਾਰ ਕੋਈ ਸੋਚੇ ਚਾਹੇ ਨਾ ਸੋਚੇ ? ਉਨ੍ਹਾਂ ਦਾ ਮੰਨਣਾ ਹੈ ਕਿ ਹਾਲੇ ਤੱਕ ਕੋਈ ਵੀ ਸਰਕਾਰ ਬੇਰੁਜ਼ਗਾਰੀ ਖਤਮ ਕਰਨ ਵਿੱਚ ਸਫ਼ਲ ਨਹੀਂ ਹੋਈ ਅਤੇ ਸ਼ਾਇਦ ਕੋਈ ਹੋਵੇ ਵੀ ਨਾ ਕਿਉਂਕਿ ਬੇਰੁਜ਼ਗਾਰੀ ਦੇ ਨਾਲ-ਨਾਲ ਹਰ ਸਾਲ ਬੇਰੁਜ਼ਗਾਰਾਂ ਦੀ ਗਿਣਤੀ ਲੱਖਾਂ ਦੀ ਤਾਦਾਦ ਵਿੱਚ ਵੱਧ ਰਹੀ ਹੈ ਅਤੇ ਰੁਜ਼ਗਾਰ ਦੇ ਸਾਧਨ ਘੱਟ ਰਹੇ ਹਨ ਅੱਜ ਦੀ ਨੌਜਵਾਨ ਪੀੜ੍ਹੀ ਜੋ ਬੇਰੁਜ਼ਗਾਰੀ ਦੇ ਆਲਮ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਬੇਰੁਜ਼ਗਾਰੀ ਦੀ ਸਮੱਸਿਆ ਦਾ ਛੇਤੀ ਤੋਂ ਛੇਤੀ ਕੋਈ ਸੰਭਵ ਹੱਲ ਕੱਢਿਆ ਜਾਵੇ ਅਤੇ ਇਸ  ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਖਤਮ ਕਰਨ ਲਈ ਨਵੇਂ ਰੁੁੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਤਾਂ ਜੋ ਬੇਰੁਜ਼ਗਾਰ ਨੌਜਵਾਨ ਵਰਗ ਆਪਣਾ ਭਵਿੱਖ ਸਵਾਂਰ ਸਕੇ।ਬਾਕੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਹੜੀ ਸਰਕਾਰ ਇਨ੍ਹਾਂ ਬੇਰੁਜ਼ਗਾਰ ਦਾ ਭਵਿੱਖ ਸਵਾਂਰਦੀ ਹੈ ਤੇ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਚ ਕਾਰਗਰ ਸਾਬਤ ਹੁੰਦੀ ਹੈ।

 
ਗੁਰਪ੍ਰੀਤ ਬੱਲ 
ਰਾਜਪੁਰਾ (ਪਟਿਆਲਾ)
Have something to say? Post your comment