Saturday, April 20, 2019
FOLLOW US ON

Article

ਕੁਲਦੀਪ ਇੱਕ ਗਰੀਬ ਪਰਿਵਾਰ ਚ ਜਨਮਿਆਂ ਮੁੰਡਾ ਸੀ। ਗਰੀਬੀ ਦੀ ਦਲਦਲ ਚ ਧੱਸਿਆ ਸਾਰਾ ਪਰਿਵਾਰ।

February 06, 2019 09:32 PM
 
ਕੱਚਾ ਜਿਹਾ ਘਰ ਮੀਂਹ ਦੇ ਹਟਣ ਤੋਂ ਬੜਾ ਸਮਾਂ ਪਿੱਛੋਂ ਵੀ ਚਾਓਂਦਾ ਰਹਿੰਦਾ ....।ਵਹਿੜੇ ਚ ਕਾਹਨਿਆਂ ਦਾ ਛੱਪਰ ਪਾਇਆ ਹੋਇਆ ਸੀ।ਜਿਸ ਦੇ ਹੇਠਾਂ ਇੱਕ ਬੈੜ੍ਹੀ ਤੇ ਬੱਛੜਾ ਬੰਨੇ ਹੁੰਦੇ ਸਨ।ਐਨੇ ਹਲਾਤ ਕਮਜੋਰ ਹੋਣ ਦੇ ਬਾਵਜੂਦ ਵੀ  ਚਲੋ ਕੁਲਦੀਪ ਖਿੱਚ ਧੂਹ ਨਾਲ ਬੀ.ਏ ਪਾਸ ਕਰ ਗਿਆ।ਘਰ ਦੀ ਆਰਥਿਕ ਤੰਗ ਕਰਕੇ ਅਗਲਾ ਰਾਹ ਕੁੱਝ ਔਖਾ ਜਿਹਾ ਵਿਖਾਈ ਦੇਣ ਲੱਗਾ।ਕੋਰਸਾਂ ਦੇ ਝੰਜਟ ਚ ਫਸਿਆ ਕੁਲਦੀਪ ਹਰ ਪਾਸੇ ਹੱਥ ਪੈਰ ਮਾਰੇ।ਬਾਪੂ ਨਾਲ ਵੀ ਕੰਮ ਕਾਰ ਚ ਹੱਥ ਵਟਾਓਂਣਾ,ਡੰਗਰ ਪਸੂ ਸੰਭਾਲਣੇ।
ਖੇਤੀ ਵਿੱਚੋਂ ਵੀ ਕੁੱਝ ਖਾਸ ਆਮਦਨ ਨਾ ਹੁੰਦੀ।ਘਰੇ ਦੋ ਭੈਣਾਂ ਮਹਿੰਗਾਈ ਤੇ ਬੇਰੁਜਗਾਰੀ ਵਾਂਗ  ਵਧਦੀਆਂ ਜਾਂਦੀਆ ਸੀ।ਆਰਥਿਕ ਤੰਗੀ ਦਿਨੋਂ ਦਿਨ ਸਿਖਰਾਂ ਤੇ ਸੀ।
ਕੁਲਦੀਪ ਨੂੰ ਕੋਈ ਰਾਹ ਨਾ ਦਿਸੇ ਕਿ ਕਰਾਂ ਤਾਂ ਕੀ ਕਰਾਂ...???
ਕਿਸੇ ਨੇ ਓਹਨੂੰ ਸਲਾਹ ਦਿੰਦਿਆਂ ਆਖਿਆ ਕਿ, "ਬੀ.ਐਡ ਕਰ ਲੈ,ਮਾਸਟਰੀ ਦਾ ਕੋਰਸ ਕਿਹਾ ਜਾਂਦਾ, ਪੜਾਈ ਵਿੱਚ ਤੂੰ ਹੁਸਿਆਰ ਆ ਪਾਸ ਹੋ ਜਾਵੇਂਗਾ।"
ਕੁਲਦੀਪ ਨੇ ਏਹ ਗੱਲ ਘਰੇ ਪਰਿਵਾਰ ਵਿੱਚ ਕੀਤੀ।ਘਰੇ ਸਾਰਾ ਕੁੱਝ ਦੱਸਿਆ ਖਰਚਾ ਕਿ ਐਵੇਂ ਹੋਣਾ।
ਔਖ ਸੌਖ ਕਰਕੇ ਪਰਿਵਾਰ ਨੇ ਬੀ.ਐਡ ਵਿੱਚ ਕੁਲਦੀਪ ਦਾ ਦਾਖਲਾ ਕਰਵਾ ਦਿੱਤਾ।ਕੁਲਦੀਪ ਬੀ.ਐਡ ਵਿੱਚ ਆਪਣੀ ਥੋੜੀ ਜਿਹੀ ਫੀਸ ਦੇ ਕੇ ਦਾਖਲ ਹੋ ਗਿਆ।ਕੁੱਝ ਸਮੇਂ ਵਿੱਚ ਹੀ ਕਲਾਸਾਂ ਸੁਰੂ ਹੋ ਗਈਆਂ।ਕੁਲਦੀਪ ਵਧੀਆ ਢੰਗ ਤਰੀਕੇ ਨਾਲ ਮਾਸਟਰੀ ਦੇ ਕੋਰਸ ਦੇ ਹਿਸਾਬ ਨਾਲ ਤਿਆਰ ਹੋ ਕੇ ਘਰੋਂ ਜਾਇਆ ਕਰੇ।ਨੇੜੇ ਤੇੜੇ ਘਰਾਂ ਦੇ ਲੋਕ ਵੇਖਿਆ ਕਰਨ ਕਿ ਮੁੰਡਾ ਕਿਸੇ ਕੰਮ ਤੇ ਲੱਗ ਗਿਆ।ਪਰ ਪਤਾ ਨਹੀਂ ਸੀ ਕਿ ਪੜ ਰਿਹਾ ਹੈ।ਕੁਲਦੀਪ ਦੀ ਮਾਂ ਨੂੰ ਕੋਈ ਆਂਢ ਗੁਆਂਢ ਚ ਜਾਂ ਕੋਈ ਸਕੀਰੀ ਚੋਂ ਪੁੱਛੇ ਕੁਲਦੀਪ ਬਾਰੇ ਤਾਂ ਝੱਟ ਦੱਸਿਆ ਕਰੇ ਖੁਸ ਹੋ ਕੇ ਕਿ, "ਕੁਲਦੀਪ ਤਾਂ ਮਾਸਟਰ ਬਣੂ ਹੁਣ, ਓਹਦੀ ਪੜਾਈ ਕਰਦਾ।"
ਮਾਂ ਦੇ ਦੱਸਦੀ ਦੇ ਚਾਅ ਨਾ ਸੰਭਾਲੇ ਜਾਇਆ ਕਰਨ....।ਕੁਲਦੀਪ ਕਾਲਜ ਵਿੱਚ ਪੜਾਈ ਕਰਿਆ ਕਰੇ ਤੇ ਕਾਲਜ ਚੋਂ ਆਕੇ ਬਾਪੂ ਨਾਲ ਖੇਤੀ ਦਾ ਕੰਮ ਕਰਵਾਇਆ ਕਰੇ। ਘਰ ਦੀਆਂ ਬਾਕੀ ਹੋਰ ਜਿੰਮੇਵਾਰੀਆਂ ਵੀ ਨਿਭਾਇਆ ਕਰੇ।ਕਾਲਜ ਦੇ ਵਿੱਚ ਵਧੀਆ ਦੋਸਤ ਬਣ ਗਏ।ਜਿੰਨਾਂ ਨਾਲ ਓਹ ਹਾਸਾ ਠੱਠਾ ਕਰਦਾ।ਹਰ ਰੋਜ ਮਿਲਕੇ ਮੁੜਦਾ ਤੇ ਜਾ ਕੇ ਮਿਲਦਾ।ਜਿਵੇਂ ਕੁਲਦੀਪ ਪਹਿਲਾਂ ਤਣਾਓ ਚ ਰਹਿੰਦਾ ਸੀ,ਹੁਣ ਓਹਦੇ ਵਿੱਚ ਕੁੱਝ ਬਦਲਾਓ ਆਇਆ ।ਓਹ ਦੋਸਤਾਂ ਵਿੱਚ ਕੁੱਝ ਖੁਸ ਰਹਿਣਾ ਸਿੱਖ ਗਿਆ।
ਹਰ ਰੋਜ ਪੜਨ ਜਾਇਆ ਕਰੇ। ਚੱਲੋ ਜੀ ਐਂਵੇ ਕਰਦੇ ਕਰਵਾਓਂਦੇ ਕੁਲਦੀਪ ਦੇ ਆਖਰੀ ਇਮਤਿਹਾਨ ਹੋ ਗਏ।ਕੁਲਦੀਪ ਇਮਿਤਿਹਾਨ ਦੇ ਕੇ ਖੇਤ ਬਾਪੂ ਨਾਲ ਖੇਤੀ ਦੇ ਕੰਮਾਂ ਵਿੱਚ ਰੁੱਝ ਗਿਆ।ਪੇਪਰ ਹੋਇਆ ਨੂੰ ਬੜਾ ਸਮਾਂ ਬੀਤ ਗਿਆ ।ਕੁਲਦੀਪ ਵੀ ਆਪਣੇ ਨਤੀਜੇ ਦੇ ਇੰਤਜਾਰ ਵਿੱਚ ਸੀ।ਜੋ ਦੋਸਤ ਉਸ ਨਾਲ ਹਰ ਪਲ ਨਾਲ ਰਹਿੰਦੇ ਸੀ।ਓਹ ਵੀ ਉਸਨੂੰ ਕਦੇ ਨਾ ਫੋਨ ਕਰਦੇ ਸੀ।
ਇੱਕ ਦਿਨ ਕੁਲਦੀਪ ਖੇਤ ਕੰਮ ਕਰ ਰਿਹਾ ਸੀ ਕਿ ਇੱਕ ਫੋਨ ਆਇਆ ਜੋ ਕਿ ਓਹਦੇ ਕਿਸੇ ਦੋਸਤ ਨੇ ਕੀਤਾ ਸੀ।ਜਿਸ ਨੇ ਕਿਹਾ," ਆਪਣਾ ਨਤੀਜਾ ਆ ਗਿਆ ਤੇ ਆਪਾਂ ਪਾਸ ਹੋ ਗਏ, ਨਾਲੇ ਤੇਰੇ ਕਣੀ ਪਾਰਟੀ ਹੋ ਗਈ, ਤੂੰ ਸਾਰੀ ਕਲਾਸ ਚੋਂ ਅਵੱਲ ਰਿਹਾ ਐਂ....।"
ਕੁਲਦੀਪ ਦੀ ਖੁਸੀ ਦਾ ਕੋਈ ਟਿਕਾਣਾ ਨਾ ਰਿਹਾ।ਸੂਰਜ ਛਿਪਣ ਦੇ ਕਿਨਾਰੇ ਸੀ ਤੇ ਉਸ ਨੂੰ ਭੁੱਖ ਵੀ ਜੋਰਾਂ ਦੀ ਲੱਗੀ ਸੀ।
ਕੰਮ ਜਿਹਾ ਕਰਕੇ ਸੰਦ ਸਦੇੜਾ ਸੰਭਾਲ ਕੇ ਕੁਲਦੀਪ ਘਰ ਨੂੰ ਚੱਲ ਪਿਆ।ਐਨੀ ਖੁਸੀ ਸੀ ਉਸ ਅੰਦਰ ਕਿ ਧਰਤੀ ਪੈਰ ਨਾ ਲੱਗਣ। ਘਰ ਵੜਦਿਆਂ ਦੇਖਿਆ ਕਿ ਮਾਂ ਰੋਟੀ ਬਣਾ ਰਹੀ ਸੀ। ਦਿਨ ਭਰ ਜੋਰ ਦਾ ਕੰਮ ਕਰਨ ਤੇ ਭੁੱਖ ਲੱਗੀ ਹੋਣ ਕਰਕੇ ਕੁਲਦੀਪ ਆਓਂਦਾ ਹੀ ਮਾਂ ਕੋਲ ਚੁੱਲੇ ਕੋਲ ਹੀ ਰੋਟੀ ਖਾਣ ਲਈ ਲਿਬੜਿਆ ਤਿਬੜਿਆ ਬੈਠ ਗਿਆ।ਉਸਨੇ ਨੇ ਮਾਂ ਨੂੰ ਰੋਟੀ ਪਾਓਂਣ ਲਈ ਕਿਹਾ ਤੇ  ਰੋਟੀ ਦੀ ਬੁਰਕੀ ਮੂੰਹ ਚ ਪਾਉਂਦਿਆਂ ਆਪਣੀ ਮਾਂ ਨੂੰ ਦਸਿਆ ਕਿ, "ਮਾਂ ਮੇਰਾ ਮਾਸਟਰੀ ਆਲੇ ਕੋਰਸ ਦਾ ਨਤੀਜਾ ਆ ਗਿਆ।ਜਿਸ ਵਿੱਚੋਂ ਮਾਂ ਤੇਰਾ ਕੁਲਦੀਪ ਪੁੱਤ ਵੀ ਪਾਸ ਹੋ ਗਿਆ।"
ਗੱਲ ਸੁਣਕੇ ਮਾਂ ਦੇ ਚੇਹਰੇ ਤੇ ਖੁਸੀ ਛਾਅ ਗਈ।ਮਾਂ ਦੀ ਖੁਸੀ ਦੀ ਕੋਈ ਹੱਦ ਹੀ ਨਾ ਰਹੀ।
ਮਾਂ ਉਸਦੀ ਦਾਲ ਆਲੀ ਬਾਟੀ ਚ ਦਾਲ ਦੀ ਕੜਛੀ ਪਾਉਂਦੀ ਬੋਲੀ, "ਪੁੱਤ ਕੁਲਦੀਪ, ਤੂੰ ਮਾਸਟਰ ਗਿਆ,ਪੁੱਤ ਹੁਣ ਤੂੰ ਤੇਰੇ ਪਿਓ ਨੂੰ ਕਰਜੇ ਦੀ ਪੰਡ ਹੇਠੋਂ ਕੱਢ ਦੇਵੇਂਗਾ, ਘਰ ਦੀ ਹਾਲਤ ਸੁਧਰ ਜਾਵੇਗੀ ਹੁਣ ਆਪਣੇ ਦੀ, ਆਪਾਂ ਏਹ ਕੱਚਾ ਘਰ ਵਧੀਆ ਬਣਾ ਲਵਾਂਗੇ, ਤੇ ਜੋ ਜਮੀਨ ਸਰੀਕਾਂ ਕੋਲ ਗਹਿਣੇ ਪਈ ਆ,ਓਹਨੂੰ ਵੀ ਛੁਡਵਾ ਲਵਾਂਗੇ ਤੇ ਨਾਲੇ ਤੇਰੀਆਂ ਭੈਣਾਂ ਦਾ ਵਿਆਹ......."
ਐਨਾ ਕੁੱਝ ਕੁਲਦੀਪ ਸੁਣਦਾ ਰਿਹਾ ਤੇ ਰੋਟੀ ਲੈ ਕੇ ਅੰਦਰ ਚਲਾ ਗਿਆ।
ਅੰਦਰ ਜਾ ਕੇ ਕੁਲਦੀਪ ਦੀ ਰੋਟੀ ਗਲ ਚ ਈ ਫਸ ਗਈ ਤੇ ਉਸਦੀ ਧਾਹ ਨਿੱਕਲ ਗਈ ਤੇ ਖਿਆਲਾਂ ਚ ਗੁਆਚਿਆ ਸੋਚਣ ਲੱਗਾ,
"ਓਏ ਕੁਲਦੀਪ ਸਿਆਂ, ਮਾਂ ਨੇ ਕੀ-ਕੀ ਸੁਪਨੇ ਸਜਾ ਰੱਖੇ ਨੇ, ਕਿੰਨਾ ਕੁਝ ਸੋਚੀ ਬੈਠੀ ਆ ਮੇਰੀ ਨੌਕਰੀ ਨੂੰ ਲੈਕੇ...."
"ਇੱਕ ਤਾਂ ਦਿਲ ਕਰਦਾ ਕਿ ਮਾਂ ਨੂੰ ਕਹਿ ਦੇਵਾਂ ਕਿ, "ਮਾਂ, ਅਜੇ ਤਾਂ ਮੈਂ ਬੇਰੁਜਗਾਰਾਂ ਦੀ ਲੈਣ ਚ ਖੜਾ ਹੋਇਆ ਹਾਂ, ਅਜੇ ਤਾਂ ਤੇਰੇ ਮਾਸਟਰ ਪੁੱਤ ਨੂੰ ਸਰਕਾਰਾਂ ਦੀਆਂ ਵਧੀਕੀਆਂ ਝੱਲਣੀਆਂ ਨੇ,   ਟੈਸਟ ਦੇਣੇ ਪੈਣਗੇ ਅਜੇ ਤਾਂ, ਟੈਸਟ ਕਲੀਅਰ ਕਰਕੇ ਫੇਰ ਆਪਦੇ ਹੱਕ ਲਈ ਆਵਾਜ਼ ਉਠਾਉਣੀ ਪਵੇਗੀ ਤੇ ਡਾਂਗਾਂ ਖਾਣੀਆਂ ਪੈਣਗੀਆਂ,ਰੈਲੀਆਂ ਧਰਨੇ ਕਰਨੇ ਪੈਣਗੇ ਤੇਰੇ ਮਾਸਟਰ ਪੁੱਤ ਨੂੰ ..."
ਪਰ ਕਹਿਣ ਦਾ ਐਨਾ ਜੇਰਾ ਨਹੀਂ ਪੈ ਰਿਹਾ ਸੀ।ਕੁਲਦੀਪ ਦੇ ਹੱਥ ਚ ਬੁਰਕੀ ਫੜੀ ਰਹਿ ਗਈ ਤੇ ਉਹ ਆਪਣੀ ਮਾਂ ਦੇ ਸਜਾਏ ਸੁਪਨਿਆਂ ਬਾਰੇ ਤੇ ਮਾਸਟਰ ਬਣਨ ਦੀ ਹਕੀਕਤ ਬਾਰੇ ਸੋਚਦਾ ਸੋਚਦਾ ਲਿਬੜਿਆ ਤਿਬੜਿਆ ਮੰਜੇ ਤੇ ਲੇਟ ਗਿਆ .................।
ਮੱਖਣ ਸ਼ੇਰੋਂ ਵਾਲਾ।
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲਾ ਸੰਗਰੂਰ।
ਸੰਪਰਕ 98787-98726
Have something to say? Post your comment