Article

ਤੂ ਇਸ ਤਰਹ ਸੇ ਮੇਰੀ ਜ਼ਿੰਦਗੀ ਮੇਂ ਸ਼ਾਮਿਲ ਹੈ : ਨਿਦਾ ਫਾਜ਼ਲੀ ~ ਪ੍ਰੋ. ਨਵ ਸੰਗੀਤ ਸਿੰਘ

February 06, 2019 09:34 PM
'ਨਿਦਾ ਫਾਜ਼ਲੀ' ਦਾ ਅਸਲੀ ਨਾਮ ਮੁਕਤਦਾ ਹਸਨ ਸੀ। ਉਹ ਉਰਦੂ ਤੇ ਹਿੰਦੀ ਦਾ ਮਸ਼ਹੂਰ ਸ਼ਾਇਰ ਹੋ ਗੁਜ਼ਰਿਆ ਹੈ। ਉਸ ਦਾ ਜਨਮ ਗਵਾਲੀਅਰ ਵਿਖੇ 12 ਅਕਤੂਬਰ 1938 ਨੂੰ ਪਿਤਾ ਮੁਰਤਜ਼ਾ ਹਸਨ ਤੇ ਮਾਂ ਜਮੀਲ ਫਾਤਮਾ ਦੇ ਘਰ ਹੋਇਆ। ਉਸਦੇ ਪਿਤਾ ਵੀ ਚੰਗੇ ਸ਼ਾਇਰ ਸਨ। ਉਸ ਦਾ ਬਚਪਨ ਗਵਾਲੀਅਰ ਵਿੱਚ ਗੁਜ਼ਰਿਆ, ਜਿੱਥੇ 1958 ਵਿੱਚ ਉਸਨੇ ਗਵਾਲੀਅਰ ਕਾਲਜ (ਪਹਿਲਾ ਨਾਂ ਵਿਕਟੋਰੀਆ ਕਾਲਜ, ਪਿੱਛੋਂ ਲਕਸ਼ਮੀਬਾਈ ਕਾਲਜ) ਤੋਂ ਗ੍ਰੈਜੂਏਸ਼ਨ ਕੀਤੀ।
            ਉਹ ਛੋਟੀ ਉਮਰ ਤੋਂ ਹੀ ਲਿਖਣ ਲੱਗ ਪਿਆ ਸੀ। ਉਸਨੇ ਆਪਣਾ ਕਲਮੀ ਨਾਂ 'ਨਿਦਾ ਫ਼ਾਜ਼ਲੀ' ਰੱਖਿਆ, ਜਿਸ ਵਿੱਚ 'ਨਿਦਾ' ਦਾ ਅਰਥ ਹੈ- ਸਵਰ ਜਾਂ ਆਵਾਜ਼ ਅਤੇ ਫਾਜ਼ਲਾ ਕਸ਼ਮੀਰ ਦੇ ਇੱਕ ਇਲਾਕੇ ਦਾ ਨਾਮ ਹੈ, ਜਿੱਥੋਂ ਉਹਦੇ ਪੁਰਖੇ ਆ ਕੇ ਦਿੱਲੀ ਵੱਸ ਗਏ ਸਨ। ਇਸ ਲਈ ਉਪਨਾਮ ਵਜੋਂ ਉਸ ਨੇ 'ਫ਼ਜ਼ਲੀ' ਨਾਂ ਜੋੜਿਆ।
            ਜਦੋਂ ਉਹ ਪੜ੍ਹਦਾ ਸੀ ਤਾਂ ਉਸ ਦੇ ਸਾਹਮਣੇ ਦੀ ਲਾਈਨ ਵਿੱਚ ਇੱਕ ਕੁੜੀ ਬੈਠਦੀ ਸੀ, ਜਿਸ ਨਾਲ ਉਹਨੇ ਅਣਜਾਣਿਆ, ਅਣਬੋਲਿਆ ਜਿਹਾ ਰਿਸ਼ਤਾ ਬਣਾ ਰੱਖਿਆ ਸੀ। ਪਰ ਇੱਕ ਦਿਨ ਕਾਲਜ ਦੇ ਬੋਰਡ ਤੇ ਇੱਕ ਨੋਟਿਸ ਲੱਗਿਆ: "ਮਿਸ ਟੰਡਨ ਮੈੱਟ ਵਿਦ ਅੈਨ ਐਕਸੀਡੈਂਟ ਐਂਡ ਹੈਜ਼ ਐਕਸਪਾਇਰਡ"। ਇਹ ਪੜ੍ਹ ਕੇ ਨਿਦਾ ਬਹੁਤ ਦੁਖੀ ਹੋਇਆ ਤੇ ਉਹਨੂੰ ਲੱਗਿਆ ਕਿ ਉਹਦਾ ਹੁਣ ਤੱਕ ਦਾ ਲਿਖਿਆ ਕੁਝ ਵੀ ਉਹਦੇ ਦੁੱਖ ਨੂੰ ਬਿਆਨ ਨਹੀਂ ਕਰ ਸਕਿਆ ਹੈ। ਨਾ ਹੀ ਉਹਨੂੰ ਲਿਖਣ ਦਾ ਜੋ ਢੰਗ ਆਉਂਦਾ ਸੀ, ਉਸ ਵਿੱਚ ਉਹ ਕੁਝ ਅਜਿਹਾ ਲਿਖ ਸਕਿਆ ਹੈ, ਜਿਸ ਨਾਲ ਅੰਦਰਲੇ ਦੁੱਖ ਦੀਆਂ ਪਰਤਾਂ ਖੁੱਲ੍ਹਣ।
          ਇੱਕ ਦਿਨ ਸਵੇਰੇ ਉਹ ਇੱਕ ਮੰਦਿਰ ਕੋਲੋਂ ਲੰਘ ਰਿਹਾ ਸੀ, ਜਿੱਥੋਂ ਉਸਨੇ ਸੂਰਦਾਸ ਦਾ ਭਜਨ ਸੁਣਿਆ: "ਮਧੂਬਨ ਤੁਮ ਕਿਉਂ ਰਹਤ ਹਰੇ? ਬਿਰਹ ਬਿਯੋਗ ਸ਼ਿਆਮ ਸੁੰਦਰ ਕੇ ਠਾਢੋ ਕਿਉਂ ਨਾ ਜਰੇ?" ਇਸ ਵਿੱਚ ਕ੍ਰਿਸ਼ਨ ਦੇ ਮਥੁਰਾ ਤੋਂ ਦੁਆਰਕਾ ਚਲੇ ਜਾਣ 'ਤੇ ਉਨ੍ਹਾਂ ਦੇ ਵਿਯੋਗ ਵਿੱਚ ਡੁੱਬੀ ਰਾਧਾ ਅਤੇ ਗੋਪੀਆਂ ਫੁਲਵਾੜੀ ਤੋਂ ਪੁੱਛਦੀਆਂ ਹਨ: ਹੇ ਫੁਲਵਾੜੀ! ਤੂੰ ਹਰੀ ਕਿਉਂ ਬਣੀ ਹੋਈ ਹੈ? ਕ੍ਰਿਸ਼ਨ ਦੇ ਵਿਯੋਗ ਵਿੱਚ ਤੂੰ ਖੜ੍ਹੀ-ਖੜ੍ਹੀ ਜਲ ਕਿਉਂ ਨਹੀਂ ਗਈ?ਇਹ ਸੁਣ ਕੇ ਨਿਦਾ ਨੂੰ ਜਾਪਿਆ ਕਿ ਉਹਦੇ ਅੰਦਰ ਦੱਬੇ ਦੁੱਖ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਫਿਰ ਉਸਨੇ ਕਬੀਰ, ਤੁਲਸੀ, ਫ਼ਰੀਦ ਆਦਿ ਕਈ ਕਵੀਆਂ ਨੂੰ ਪੜ੍ਹਿਆ ਅਤੇ ਮਹਿਸੂਸ ਕੀਤਾ ਕਿ ਇਨ੍ਹਾਂ ਕਵੀਆਂ ਦੀ ਸਿੱਧੀ- ਸਾਦੀ ਬਿਨਾਂ ਲਾਗ- ਲਪੇਟ ਤੋਂ ਦੋ- ਟੁੱਕ ਭਾਸ਼ਾ ਵਿੱਚ ਲਿਖੀਆਂ ਰਚਨਾਵਾਂ ਕਾਫੀ ਪ੍ਰਭਾਵਸ਼ਾਲੀ ਹਨ। ਜਿਵੇਂ ਸੂਰਦਾਸ ਦੀ ਹੀ-"ਊਧੋ, ਮਨ ਨ ਭਏ ਦਸ ਬੀਸ। ਏਕ ਹੁਤੋ ਸੋ ਗਯੋ ਸਿਆਮ ਸੰਗ, ਕੋ ਆਰਾਧੇ ਤੇ ਈਸ।" ਨਾ ਕਿ ਗ਼ਾਲਿਬ ਦੀ ਐਬਸਟ੍ਰੈਕਟ ਭਾਸ਼ਾ ਵਿੱਚ "ਦਿਲੇ ਨਾਦਾਂ ਤੁਝੇ ਕਿਆ ਹੁਆ ਕਿਆ ਹੈ" ਉਦੋਂ ਤੋਂ ਉਹੋ- ਜਿਹੀ ਸਰਲ ਭਾਸ਼ਾ ਹਮੇਸ਼ਾ ਲਈ ਉਹਦੀ ਆਪਣੀ ਸ਼ੈਲੀ ਬਣ ਗਈ।
         ਹਿੰਦ ਪਾਕਿ ਵੰਡ(1947) ਸਮੇਂ ਉਸਦੇ ਮਾਤਾ- ਪਿਤਾ ਪਾਕਿਸਤਾਨ ਜਾ ਵੱਸੇ। ਪਰ ਨਿਦਾ ਨੇ ਭਾਰਤ ਵਿੱਚ ਰਹਿਣਾ ਹੀ ਪਸੰਦ ਕੀਤਾ। ਕਮਾਈ ਦੀ ਭਾਲ ਵਿੱਚ ਉਹ ਕਈ ਥਾਈਂ ਭਟਕਿਆ। ਉਦੋਂ ਬੰਬਈ (ਮੁੰਬਈ) ਹਿੰਦੀ- ਉਰਦੂ ਸਾਹਿਤ ਦਾ ਕੇਂਦਰ ਸੀ ਅਤੇ ਉੱਥੋਂ ਧਰਮਯੁੱਗ, ਸਾਰਿਕਾ ਵਰਗੀਆਂ ਪੱਤ੍ਰਿਕਾਵਾਂ ਛਪਦੀਆਂ ਸਨ। 1964 ਵਿੱਚ ਨਿਦਾ ਕੰਮ ਦੀ ਭਾਲ ਵਿੱਚ ਉੱਥੇ ਚਲਾ ਗਿਆ। ਇੱਕ ਦਹਾਕੇ ਤੋਂ  ਵੀ ਵੱਧ ਸਮਾਂ ਉਸਨੇ ਉੱਥੇ ਸੰਘਰਸ਼ ਕੀਤਾ ਅਤੇ ਧਰਮਯੁੱਗ, ਬਲਿਟਿਜ਼ ਆਦਿ ਪੱਤ੍ਰਿਕਾਵਾਂ/ ਅਖ਼ਬਾਰਾਂ ਲਈ ਲਿਖਣ ਲੱਗਿਆ। ਉਹਦੀ ਸਰਲ ਅਤੇ ਪ੍ਰਭਾਵਸ਼ਾਲੀ ਸ਼ੈਲੀ ਨੇ ਛੇਤੀ ਹੀ ਉਹਨੂੰ ਲੋਕਪ੍ਰਿਅਤਾ ਦਿਵਾ ਦਿੱਤੀ। ਉਸਦਾ ਉਰਦੂ ਕਵਿਤਾ ਦਾ ਪਹਿਲਾ ਸੰਗ੍ਰਹਿ 1969 ਵਿੱਚ ਛਪਿਆ।
          ਫਿਲਮ ਪ੍ਰੋਡਿਊਸਰ- ਨਿਰਦੇਸ਼ਕ- ਲੇਖਕ ਕਮਾਲ ਅਮਰੋਹੀ ਉਨੀ ਦਿਨੀਂ ਇੱਕ ਫ਼ਿਲਮ 'ਰਜ਼ੀਆ ਸੁਲਤਾਨਾ' ਬਣਾ ਰਿਹਾ ਸੀ, ਜਿਸ ਵਿੱਚ ਹੇਮਾਮਾਲਿਨੀ ਅਤੇ ਧਰਮਿੰਦਰ ਮੁੱਖ ਭੂਮਿਕਾ ਨਿਭਾ ਰਹੇ  ਸਨ। ਇਸਦੇ ਗੀਤ ਜਾਂ ਨਿਸਾਰ ਅਖ਼ਤਰ ਲਿਖ ਰਿਹਾ ਸੀ, ਜਿਸਦੀ ਅਚਾਨਕ ਮੌਤ ਹੋ ਗਈ। ਫਿਲਮ ਦੇ ਬਾਕੀ ਬਚੇ ਦੋ ਗੀਤ ਨਿਦਾ ਨੂੰ ਲਿਖਣ ਲਈ ਕਿਹਾ ਗਿਆ, ਜੋ ਉਹਨੇ ਲਿਖ ਕੇ ਦੇ ਦਿੱਤੇ। ਇਉਂ ਉਹਨੇ ਫ਼ਿਲਮੀ ਗੀਤ ਲਿਖਣੇ ਸ਼ੁਰੂ ਕੀਤੇ ਤੇ ਫਿਰ ਕਈ ਹਿੰਦੀ ਫ਼ਿਲਮਾਂ ਲਈ ਗੀਤ ਲਿਖੇ।
          ਆਪਣੀ ਕਿਤਾਬ 'ਮੁਲਾਕਾਤੇਂ ' ਵਿੱਚ ਉਹਨੇ ਉਦੋਂ ਦੇ ਕਈ ਸਥਾਪਤ ਲੇਖਕਾਂ ਬਾਰੇ ਲਿਖਿਆ ਅਤੇ ਭਾਰਤੀ ਲੇਖਨ ਦੇ ਦਰਬਾਰੀ -ਕਰਨ ਨੂੰ ਉਜਾਗਰ ਕੀਤਾ, ਜਿਸ ਵਿੱਚ ਲੇਖਕ ਅਮੀਰ ਤੇ ਰਾਜਸੀ ਲੋਕਾਂ ਨਾਲ ਸੰਪਰਕ ਬਣਾ ਕੇ ਪੁਰਸਕਾਰ ਤੇ ਸਨਮਾਨ ਲੈਂਦੇ ਹਨ। ਇਹਦਾ ਬਹੁਤ ਵਿਰੋਧ ਹੋਇਆ ਅਤੇ ਅਜਿਹੇ ਕਈ ਸਥਾਪਤ ਲੇਖਕਾਂ ਨੇ ਨਿਦਾ ਦਾ ਬਾਈਕਾਟ ਕੀਤਾ। ਉਨ੍ਹਾਂ ਨੇ ਅਜਿਹੇ ਸਮਾਗਮਾਂ ਵਿੱਚ ਸ਼ਾਮਲ ਹੋਣੋਂ ਮਨ੍ਹਾਂ ਕਰ ਦਿੱਤਾ, ਜਿੱਥੇ ਨਿਦਾ ਨੂੰ ਬੁਲਾਇਆ ਗਿਆ ਹੋਵੇ। ਇਵੇਂ ਹੀ ਜਦੋਂ ਉਹ ਪਾਕਿਸਤਾਨ ਗਿਆ, ਤਾਂ ਇੱਕ ਮੁਸ਼ਾਇਰੇ ਵਿੱਚ ਕੁਝ ਕੱਟੜਪੰਥੀ ਮੌਲਵੀਆਂ ਨੇ ਉਹਦਾ ਘਿਰਾਓ ਕੀਤਾ ਤੇ ਉਹਦੇ ਸ਼ੇਅਰ- "ਘਰ ਸੇ ਮਸਜਿਦ ਹੈ ਬੜੀ ਦੂਰ, ਚਲੋ ਯੇ ਕਰ ਲੇਂ, ਕਿਸੀ ਰੋਤੇ ਹੂਏ ਬੱਚੇ ਕੋ ਹਸਾਇਆ ਜਾਏ" ਤੇ ਆਪਣਾ ਵਿਰੋਧ ਪ੍ਰਗਟ ਕਰਦਿਆਂ ਪੁੱਛਿਆ ਕਿ ਕੀ ਉਹ ਬੱਚੇ ਨੂੰ ਅੱਲਾ ਤੋਂ ਵੱਡਾ ਸਮਝਦਾ ਹੈ?  ਨਿਦਾ ਨੇ ਕਿਹਾ ਕਿ ਮੈਂ ਸਿਰਫ ਇੰਨਾ ਜਾਣਦਾ ਹਾਂ ਕਿ ਮਸਜਿਦ ਇਨਸਾਨ ਦੇ ਹੱਥ ਬਣਾਉਂਦੇ ਹਨ, ਜਦ ਕਿ ਬੱਚੇ ਨੂੰ ਅੱਲਾ ਆਪਣੇ ਹੱਥਾਂ ਨਾਲ ਬਣਾਉਂਦਾ ਹੈ...।
         ਆਓ,ਨਿਦਾ ਦੇ ਕੁਝ ਲੋਕਪ੍ਰਿਯ ਗੀਤਾਂ ਦੇ ਮੁਖੜੇ ਵੇਖੀਏ :
  * ਤੇਰਾ ਹਿਜਰ ਮੇਰਾ ਨਸੀਬ ਹੈ, ਤੇਰਾ ਗ਼ਮ ਮੇਰੀ ਹਯਾਤ ਹੈ (ਰਜ਼ੀਆ ਸੁਲਤਾਨਾ)। ਇਹ ਉਹਦਾ ਪਹਿਲਾ ਫਿਲਮੀ ਗੀਤ ਸੀ।
  * ਆਈ ਜ਼ੰਜੀਰ ਦੀ ਝੁਨਕਾਰ, ਖੁਦਾ ਖੈਰ ਕਰੇ (ਰਜ਼ੀਆ ਸੁਲਤਾਨਾ)
  * ਹੋਸ਼ ਵਾਲੋਂ ਕੋ ਖ਼ਬਰ ਕਿਆ, ਬੇਖ਼ੁਦੀ ਕਿਆ ਚੀਜ਼ ਹੈ(ਸਰਫਰੋਸ਼)
  * ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ (ਆਹਿਸਤਾ ਆਹਿਸਤਾ)
  * ਤੂੰ ਇਸ ਤਰਹ ਸੇ ਮੇਰੀ ਜ਼ਿੰਦਗੀ ਮੇਂ ਸ਼ਾਮਿਲ ਹੈ (ਆਪ ਤੋ ਐਸੇ ਨ ਥੇ)
 * ਤੁਮ ਚੁੱਪ ਰਹੋ, ਚੁੱਪ ਹਮ ਰਹੇਂ (ਇਸ ਰਾਤ ਕੀ ਸੁਬ੍ਹਾ ਨਹੀਂ )
 * ਦੁਨੀਆਂ ਜਿਸੇ ਕਹਤੇ ਹੈਂ, ਮਿੱਟੀ ਕਾ ਖਿਲੌਨਾ ਹੈ (ਗ਼ਜ਼ਲ)
 * ਹਰ ਤਰਫ ਹਰ ਜਗ੍ਹਾ ਬੇਸ਼ੁਮਾਰ ਆਦਮੀ (ਗ਼ਜ਼ਲ)
 * ਅਪਨਾ ਗ਼ਮ ਲੇ ਕੇ ਕਹੀਂ ਔਰ ਨ ਜਾਇਆ ਜਾਏ (ਗ਼ਜ਼ਲ)।
      ਉਸਨੇ 'ਸੈਲਾਬ' (ਟੀ.ਵੀ. ਸੀਰੀਅਲ) ਦਾ ਸ਼ੀਰਸ਼ਕ ਗੀਤ ਵੀ ਲਿਖਿਆ। ਉਸ ਵੱਲੋਂ ਰਚੇ ਕਾਵਿ- ਸੰਗ੍ਰਹਿ ਇਸ ਪ੍ਰਕਾਰ ਹਨ: ਲਫ਼ਜ਼ੋਂ ਕੇ ਪੁਲ, ਮੋਰ ਨਾਚ, ਆਂਖ ਔਰ ਖ਼ਾਬ ਕੇ ਦਰਮਿਆਂ, ਖੋਯਾ ਹੁਆ ਸਾ ਕੁਛ, ਆਂਖੋਂ ਭਰ ਆਕਾਸ਼, ਸਫਰ ਮੇਂ ਧੂਪ ਤੋਂ ਹੋਗੀ ਆਦਿ। ਉਸਨੂੰ 'ਖੋਯਾ ਹੁਆ ਸਾ ਕੁਛ' ਤੇ ਸਾਹਿਤ ਅਕਾਦਮੀ ਪੁਰਸਕਾਰ (1997)  ਮਿਲਿਆ। ਦੀਵਾਰੋਂ ਕੇ ਬੀਚ, ਦੀਵਾਰੋਂ ਕੇ ਬਾਹਰ ਉਸਦੀਆਂ ਸਵੈ- ਜੀਵਨੀਆਂ ਹਨ। ਮੁਲਾਕਾਤੇਂ, ਸਫਰ ਮੇਂ ਧੂਪ ਤੋ ਹੋਗੀ, ਤਮਾਸ਼ਾ ਮੇਰੇ ਆਗੇ ਉਸਦੀਆਂ ਯਾਦਾਂ ਦੀਆਂ ਕਿਤਾਬਾਂ ਹਨ। ਬਸ਼ੀਰ ਬਦ੍ਰ: ਨਈ ਗ਼ਜ਼ਲ ਕਾ ਏਕ ਨਾਮ, ਜਾਂਨਿਸਾਰ ਅਖ਼ਤਰ: ਏਕ ਜਵਾਨ ਮੌਤ, ਦਾਗ਼ ਦੇਹਲਵੀ: ਗ਼ਜ਼ਲ ਦਾ ਏਕ ਸਕੂਲ, ਮੁਹੰਮਦ ਅਲਵੀ: ਸ਼ਬਦੋਂ ਕਾ ਚਿੱਤ੍ਰਕਾਰ, ਜਿਗਰ ਮੁਰਾਦਾਬਾਦੀ: ਮੁਹੱਬਤੋਂ ਕਾ ਸ਼ਾਇਰ ਉਸਦੀਆਂ ਸੰਪਾਦਿਤ ਪੁਸਤਕਾਂ ਹਨ।
         ਇਨਾਮ ਸਨਮਾਨ: 1997 ਵਿੱਚ ਮਿਲੇ ਸਾਹਿਤ ਅਕਾਦਮੀ ਪੁਰਸਕਾਰ ਤੋਂ ਇਲਾਵਾ ਨਿਦਾ ਨੂੰ ਮਿਲੇ ਕੁਝ ਪ੍ਰਮੁੱਖ ਪੁਰਸਕਾਰ : 'ਨੈਸ਼ਨਲ ਹਾਰਮਨੀ ਐਵਾਰਡ ਫਾਰ ਰਾਈਟਿੰਗ ਅੌਨ ਕਮਿਊਨਲ ਹਾਰਮਨੀ', 'ਸਟਾਰ ਸਕਰੀਨ ਪੁਰਸਕਾਰ', 'ਬਾਲੀਵੁੱਡ ਮੂਵੀ ਪੁਰਸਕਾਰ', ਮੱਧ ਪ੍ਰਦੇਸ਼ ਸਰਕਾਰ ਦਾ 'ਮੀਰ ਤਕੀ ਮੀਰ ਪੁਰਸਕਾਰ' (ਦੀਵਾਰੋਂ ਕੇ ਬੀਚ ਲਈ), ਮੱਧ ਪ੍ਰਦੇਸ਼ ਸਰਕਾਰ ਦਾ ਹੀ 'ਖੁਸਰੋ ਪੁਰਸਕਾਰ' (ਉਰਦੂ ਤੇ ਹਿੰਦੀ ਸਾਹਿਤ ਲਈ), ਮਹਾਰਾਸ਼ਟਰ ਉਰਦੂ ਅਕਾਦਮੀ ਦਾ ਸ੍ਰੇਸ਼ਠਤਮ ਕਵਿਤਾ ਪੁਰਸਕਾਰ (ਉਰਦੂ ਸਾਹਿਤ ਲਈ), ਬਿਹਾਰ ਉਰਦੂ ਅਕਾਦਮੀ ਪੁਰਸਕਾਰ, ਉੱਤਰਪ੍ਰਦੇਸ਼ ਉਰਦੂ ਅਕਾਦਮੀ ਪੁਰਸਕਾਰ, ਹਿੰਦੀ ਉਰਦੂ ਸੰਗਮ ਪੁਰਸਕਾਰ (ਲਖਨਊ) (ਉਰਦੂ ਹਿੰਦੀ ਸਾਹਿਤ ਲਈ), ਮਾਰਵਾੜ ਕਲਾ ਸੰਗਮ (ਜੋਧਪੁਰ) ਪੁਰਸਕਾਰ, ਪੰਜਾਬ ਐਸੋਸੀਏਸ਼ਨ (ਮਦਰਾਸ), ਕਲਾ ਸੰਗਮ (ਲੁਧਿਆਣਾ) ਅਤੇ ਪਦਮਸ਼੍ਰੀ(2013)। 
        ਆਓ, ਨਿਦਾ ਫ਼ਾਜ਼ਲੀ ਦੀਆਂ ਕੁਝ ਪ੍ਰਮੁੱਖ ਗ਼ਜ਼ਲਾਂ ਦੇ ਨਮੂਨੇ ਵੇਖੀਏ :
 ਬੇਸਨ ਕੀ ਸੋਂਧੀ ਰੋਟੀ ਪਰ, ਖੱਟੀ ਚਟਨੀ ਜੈਸੀ ਮਾਂ 
 ਯਾਦ ਆਤੀ ਹੈ ਚੌਕਾ, ਬਾਸਨ, ਚਿਮਟਾ, ਫੂਕਨੀ ਜੈਸੀ ਮਾਂ।
 ਬਾਂਸ ਦੀ ਖੁੱਰੀ ਖਾਟ ਕੇ ਊਪਰ, ਹਰ ਆਹਟ ਪਰ ਕਾਨ ਧਰੇ
 ਆਧੀ ਸੋਈ ਆਧੀ ਜਾਗੀ, ਥਕੀ ਦੋਪਹਰੀ ਜੈਸੀ ਮਾਂ।
 ਚਿੜੀਓਂ ਕੇ ਚਹਿਕਾਰ ਮੇਂ ਗੂੰਜੇ, ਰਾਧਾ- ਮੋਹਨ ਅਲੀ- ਅਲੀ
 ਮੁਰਗੀ ਕੀ ਆਵਾਜ਼ ਸੇ ਖੁਲਤੀ, ਘਰ ਕੀ ਕੁੰਡੀ ਜੈਸੀ ਮਾਂ।
            **                 **                **
 ਅਪਨਾ ਗ਼ਮ ਲੇ ਕੇ ਕਹੀਂ ਔਰ ਨ ਜਾਇਆ ਜਾਏ
 ਘਰ ਮੇਂ ਬਿਖਰੀ ਹੋਈ ਚੀਜ਼ੋਂ ਕੋ ਸਜਾਇਆ ਜਾਏ।
 ਜਿਨ ਚਿਰਾਗੋਂ ਕੋ ਹਵਾਓਂ ਦਾ ਕੋਈ ਖੌਫ ਨਹੀਂ
 ਉਨ ਚਿਰਾਗੋਂ ਕੋ ਹਵਾਓਂ ਸੇ ਬਚਾਇਆ ਜਾਏ।
 ਬਾਗ਼ ਮੇਂ ਜਾਨੇ ਕੇ ਆਦਾਬ ਹੁਆ ਕਰਤੇ ਹੈਂ
 ਕਿਸੀ ਤਿਤਲੀ ਕੋ ਨ ਫੂਲੋਂ ਸੇ ਉੜਾਇਆ ਜਾਏ।
           **                   **              **
 ਘਰ ਸੇ ਨਿਕਲੇ ਹੋ ਤਾਂ ਸੋਚਾ ਭੀ ਕਿਧਰ ਜਾਓਗੇ 
 ਹਰ ਤਰਫ ਤੇਜ਼ ਹਵਾਏਂ ਹੈਂ ਬਿਖਰ ਜਾਓਗੇ।
 ਇਤਨਾ ਆਸਾਂ ਨਹੀਂ ਲਫ਼ਜ਼ੋਂ ਪੇ ਭਰੋਸਾ ਕਰਨਾ
 ਘਰ ਕੀ ਦਹਲੀਜ਼ ਪੁਕਾਰੇਗੀ ਜਿਧਰ ਜਾਓਗੇ
 ਸ਼ਾਮ ਹੋਤੇ ਹੀ ਸਿਮਟ ਜਾਏਗੀ ਸਾਰੇ ਰਸਤੇ
 ਬਹਤੇ ਦਰਿਆ- ਸੇ ਜਹਾਂ ਹੋਂਗੇ ਠਹਿਰ ਜਾਓਗੇ।
           **                   **                **
         ਇਸ ਪ੍ਰਕਾਰ ਹਿੰਦੀ ਫ਼ਿਲਮਾਂ ਲਈ ਬੇਸ਼ੁਮਾਰ ਗੀਤ ਲਿਖਣ ਵਾਲਾ ਇਹ ਪ੍ਰਸਿੱਧ ਗੀਤਕਾਰ 8 ਫਰਵਰੀ 2016 ਨੂੰ ਮੁੰਬਈ ਵਿੱਚ ਵਫ਼ਾਤ ਪਾ ਗਿਆ। ਨਿਦਾ ਫਾਜ਼ਲੀ ਦੇ ਪ੍ਰਸੰਸਕ ਹਮੇਸ਼ਾ ਉਸ ਦੇ ਗੀਤਾਂ ਕਰਕੇ ਉਸ ਨੂੰ ਯਾਦ ਰੱਖਣਗੇ।
 
 
Have something to say? Post your comment