(ਮੁੱਚਰ)
ਘੀਲੇ ਕੇ ਲਾਣੇ ਚੋਂ ਸਦਾਗਰ ਦਾ ਪੁੱਤਰ ਦੇਬੀ ਪੂਰਾ ਜਰਵਾਣਾ ਮੁੱਛ ਫੁੱਟ ਬਣਦਾ ਤਣਦਾ, ਲੰਮਾਂ ਲੰਝਾ ਤੇ ਭਰਵੇਂ ਸਰੀਰ ਦਾ ਗੱਭਰੂ ਸੀ! ਜਵਾਨੀ ਘੁੰਮ ਘੁੰਮ ਕੇ ਚੜ੍ਹੀ ਸੀ ਦੇਬੀ ਤੇ,ਸਦਾਗਰ ਸਿਉਂ ਕੋਲ ਆਪਦੀ ਜੱਦੀ ਪੁਸ਼ਤੀ ਜਾਇਦਾਦ ਭਾਵੇਂ ਘੱਟ ਸੀ ਪਰ ਠੇਕੇ ਹਿੱਸੇ ਤੇ ਜ਼ਮੀਨ ਲੈ ਕੇ ਵਧੀਆ ਢੰਗ ਤਰੀਕੇ ਨਾਲ ਖੇਤੀਬਾੜੀ ਕਰਦਾ ਸੀ,ਤੇ ਦੇਬੀ ਵੀ ਭਾਵੇਂ ਪੜ੍ਹ ਤਾਂ ਜ਼ਿਆਦਾ ਨਹੀਂ ਸੀ ਸਕਿਆ ਪਰ ਖੇਤੀਬਾੜੀ ਵਿੱਚ ਪਿਉ ਨਾਲ ਪੂਰੀ ਮਿਹਨਤ ਕਰਦਾ ਸੀ! ਵਧੀਆ ਗੁਜ਼ਾਰਾ ਹੋ ਰਿਹਾ ਸੀ! ਕੁਝ ਕੁ ਪਿੰਡ ਦੇ ਲੋਕ ਦੇਬੀ ਦੀ ਜਵਾਨੀ ਤੇ ਸੜਦੇ ਸਨ ਤੇ ਕੁੱਝ ਕੁ ਦੀਵਾਨੇ ਵੀ ਸਨ! ਦੇਬੀ ਜਦ ਵੀ ਖੇਤੀਬਾੜੀ ਦੇ ਕੰਮ ਧੰਦੇ ਤੋਂ ਵਿਹਲਾ ਹੁੰਦਾ ਤਾਂ ਧੂਵਾਂ ਚਾਦਰਾ ਬੰਨ੍ਹਕੇ, ਕੱਢਵੀਂ ਜੁੱਤੀ ਪਾਕੇ, ਕਲੀਆਂ ਵਾਲਾ ਕੱਢਵੇਂ ਗਲਾਵੇਂ ਵਾਲਾ ਕੁੜਤਾ ਪਾਕੇ ਪਿੰਡ ਵਿੱਚ ਦੀ ਇੱਕ ਭਲਵਾਨੀ ਗੇੜਾ ਦੇਣ ਦਾ ਸ਼ਕੀਨ ਸੀ ਤੇ ਕੁੱਝ ਕੁ ਪਿੰਡ ਦੇ ਚੋਬਰ ਉਸ ਦੀ ਇਸੇ ਆਦਤ ਤੋਂ ਹੀ ਉਸ ਨਾਲ ਖਾਰ ਖਾਂਦੇ ਸਨ ਪਰ ਪੂਰਾ ਜਰਵਾਣਾ ਕਰਕੇ ਕੰਨ ਵੀ ਭਣਦੇ ਸਨ ਭਾਵ ਮੂਹਰੇ ਬੋਲਣ ਦੀ ਹਿੰਮਤ ਵੀ ਨਹੀਂ ਸਨ ਕਰਦੇ! ਦੇਬੀ ਦੀ ਆਦਤ ਸੀ ਕਿ ਬਿਨਾਂ ਆਈਆਂ ਭਾਵ ਫੁੱਟਦੀਆਂ ਮੁੱਛਾਂ ਨੂੰ ਹੀ ਤਾਅ ਦਿੰਦਾ ਰਹਿੰਦਾ ਸੀ!
ਇਕ ਦਿਨ ਆਪਣੀ ਆਦਤ ਤੋਂ ਮਜਬੂਰ ਦੇਬੀ ਵੀਹੀ ਵਿਚ ਦੀ ਮੁੱਛਾਂ ਨੂੰ ਤਾਅ ਦਿੰਦਾ ਆ ਰਿਹਾ ਸੀ ਕਿ ਅੱਗਿਓਂ ਆਉਂਦੇ ਨੰਬਰਦਾਰ ਮਹਿੰਦਰ ਸਿੰਘ ਦੇ ਵਿੱਚ ਵੱਜਾ, ਨੰਬਰਦਾਰ ਨੇ ਕਿਹਾ ਕਿ ਕਾਕਾ ਐਡੀ ਖੁੱਲੀ ਗਲੀ ਹੈ ਤੇ ਤੂੰ ਵਿੱਚ ਵੱਜਦਾ ਫਿਰਦੈਂ ਦਿਸਦਾ ਨਹੀਂ? ਅੱਗੋਂ ਦੇਬੀ ਬੋਲਿਆ ਨੰਬਰਦਾਰ ਸਾਹਿਬ ਜਵਾਨੀ ਦੇ ਟਾਹਣ ਨੇ ਕੋਈ ਨਾ ਕੋਈ ਐਵੇਂ ਈ ਅੜ ਜਾਂਦੈ!
ਸਮਾਂ ਬੀਤਦਾ ਗਿਆ ਦੇਬੀ ਦਾ ਵਿਆਹ ਹੋ ਗਿਆ ਪੰਜ ਛੇ ਸਾਲ ਦੇ ਵਕਫੇ ਵਿੱਚ ਦੇਬੀ ਦੇ ਚਾਰ ਜੁਆਕ ਵੀ ਹੋ ਗੲੇ ਦੋ ਕੁੜੀਆਂ ਤੇ ਦੋ ਮੁੰਡੇ, ਓਧਰ ਸਮੇਂ ਮੁਤਾਬਿਕ ਨੰਬਰਦਾਰ ਮਹਿੰਦਰ ਸਿੰਘ ਨੇ ਵੀ ਬੁਢਾਪੇ ਦੀ ਦਹਿਲੀਜ਼ ਤੇ ਪੈਰ ਰੱਖ ਲਿਆ ਤੇ ਨਿਗ੍ਹਾ ਵੀ ਕਮਜ਼ੋਰ ਹੋਣੀ ਸ਼ੁਰੂ ਹੋ ਗਈ?ਇਧਰ ਸਮੇਂ ਮੁਤਾਬਿਕ ਦੇਬੀ ਤੋਂ ਵੀ ਜਵਾਨੀ ਢਲਣ ਲੱਗੀ!ਇਕ ਦਿਨ ਦੇਬੀ ਦੇ ਸਹੁਰਿਆਂ ਵਾਲੇ ਪਾਸੇ ਰਿਸ਼ਤੇ ਦਾਰੀ ਚ ਇੱਕ ਵਿਆਹ ਆਇਆ ਜਿਥੇ ਬੱਚਿਆਂ ਸਮੇਤ ਘਰ ਵਾਲੀ ਦੇਬੀ ਵਿਆਹ ਗਿਆ, ਵਾਪਸੀ ਤੇ ਆਉਂਦੇ ਹੋਏ ਸਹੁਰੇ ਪਰਿਵਾਰ ਵੱਲੋਂ ਜਵਾਈ ਭਾਈ ਦੀ ਖਾਤਿਰ ਦਾਰੀ ਨਾਲ ਭਾਜੀ ਵੀ ਕੁੱਝ ਜ਼ਿਆਦਾ ਹੀ ਦਿੱਤੀ ਗਈ ਕਿਉਂਕਿ ਸ਼ਰੀਕੇ ਕਬੀਲੇ ਵਿਚ ਵੰਡਣ ਦਾ ਰਿਵਾਜ ਜੋ ਹੈ! ਚਾਰਾਂ ਜਵਾਕਾਂ ਸਮੇਤ ਜਦ ਦੇਬੀ ਪਿੰਡ ਦੇ ਬੱਸ ਅੱਡੇ ਤੇ ਉਤਰਿਆ ਤਾਂ ਗਰਮੀ ਕਾਰਨ ਕੁਝ ਜ਼ਿਆਦਾ ਹੀ ਪ੍ਰੇਸ਼ਾਨ ਸੀ,ਇਕ ਜੁਆਕ ਮੋਢੇ ਚੱਕਿਆ ਇਕ ਉਂਗਲ ਲਾਇਆ ਸਿਰ ਤੇ ਭਾਜੀ(ਮਠਿਆਈ)ਰੱਖੀ ਤੇ ਇਹੇ ਈ ਹਾਲ ਓਹਦੇ ਘਰਵਾਲੀ ਦਾ ਵੀ ਸੀ,ਹਫਦੇ ਹਫਾਉਂਦੇ ਦੇਬੀ ਜਦ ਕੁਦਰਤੀ ਓਸੇ ਗਲੀ ਚੋਂ ਲੰਘਣ ਲੱਗਾ ਜਿਥੇ ਜਵਾਨੀ ਦੇ ਟਾਹਣ ਫਸੇ ਸਨ, ਤਾਂ ਓਹੀ ਮਹਿੰਦਰ ਸਿੰਘ ਨੰਬਰਦਾਰ ਜਿਸ ਦੀ ਉਮਰ ਕਾਫੀ ਜ਼ਿਆਦਾ ਹੋਣ ਕਰਕੇ ਨਿਗ੍ਹਾ ਵੀ ਬਹੁਤ ਘੱਟ ਚੁੱਕੀ ਸੀ, ਉਸ ਨੇ ਦੇਬੀ ਨੂੰ ਅੱਖਾਂ ਉਪਰ ਹੱਥ ਦਾ ਪਰਛਾਵਾਂ ਕਰਕੇ ਪਛਾਣ ਕੇ ਕਿਹਾ ਕਿ ਸੁਦਾਗਰ ਸਿਉਂ ਕਾ ਦੇਬੀ ਆ? ਤਾਂ ਅੱਗੋਂ ਦੇਬੀ ਨੇ ਹੁੰਗਾਰਾ ਭਰਿਆ ਕਿ ਹਾਂ ਬਾਬਾ, ਤਾਂ ਨੰਬਰਦਾਰ ਨੇ ਕਿਹਾ ਕਿ ਕਾਕਾ ਅੱਜ ਕੋਈ ਜਵਾਨੀ ਵਾਲਾ ਟਾਹਣ ਨੀ ਫਸਿਆ, ਤਾਂ ਨਿੰਮੋਝੂਣਾ ਹੋਇਆ ਦੇਬੀ ਨੇ ਪਿੱਛੋਂ ਦੂਰ ਆ ਰਹੀ ਘਰਵਾਲੀ ਵੱਲ ਇਸ਼ਾਰਾ ਕਰਕੇ ਕਿਹਾ ਕਿ"ਬਾਬਾ ਜਿਹੜੀ ਔਹ ਹਨੇਰੀ ਆ ਰਹੀ ਹੈ ਨਾ ਓਹਨੇ ਜਵਾਨੀ ਵਾਲੇ ਸਾਰੇ ਟਾਹਣ ਝਾੜ ਤੇ ਹੁਣ ਤਾਂ ਬੱਸ ( ਮੁੱਚਰ)ਜਿਹਾ ਹੀ ਰਹਿ ਗਿਆ ਹੈ!
ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176 22046