Monday, August 19, 2019
FOLLOW US ON

Article

ਫੇਸਬੁਕੀਏ ਸਮਾਜ ਦਾ ਸੱਚ// ਪ੍ਰੋ. ਨਵ ਸੰਗੀਤ ਸਿੰਘ

February 07, 2019 08:43 PM
 
 
       ਦੁਨੀਆਂ ਵਿੱਚ ਕਈ ਤਰ੍ਹਾਂ ਦੀਆਂ ਜਾਤੀਆਂ, ਜਨਜਾਤੀਆਂ ਅਤੇ ਉਪਜਾਤੀਆਂ ਹਨ। ਸਾਰੀਆਂ ਆਪਣੇ ਆਪ ਵਿੱਚ ਮਸਤ ਹਨ। ਕਦੇ ਦੁਖੀ ਹਨ, ਕਦੇ ਸੁਖੀ। ਸੁਖ- ਦੁਖ ਤਾਂ ਚਲਦਾ ਹੀ ਰਹਿੰਦਾ ਹੈ। ਇਵੇਂ ਹੀ ਹੈ ਇੱਕ ਫੇਸਬੁਕੀਆ ਸਮਾਜ, ਜਿੱਥੇ ਹਰ ਛੋਟੇ- ਵੱਡੇ, ਅਮੀਰ- ਗਰੀਬ, ਹਰ ਧਰਮ ਅਤੇ ਜਾਤੀ ਦੇ ਲੋਕਾਂ ਨੂੰ ਬਰਾਬਰ ਦਾ ਸਥਾਨ ਪ੍ਰਾਪਤ ਹੈ।
        ਫੇਸਬੁਕੀਆ ਕਈ ਤਰ੍ਹਾਂ ਦੇ ਹੁੰਦੇ ਹਨ। ਇਕ ਬਹੁਤ ਹੀ ਹਲਕੇ ਟਾਈਪ ਫੇਸਬੁਕੀਆ ਹੁੰਦੇ ਹਨ, ਜੋ ਕਦੇ- ਕਦਾਈਂ, ਭੁੱਲੇ- ਭਟਕੇ ਇਧਰ ਆਉਂਦੇ ਹਨ। ਇਨ੍ਹਾਂ ਤੋਂ ਅੱਗੇ ਮਿਡਲ ਕਲਾਸ, ਯਾਨੀ ਉਹ ਫੇਸਬੁਕੀਆ ਹੁੰਦੇ ਹਨ, ਜੋ ਥੋੜ੍ਹੇ- ਥੋੜ੍ਹੇ ਸਮੇਂ ਦੇ ਵਕਫ਼ੇ ਪਿੱਛੋਂ ਇਸ ਸਮਾਜ ਵਿੱਚ ਘੁਸਪੈਠ ਕਰਦੇ ਰਹਿੰਦੇ ਹਨ। ਹੈਲੋ- ਹਾਏ ਦੀ ਹਿੰਦੀ- ਅੰਗਰੇਜ਼ੀ ਜਾਂ ਕਿਸੇ ਵੀ ਭਾਸ਼ਾ ਵਿੱਚ ਪੰਜ- ਦਸ ਲਾਈਨਾਂ ਲਿਖੀਆਂ, ਪੜ੍ਹੀਆਂ, ਕੁਝ ਲਾਈਕ- ਵਾਈਕ, ਕਮੈਂਟ-ਸ਼ਮੈਂਟ ਕੀਤੇ ਅਤੇ ਫਿਰ ਬੈਕ ਟੂ ਪੈਵਿਲੀਅਨ।
 
        ਇੱਕ ਹੁੰਦੇ ਹਨ ਅਤਿਅੰਤ ਕੱਟੜ ਫੇਸਬੁਕੀਆ। ਅਸਲ ਵਿੱਚ ਫੇਸਬੁੱਕ ਇਨ੍ਹਾਂ ਲੋਕਾਂ ਦੀ ਬਦੌਲਤ ਹੀ ਚਮਕਦੀ ਹੈ। ਕਿਉਂਕਿ ਇਨ੍ਹਾਂ ਦਾ ਉੱਠਣਾ- ਬੈਠਣਾ, ਖਾਣਾ- ਪੀਣਾ, ਸੌਣਾ- ਜਾਗਣਾ, ਆਉਣਾ- ਜਾਣਾ, ਹੱਸਣਾ- ਰੋਣਾ ਸਭ ਫੇਸਬੁੱਕ ਨਾਲ ਹੀ ਹੁੰਦਾ ਹੈ; ਯਾਨੀ ਫੇਸਬੁੱਕ ਦੇ ਨਾਂ ਤੋਂ ਸ਼ੁਰੂ, ਫੇਸਬੁੱਕ ਦੇ ਨਾਂ ਤੇ ਖਤਮ। ਫੇਸਬੁੱਕ ਇਨ੍ਹਾਂ ਨਾਲ ਅਤੇ ਫੇਸਬੁੱਕ ਨਾਲ ਹੁੰਦੇ ਹਨ। ਇਹ ਫੇਸਬੁਕੀਆ ਕਿਸੇ ਦੇ ਮਰਨ ਦੀ ਖ਼ਬਰ ਨੂੰ ਵੀ ਲਾਈਕ ਕਰਦੇ ਹਨ।
 
       ਇਹ ਜੋ ਕੱਟੜਪੰਥੀ ਫੇਸਬੁਕੀਏ ਹੁੰਦੇ ਹਨ ਨਾ, ਉਹ ਸਵੇਰੇ ਉੱਠਦੇ ਹੀ ਬਰੱਸ਼ ਕਰਨ ਤੋਂ ਪਹਿਲਾਂ, ਅੱਖਾਂ ਮਲ਼ਦੇ ਹੋਏ ਫੇਸ- ਬੁਕਿਆਨੇ ਬੈਠ ਜਾਂਦੇ ਹਨ। ਜਿਹਨੂੰ ਕੁਝ ਆਉਂਦਾ ਹੈ, ਉਹ ਆਪਣੀ ਵਾਲ ਉੱਤੇ ਕੁਝ ਲਿਖਦਾ ਹੈ, ਜਿਹਨੂੰ ਨਹੀਂ ਆਉਂਦਾ, ਉਹ ਵੀ ਕੁਝ ਲਿਖਦਾ ਹੀ ਹੈ।
       ਸਾਰੀਆਂ ਕਿਤਾਬਾਂ ਉਲਟਣ- ਪੁਲਟਣ, ਜਿੰਨਾ ਕਿ ਪ੍ਰੀਖਿਆ ਸਮੇਂ ਕੋਰਸ ਦੀਆਂ ਕਿਤਾਬਾਂ ਵੀ ਨਹੀਂ ਉਲਟੀਆਂ- ਪੁਲਟੀਆਂ ਹੋਣਗੀਆਂ ਜਾਂ ਫਿਰ ਕਿਸੇ ਸ਼ੇਅਰ- ਓ- ਸ਼ਾਇਰੀ ਦੀ ਕਿਤਾਬ ਤੋਂ ਹੀ ਕੁਝ ਉਠਾ ਕੇ ਆਪਣੀ ਵਾਲ ਤੇ ਲਾ ਲੈਂਦੇ ਹਨ ਜਾਂ ਲਿਖ ਲੈਂਦੇ ਹਨ। ਅਤੇ ਜੇ ਕੁਝ ਵੀ ਨਹੀਂ ਮਿਲਦਾ ਤਾਂ ਆਪਣੇ ਘਰ ਦੀ ਕੋਈ ਰਾਮ ਕਹਾਣੀ, ਜਿਵੇਂ 'ਕੱਲ੍ਹ ਮੇਰੀ ਬਗੀਚੀ ਵਿੱਚ ਇੱਕ ਗੁਲਾਬ ਦੀ ਕਲੀ ਖਿੜੀ ਸੀ...', ਜਾਂ 'ਮੇਰੀ ਬਾਲਕੋਨੀ ਵਿੱਚ ਕੱਲ੍ਹ ਇੱਕ ਚਿੜੀ ਆਈ ਸੀ...', ਜਾਂ 'ਮੈਂ ਫਲਾਂ ਥਾਂ ਦੀ ਯਾਤਰਾ ਤੋਂ ਪਰਤਿਆ ਹਾਂ...',ਜਾਂ 'ਜਾਣ ਵਾਲਾ ਹਾਂ...' ਵਗੈਰਾ- ਵਗੈਰਾ ਲਿਖਦੇ ਹਨ। ਲਿਖਣ ਤੋਂ ਬਾਅਦ ਉਨ੍ਹਾਂ ਦੇ ਦਿਲ ਦੀ ਧੜਕਣ ਉਦੋਂ ਤੱਕ ਰੁਕੀ ਰਹਿੰਦੀ ਹੈ, ਜਦ ਤੱਕ ਉਨ੍ਹਾਂ ਦੇ ਸਟੇਟੱਸ ਨੂੰ ਕੋਈ ਦੂਜਾ ਫੇਸਬੁਕੀਆ ਲਾਈਕ ਨਾ ਕਰ ਦੇਵੇ ਜਾਂ ਫਿਰ ਦੋ-ਚਾਰ ਕਮੈਂਟ,ਸਟੇਟੱਸ ਦੀ ਝੂਠੀ/ ਸੱਚੀ ਪ੍ਰਸੰਸਾ ਵਿੱਚ ਨਾ ਜੜ ਦੇਵੇ।
        ਜੇਕਰ ਛੇਤੀ ਹੀ ਕੁਝ ਲੋਕਾਂ ਨੇ ਲਾਈਕ ਕਰ ਦਿੱਤਾ ਜਾਂ ਕੋਈ ਕਮੈਂਟ ਕਰ ਦਿੱਤਾ ਤਾਂ ਸਮਝੋ ਕਿ ਉਨ੍ਹਾਂ ਦਾ ਫੇਸਬੁਕੀਆ ਹੋਣਾ ਸਾਰਥਕ ਹੋ ਗਿਆ। ਦਿਨ ਵੀ ਬਹੁਤ ਚੰਗਾ ਗੁਜ਼ਰੇਗਾ। ਕਿਤੇ ਲਾਈਕ/ ਕਮੈਂਟ ਕਰਨ ਵਾਲੇ ਫੇਸਬੁਕੀਆਂ ਦੀ ਗਿਣਤੀ ਉਨ੍ਹਾਂ ਦੇ ਅਨੁਮਾਨ ਤੋਂ ਜ਼ਿਆਦਾ ਹੋ ਗਈ, ਤਾਂ ਸੋਨੇ ਤੇ ਸੁਹਾਗਾ। ਉਹ ਉਵੇਂ ਹੀ ਖੁਸ਼ ਹੁੰਦੇ ਹਨ, ਜਿਵੇਂ ਕੋਈ ਨੇਤਾ ਅਨੁਮਾਨ ਤੋਂ ਕਿਤੇ ਵੱਧ ਵੋਟ ਪ੍ਰਾਪਤ ਕਰਕੇ ਫੁੱਲਿਆ ਨਹੀਂ ਸਮਾਉਂਦਾ ਅਤੇ ਜੇ ਕਿਸੇ ਨੇ ਲਾਈਕ ਨਹੀਂ ਕੀਤਾ, ਤਾਂ ਵਿਚਾਰਿਆਂ ਦਾ ਸਾਰਾ ਦਿਨ ਖਰਾਬ। ਮੂੰਹ ਇੰਝ ਲਟਕਦਾ ਹੈ, ਜਿਵੇਂ ਜੂਨ ਦੀ ਤਪਦੀ ਧੁੱਪ ਵਿੱਚ ਪੀਲੇ ਕਨੇਰ ਦਾ ਮੁਰਝਾਇਆ ਫੁੱਲ।
       ਬੜੇ ਲੁੱਟੇ- ਪਿੱਟੇ, ਥੱਕੇ- ਹਾਰੇ ਭਾਵ ਨਾਲ ਉਹ ਉੱਠ ਕੇ ਦੈਨਿਕ ਕੰਮਾਂ- ਕਾਰਾਂ ਨੂੰ ਨਿਪਟਾਉਣਾ ਸ਼ੁਰੂ ਕਰਦੇ ਹਨ। ਕੁਝ ਸਮੇਂ ਪਿੱਛੋਂ ਫੋਨ ਕਰਕੇ ਕੱਟੜ, ਹਲਕੇ ਜਾਂ ਅਤਿਅੰਤ ਹਲਕੇ ਫੇਸਬੁਕੀਏ ਸਮਾਜ ਦੇ ਹੋਰ ਮੈਂਬਰਾਂ, ਜੋ ਉਨ੍ਹਾਂ ਦੇ ਜ਼ਰਾ ਵਧੇਰੇ ਨੇੜੇ ਹੁੰਦੇ ਹਨ, ਨੂੰ ਆਪਣੇ ਸਟੇਟੱਸ ਨੂੰ ਬਿਨਾਂ ਪੜ੍ਹੇ ਲਾਈਕ ਕਰਨ ਅਤੇ ਕੁਝ ਕਮੈਂਟ ਕਰਨ ਦੀ ਬੇਨਤੀ ਵੀ ਕਰਦੇ ਹਨ।ਬੜੀ ਨਿਮਰਤਾ ਨਾਲ ਡਰਦੇ ਹੋਏ ਕਿ ਕਿਤੇ ਅਗਲਾ ਮਨ੍ਹਾ ਨਾ ਕਰ ਦੇਵੇ ਜਾਂ ਬਿਜ਼ੀ ਹੋਣ ਦਾ ਬਹਾਨਾ ਨਾ ਬਣਾ ਦੇਵੇ।
       ਅਸਲੀ ਫੇਸਬੁੱਕ ਪੂਜਾ, ਮਤਲਬ ਕਿਸੇ ਤਪ ਕਰਨ ਵਾਲੇ ਸਾਧੂ ਮਹਾਤਮਾ ਵਾਂਗ ਕਰਨ ਵਾਲਾ ਹਠਯੋਗ ਤਾਂ ਹੁਣ ਸ਼ੁਰੂ ਹੁੰਦਾ ਹੈ। ਫੋਨ ਕਰਨ ਪਿੱਛੋਂ ਲਾਈਕ/ ਕੁਮੈਂਟ ਦੇ ਇੰਤਜ਼ਾਰ ਵਿੱਚ ਫੇਸਬੁੱਕ ਦੇ ਸਾਹਮਣੇ ਹੀ ਬ੍ਰੇਕਫਾਸਟ ਕਰਦੇ ਹਨ ਅਤੇ ਲੰਚ ਤੱਕ ਉੱਥੇ ਹੀ ਡਟੇ ਰਹਿੰਦੇ ਹਨ। ਸਮਾਂ ਬੀਤਦਾ ਹੀ ਰਹਿੰਦਾ ਹੈ, ਉਹਦਾ ਕੰਮ ਹੀ ਇਹੋ ਹੈ। ਪਰ ਇਹ ਲੋਕੀਂ ਲੰਚ ਪਿੱਛੋਂ ਸ਼ਾਮ ਦੀ ਚਾਹ ਅਤੇ ਫਿਰ ਡਿਨਰ ਦੇ ਬਾਅਦ ਤੱਕ ਫਰਜ਼- ਪਾਲਕ ਫੇਸਬੁੱਕੀਆਂ ਵਾਂਗ ਇਉਂ ਜੰਮੇ ਰਹਿੰਦੇ ਹਨ, ਜਿਵੇਂ ਫ੍ਰੀਜ਼ਰ ਵਿੱਚ ਬਰਫ਼। ਓ ਬਈ, ਉੱਥੇ ਇੱਕੋ ਕੰਮ ਥੋੜ੍ਹੋ ਹੁੰਦਾ ਹੈ, ਬਹੁਤ ਕੰਮ ਹੁੰਦੇ ਹਨ।
       ਦੂਜਿਆਂ ਦਾ ਸਟੇਟੱਸ ਵੀ ਲਾਈਕ ਕਰਨਾ ਹੁੰਦਾ ਹੈ। ਉਸ 'ਤੇ ਕਮੈਂਟ ਕਰਨਾ ਹੁੰਦਾ ਹੈ। ਯਾਨੀ ਇਸ ਹੱਥ ਲਓ, ਉਸ ਹੱਥ ਦਿਓ... ਦੂਜਿਆਂ ਦੇ ਸਟੇਟੱਸ ਨੂੰ ਲਾਈਕ, ਕਮੈਂਟ ਜਾਂ ਸ਼ੇਅਰ ਨਹੀਂ ਕਰੋਗੇ ਤਾਂ ਬਈ ਦੂਜੇ ਵੀ ਨਹੀਂ ਕਰਨਗੇ। ਕੀ ਕਰੀਏ, ਜ਼ਮਾਨਾ ਨਿਰਸਵਾਰਥ ਨਹੀਂ ਰਿਹਾ ਨਾ! ਵਿੱਚ-ਵਿੱਚ ਹਰੀ ਬੱਤੀ ਵਾਲਿਆਂ ਨਾਲ, ਯਾਨੀ ਆਨਲਾਈਨ ਹਾਜ਼ਰ ਰਹਿਣ ਵਾਲਿਆਂ ਨਾਲ ਗੱਲਬਾਤ ਵੀ ਤਾਂ ਕਰਨੀ ਪੈਂਦੀ ਹੈ!
       ਇਹ ਲੋਕੀਂ ਉਦੋਂ ਤੱਕ ਨਹੀਂ ਉੱਠਦੇ, ਜਦੋਂ ਤੱਕ ਅੱਖਾਂ ਥੱਕ ਨਾ ਜਾਣ, ਪਲਕਾਂ ਮਨ੍ਹਾ ਨਾ ਕਰ ਦੇਣ ਅਤੇ ਉਂਗਲਾਂ ਟਾਈਪ ਕਰਦੇ- ਕਰਦੇ ਦਰਦ ਨਾਲ ਪੀੜ ਨਾ ਕਰਨ ਲੱਗ ਪੈਣ। ਭਾਰੀ- ਮਨ ਨਾਲ ਇਹ ਲੋਕੀਂ ਫੇਸਬੁੱਕ ਛੱਡਦੇ ਹਨ ਅਤੇ ਛੱਡਦੇ ਵਕਤ ਵਿਦਾਈ ਤੇ ਦੁਲਹਨ ਦੇ ਉਦਾਸ ਹੋਣ ਤੋਂ ਵੱਧ ਉਦਾਸ ਹੁੰਦੇ ਹਨ। ਇਨ੍ਹਾਂ ਲੋਕਾਂ ਨੂੰ ਤਾਂ ਸੁਪਨੇ ਵਿੱਚ ਵੀ ਫੇਸਬੁੱਕ ਹੀ ਵਿਖਾਈ ਦਿੰਦੀ ਹੈ। ਕੀਹਨੇ ਕੀ ਲਿਖਿਆ, ਕਿਹੜੀ ਫੋਟੋ ਲਾਈ ਅਤੇ ਪਤਾ ਨਹੀਂ ਕੀ- ਕੀ...
         ਫੇਸਬੁਕੀਆ ਸਮਾਜ ਵਿੱਚ ਕੁਝ ਵਚਿੱਤਰ ਜੀਵ ਅਜਿਹੇ ਵੀ ਹੁੰਦੇ ਹਨ, ਜੋ ਕਿਸੇ ਨੂੰ ਹਰਾ ਹੁੰਦਾ ਵੇਖ, ਮਾਫ ਕਰਨਾ, ਆਨਲਾਈਨ ਹੁੰਦਾ ਵੇਖ, ਹਾਏ, ਹੈਲੋ, ਹਾਊ ਆਰ ਯੂ, ਹਾਊਜ਼ ਯੂਅਰ ਲਾਈਫ਼, ਹਾਊਜ਼ ਯੂਅਰ ਡੇਅ... ਵਰਗੇ ਵਾਕ ਚੇਪਣੇ ਸ਼ੁਰੂ ਕਰ ਦਿੰਦੇ ਹਨ। ਇੱਕ ਸਮੇਂ ਢੇਰ ਸਾਰੇ ਲੋਕਾਂ ਨਾਲ ਜਦੋਂ ਤੱਕ ਇਹ ਗੱਲਬਾਤ ਨਾ ਕਰ ਲੈਣ, ਉਦੋਂ ਤੱਕ ਇਨ੍ਹਾਂ ਦਾ ਖਾਣਾ ਤਾਂ ਕੀ, ਪਾਣੀ ਦੀ ਬੂੰਦ ਵੀ ਹਜ਼ਮ ਨਹੀਂ ਹੁੰਦੀ।
        ਤੇ ਬਈ, ਕੁਝ ਕੁ ਜੀਵ ਅਜਿਹੇ ਹੁੰਦੇ ਹਨ, ਜੋ ਪਤਾ ਨਹੀਂ ਕਿੱਥੋਂ ਉਡਾ ਕੇ, ਚੁਰਾ ਕੇ ਗੀਤ, ਗ਼ਜ਼ਲਾਂ, ਸ਼ੇਅਰ- ਓ- ਸ਼ਾਇਰੀ ਅਤੇ ਪਤਾ ਨਹੀਂ ਕੀ- ਕੀ ਆਪਣੀ ਅਤੇ ਦੂਜਿਆਂ ਦੀ ਵਾਲ ਤੇ ਚਿਪਕਾਉਂਦੇ ਰਹਿੰਦੇ ਹਨ।
        ਪਹਿਲਾਂ ਜਦੋਂ ਮੇਰਾ ਅਕਾਊਂਟ ਫੇਸਬੁੱਕ 'ਤੇ ਨਹੀਂ ਸੀ, ਤਾਂ ਮੈਂ ਕਿਤੇ ਜਾਂਦੀ ਸਾਂ, ਚਾਹੇ ਕੋਈ ਸਮਾਗਮ ਹੋਵੇ, ਗੋਸ਼ਟੀ ਹੋਵੇ, ਬਜ਼ਾਰ ਜਾਂ ਰਿਸ਼ਤੇਦਾਰੀਆਂ, ਜਾਣ- ਪਛਾਣ ਵਾਲਿਆਂ ਦੇ ਘਰੀਂ, ਸਾਰੇ ਮਿਲਣ 'ਤੇ ਇਹੋ ਪੁੱਛਦੇ ਸਨ, 'ਤੁਹਾਡਾ ਫੇਸਬੁੱਕ 'ਤੇ ਅਕਾਊਂਟ ਹੈ? ਹੈ, ਤਾਂ ਕਿਸ ਨਾਂ ਨਾਲ? ਪ੍ਰੋਫਾਈਲ ਪਿਕਸ ਕਿਹੋ ਜਿਹੀ ਹੈ?'
       'ਨਹੀਂ, ਮੈਂ ਨਹੀਂ ਹਾਂ, ਫੇਸਬੁੱਕ 'ਤੇ।' ਮੇਰੇ ਨਾਕਾਰਾਤਮਕ ਜਵਾਬ 'ਤੇ ਲੋਕੀਂ ਇਉਂ ਵੇਖਦੇ ਸਨ, ਜਿਵੇਂ ਮੈਂ ਬਹੁਤ ਪਿਛੜੀ, ਜਾਹਿਲ ਅਤੇ ਗੰਵਾਰ ਹੋਵਾਂ! ਜਦੋਂ ਅਜਿਹਾ ਕਈ ਵਾਰੀ ਹੋਇਆ, ਤਾਂ ਮੈਂ ਬੜੀ ਸ਼ਰਮਿੰਦਗੀ ਮਹਿਸੂਸ ਕਰਨ ਲੱਗੀ।ਆਪਣੀ ਕਾਬਲੀਅਤ ਉੱਤੇ ਸ਼ੱਕ ਹੋਣ ਲੱਗਾ ਮੈਨੂੰ। ਫਿਰ ਮੈਂ ਵੀ ਆਪਣਾ ਅਕਾਊਂਟ ਫੇਸਬੁੱਕ ਉੱਤੇ ਬਣਾ ਹੀ ਲਿਆ। ਹੁਣ ਕਿਧਰੇ ਜਾਂਦੀ ਹਾਂ, ਤਾਂ ਕਿਸੇ ਦੇ ਪੁੱਛਣ ਤੇ ਝੱਟ 'ਹਾਂ' ਕਹਿੰਦੀ ਹਾਂ। ਯਕੀਨ ਜਾਣੋ, ਬੜਾ ਮਾਣ ਹੁੰਦਾ ਹੈ ਆਪਣੇ- ਆਪ 'ਤੇ।ਅਤੇ ਮੈਂ ਬੜੀ ਚਹਿਕਦੀ ਹੋਈ ਦੂਜਿਆਂ ਤੋਂ ਪੁੱਛਦੀ ਹਾਂ, 'ਕੀ ਤੁਹਾਡਾ ਫੇਸਬੁੱਕ ਤੇ ਅਕਾਊਂਟ ਹੈ?'
        ਮੇਰੀ ਇੱਕ ਜਾਣ- ਪਛਾਣ ਵਾਲੀ ਔਰਤ ਹੈ- ਦੀਦੀ, ਚਾਚੀ, ਭੂਆ, ਭਾਬੀ... ਕੌਣ? ਮੈਂ ਇਹ ਨਹੀਂ ਦੱਸਾਂਗੀ, ਨਹੀਂ ਤਾਂ ਉਸਦੇ ਨਰਾਜ਼ ਹੋ ਜਾਣ ਦਾ ਭਿਆਨਕ ਖਤਰਾ ਹੈ। ਉਹ ਬੜੀ ਕੱਟੜ ਫੇਸਬੁਕੀਆ ਹੈ। ਸਵੇਰੇ ਉਸਦੀਆਂ ਅੱਖਾਂ ਫੇਸਬੁੱਕ ਤੇ ਹੀ ਖੁੱਲ੍ਹਦੀਆਂ ਹਨ। ਬਰੱਸ਼, ਨਹਾਉਣਾ, ਧੋਣਾ ਸਭ- ਕੁਝ ਪਿੱਛੋਂ। ਬੜਾ ਮਨ ਲਾ ਕੇ ਫੇਸਬੁੱਕ ਦਾ ਨਿਰੀਖਣ ਕਰਦੀ ਹੈ। ਫਿਰ ਜੋ ਕੁਝ ਫੇਸਬੁੱਕ ਤੇ ਵਾਪਰਦਾ ਰਹਿੰਦਾ ਹੈ, ਯਾਨੀ ਲਿਖਾ- ਪੜ੍ਹੀ, ਲਾਈਕ, ਕਮੈਂਟ, ਫੋਟੋ, ਟੈਗਿੰਗ ਆਦਿ- ਆਦਿ; ਉਸ ਦੀ ਚਰਚਾ- ਪਰਿਚਰਚਾ ਬੜੇ ਵਿਸਥਾਰ ਨਾਲ ਆਪਣੇ ਹੋਰ ਜਾਣ-ਪਛਾਣ ਵਾਲਿਆਂ ਨਾਲ ਫੋਨ ਤੇ ਕਰਦੀ ਹੈ। ਇਹ ਨਿਯਮ ਸਵੇਰ, ਦੁਪਹਿਰ, ਸ਼ਾਮ ਅਤੇ ਰਾਤ ਤੱਕ ਬਿਨਾਂ ਰੁਕਿਆਂ ਚਲਦਾ ਰਹਿੰਦਾ ਹੈ।
        ਜੇ ਕਿਸੇ ਦਿਨ ਉਸਦੀ ਫੇਸਬੁੱਕ ਨਹੀਂ ਚਲਦੀ, ਫਿਰ ਉਹ ਮੈਥੋਂ ਆਪਣੀ ਵਾਲ ਦੀ ਡਿਟੇਲ ਫੋਨ ਤੇ ਲੈਂਦੀ ਹੀ ਹੈ, ਨਾਲ ਆਪਣੇ ਕੁਝ ਖਾਸ ਲੋਕਾਂ ਦੀ ਵਾਲ ਡਿਟੇਲ, ਲਾਈਕ, ਕਮੈਂਟ ਵੀ ਲੈਂਦੀ ਹੈ।  
      ਇੱਕ ਵਾਰ ਉਸਦੇ ਘਰ ਕੁਝ ਮਹਿਮਾਨ ਆਉਣ ਵਾਲੇ ਸਨ। ਡਿਨਰ ਤੇ ਉਸਨੇ ਮੈਨੂੰ ਵੀ ਸੱਦਾ ਦਿੱਤਾ ਸੀ।ਨੌਂ ਵਜੇ ਦਾ ਟਾਈਮ ਸੀ। ਪਰ ਸੱਭਿਅਤਾ ਦਾ ਪਾਲਣ ਕਰਦਿਆਂ ਮੈਂ ਅੱਠ ਵਜੇ ਹੀ ਪਹੁੰਚ ਗਈ ਸਾਂ। ਮੈਡਮ ਫੇਸਬੁੱਕ ਤੇ ਹੀ ਮਿਲੀ, ਕੰਪਿਊਟਰ ਸਕਰੀਨ ਵਿੱਚ ਡੁੱਬੀ ਜਿਹੀ ਹੋਈ। ਮੈਂ ਸੋਚਿਆ, ਸ਼ਾਇਦ ਇਹਨੇ ਡਿਨਰ ਦੀ ਪੂਰੀ ਤਿਆਰੀ ਕਰ ਰੱਖੀ ਹੈ, ਇਸੇ ਲਈ ਨਿਸਚਿੰਤ ਹੋ ਕੇ ਬੈਠੀ ਹੈ।
       "ਸ਼ੁਚਿਤਾ, ਆਹ ਵੇਖ, ਮੈਂ ਕਿੰਨੀ ਵਧੀਆ ਫੋਟੋ ਲਾਈ ਹੈ। ਤੇ ਹਾਂ ਓਲਡ ਸੌਂਗ ਲਾਇਆ ਸੀ। ਤੂੰ ਲਾਈਕ ਹੀ ਨਹੀਂ ਕੀਤਾ, ਕੋਈ ਕਮੈਂਟ ਲਿਖ ਦਿੰਦੀ ਯਾਰ..." ਉਸਨੇ ਕਿਹਾ, ਫਿਰ ਖਿੜਖਿੜਾ ਕੇ ਹੱਸੀ, "ਵਾਹ, ਆਹ ਵੇਖ, ਕਿੰਨੇ ਜਣਿਆਂ ਨੇ ਮੇਰੀ ਕਵਿਤਾ ਨੂੰ ਲਾਈਕ ਕੀਤਾ ਹੈ... ਤੇ ਆਹ ਏਨੇ ਸਾਰੇ ਕਮੈਂਟ। ਖੂਬ... ਵਾਹ ਬਈ ਵਾਹ, ਸੁਆਦ ਆ ਗਿਆ..."
        "ਹਾਂ, ਸੱਚੀਂ, ਇਹ ਤਾਂ ਬਹੁਤ ਵਧੀਆ ਹੈ..." ਮੈਂ ਕਿਹਾ। ਇਸ ਤੋਂ ਇਲਾਵਾ ਮੈਨੂੰ ਹੋਰ ਕੁਝ ਨਹੀਂ ਸੁੱਝਿਆ।
         ਮੈਂ ਇੱਕ ਮੈਗਜ਼ੀਨ ਚੁੱਕ ਕੇ ਐਵੇਂ ਹੀ ਵੇਖਣ ਲੱਗੀ। ਮਨ ਵਿੱਚ ਇਹ ਸੋਚ ਕੇ, ਕਿ ਇਹ ਤਾਂ ਉੱਠੇ ਤਾਂ ਮੈਂ ਵੀ ਇੱਕ ਨਜ਼ਰ ਆਪਣੀ ਫੇਸਬੁੱਕ ਤੇ ਮਾਰ ਲਵਾਂ। ਕਰੀਬ ਅੱਧੇ ਘੰਟੇ ਤੱਕ ਖਾਮੋਸ਼ੀ ਛਾਈ ਰਹੀ, ਜਿਸ ਨੂੰ ਤੋੜਨ ਦੇ ਉਦੇਸ਼ ਨਾਲ ਮੈਂ ਕਿਹਾ, "ਮਹਿਮਾਨਾਂ ਦੇ ਆਉਣ ਦਾ ਵੇਲਾ ਹੋ ਗਿਆ ਹੈ, ਹੈ ਨਾ?"
         "ਹੂੰਅ, ਹਾਂ, ਹਾਂ, ਵੇਖੀ ਜ਼ਰਾ, ਇਹ ਲਿੰਕ ਬੜੇ ਵਧੀਆ ਗਾਣਿਆਂ ਦੇ ਹਨ। ਆ ਬੈਠ, ਸੁਣਦੇ ਹਾਂ..." ਉਸਨੇ ਕਿਹਾ।
         "ਹਾਂ, ਚੰਗਾ ਹੈ," ਮੈਂ ਕਿਹਾ, "ਬਈ ਤੇਰੇ ਮਹਿਮਾਨ ਕਿੱਥੇ- ਕੁ ਪਹੁੰਚੇ ਹਨ? ਜ਼ਰਾ ਪਤਾ ਤਾਂ ਕਰ..." ਮੈਂ ਫਿਰ ਗੁਸਤਾਖੀ ਕੀਤੀ।
         "ਹਾਂ, ਕਿੰਨੇ ਵੱਜੇ ਹਨ, ਹੁਣ?" ਉਸਨੇ ਫੇਸਬੁੱਕ ਤੇ ਨਜ਼ਰਾਂ ਟਿਕਾਏ ਹੋਏ ਹੀ ਕਿਹਾ।
        " ਪੌਣੇ ਨੌਂ," ਮੈਂ ਦੱਸਿਆ।
         "ਹੈਂ? ਪੌਣੇ ਨੌਂ? ਇੰਨੀ ਛੇਤੀ ਪੌਣੇ ਨੌਂ ਕਿਵੇਂ ਵੱਜ ਗਏ?" ਉਸ ਨੇ ਜਿਵੇਂ ਨੀਂਦ ਤੋਂ ਜਾਗਦੇ ਹੋਏ ਕਿਹਾ।
         "ਹਾਂ ਬਈ, ਪੌਣੇ ਨੌਂ ਹੀ ਵੱਜੇ ਹਨ," ਮੈਂ ਫਿਰ ਜਵਾਬ ਦਿੱਤਾ।
          ਹੁਣ ਉਸਨੇ ਕਾਹਲੀ ਨਾਲ ਲਾਗ- ਆਊਟ ਕੀਤਾ ਅਤੇ ਤੇਜ਼ੀ ਨਾਲ ਉੱਠਦੀ ਹੋਈ ਬੋਲੀ, "ਯਾਰ, ਅਜੇ ਤਾਂ ਮੈਂ ਕੁਝ ਬਣਾਇਆ ਹੀ ਨਹੀਂ। ਅਸਲ ਵਿੱਚ ਕੀ ਹੋਇਆ, ਰਮਨ ਜੀ ਨੇ ਬੜੀ ਵਧੀਆ ਕਵਿਤਾ ਪੋਸਟ ਕੀਤੀ ਸੀ। ਉਹਨੂੰ ਪੜ੍ਹਨ ਲੱਗ ਪਈ। ਫੇਰ ਸੁਮਨ ਜੀ ਨਾਲ ਇੱਕ ਬੜੇ ਗੰਭੀਰ ਵਿਸ਼ੇ ਤੇ ਚੈਟਿੰਗ ਕਰਨ ਲੱਗ ਪਈ।"
         ਮੈਨੂੰ ਸਮਝ ਵਿੱਚ ਨਹੀਂ ਆਇਆ ਕਿ ਕੀ ਕਰਾਂ, ਕੀ ਕਹਾਂ? ਮੈਂ ਹੈਰਾਨੀ ਨਾਲ ਕਦੇ ਕੰਪਿਊਟਰ ਵੱਲ ਵੇਖਦੀ ਤੇ ਕਦੇ ਆਪਣੇ ਮੇਜ਼ਬਾਨ ਵੱਲ। ਕਾਹਲੀ ਵਿੱਚ ਉਹ ਦੌੜਦੀ- ਹਫਦੀ ਹੋਈ ਕਿਚਨ ਵਿੱਚ ਗਈ ਅਤੇ ਘਬਰਾਹਟ ਵਿੱਚ ਕੁਝ ਬਣਾਉਣਾ ਸ਼ੁਰੂ ਕੀਤਾ।
        ਉਹ ਤਾਂ ਭਲਾ ਹੋਵੇ ਉਨ੍ਹਾਂ ਮਹਿਮਾਨਾਂ ਦਾ, ਜੋ ਟ੍ਰੈਫਿਕ ਕਰਕੇ ਅੱਧਾ ਘੰਟਾ ਲੇਟ ਪਹੁੰਚੇ। ਆਖਰਕਾਰ ਚਾਵਲ ਬਣਨ ਤੱਕ ਸਾਨੂੰ ਸਭ ਨੂੰ ਵੀਹ ਮਿੰਟ ਉਡੀਕ ਕਰਨੀ ਪਈ।
        ਮੇਰੀ ਇੱਕ ਗੁਆਂਢਣ ਹੈ- ਰਾਗਿਨੀ। ਜਦੋਂ ਵੀ ਸਾਹਮਣੇ ਨਜ਼ਰ ਆਵੇਗੀ ਬੱਸ 'ਹਾਏ- ਹੈਲੋ' ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਕਰਦੀ। ਪਰ ਜਦੋਂ ਵੀ ਫੇਸਬੁੱਕ ਤੇ ਆਨਲਾਈਨ ਮਿਲਦੀ ਹੈ ਤਾਂ ਪਤਾ ਨਹੀਂ ਦੁਨੀਆਂ- ਜਹਾਨ ਦੀਆਂ ਢੇਰਾਂ ਗੱਲਾਂ ਕਿਵੇਂ ਯਾਦ ਆ ਜਾਂਦੀਆਂ ਹਨ...।
        ਇਕ ਹੋਰ ਪੱਕੀ ਫੇਸਬੁਕੀਆ ਹੈ... ਇੱਕ ਵਾਰੀ ਮੇਰੇ ਘਰ ਪਾਰਟੀ ਤੇ ਆਈ ਸੀ। ਸਾਰੇ ਜਣੇ ਖਾ- ਪੀ ਰਹੇ ਸਨ ਤੇ ਸਾਰੇ ਹੀ ਮਟਰ- ਪਨੀਰ ਅਤੇ ਆਲੂ ਦੀ ਪ੍ਰਸ਼ੰਸਾ ਕਰ ਰਹੇ ਸਨ। "ਹਾਂ ਬਈ, ਕੋਫਤੇ ਅਤੇ ਭਿੰਡੀ ਸੱਚਮੁੱਚ ਬੜੀ ਟੇਸਟੀ ਬਣੀ ਹੈ..." ਉਹਨੇ ਬੜੀ ਲੰਮੀ ਖ਼ਾਮੋਸ਼ੀ ਪਿੱਛੋਂ ਅਚਾਨਕ ਕਿਹਾ, ਤਾਂ ਅਸੀਂ ਸਾਰੇ ਤ੍ਰਭਕ ਕੇ ਉਹਦੇ ਮੂੰਹ ਵੱਲ ਵੇਖਣ ਲੱਗ ਪਏ। ਲਾਈਕ, ਕਮੈਂਟ ਦੀ ਗੱਲ ਉਸ ਨੇ ਝੱਟ ਸ਼ੁਰੂ ਕਰ ਦਿੱਤੀ ਅਤੇ ਉਸਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਕੀ ਹੋਇਆ ਹੈ? ਖੈਰ, ਮੈਂ ਉਸਨੂੰ ਕੀ ਕਹਾਂ, ਜਦੋਂ ਤੋਂ ਮੈਂ ਆਪ ਕੱਟੜ ਫੇਸਬੁਕੀਆ ਬਣੀ ਹਾਂ- ਮੇਰੇ ਘਰ, ਪਰਿਵਾਰ, ਆਸਪਾਸ, ਸਮਾਜ, ਦੇਸ਼- ਦੁਨੀਆਂ ਵਿੱਚ ਕੀ ਹੋ ਰਿਹਾ ਹੈ- ਮੈਨੂੰ ਖੁਦ ਕਿਸੇ ਗੱਲ ਦੀ ਫਿਕਰ ਨਹੀਂ ਰਹਿੰਦੀ। ਫਿਕਰ ਹੁੰਦੀ ਹੈ, ਤਾਂ ਬੱਸ ਫੇਸਬੁੱਕ ਦੀ। ਇਹ ਇੱਕ ਤਰ੍ਹਾਂ ਨਾਲ ਚੰਗਾ ਵੀ ਹੈ। ਸਵੇਰ ਤੋਂ ਰਾਤ ਤੱਕ ਇਹਦੀ ਚਿੰਤਾ ਵਿੱਚ ਡੁੱਬੇ ਰਹਿਣ ਕਰਕੇ ਹੋਰ ਕੋਈ ਚਿੰਤਾ ਨਹੀਂ ਸਤਾਉਂਦੀ।
         ਬਿਜਲੀ,ਪਾਣੀ, ਟੈਲੀਫੋਨ ਦਾ ਬਿੱਲ ਜਮ੍ਹਾ ਹੋਵੇ ਜਾਂ ਨਾ ਹੋਵੇ, ਕੋਈ ਪ੍ਰਵਾਹ ਨਹੀਂ ਕਰਦਾ। ਪਰ ਇੰਟਰਨੈੱਟ ਦਾ ਬਿੱਲ ਗਰਮੀ, ਸਰਦੀ, ਬਰਸਾਤ ਦੇ ਬਾਵਜੂਦ ਬਿਨਾਂ ਦੇਰੀ ਕੀਤਿਆਂ ਜ਼ਰੂਰ ਸਮੇਂ ਸਿਰ ਜਮ੍ਹਾਂ ਕਰਵਾ ਦਿੰਦੀ ਹਾਂ।
         ਇੱਕ ਦਿਨ ਪਾਪਾ ਦਾ ਸ਼ੇਵਿੰਗ ਬਰੱਸ਼ ਮਿਸਪਲੇਸ ਹੋ ਗਿਆ। ਘਰ ਦੇ ਸਾਰੇ ਜਣੇ ਉਹਨੂੰ ਲੱਭਣ ਵਿੱਚ ਬਿਜ਼ੀ ਸਨ। ਪਰ ਮੈਂ ਆਪਣੀ ਫੇਸਬੁੱਕ ਤੇ ਮਸਤ ਸਾਂ। ਕੁਝ ਚਿਰ ਪਿੱਛੋਂ ਪਾਪਾ ਮੇਰੇ ਕਮਰੇ ਵਿੱਚ ਆਏ ਅਤੇ ਪੁੱਛਣ ਲੱਗੇ, "ਕੀ ਕਰ ਰਹੀ ਹੈਂ...?"
         "ਉਹ ਮੈਂ... ਮੈਂ ਤੁਹਾਡਾ ਤੌਲੀਆ ਲੱਭ ਰਹੀ ਹਾਂ, ਜੋ ਗੁੰਮ ਗਿਆ ਹੈ...।" ਘਬਰਾਹਟ ਵਿੱਚ ਮੇਰੇ ਮੂੰਹੋਂ ਇਹੋ ਨਿਕਲਿਆ। ਮੈਨੂੰ ਸੱਚਮੁੱਚ ਧਿਆਨ ਨਹੀਂ ਸੀ ਕਿ ਸ਼ੇਵਿੰਗ ਬਰੱਸ਼ ਗੁਆਚਿਆ ਹੈ, ਜਾਂ ਕੁਝ ਹੋਰ...?
        " ਫੇਸਬੁੱਕ ਤੇ ਲੱਭ ਰਹੀ ਹੈਂ...?" ਪਾਪਾ ਨੇ ਫਿਰ ਪੁੱਛਿਆ।
          ਹੁਣ ਮੈਨੂੰ ਆਪਣੀ ਬੇਵਕੂਫੀ ਅਤੇ ਗਲਤੀ ਦਾ ਅਹਿਸਾਸ ਹੋਇਆ। ਉਸੇ ਸਮੇਂ ਮੇਰੇ ਸਟੇਟੱਸ ਨੂੰ ਬਹੁਤ ਲੋਕਾਂ ਨੇ ਲਾਈਕ ਕੀਤਾ ਸੀ। ਸੋ ਮੈਂ ਖ਼ੁਸ਼ ਸਾਂ। ਇਸ ਲਈ ਕੋਈ ਅਫਸੋਸ ਨਹੀਂ ਹੋਇਆ। ਮੈਂ ਫਿਰ ਤੋਂ ਫੇਸਬੁੱਕ ਤੇ ਜੰਮ ਗਈ ਸਾਂ। ਅਤੇ ਪਾਪਾ ਚਲੇ ਗਏ।
         ਮੈਨੂੰ ਤਾਂ ਫੇਸਬੁੱਕ ਦੀ ਅਪਰੰਪਾਰ- ਮਹਿਮਾ ਵੇਖ ਕੇ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ, ਜਦੋਂ ਇੱਕ ਹੀ ਘਰ ਦੇ ਮੈਂਬਰ ਆਪੋ- ਆਪਣੇ ਕਮਰੇ ਵਿੱਚ ਬੈਠ ਕੇ ਫੇਸਬੁੱਕ ਤੇ ਹੀ ਆਨਲਾਈਨ ਗੱਲਾਂ ਕਰਨਗੇ। ਆਪੋ- ਆਪਣੇ ਮੋਬਾਈਲ ਫੋਨ ਨਾਲ ਆਪਣੀ ਅਤੇ ਆਪਣੇ ਕੁੱਤਿਆਂ- ਬਿੱਲੀਆਂ ਦੀਆਂ ਫੋਟੋਆਂ ਖਿੱਚ ਕੇ ਅਪਡੇਟ ਕਰਨਗੇ ਅਤੇ ਲਾਈਕ, ਕਮੈਂਟ ਕਰਨਗੇ... ਉਂਜ ਕਿੰਨਾ ਵਧੀਆ ਲੱਗੇਗਾ! ਜ਼ਰਾ ਸੋਚੋ... 'ਜੇੈ ਹੋਵੇ ਫੇਸਬੁੱਕ ਦੀ...' 'ਫੇਸਬੁੱਕ ਜ਼ਿੰਦਾਬਾਦ...'।
 
Have something to say? Post your comment

More Article News

ਕਾਵਿ ਸੰਗ੍ਰਹਿ : ਤਰੇਲ ਤੁਪਕੇ / ਰੀਵੀਊਕਾਰ : ਪ੍ਰੋ. ਨਵ ਸੰਗੀਤ ਸਿੰਘ ਮਿੰਨੀ ਕਹਾਣੀ:- ਵਖਰੇਵੇਂ ਦੀ ਕੈਦ/ਹਰਪ੍ਰੀਤ ਕੌਰ ਘੁੰਨਸ ਪਰਜਾ ਦੀਆਂ ਚੀਕਾਂ/ਹਰਪ੍ਰੀਤ ਕੌਰ ਘੁੰਨਸ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਵੱਲੋਂ ਫਿਲਮ "ਦੂਜਾ ਵਿਆਹ" ਰਿਲੀਜ਼ / ਛਿੰਦਾ ਧਾਲੀਵਾਲ ਸ਼ਰੀਫ ਬੰਦਾ/ਜਸਕਰਨ ਲੰਡੇ ਪਾਤਲੀਆਂ ਦਾ ਦਰਦ/ਡਾ: ਸੁਧੀਰ ਗੁਪਤਾ ਤੇ ਡਾ: ਰਿਪੁਦਮਨ ਸਿੰਘ ਤ੍ਰਿਲੋਕ ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ/ ਉਜਾਗਰ ਸਿੰਘ "ਸੁੱਚਾ ਸੂਰਮਾ" ਲੋਕ ਗਾਥਾ ਗਾਇਕੀ ਚ ਨਵਾਂ ਮਾਅਰਕਾ ਗਾਇਕ ਲੱਕੀ ਸਿੰਘ ਦੁਰਗਾਪੁਰੀਆ ਮਾਂ ਤਾਂ ਪੁੱਤ ਲਈ---ਪ੍ਰਭਜੋਤ ਕੌਰ ਢਿੱਲੋਂ ਦੇਸ਼ ਦੇ ਸਮੁੱਚੇ ਦਲਿਤ ਸਮਾਜ ਦੇ ਧਿਆਨ ਹਿਤ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ /ਬਘੇਲ ਸਿੰਘ ਧਾਲੀਵਾਲ
-
-
-