Article

ਕਿਰਤ ਜ਼ਿੰਦਗੀ ਨੂੰ ਬਿਹਤਰ ਬਣਾਉਂਦੀ ਹੈ//ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

February 07, 2019 09:03 PM
Prabhjot Kaur Dhillon
ਕਿਰਤ ਜ਼ਿੰਦਗੀ ਨੂੰ ਬਿਹਤਰ ਬਣਾਉਂਦੀ ਹੈ
ਕਿਰਤ ਕਰਨਾ,ਜ਼ਿੰਦਗੀ ਨੂੰ ਹਰ ਖੇਤਰ ਵਿੱਚ ਸਫ਼ਲ ਬਣਾਉਂਦੀ ਹੈ।ਕਿਰਤ ਕਰਕੇ ਅਤੇ ਮਿਹਨਤ ਨਾਲ ਕਮਾਏ ਪੈਸੇ ਨੂੰ ਗਲਤ ਕੰਮਾਂ ਲਈ ਖਰਚਣ ਨੂੰ ਦਿਲ ਨਹੀਂ ਕਰੇਗਾ।ਜਿਸਨੇ ਮਿਹਨਤ ਨਾਲ ਪੈਸਾ ਕਮਾਇਆ ਹੁੰਦਾ ਹੈ ਉਸਨੂੰ ਰਿਸ਼ਵਤ ਦੇਣ ਲੱਗਿਆਂ ਵੀ ਦਰਦ ਹੁੰਦਾ ਹੈ,ਤਕਲੀਫ਼ ਹੁੰਦੀ ਹੈ ਅਤੇ ਉਸਦਾ ਦਿਲ ਰੋਂਦਾ ਹੈ।ਉਹ ਰੋਜ਼ ਹੋਟਲਾਂ ਵਿੱਚ ਬੈਠਕੇ ਮਹਿੰਗੇ ਖਾਣੇ ਅਤੇ ਸ਼ਰਾਬ ਨਹੀਂ ਪੀਵੇਗਾ।ਜਿਸਨੇ ਗਲਤ ਕੰਮ ਨਹੀਂ ਕਰਨਾ ਉਹ ਕਿਸੇ ਦੂਸਰੇ ਨੂੰ ਵੀ ਗਲਤ ਕੰਮ ਕਰਨ ਲਈ ਰਿਸ਼ਵਤ ਨਹੀਂ ਦੇਵੇਗਾ।ਅੱਜ ਦੇ ਯੁੱਗ ਵਿੱਚ ਲੋੜਾਂ ਵਧਾ ਲਈਆਂ, ਇੱਛਾਵਾਂ ਦਾ ਕੋਈ ਅੰਤ ਨਹੀਂ,ਵਿਖਾਵਾ ਜ਼ਰੂਰਤ ਨਾਲੋਂ ਜ਼ਿਆਦਾ ਹੋ ਗਿਆ।ਇਹ ਸਭ ਪੂਰਾ ਕਰਨ ਲਈ ਗਲਤ ਢੰਗਾਂ ਨਾਲ ਪੈਸੇ ਨੂੰ ਇਕੱਠਾ ਕੀਤਾ ਜਾਂਦਾ ਹੈ।ਸੱਚ ਹੈ ਰੱਬ ਦੀ ਚੱਕੀ ਪੀਹਦੀ ਹੌਲੀ ਹੈ ਪਰ ਪੀਹਦੀ ਬਰੀਕ ਹੈ।ਬੁਰੇ ਕੰਮਾਂ ਦਾ ਨਤੀਜਾ ਹਮੇਸ਼ਾਂ ਬੁਰਾ ਹੁੰਦਾ ਹੈ।ਕਿੱਕਰਾਂ ਬੀਜੋਗੇ ਤਾਂ ਅੰਬ ਤਾ ਨਹੀਂ ਲੱਗਣਗੇ।ਕਿਰਤ ਕਰਕੇ ਕਮਾਏ ਪੈਸੇ ਵਿੱਚ ਬਰਕਤ ਜ਼ਰੂਰ ਪੈਂਦੀ ਹੈ।ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਪ੍ਰਮਾਤਮਾ ਉਸਦਾ ਰਸਤਾ ਆਪ ਕੱਢਦਾ ਹੈ।ਜਦੋਂ ਕਿਰਤ ਕਰਦੇ ਹਾਂ ਤਾਂ ਇਮਾਨਦਾਰੀ ਵੀ ਹੁੰਦੀ ਹੈ।ਅਜਿਹੇ ਲੋਕਾਂ ਵਿੱਚ ਵਿਖਾਵਾ ਅਤੇ ਫੁੱਕਰਾਪਣ ਨਹੀਂ ਹੁੰਦਾ।ਸੰਤੁਸ਼ਟੀ, ਸਹਿਜ,ਪਿਆਰ ਅਤੇ ਨਿਮਰਤਾ ਚਿਹਰੇ ਤੋਂ ਝਲਕਣ ਲੱਗਦੀ ਹੈ।ਕਿਰਤ ਕਰਨ ਵਾਲਾ, ਇਮਾਨਦਾਰ ਬੰਦਾ ਜਿੰਨਾ ਮਰਜ਼ੀ ਸਾਦਾ ਅਤੇ ਸਧਾਰਨ ਪਹਿਰਾਵੇ ਵਿੱਚ ਹੋਵੇ, ਆਪਣੀ ਛਾਪ ਛੱਡ ਜਾਂਦਾ ਹੈ।ਜਿਵੇਂ ਸਿਆਣੇ ਕਹਿੰਦੇ ਹਨ ਕਿ ਲਾਲ ਗੋਦੜੀ ਵਿੱਚ ਪਹਿਚਾਣਿਆ ਜਾਂਦਾ ਹੈ,ਇਵੇਂ ਹੀ ਇਹ ਲੋਕ ਅਲੱਗ ਹੀ ਹੁੰਦੇ ਹਨ।ਕਿਰਤ ਕਰਨ ਵਾਲੇ ਅਤੇ ਮਿਹਨਤੀ ਲੋਕਾਂ ਕੋਲ ਫ਼ਾਲਤੂ ਲੋਕਾਂ ਦੀਆਂ ਗੱਲਾਂ ਕਰਨ ਦੀ ਵਿਹਲ ਨਹੀਂ ਹੁੰਦੀ।ਨਾ ਏਹ ਫਾਲਤੂ ਕਿਸੇ ਲਈ ਬੋਲਣ ਨਾ ਸੋਚਣ,ਨਾ ਕਿਸੇ ਤੇ ਚਿੱਕੜ ਸੁੱਟਣ ਅਤੇ ਨਾ ਇੰਨਾ ਨੂੰ ਪ੍ਰੇਸ਼ਾਨੀ ਹੋਵੇ।ਕਿਰਤ ਕਰਨ ਵਾਲਾ ਆਪਣੇ ਆਪ ਵਿੱਚ ਮਸਤ ਰਹਿੰਦਾ ਹੈ।ਅਜਿਹੇ ਲੋਕ ਮਿਹਨਤ ਦੀ ਭੱਠੀ ਵਿੱਚ ਤਪਕੇ ਸ਼ੁੱਧ ਸੋਨੇ ਵਾਂਗ ਚਮਕਦੇ ਹਨ।ਜਿੱਤ ਹਮੇਸ਼ਾਂ ਮਿਹਨਤ ਕਰਨ ਵਾਲੇ ਦੀ ਹੁੰਦੀ ਹੈ।ਗਲਤ ਕੰਮ ਲਈ ਕੀਤੀ ਮਿਹਨਤ ਗੁਨਾਹ ਹੀ ਹੈ।ਇਮਾਨਦਾਰੀ ਨਾਲ ਕੀਤਾ ਹਰ ਕੰਮ ਸਫ਼ਲਤਾ ਵੱਲ ਹੀ ਲੈਕੇ ਜਾਂਦਾ ਹੈ।ਮਿਹਨਤ ਦਾ ਫਲ ਹਮੇਸ਼ਾਂ ਮਿੱਠਾ ਹੁੰਦਾ ਹੈ।ਕਿਰਤ ਦੀ ਕਮਾਈ ਦੀ ਸਚਾਈ ਗੁਰੂ ਨਾਨਕ ਦੇਵ ਜੀ ਨੇ ਵਿਖਾਈ ਸੀ।ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱੱਧ ਅਤੇ ਮਲਕ ਭਾਗੋ ਦੇ ਪਕਵਾਨ ਵਿੱਚੋਂ ਲਹੂ ਕੱਢ ਕੇ ਵਿਖਾਇਆ।ਕਿਰਤ,ਮਿਹਨਤ ਅਤੇ ਇਮਾਨਦਾਰੀ ਦੀ ਕਮਾਈ ਹਮੇਸ਼ਾ ਜ਼ਿੰਦਗੀ ਨੂੰ ਬਿਹਤਰ ਬਣਾਉਂਦੀ ਹੈ।ਗਲਤ ਪੈਸੇ ਦਾ ਹਾਲ ਇਹ ਹੁੰਦਾ ਹੈ,"ਚਾਰ ਦਿਨਾਂ ਦੀ ਚਾਂਦਨੀ, ਫੇਰ ਅੰਧੇਰੀ ਰਾਤ"।
ਕਰ ਮਜੂਰੀ,ਖਾਹ ਚੂਰੀ ਅਤੇ ਉੱਦਮ ਅੱਗੇ ਲੱਛਮੀ ਹੁੰਦੀ ਹੈ।ਭ੍ਰਿਸ਼ਟ ਬੰਦੇ ਨੂੰ ਐਸ਼ ਕਰਦੇ ਨਾ ਵੇਖੋ,ਉਨ੍ਹਾਂ ਦੀ ਦੁਰਗੱਤ ਹੁੰਦੀ ਵੀ ਵੇਖੋ।ਬੁਰੇ ਕੰਮਾਂ ਦਾ ਨਤੀਜਾ ਦੇਰ ਸਵੇਰ ਬੁਰਾ ਹੀ ਆਉਣਾ ਹੈ।ਬਿਹਤਰ ਹੈ ਕਿਰਤ ਕਰੋ,ਕਿਰਤ ਹੀ ਜ਼ਿੰਦਗੀ ਨੂੰ ਬਿਹਤਰ ਬਣਾਉਂਦੀ ਹੈ।
 
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
Have something to say? Post your comment