Saturday, April 20, 2019
FOLLOW US ON

Poem

ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਵਿਤਾ //ਬਰਾੜ ਜੇ. ਐੱਸ. ਮਸ਼ੂਰ

February 07, 2019 09:21 PM
    ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਵਿਤਾ //ਬਰਾੜ ਜੇ. ਐੱਸ. ਮਸ਼ੂਰ 
ਕੋਟਨ ਕੋਟ ਨਮਨ ਹੈ,
ਸਾਹਿਬ ਗੁਰ ਤੇਗ ਬਹਾਦਰ ਤਾਂਈ। 
ਜਿਸ ਦੇ ਸ਼ਹਾਦਤ ਆਪਣੀ, 
ਕੁੱਲ ਹਿੰਦ ਦੀ ਸੀ ਅਣਖ ਬਚਾਈ। 
 
ਜਦ ਵਧਿਆ ਜ਼ੁਲਮ ਔਰੰਗੇ ਦਾ,
ਚਹੁੰ ਪਾਸੇ ਹਾਹਾਕਾਰ ਮਚਾਈ। 
ਲਾਹ ਜ਼ਬਰੀ ਜੰਝੂ ਪੰਡਿਤਾਂ ,
ਜਾਵੇ ਮੱਥੇ ਤੋਂ ਤਿਲਕ ਮਿਟਾਈ।
ਸੰਕਟ ਮਾਰੇ ਦੁੱਖਾ ਮਾਰੇ ਪੰਡਿਤ ਕਸ਼ਮੀਰੀ, 
ਆ ਨੰਦਪੁਰ ਅੱਗੇ ਗੁਰੂ ਦੇਣ ਦੁਹਾਈ। 
ਕਰੋ ਰੱਖਿਆ ਸਾਡੀ ਗੁਰੂ ਜੀ, 
ਬਾਦਸ਼ਾਹ ਜਾਵੇ ਜ਼ਬਰੀ ਮੁਗਲ ਬਣਾਈ। 
 
ਦੁੱਖ ਸੁਣਕੇ ਸਾਰਾ ਪੰਡਿਤਾਂ, 
ਗੁਰੂ ਨੇ ਮੁੱਖੋੰ  ਗੱਲ ਫੁਰਮਾਈ। 
ਧਰਮ ਤੇ ਬਚ ਸਕਦਾ ਹੈ ਥੋਡਾ, 
ਪਰ ਜੇ ਕੋਈ ਧਰਮਾਤਮਾ ਦੇਵੇ ਕੁਰਬਾਨੀ ਭਾਈ। 
ਕੋਲੇ ਬੈਠੇ ਬਾਲ ਗੋਬਿੰਦ ਨੇ ਗੁਰਾਂ ਨੂੰ, 
 ਇੱਕ ਅਰਜ਼ ਲਗਾਈ। 
ਵੱਡਾ ਆਪ ਤੋਂ ਧਰਮਾਤਮਾ, 
ਦੱਸੋਖਾਂ ਭਲਾਂ ਕੌਣ ਹੈ ਹੁਣ ਜੱਗ ਦੇ ਤਾਂਈ। 
 
 
ਸਿੱਧੀ ਸਾਧੀ ਗੱਲ ਵਿੱਚੋਂ ਬਾਲ ਗੋਬਿੰਦ ਦੀ,
ਦੇ ਗਈ ਡੂੰਘੀ ਗੁਰਾਂ ਨੂੰ ਇੱਕ ਰਮਜ਼ ਸੁਣਾਈ। 
ਗੁਰੂ ਆਖਿਆ ਬੇਫਿਕਰੇ ਹੋ ਜੋ ਪੰਡਿਤੋ, 
ਹੁਣ ਥੋਨੂੰ ਡਰ ਨਾ ਕਾਈ।
ਖਾਤਰ ਥੋਡੇ ਧਰਮ ਦੇ ਮੈੰ ਦੇਵਾਂਗਾ ਕੁਰਬਾਨੀ, 
ਇਸ ਵਿੱਚ ਹੁਣ ਸ਼ੱਕ ਰਿਹਾ ਨਾ ਰਾਈ। 
ਜੇ ਇਸਲਾਮ ਕਬੂਲ ਗੁਰ ਤੇਗ ਬਹਾਦਰ,  
ਕਹਿ ਦੇਣਾ  ਜਾ ਮੁਗਲ ਬਾਦਸ਼ਾਹ ਤਾਂਈ ।  
ਫਿਰ ਸਾਨੂੰ ਵੀ ਇਸਲਾਮ ਕਬੂਲ ਹੈ, 
ਕੋਈ ਗਿਲਾ ਤੇ ਸ਼ਿਕਵਾ ਨਾਹੀ। 
ਸੁਣ ਗੁਰੂ ਦੇ ਇਸ ਫੁਰਮਾਨ ਨੂੰ, 
ਚੱਲੇ ਪੰਡਿਤ ਘਰਾਂ ਨੂੰ ਚਾਂਈ- ਚਾਂਈ। 
 
 
ਫਿਰ ਪਹੁੰਚਿਆ ਦਿੱਲੀ ਗੁਰ ਤੇਗ ਬਹਾਦਰ, 
ਹਿੰਦ ਦੀ ਚਾਦਰ। 
ਖਾਤਰ ਮਾਨਵਤਾ ਦੇ ਭਾਈ। 
ਦੇ ਸੀਸ ਚਾਂਦਨੀ ਚੌਕ ਵਿੱਚ, 
ਗੁਰ ਵੱਧਦੇ ਜ਼ਬਰੋ-ਜ਼ੁਲਮ ਦੀ ਸੀ, 
ਅਲਖ ਮੁਕਾਈ। 
 
ਕਿੰਝ ਸਭ ਧਰਮਾਂ ਦਾ ਸਤਿਕਾਰ ਕਰਨ ਦੀ, 
ਹਰ ਬੰਦੇ ਨੂੰ ਪਿਆਰ ਕਰਨ ਦੀ, 
ਦੂਜੇ ਦੀਆਂ ਪੀੜਾ ਖੁਦ ਹਰਨ ਦੀ, 
ਸੱਚ ਦੀ ਖਾਤਰ ਹੱਸਦਿਆਂ - ਹੱਸਦਿਆਂ ਬੇ-ਖੌਫ ਮਰਨ ਦੀ, 
ਗੁਰੂ ਨੇ ਨਵੀਂ ਸੀ ਰੀਤ ਚਲਾਈ। 
ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ, 
ਜਿਸ ਸਿਮਰਿਆ ਘਰ ਨੌ ਨਿੱਧ ਆਵੈ ਧਾਈ। 
ਧੰਨ ਹੈ ਗੁਰ ਤੇਰੀ ਸ਼ਹਾਦਤ, 
ਕੁੱਲ ਆਲਮ ਜਾਵੇ ਸੀਸ ਝੁਕਾਈ। 
 
ਕੋਟਨ ਕੋਟ ਨਮਨ ਹੈ,
ਸਾਹਿਬ ਗੁਰ ਤੇਗ ਬਹਾਦਰ ਤਾਂਈ। 
ਜਿਸ ਦੇ ਸ਼ਹਾਦਤ ਆਪਣੀ, 
ਕੁੱਲ ਹਿੰਦ ਦੀ ਸੀ ਅਣਖ ਬਚਾਈ। 
 
ਬਰਾੜ ਜੇ. ਐੱਸ. ਮਸ਼ੂਰ 
ਮੋ. 90414-61944
Have something to say? Post your comment