Article

ਬਸੰਤ ਮਨਾਓ,ਪਤੰਗ ਉਡਾਓ ਪਰ ਚਾਇਨਾ ਡੋਰ ਨਾਂ ਅਪਣਾਓ

February 08, 2019 10:02 PM

ਬਸੰਤ ਮਨਾਓ,ਪਤੰਗ ਉਡਾਓ ਪਰ ਚਾਇਨਾ ਡੋਰ ਨਾਂ ਅਪਣਾਓ
(ਪਾਬੰਦੀ ਦੇ ਬਾਵਜੂਦ ਨਹੀਂ ਰੁਕ ਰਿਹਾ ਖੂਨੀ ਚਾਇਨਾ ਡੋਰ ਦਾ ਰੁਝਾਨ)
ਭਾਰਤ ਤਿਉਹਾਰਾਂ ਦਾ ਦੇਸ਼ ਹੈ ਜਿੱਥੇ ਸਾਰਾ ਸਾਲ ਕੋਈ ਨਾ ਕੋਈ ਤਿਉਹਾਰ ਆਉਂਦਾ ਹੀ ਰਹਿੰਦਾ ਹੈ ਅਤੇ ਲੋਕ ਆਪਣੇ ਰੀਤੀ ਰਿਵਾਜਾਂ ਅਨੁਸਾਰ ਤਿਉਹਾਰ ਮਨਾਉਂਦੇ ਹਨ। ਇਸ ਤਰਾਂ ਬਸੰਤ ਪੰਚਮੀ ਅਜਿਹਾ ਤਿਉਹਾਰ ਹੈ ਜਿਸਨੂੰ ਸਾਰੇ ਹੀ ਰਲ ਮਿਲ ਕੇ ਮਨਾਉਂਦੇ ਹਨ। ਇਸ ਦਿਨ ਲੋਕ ਪੀਲੇ ਕੱਪੜੇ ਪਾਉਣੇ ਪਸੰਦ ਕਰਦੇ ਹਨ,ਚਾਰੇ ਪਾਸੇ ਫੁੱਲਾਂ ਦੀ ਖੁਸ਼ਬੂ ਅਤੇ ਸੁੰਦਰਤਾ ਮਹਿਕਦੀ ਹੋਈ ਦੇਖਣ ਨੂੰ ਮਿਲਦੀ ਹੈ। ਇਸ ਦਿਨ ਬੱਚੇ ਤੋਂ ਲੈ ਕੇ ਬੁੱਢੇ ਤੱਕ ਤਕਰੀਬਨ ਹਰੇਕ ਉਮਰ ਦਾ ਵਿਅਕਤੀ ਪਤੰਗਬਾਜੀ ਦਾ ਲੁਤਫ ਜਰੂਰ ਲੈਣਾ ਪਸੰਦ ਕਰਦਾ ਹੈ।
ਪਤੰਗਬਾਜੀ ਪੁਰਾਤਨ ਸਮੇਂ ਤੋਂ ਹੀ ਚਲੀ ਆ ਰਹੀ ਪਰੰਪਰਾ ਹੈ ਇਸ ਸਬੰਧੀ ਰਾਜੇ ਮਹਾਂਰਾਜਿਆਂ ਦੁਆਰਾਂ ਖੁਦ ਪਤੰਗਬਾਜੀ ਦੇ ਮੁਕਾਬਲੇ ਕਰਵਾਏ ਜਾਂਦੇ ਸਨ। ਬਸੰਤ ਦੇ ਦਿਨਾਂ ਵਿੱਚ ਪਤੰਗ ਬਾਜੀ  ਦੇ ਸ਼ੌਂਕ ਵਧ ਜਾਂਦੇ ਹਨ ਤੇ ਕਈ ਬੱਚੇ ਸਾਰਾ ਸਾਲ ਹੀ ਪਤੰਗ ਉਡਾਉਣਾ ਪਸੰਦ ਕਰਦੇ ਹਨ। ਅੱਜ ਕੱਲ ਲੋਕ ਬਸੰਤ ਦੇ ਦਿਨ ਆਪਣੇ ਕੋਠਿਆਂ ਤੇ ਚੜ ਕੇ ਡੀ.ਜੇ ਆਦਿ ਲਗਾ ਕੇ ਖੂਬ ਪਤੰਗ ਚੜਾਉਂਦੇ ਹਨ ਤੇ ਸ਼ਰਤਾਂ ਲਗਾਉਂਦੇ ਹਨ। ਫਿਰ ਇੱਕ ਦੂਜੇ ਦੇ ਪਤੰਗ ਨੂੰ ਕੱਟ ਕੇ ਰੋਲਾ ਪਾਕੇ,ਭੰਗੜੇ ਪਾਕੇ ਚੀਕਾਂ ਮਾਰਕੇ ਦਿਲ ਪ੍ਰਚਾਵਾ ਕਰਦੇ ਹਨ। ਮਨੋਰੰਜਨ ਕਰਨਾ ਮਾੜੀ ਗੱਲ ਨਹੀ। ਪਰ ਅੱਜ ਕੱਲ ਪਤੰਗਬਾਜੀ ਲਈ ਲੋਕ ਚਾਇਨਾ ਡੋਰ ਵਰਤਨ ਲੱਗ ਪਏ ਹਨ ਜੋ ਕਿ ਮਨੁੱਖ ਲਈ ਅਤੇ ਪੰਛੀਆਂ ਲਈ ਬਹੁਤ ਹੀ ਖਤਰਨਾਕ 'ਤੇ ਜਾਨਲੇਵਾ ਹੈ।
ਕੀ ਹੈ ਚਾਇਨਾ ਡੋਰ?  ਚਾਇਨਾ ਡੋਰ ਪਲਾਟਿਕ ਧਾਗੇ ਤੇ ਲੋਹੇ ਦੇ ਪਾਊਡਰ ਨਾਲ ਸੂਤੀ ਹੁੰਦੀ ਹੈ। ਇਹ ਖਤਰਨਾਕ ਅਤੇ ਜਾਨਲੇਵਾ ਸੁਮੇਲ ਹੈ, ਇਸ ਲਈ ਇਸ ਨੂੰ 'ਕਿੱਲਰ ਡੋਰ' ਵੀ ਕਿਹਾ ਜਾਂਦਾ ਹੈ।
ਕੀ ਹਨ ਚਾਇਨਾ ਡੋਰ ਦੇ ਨੁਕਸਾਨ?  ਨਾ-ਟੁੱਟਣ ਯੋਗ ਅਤੇ ਨਾ ਗਲਣ ਯੋਗ ਪਲਾਸਟਿਕ ਦਾ ਧਾਗਾ ਜਿੱਥੇ ਕੁਦਰਤ ਦੇ ਅਨਮੋਲ ਵਾਤਾਵਰਨ ਨੂੰ ਵਿਗਾੜਦਾ ਹੈ,ਉਥੇ ਇਹ ਇਨਸਾਨਾਂ ਅਤੇ ਪੰਛੀਆਂ ਲਈ ਮੌਤ ਦਾ ਫੰਦਾ ਬਣ ਜਾਂਦਾ ਹੈ। ਇਸ ਤੇ ਲੱਗਿਆ ਲੋਹੇ ਦਾ ਪਾਊਡਰ, ਬਿਜਲੀ ਦੀਆਂ ਤਾਰਾਂ ਨੂੰ ਛੂਹਣ ਨਾਲ ਬਿਜਲੀ ਦਾ ਕਰੰਟ ਪਾਸ ਕਰਦਾ ਹੈ ਅਤੇ ਸਾਡੇ ਬੱਚਿਆਂ ਨੂੰ ਜਾਨੀ ਨੁਕਸਾਨ ਪਹੁੰਚਾ ਸਕਦਾ ਹੈ। ਇਸਦੀ ਵਰਤੋਂ ਨਾਲ ਵੱਡੀ ਗਿਣਤੀ ਵਿੱਚ ਵਿਦੇਸ਼ੀ ਪੂੰਜੀ ਬਰਬਾਦ ਹੁੰਦੀ ਹੈ। ਚਾਇਨਾ ਡੋਰ ਨਾਲ ਸਾਡੇ ਲੱਖਾਂ ਦੇਸ਼ਵਾਸੀਆਂ ਦੀ ਰੋਜੀ ਰੋਟੀ ਖਤਮ ਹੋ ਰਹੀ ਹੈ। ਇਸ ਡੋਰ ਦੀ ਵਰਤੋਂ ਨਾਲ ਸਿਰਫ ਅਮਿਦਾਬਾਦ ਸ਼ਹਿਰ ਵਿੱਚ ਸਾਲ 2015 ਵਿੱਚ 76 ਐਕਸੀਡੈਂਟ, 21 ਗਲੇ ਵਿੱਚ ਫੰਦਾ ਸਮੇਤ 2789 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇੱਕ ਪ੍ਰਸਿੱਧ ਅੰਗਰੇਜੀ ਅਖਬਾਰ ਦੀ ਰਿਪੋਰਟ ਦੇ ਮੁਤਾਬਿਕ 20 ਦੁਰਲਭ ਜਾਤੀ ਵਾਲੇ ਪੰਛੀ ਸਭ ਤੋਂ ਵੱਧ ਸ਼ਿਕਾਰ ਹੋਏ ਅਤੇ ਉਨਾਂ ਦੀ ਹੋਂਦ ਨੂੰ ਅੱਜ ਖਤਮ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਪਤੰਗਾਂ ਜਰੂਰ ਉਡਾਓ-ਪਰ ਸਾਵਧਾਨੀਆਂ ਵੀ ਅਪਣਾਓ:  ਦੇਰ ਰਾਤ ਤੱਕ ਪਤੰਗ ਨਾਂ ਉਡਾਉ, ਕਿਉਂਕਿ ਆਪਣੇ ਘਰਾਂ ਨੂੰ ਪਰਤ ਰਹੇ ਪੰਛੀ ਹਨੇਰੇ ਕਾਰਨ ਇਸ ਡੋਰ ਵਿੱਚ ਫਸਕੇ ਜਖਮੀ ਹੋ ਜਾਂਦੇ ਹਨ। ਪਤੰਗ ਦਰੱਖਤ ਜਾਂ ਬਿਜਲੀ ਦੀਆਂ ਤਾਰਾਂ ਕੋਲ ਨਾ ਉਡਾਉ,ਕਿਉਂਕਿ ਦਰੱਖਤ ਜਾਂ ਤਾਰਾਂ ਵਿੱਚ ਫਸੀ ਡੋਰ ਪੰਛੀਆਂ ਅਤੇ  ਰਾਹਗਿਰੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਉਲੰਘਣਾ ਹੋਵੇ ਦਾਂ ਕੀ ਹੈ ਸਜ਼ਾ?  ਇਸ ਖਤਰਨਾਕ ਡੋਰ ਦੇ ਵੇਚਣ ਅਤੇ ਖਰੀਦਣ ਵਾਲੇ ਤੇ ਵਾਤਾਵਰਨ (ਪ੍ਰੋਟੈਕਸ਼ਨ) ਐਕਟ ਦੀ ਧਾਰਾ 5 ਦੇ ਅਨੁਸਾਰ 5 ਸਾਲ ਦੀ ਕੈਦ ਅਤੇ 1 ਲੱਖ ਰੁਪਏ ਤੱਕ ਜੁਰਮਾਨਾ ਵੀ ਹੋ ਸਕਦਾ ਹੈ।
ਕੀ ਹੈ ਸਾਡਾ ਫਰਜ਼?  ਜੇ ਕਿਤੇ ਵੀ ਡੋਰ ਫਸੀ ਹੋਈ ਮਿਲੇ ਤਾਂ ਉਸ ਨੂੰ ਇਕੱਠਾ ਕਰਕੇ ਸਾੜ ਦਿਉ, ਤਾਂ ਕਿ ਜਾਨੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ। ਭਾਵੇਂ ਅਸੀਂ ਪਤੰਗਾਂ ਨਾਂ ਵੀ ਉਡਾਈਏ ਪਰ ਦੂਜਿਆਂ ਨੂੰ ਇਸ ਡੋਰ ਦੇ ਨੁਕਸਾਨ ਬਾਰੇ ਜਰੂਰ ਸੁਚੇਤ ਕਰੀਏ।
ਦੋਸ਼ੀ ਕੌਣ?  ਕੁਝ ਸਮਝਦਾਰ ਮਾਤਾ ਪਿਤਾ ਆਪਣੇ ਬੱਚੇ ਨੂੰ ਸਮਝਾਉਣਾਂ ਤਾਂ ਕੀ ਸਗੋਂ ਬੱਚੇ ਦੀ ਜਿੱਦ ਅੱਗੇ ਝੁਕਕੇ, ਬੱਚੇ ਲਈ ਦੁਕਾਨਦਾਰ ਤੋਂ ਚਾਇਨਾ ਡੋਰ ਦੀ ਮੰਗ ਕਰਦੇ ਹਨ ਜੋ ਕਿ ਬਹੁਤ ਸ਼ਰਮਨਾਕ ਅਤੇ ਅਫਸੋਸਨਾਕ ਗੱਲ ਹੈ।
ਅਖੀਰ ਇਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਖੁਦ ਆਪਣੀ ਨੀਂਦ ਵਿੱਚੋਂ ਜਾਗੀਏ, ਕਿਉਂ ਕਿਸੇ ਤੇ ਆਸ ਲਗਾ ਕੇ ਬੈਠੇ ਹਾਂ , ਖੁਦ ਹੰਭਲਾ ਮਾਰੀਏ ਤੇ ਇਸ ਖੂਨੀ ਡੋਰ ਦੀ ਵਰਤੋਂ ਤੋਂ ਤੋਬਾ ਕਰੀਏ ਅਤੇ ਮਿਲਜੁਲ ਕੇ ਇਸ ਛੋਟੇ ਜਿਹੇ ਬੇਸ਼ਕੀਮਤੀ ਸੰਦੇਸ਼ ਨੂੰ ਘਰ ਘਰ ਪਹੁੰਚਾਈਏ ਤਾਂ ਕਿ ਕੋਈ ਵੀ ਸਾਡਾ ਨਜਦੀਕੀ ਇਸ ਘਟਨਾ ਦਾ ਸ਼ਿਕਾਰ ਨਾ ਹੋ ਸਕੇ। ਤਿਉਹਾਰ ਜਾਂ ਸ਼ੌਂਕ ਵੀ ਉਹੀ ਵਧੀਆ ਲਗਦੇ ਹਨ ਜਿੰਨਾ ਨੂੰ ਮਾਣ ਕੇ ਸਾਨੂੰ ਕੋਈ ਨੁਕਸਾਨ ਨਾਂ ਹੋਵੇ ਸਗੋਂ ਦਿਲੀਂ ਖੁਸ਼ੀ ਮਿਲੇ। 
ਲੇਖਕ
ਪ੍ਰਮੋਦ ਧੀਰ, 

Have something to say? Post your comment