Article

ਗੁਰਬਾਣੀ ਵਿਆਕਰਨ ਦੇ ਮਹਾਂਪੰਡਿਤ :ਪ੍ਰੋਫੈਸਰ ਸਾਹਿਬ ਸਿੰਘ// ਪ੍ਰੋ. ਨਵ ਸੰਗੀਤ ਸਿੰਘ

February 10, 2019 08:50 PM
 ਪ੍ਰੋਫੈਸਰ ਸਾਹਿਬ ਸਿੰਘ ਦੇ ਵੱਡੇ ਵਡੇਰੇ ਹਿੰਦੂ ਸਨ। ਉਨ੍ਹਾਂ ਦਾ ਆਪਣਾ ਮੁਢਲਾ ਨਾਂ ਨੱਥੂ ਰਾਮ ਸੀ।ਉਨ੍ਹਾਂ ਦੇ ਪਿਤਾ ਹੀਰਾਨੰਦ, ਦਾਦਾ ਗੁਰਮੁਖ ਤੇ ਪੜਦਾਦਾ ਮਨੀ ਰਾਮ ਸਨ। ਉਨ੍ਹਾਂ ਦੇ ਦੋ ਹੋਰ ਭਰਾ ਲੱਭੂ ਰਾਮ ਤੇ ਦੀਵਾਨ ਚੰਦ ਸਨ (ਜੋ ਪਿੱਛੋਂ ਲਾਭ ਸਿੰਘ ਤੇ ਦੀਵਾਨ ਸਿੰਘ ਬਣੇ)। ਪ੍ਰੋਫੈਸਰ ਸਾਹਿਬ ਸਿੰਘ ਦਾ ਜਨਮ 16 ਫਰਵਰੀ 1892 ਨੂੰ ਫੱਤੇਵਾਲੀ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿੱਚ ਮਾਤਾ ਜਮਨਾ (ਨਿਹਾਲ ਦੇਈ) ਦੀ ਕੁੱਖੋਂ ਹੋਇਆ।
 
         ਪ੍ਰੋਫੈਸਰ ਸਾਹਿਬ ਸਿੰਘ ਦਾ ਨਾਂ ਨੱਥੂ ਰਾਮ ਇਸ ਕਰਕੇ ਰੱਖਿਆ ਗਿਆ ਸੀ, ਕਿਉਂਕਿ ਪਰਿਵਾਰ ਵਿੱਚ ਉਸ ਤੋਂ ਪਹਿਲਾਂ ਜਿੰਨੇ ਵੀ ਬੱਚੇ ਹੋਏ, ਛੇਤੀ ਹੀ ਮਰਦੇ ਰਹੇ। ਇਸੇ ਲਈ ਪ੍ਰੋ. ਸਾਹਿਬ ਸਿੰਘ ਦੇ ਅੱਠਵੀਂ ਜਮਾਤ ਦੇ ਇਮਤਿਹਾਨ ਦੇਣ ਤੱਕ ਨੱਕ ਵਿੱਚ ਨੱਥ ਪਾਈ ਰਹੀ। ਉਨ੍ਹਾਂ ਦੀ ਸ਼ਾਦੀ ਦੁਰਗਾ ਦੇਵੀ (ਆਗਿਆ ਕੌਰ) ਨਾਲ ਹੋਈ, ਜੋ ਉਦੋਂ 11 ਸਾਲ ਦੀ ਸੀ। ਇਹ ਸ਼ਾਦੀ 25 ਜਨਵਰੀ 1905 ਈ. ਨੂੰ ਅੱਠਵੀਂ ਦੀ ਪ੍ਰੀਖਿਆ ਦੇਣ ਤੋਂ ਬਾਅਦ (ਕਰੀਬ 13 ਸਾਲ ਦੀ ਉਮਰ ਵਿੱਚ) ਹੋਈ।
         ਪ੍ਰੋਫੈਸਰ ਸਾਹਿਬ ਨੇ ਮੁੱਢਲੀ ਵਿੱਦਿਆ ਪ੍ਰਸਿੱਧ ਕਿੱਸਾ ਕਵੀ ਹਾਸ਼ਮ ਸ਼ਾਹ ਦੇ ਪੁੱਤਰ ਮੀਆਂ ਹਯਾਤ ਸ਼ਾਹ ਤੋਂ ਪ੍ਰਾਪਤ ਕੀਤੀ। ਛੋਟੇ ਹੁੰਦਿਆਂ ਹੀ ਤੀਜੀ-ਚੌਥੀ ਜਮਾਤ ਵਿੱਚ ਪੜ੍ਹਦਿਆਂ ਪ੍ਰੋਫੈਸਰ ਸਾਹਿਬ ਨੂੰ ਮਿਆਦੀ ਤਾਪ ਅਤੇ ਚੇਚਕ ਦੀ ਬਿਮਾਰੀ ਹੋਈ, ਪਰ ਪਰਮਾਤਮਾ ਦੀ ਕਿਰਪਾ ਸਦਕਾ ਉਹ ਬਚਦੇ ਰਹੇ। ਸਤੰਬਰ 1906 ਵਿੱਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਧਰਮ ਸਿੰਘ ਦੀ ਪ੍ਰੇਰਨਾ ਸਦਕਾ ਅੰਮ੍ਰਿਤ  ਛਕਿਆ।
          ਘਰੋਂ ਗ਼ਰੀਬ ਹੋਣ ਕਰਕੇ ਦਸਵੀਂ ਦੇ ਪੇਪਰਾਂ ਦੇ ਦਾਖਲੇ ਲਈ ਉਨ੍ਹਾਂ ਦੀ ਭੂਆ ਰਾਧੀ ਨੇ ਟੂੰਮਾਂ ਗਹਿਣੇ ਧਰ ਕੇ ਕਰ ਕਰਜ਼ਾ ਲਿਆ ਸੀ। ਦਸਵੀਂ ਦੀ ਪ੍ਰੀਖਿਆ ਵਿੱਚ 33 ਮੁੰਡਿਆਂ 'ਚੋਂ ਸਿਰਫ 10 ਹੀ ਪਾਸ ਹੋਏ ਤੇ ਸਾਹਿਬ ਸਿੰਘ ਸਕੂਲ ਵਿੱਚੋਂ ਪਹਿਲੇ ਨੰਬਰ ਤੇ ਰਿਹਾ। ਉਂਜ ਉਹਦੀ ਡਿਵੀਜ਼ਨ ਦੂਜੀ ਹੀ ਸੀ।
         ਰੋਜ਼ਗਾਰ ਵਜੋਂ ਉਨ੍ਹਾਂ ਨੇ ਸਕੂਲ ਟੀਚਰ, ਡਾਕਖਾਨਾ  ਕਲਰਕ, ਲੈਕਚਰਾਰ ਖਾਲਸਾ ਕਾਲਜ ਗੁੱਜਰਾਂਵਾਲਾ, ਮੀਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ,  ਲੈਕਚਰਾਰ ਖ਼ਾਲਸਾ ਕਾਲਜ ਅੰਮ੍ਰਿਤਸਰ, ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਆਦਿ ਥਾਵਾਂ ਤੇ ਕੰਮ ਕੀਤਾ। 
       ਉਨ੍ਹਾਂ ਨੂੰ ਹੋਮਿਓਪੈਥੀ ਅਤੇ ਬਾਇਓਕੈਮਿਕ ਦਵਾਈਆਂ ਬਾਰੇ ਵੀ ਕਾਫੀ ਜਾਣਕਾਰੀ ਪ੍ਰਾਪਤ ਸੀ। ਇੱਕ ਵੇਰ ਉਨ੍ਹਾਂ ਦੇ ਬੱਚੇ ਨੂੰ ਟਾਈਫਾਈਡ ਬੁਖਾਰ ਹੋਇਆ, ਤਾਂ ਉਨ੍ਹਾਂ ਨੇ ਨੈਟਰਮ ਫਾਸ ਦਵਾਈ ਨਾਲ ਇਸਦਾ ਇਲਾਜ ਕੀਤਾ ਸੀ। ਫਿਰ ਉਸੇ ਬੱਚੇ ਨੂੰ ਅੰਗੂਰ ਖਾਣ ਨਾਲ ਖਾਂਸੀ ਹੋ ਗਈ, ਤਾਂ ਉਨ੍ਹਾਂ ਨੇ ਫਾਰਮ ਫਾਸ ਨਾਲ ਇਸਦਾ ਇਲਾਜ ਕੀਤਾ ਸੀ। 
         ਸਤੰਬਰ 1925 ਵਿੱਚ ਉਨ੍ਹਾਂ ਦੀ ਪਤਨੀ ਆਗਿਆ ਕੌਰ ਸਦੀਵੀ ਵਿਛੋੜਾ ਦੇ ਗਈ। ਦਸੰਬਰ 1933 ਵਿੱਚ ਉਨ੍ਹਾਂ ਨੇ ਦੂਜੀ  ਸ਼ਾਦੀ ਕਰ ਲਈ, ਰਤਨ ਕੌਰ ਨਾਲ, ਜੋ ਪਹਿਲਾਂ ਵਿਧਵਾ ਸੀ। 1934 ਵਿੱਚ ਉਨ੍ਹਾਂ ਦੇ ਘਰ ਇੱਕ ਲੜਕਾ ਪੈਦਾ ਹੋਇਆ, ਦਲਜੀਤ ਸਿੰਘ। ਇਹੀ ਉਹ ਦਲਜੀਤ ਸਿੰਘ ਹੈ, ਜੋ ਅੰਮ੍ਰਿਤਸਰ ਵਿੱਚ ਅੱਖਾਂ ਦਾ ਪ੍ਰਸਿੱਧ ਡਾਕਟਰ ਸੀ। ਕੁਝ ਸਮਾਂ ਪਹਿਲਾਂ ਇਸ ਡਾਕਟਰ ਦੀ ਵੀ ਮੌਤ ਹੋ ਚੁੱਕੀ ਹੈ।
        ਆਪਣੇ ਜੀਵਨ ਦੇ ਆਖਰੀ ਵਰ੍ਹਿਆਂ ਵਿੱਚ ਉਨ੍ਹਾਂ ਨੂੰ ਪਾਰਕਿਨਸਨ ਰੋਗ ਨੇ ਆ ਕੇ ਘੇਰਿਆ ਸੀ, ਜਿਸ ਕਰਕੇ ਉਹ ਹੌਲੀ ਹੌਲੀ ਖੁਰਦੇ ਗਏ। 14 ਸਤੰਬਰ 1977 ਨੂੰ ਉਹ ਬੇਹੋਸ਼ੀ ਵਿੱਚ ਚਲੇ  ਗਏ ਅਤੇ 29 ਅਕਤੂਬਰ1977ਨੂੰ ਉਹ ਸਦੀਵੀ ਵਿਛੋੜਾ ਦੇ ਗਏ। 
        ਪ੍ਰੋ. ਸਾਹਿਬ ਸਿੰਘ ਨੇ ਆਪਣੇ ਜੀਵਨ ਵਿੱਚ ਸ਼੍ਰੀ ਗੁਰੂ ਗ੍ਰੰਥ ਦਰਪਣ ਤੇ ਦਸ ਗੁਰੂ ਸਾਹਿਬਾਨ ਦੇ ਚਰਿੱਤਰ ਸਬੰਧੀ ਵੱਡੇ ਕਾਰਜ ਕੀਤੇ ਤੇ ਹੋਰ ਨਿੱਕੇ ਮੋਟੇ ਕੰਮਾਂ ਤੋਂ ਇਨਕਾਰ ਕਰ ਦਿੱਤਾ। ਪ੍ਰੋ. ਪ੍ਰੀਤਮ ਸਿੰਘ (ਜੋ ਰਿਸ਼ਤੇ ਵਿੱਚ ਉਨ੍ਹਾਂ ਦੇ ਦਾਮਾਦ ਲੱਗਦੇ ਸਨ, ਬੇਟੀ ਨਰਿੰਦਰ ਕੌਰ ਦੇ ਪਤੀ) ਦੇ ਯਤਨਾਂ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੋਫੈਸਰ ਸਾਹਿਬ ਸਿੰਘ ਤੋਂ ਪੰਜਾਬੀ ਵਿਆਕਰਨਾਂ ਦੀਆਂ ਪੁਸਤਕਾਂ ਲਿਖਵਾਉਣੀਆਂ ਸਨ। ਪਰ ਉਨ੍ਹਾਂ ਨੇ ਪ੍ਰੋ. ਪ੍ਰੀਤਮ ਸਿੰਘ ਨੂੰ ਕਿਹਾ,"ਪ੍ਰੀਤਮ ਸਿੰਘ ਜੀ, ਇਸ ਸਰੀਰ ਦਾ ਕੋਈ ਭਰਵਾਸਾ ਨਹੀਂ, ਕਿਸ ਵੇਲੇ ਜਵਾਬ ਦੇ ਜਾਵੇ। ਮੈਂ ਗੁਰਬਾਣੀ ਵਿਆਕਰਨ ਦਾ ਸੰਕਲਪ ਕੀਤਾ ਸੀ, ਜੋ ਗੁਰੂ- ਪਾਤਸ਼ਾਹ ਨੇ ਸਿਰੇ ਚੜ੍ਹਾ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਗੁਰ-ਇਤਿਹਾਸ ਬਾਰੇ ਸੰਕਲਪ ਬਣਿਆ ਹੋਇਆ ਹੈ। ਜੇ ਮੈਂ ਪੈਸਿਆਂ ਪਿੱਛੇ ਕੋਈ ਕੰਮ ਕਰਨਾ ਹੁੰਦਾ, ਤਾਂ ਇਹ ਕੰਮ ਕਦੀ ਨਾ ਹੋ ਸਕਦੇ। ਮੇਰੇ ਪਾਸ ਜੋ ਸਮਾਂ ਹੈ, ਉਸ ਦਾ ਇੱਕ- ਇੱਕ ਪਲ ਗੁਰੂ ਲਈ ਹੈ। ਵਿਆਕਰਨਾਂ ਲਈ ਲਿਖ ਕੇ ਪੈਸੇ ਕਮਾਉਣ ਵਾਲੇ ਹੋਰ ਬਥੇਰੇ।"
        ਉਨ੍ਹਾਂ ਦੀ ਪਹਿਲੀ ਪਤਨੀ (ਆਗਿਆ ਕੌਰ) ਦੀ ਕੁੱਖੋਂ ਛੇ ਬੱਚੇ (ਪੰਜ ਲੜਕੇ ਤੇ ਇੱਕ ਲੜਕੀ) ਅਤੇ ਦੂਜੀ (ਰਤਨ ਕੌਰ) ਦੀ ਕੁੱਖੋਂ ਦੋ ਬੱਚੇ (ਇੱਕ ਲੜਕਾ ਤੇ ਇੱਕ ਲੜਕੀ) ਪੈਦਾ ਹੋਏ।
        ਪ੍ਰੋਫੈਸਰ ਸਾਹਿਬ ਸਿੰਘ ਦੀਆਂ ਸਾਰੀਆਂ ਹੀ ਪੁਸਤਕਾਂ ਗੁਰਬਾਣੀ, ਸਿੱਖ ਇਤਿਹਾਸ ਤੇ ਸਿੱਖ ਧਰਮ ਨਾਲ ਸਬੰਧਿਤ ਹਨ। ਇਨ੍ਹਾਂ ਵਿੱਚ ਖੋਜ, ਵਾਰਤਕ, ਜੀਵਨੀ , ਧਰਮ, ਵਿਆਕਰਨ, ਕੋਸ਼, ਸੰਪਾਦਨ ਅਤੇ ਟੀਕਾ ਆਦਿ ਦਾ ਵੇਰਵਾ ਸ਼ਾਮਲ ਹੈ। 
    * ਖੋਜ: ਆਦਿ ਬੀੜ ਬਾਰੇ (ਅੰਗਰੇਜ਼ੀ ਅਨੁਵਾਦ ਸ. ਦਲੀਪ ਸਿੰਘ ਵੱਲੋਂ 'ਅਬਾਊਟ ਕੰਪਾਈਲੇਸ਼ਨ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ') 
   * ਵਾਰਤਕ: ਧਾਰਮਿਕ ਲੇਖ, ਕੁਝ ਹੋਰ ਧਾਰਮਿਕ ਲੇਖ, ਸਰਬੱਤ ਦਾ ਭਲਾ, ਗੁਰਬਾਣੀ ਦੇ ਇਤਿਹਾਸ ਬਾਰੇ, ਸਿੱਖ ਸਿਦਕ ਨਾ ਹਾਰੇ, ਬੁਰਾਈ ਦਾ ਟਾਕਰਾ, ਸਦਾਚਾਰਕ ਲੇਖ,ਸਿਮਰਨ ਦੀਆਂ ਬਰਕਤਾਂ।  
    * ਜੀਵਨੀਆਂ: ਜੀਵਨ ਬਿਰਤਾਂਤ ਗੁਰੂ ਗੋਬਿੰਦ ਸਿੰਘ ਜੀ, (ਅੰਗਰੇਜ਼ੀ ਤੇ ਹਿੰਦੀ ਵਿੱਚ ਵੀ ਛਪਿਆ), ਜੀਵਨ ਬਿਰਤਾਂਤ ਗੁਰੂ ਅਰਜਨ ਦੇਵ ਜੀ, ਜੀਵਨ ਬਿਰਤਾਂਤ ਗੁਰੂ ਹਰ ਰਾਇ ਜੀ ਤੇ ਗੁਰੂ ਹਰਕ੍ਰਿਸ਼ਨ ਜੀ, ਜੀਵਨ ਬਿਰਤਾਂਤ ਗੁਰੂ ਤੇਗ਼ ਬਹਾਦਰ ਜੀ, ਜੀਵਨ ਬਿਰਤਾਂਤ ਗੁਰੂ ਨਾਨਕ ਦੇਵ ਜੀ (ਅੰਗਰੇਜ਼ੀ ਤੇ ਹਿੰਦੀ ਵਿੱਚ ਵੀ ਛਪਿਆ), ਜੀਵਨ ਬਿਰਤਾਂਤ ਗੁਰੂ ਹਰਗੋਬਿੰਦ ਸਾਹਿਬ ਜੀ, ਜੀਵਨ ਬਿਰਤਾਂਤ ਗੁਰੂ ਅਮਰ ਦਾਸ ਜੀ, ਜੀਵਨ ਬਿਰਤਾਂਤ ਗੁਰੂ ਅੰਗਦ ਦੇਵ ਜੀ, ਜੀਵਨ ਬਿਰਤਾਂਤ ਗੁਰੂ ਰਾਮਦਾਸ ਜੀ। 
    * ਧਰਮ: ਧਰਮ ਤੇ ਸਦਾਚਾਰ ।
    * ਵਿਆਕਰਨ: ਗੁਰਬਾਣੀ ਵਿਆਕਰਨ।
    * ਕੋਸ਼: ਪੰਜਾਬੀ ਮੁਹਾਵਰਾ ਕੋਸ਼, ਪੰਜਾਬੀ ਅਲੰਕਾਰ।
    * ਸੰਪਾਦਨ: ਬਾਬਾਣੀਆਂ ਕਹਾਣੀਆਂ।
    * ਸਹਿ ਸੰਪਾਦਨ: ਪੰਜਾਬੀ ਸੁਹਜ ਪ੍ਰਕਾਸ਼ (ਮਹਿਤਾਬ ਸਿੰਘ ਨਾਲ ਰਲ ਕੇ) ਬਾਰਾਂਮਾਹ ਤੁਖਾਰੀ ਤੇ ਮਾਝ (ਕੁਲਵੰਤ ਸਿੰਘ ਨਾਲ ਮਿਲ ਕੇ)।
   * ਟੀਕੇ: ਭੱਟਾਂ ਦੇ ਸਵੱਈਏ ਸਟੀਕ, ਜਪੁਜੀ ਸਾਹਿਬ ਸਟੀਕ, ਆਸਾ ਦੀ ਵਾਰ ਸਟੀਕ, ਰਾਮਕਲੀ ਸਦ ਸਟੀਕ, ਸੁਖਮਨੀ ਸਾਹਿਬ  ਸਟੀਕ,ਜੈਤਸਰੀ ਕੀ ਵਾਰ ਸਟੀਕ, ਦਸ ਵਾਰਾਂ ਸਟੀਕ, ਜਾਪੁ ਸਾਹਿਬ, ਸਵਈਏ, ਚੌਪਈ ਸਟੀਕ, ਸਲੋਕ ਫਰੀਦ ਜੀ ਸਟੀਕ, ਸਲੋਕ ਗੁਰੂ ਅੰਗਦ ਸਾਹਿਬ ਸਟੀਕ, ਸਲੋਕ ਕਬੀਰ ਜੀ ਸਟੀਕ, ਸਿੱਧ ਗੋਸਟਿ ਸਟੀਕ, ਭਗਤ ਬਾਣੀ ਸਟੀਕ(ਪੰਜ ਜਿਲਦਾਂ), ਗੁਰੂ ਗ੍ਰੰਥ ਦਰਪਣ (ਪੰਜ ਭਾਗ), ਸੱਤੇ ਬਲਵੰਡ ਦੀ ਵਾਰ ਸਟੀਕ, ਬਾਰਾਂ ਮਾਹ ਤੁਖਾਰੀ ਤੇ ਮਾਝ ਸਟੀਕ, ਨਿੱਤਨੇਮ ਸਟੀਕ।
    * ਹਿੰਦੀ ਵਿੱਚ: ਸੰਤ ਬਾਣੀ।
          ਉਨ੍ਹਾਂ ਨੂੰ ਮਿਲੇ ਸਨਮਾਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਗੁਰਬਾਣੀ ਵਿਆਕਰਨ' ਉੱਤੇ ਪੁਰਸਕਾਰ, ਸਿੰਘ ਸਭਾ ਬੈਂਕਾਕ ਥਾਈਲੈਂਡ ਵੱਲੋਂ ਸਨਮਾਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡੀ. ਲਿਟ. ਦੀ ਆਨਰੇਰੀ ਡਿਗਰੀ ਸ਼ਾਮਿਲ ਹਨ। 
         ਪ੍ਰੋਫੈਸਰ ਸਾਹਿਬ ਸਿੰਘ ਨੇ ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਸਮੇਂ ਅਗਸਤ 1922 ਤੋਂ ਮਾਰਚ 1923 ਤੱਕ, ਅਤੇ ਅਕਤੂਬਰ1923 ਤੋਂ ਮਾਰਚ1924 ਤੱਕ ਜੇਲ੍ਹ ਯਾਤਰਾ ਵੀ ਕੀਤੀ। ਅਸਲ ਵਿੱਚ ਉਨ੍ਹਾਂ ਦੀ ਜੀਵਨ ਕਹਾਣੀ 'ਮੇਰੀਆਂ ਹੱਡ ਬੀਤੀਆਂ' ਹੀ ਹਨ। ਜੇਲ੍ਹ ਸਮੇਂ ਹੀ ਉਨ੍ਹਾਂ ਨੇ ਹੱਡ ਬੀਤੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਫਿਰ 1966 ਵਿੱਚ ਇਨ੍ਹਾਂ ਹੱਡ ਬੀਤੀਆਂ ਨੂੰ ਦੁਬਾਰਾ ਲਿਖਿਆ ਸੀ।
         ਉਨ੍ਹਾਂ ਨੇ ਆਪਣੇ ਬੱਚਿਆਂ ਦੇ ਵਿਆਹ ਬਹੁਤ ਹੀ ਸਧਾਰਨ ਤੇ ਸਾਦਾ ਢੰਗ ਨਾਲ ਕੀਤੇ। ਕਈ ਵਿਆਹਾਂ ਵਿੱਚ ਤਾਂ ਆਂਢ ਗੁਆਂਢ ਨੂੰ ਵੀ ਉੱਕਾ ਹੀ ਖ਼ਬਰ ਨਹੀਂ ਹੋਈ। ਉਨ੍ਹਾਂ ਦੀ 'ਜੀਵਨ ਕਹਾਣੀ' ਦੇ 22ਵੇਂ ਕਾਂਡ (ਜਿਤਨੀ ਚਾਦਰ ਵੇਖੀਏ, ਉਤਨੇ ਪੈਰ ਪਸਾਰੀਏ) ਵਿੱਚ  ਇਨ੍ਹਾਂ ਵਿਆਹਾਂ ਦੀ ਤਫ਼ਸੀਲ ਬਹੁਤ ਪ੍ਰਭਾਵਿਤ ਕਰਦੀ ਹੈ।
        ਸਿੱਖ ਧਰਮ, ਇਤਿਹਾਸ ਤੇ ਵਿਆਕਰਨ ਲਈ ਜੋ ਕੰਮ ਇਕੱਲਿਆਂ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਹੈ, ਉਸਦੀ ਨਜ਼ੀਰ ਲੱਭਣ ਲਈ ਜ਼ਮਾਨੇ ਨੂੰ ਪਤਾ ਨਹੀਂ ਹੋਰ ਕਿੰਨੇ ਗੇੜਾਂ ਵਿੱਚੋਂ ਲੰਘਣਾ ਪਵੇਗਾ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਉਨ੍ਹਾਂ ਨੂੰ 'ਗੁਰੂ ਗ੍ਰੰਥ ਸਾਹਿਬ ਦਾ ਪਾਣਿਨੀ' ਕਹਿ ਕੇ ਵਡਿਆਇਆ ਹੈ। ਉਨ੍ਹਾਂ ਦੀ ਆਤਮਕਥਾ  (ਜਿਸਨੂੰ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਸੰਪਾਦਿਤ ਕੀਤਾ ਹੈ) ਦਾ ਅਸਲੀ ਨਾਮ 'ਮੇਰੀਆਂ ਗ਼ਰੀਬ ਦੀਆਂ ਹੱਡ ਬੀਤੀਆਂ' ਹੈ ।
================================
    # ਨੇੜੇ ਗਿੱਲਾਂ ਵਾਲਾ ਖੂਹ,ਤਲਵੰਡੀ ਸਾਬੋ-151302
       (ਬਠਿੰਡਾ)    9417692015.
Have something to say? Post your comment

More Article News

ਜੀਵਨੀ ਭਾਈ ਦਲਜੀਤ ਸਿੰਘ ( ਭਾਈ ਰਾਏ ਸਿੰਘ)ਕਾਮਾਗਾਟਾਮਾਰੂ ਸਹਿ- ਨਾਇਕ ਪੁੰਨਿਆਂ ਦੇ ਚੰਨ ਵਰਗੀ ਸੋਹਣੀ ਸੁਨੱਖੀ ਖੂਬਸੂਰਤ ਗਾਇਕਾਂ ਜਸ ਮਾਨ ਪੁਸਤਕ ਰੀਵਿਊ “ਅਹਿਸਾਸ ਦੇ ਪਰਿੰਦੇ“ (ਗ਼ਜ਼ਲ+ਰੁਬਾਈ ਸੰਗ੍ਰਹਿ) ਲੇਖਕ: ਬਿਕਰ ਮਾਣਕ ਗਾਇਕੀ ਖੇਤਰ ਵਿੱਚ ਨਾਮਣਾ ਖੱਟਣ ਲਈ ਸੰਘਰਸ਼ ਜਾਰੀ - ਗੈਰੀ ਤਪਾ/ ਬਿਕਰਮ ਸਿੰਘ ਵਿੱਕੀ ਮਾਨਸਾ ਚਿੱਟ-ਕੱਪੜੀਆਂ ਜੋਕਾਂ/ਮੱਖਣ ਸ਼ੇਰੋਂ ਵਾਲਾ ਮਿੰਨੀ ਕਹਾਣੀ " ਅਲਸੀ ਤੇ ਲਾਚਾਰ " ਹਾਕਮ ਸਿੰਘ ਮੀਤ ਬੌਂਦਲੀ ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ
-
-
-