Article

ਚਮਕਦਾ-ਦਮਕਦਾ ਹਰਫਨ-ਮੌਲਾ ਸੱਭਿਆਚਾਕਰ ਗੀਤਕਾਰ --ਜਿੰਦ ਸਵਾੜਾ

February 10, 2019 08:58 PM

ਚਮਕਦਾ-ਦਮਕਦਾ ਹਰਫਨ-ਮੌਲਾ ਸੱਭਿਆਚਾਕਰ ਗੀਤਕਾਰ --ਜਿੰਦ ਸਵਾੜਾ


      ਅਜੋਕੇ ਸੱਭਿਆਚਾਰ ਨੂੰ ਦੇਖਿਆਂ ਇੰਝ ਲੱਗਦੈ  ਜਿਵੇਂ ਪੰਜਾਬੀ ਸੱਭਿਆਚਾਰ ਦੇ ਅਰਥ ਹੀ ਬਦਲ ਗਏ ਹੋਣ।   ਵਿਰਲੇ ਹੀ ਗੀਤਕਾਰ ਅਤੇ ਗਾਇਕ ਰਹਿ ਗਏ ਹਨ, ਜਿਨਾਂ ਨੂੰ ਸੱਭਿਆਚਾਰ ਅਤੇ ਪੰਜਾਬੀ ਮਾਂ-ਬੋਲੀ ਨਾਲ ਲਗਾਵ ਹੋਵੇ।   ਇਸੇ ਤਰਾਂ ਦੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਤਨੋਂ, ਮਨੋਂ, ਧਨੋਂ ਬੜੀ ਸਿਦਕ ਦਿਲੀ ਨਾਲ ਜੁਟੇ ਕੁਝ ਕੁ ਚੁਣੀਂਦੇ ਗੀਤਕਾਰਾਂ ਵਿਚੋਂ ਮੂਹਰਲੀ ਕਤਾਰ ਦੇ ਗੀਤਕਾਰਾਂ ਵਿਚ ਚਮਕਦਾ-ਦਮਕਦਾ ਇਕ ਨਾਂ  ਹੈ, ਸੁਖਜਿੰਦਰ ਸਿੰਘ ਧਾਲੀਵਾਲ ਉਰਫ ਜਿੰਦ ਸਵਾੜਾ।  

 
       ਸ. ਹਰਭਾਗ ਸਿੰਘ (ਪਿਤਾ) ਅਤੇ ਮਾਤਾ ਨਛੱਤਰ ਕੌਰ ਦੇ ਲਾਡਲੇ, ਜਿਲਾ ਮੁਹਾਲੀ ਦੇ ਪਿੰਡ ਸਵਾੜਾ ਵਿਚ 9 ਫਰਵਰੀ, 1951 ਨੂੰ ਜਨਮੇ ਜਿੰਦ ਸਵਾੜਾ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਹ ਹੁਣ ਤੱਕ ਅੱਠ ਹਜਾਰ ਦੇ ਕਰੀਬ ਗੀਤ ਲਿਖ ਚੁੱਕੇ ਹਨ, ਜਿਨਾਂ ਵਿਚੋਂ ਚਾਰ ਸੌ ਤੋਂ ਵੱਧ ਗੀਤ ਵੱਖ-ਵੱਖ ਸੁਰੀਲੀਆਂ ਅਤੇ ਦਮਦਾਰ ਅਵਾਜਾਂ ਦਾ ਸ਼ਿੰਗਾਰ ਬਣੇ ਮਾਰਕੀਟ ਵਿਚ ਗੂੰਜ ਰਹੇ ਹਨ।   ਉਨਾਂ ਦਾ ਪਹਿਲਾ ਗੀਤ ਸਤਵਿੰਦਰ ਬਿੱਟੀ ਦੀ ਅਵਾਜ ਵਿਚ ਆਇਆ ਸੀ, 'ਯਾਦਾਂ ਆਉਂਦੀਆਂ ਵੇ'।   ਬਸ ਫਿਰ ਤਾਂ ਚੱਲ-ਸੋ-ਚੱਲ ਹੀ ਰਹੀ।   ਸੁਪਰ-ਹਿੱਟ ਗੀਤਾਂ ਵਿਚ ਭੁਪਿੰਦਰ ਗਿੱਲ- ਮਿਸ ਨੀਲਮ ਦੀ ਅਵਾਜ ਵਿਚ, 'ਛਣ-ਛਣ', 'ਦੇਖੀਂ ਤੂੰ ਮਜਾਜਣੇ', 'ਭਾਬੀ ਕਹਿਣ 'ਚ ਸੁਆਦ ਬੜਾ ਆਉਂਦਾ',...ਸੁਰਜੀਤ ਖਾਨ ਦੀ ਅਵਾਜ ਵਿਚ, 'ਕਿੱਕਲੀ', 'ਜੱਟਾਂ ਦੇ ਪੁੱਤ', 'ਜੁੱਤੀ ਚੂੰ ਚੂੰ ਕਰਦੀ ਆ', 'ਸੱਜਣਾ ਨਾਲ ਯਾਰੀ', 'ਹੋਰ ਨਾ ਬਿਗਾਨਾ ਪੁੱਤ ਮਾਰੀਂ', ...ਬਿੱਟੂ ਖੰਨੇ ਵਾਲਾ-ਸੁਰਮਨੀ ਮਨਦੀਪ ਕੌਰ ਦੀ ਅਵਾਜ ਵਿਚ, 'ਝੋਟੇ ਦੀ ਬੰਦੂਕ', ਮਿਸ ਪੂਜਾ-ਮਿੰਟੂ ਧੂਰੀ ਦਾ 'ਕੋਠੇ ਤੇ ਸਪੀਕਰ', ...ਮੁਹੰਮਦ ਇਰਸ਼ਾਦ ਦੀ ਅਵਾਜ 'ਚ, 'ਮਾਪੇ ' ਅਤੇ ਦੀਪਕ ਢਿੱਲੋਂ ਦੀ ਅਵਾਜ ਵਿਚ, 'ਵਿਛੋੜਾ ਬੁਰਾ ਸੱਜਣਾ ਦਾ'  ਅਤੇ 'ਜੱਟ' ....ਜੀਤ ਜਗਜੀਤ ਦੀ ਅਵਾਜ 'ਚ, 'ਫੁੱਲ ਕੱਢਦੀ ਸੱਜਣਾ ਵਰਗਾ'  ਆਦਿ ਜਿੱਥੇ ਵਿਸ਼ੇਸ਼ ਜਿਕਰ ਯੋਗ ਹਨ, ਉਥੇ ਗੁਰਕ੍ਰਿਪਾਲ ਸੂਰਾਪੁਰੀ, ਜਰਨੈਲ ਜੈਲੀ, ਗਿੱਪੀ ਗਰੇਵਾਲ, ਕੁਲਵੰਤ ਬਿੱਲਾ-ਕੁਲਵੰਤ ਕੌਰ, ਗੁਰਬਖਸ਼ ਸ਼ੌਂਕੀ, ਸੁਦੇਸ਼ ਕੁਮਾਰੀ, ਗੁਰਮੀਤ ਮਾਨ-ਮਿਸ ਪਾਇਲ, ਪ੍ਰੀਤ ਬਰਾੜ, ਜਗਤਾਰ ਅਣਖੀਲਾ-ਕੋਮਲਜੀਤ, ਸੁਪਿੰਦਰ ਕੋਟਲਾ ਅਤੇ ਰਾਜ ਸੇਖੋਂ ਆਦਿ ਵੀ ਆਪੋ-ਆਪਣੀ ਜਗਾ ਖੂਬ ਚਰਚਾ 'ਚ ਹਨ, ਸਵਾੜਾ ਜੀ ਦੇ ਗੀਤਾਂ ਨਾਲ।   ਇਸ ਤੋਂ ਇਲਾਵਾ ਧਾਰਮਿਕ ਖੇਤਰ ਵਿਚ ਗਿਆਨੀ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ ਦੇ ਜਥੇ ਦੀ ਅਵਾਜ਼ ਵਿਚ ਰਿਕਾਰਡ ਹੋਏ 'ਵਾਜਾਂ ਵਾਲੇ', 'ਅਣਖੀ ਯੋਧੇ' ਅਤੇ 'ਚਿੜੀਆਂ ਬੋਲ ਪਈਆਂ' ਆਦਿ ਨੇ ਵੀ ਸੰਸਾਰ-ਪੱਧਰ ਉਤੇ ਜਿੰਦ ਸਵਾੜਾ ਦੀ ਝੰਡੀ ਗੱਡ ਕੇ ਰੱਖ ਦਿੱਤੀ ਹੈ।

  
     ਇਕ ਲੰਬਾ ਅਰਸਾ ਵਿੱਦਿਆ ਦਾ ਚਾਨਣ ਫੈਲਾਉਂਦਿਆਂ ਸਰਕਾਰੀ ਸੇਵਾ ਤੋਂ ਅਧਿਆਪਕ ਦੇ ਤੌਰ ਤੇ ਸੇਵਾ-ਮੁਕਤ ਹੋਏ ਅਤੇ ਅੱਜ ਕੱਲ ਕਨੇਡਾ ਦੀ ਧਰਤ ਉਤੇ ਆਪਣੀ ਜੀਵਨ-ਸਾਥਣ ਸ੍ਰੀਮਤੀ ਮਨਦੀਪ ਕੌਰ, ਸਪੁੱਤਰ ਮਨਿੰਦਰਪਾਲ ਸਿੰਘ, ਅਕਾਸ਼ਦੀਪ ਸਿੰਘ ਅਤੇ ਨੂੰਹ ਰਾਣੀ ਤਰਨਦੀਪ ਕੌਰ ਅਤੇ ਲਖਵੀਰ ਕੌਰ ਦੇ ਆਪਣੇ ਪਰਿਵਾਰ ਵਿਚ ਡੇਰੇ ਲਾਈ ਬੈਠੇ ਸਵਾੜਾ ਜੀ ਨੇ ਇਕ ਸਵਾਲ ਦਾ ਜੁਵਾਬ ਦਿੰਦਿਆਂ ਦੱਸਿਆ ਕਿ ਕੋਈ ਵੀ ਗੀਤ ਰਿਕਾਰਡ ਕਰਨ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਵਿਚ ਪਾਸ ਕਰਵਾਉਂਦੇ ਹਨ।   ਇਹੀ ਕਾਰਨ ਹੈ ਕਿ ਅੱਜ ਤੱਕ ਕਿਸੇ ਦੀ ਹਿੰਮਤ ਨਹੀ ਪੈ ਸਕੀ ਜਿੰਦ ਸਵਾੜਾ ਜੀ ਦੇ ਕਿਸੇ ਵੀ ਗੀਤ ਵੱਲ ਕੋਈ ਉਂਗਲ ਵੀ ਉਠਾ ਜਾਵੇ।   ਦੂਜੀ, ਸਵਾੜਾ ਜੀ ਦੀ ਸ਼ਖ਼ਸੀਅਤ ਨੂੰ ਅੰਬਰਾਂ ਤੱਕ ਪਹੁੰਚਾਉਦੀ ਗੌਰਵ ਕਰਨ ਯੋਗ ਗੱਲ ਇਹ ਹੈ ਕਿ ਉਨਾਂ ਨੇ ਕਦੀ ਵੀ ਕਿਸੇ ਗਾਇਕ ਪਾਸੋਂ ਗੀਤ ਦਾ ਇਕ ਪੈਸਾ ਤਕ ਵੀ ਨਹੀ ਲਿਆ ਅਤੇ ਨਾ ਹੀ ਦਰ ਤੇ ਆਏ ਕਿਸੇ ਗਾਇਕ ਨੂੰ ਨਿਰਾਸ਼ ਖਾਲੀ ਹੱਥ ਮੁੜਨ ਦਿੱਤਾ।  
      ਆਪਣੇ ਭਵਿੱਖ ਦੇ ਨਿਸ਼ਾਨੇ ਸਾਂਝੇ ਕਰਦਿਆਂ ਪੰਜਾਬੀ ਸੱਭਿਆਚਾਰ ਦੇ ਇਸ ਅਨਮੋਲ ਹੀਰੇ ਸਵਾੜਾ ਜੀ ਨੇ ਦੱਸਿਆ ਕਿ ਉਨਾਂ ਦੇ ਕਾਫੀ ਸਾਰੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਜੈਕਟ ਦੇਸ਼-ਵਿਦੇਸ਼ ਵਿਚ ਵੱਖ-ਵੱਖ ਸੁਰੀਲੀਆਂ ਅਵਾਜਾਂ ਦਾ ਸ਼ਿੰਗਾਰ ਬਣਨ ਲਈ ਚੱਲ ਰਹੇ ਹਨ।  
      ਮਾਣ-ਸਨਮਾਨ ਦੀ ਗੱਲ ਛਿੜੀ ਤਾਂ ਸਵਾੜਾ ਜੀ ਨੇ ਭਾਰਤੀ ਦਲਿਤ ਅਕੈਡਮੀ ਦਿੱਲੀ, ਡਾ. ਐਮ. ਐਸ. ਰੰਧਾਵਾ ਯਾਦਗਾਰੀ ਐਵਾਰਡ (ਮੁਹਾਲੀ ਮੇਲੇ 'ਚੋਂ), 'ਇੰਦਰਜੀਤ ਹਸਨਪੁਰੀ ਐਵਾਰਡ' (ਬਰਨਾਲਾ ਮੇਲਾ ਦੌਰਾਨ), 'ਕਲਮ ਦਾ ਧਨੀ' (ਮੇਲਾ ਸ਼ਾਮ ਚੁਰਾਸੀ), ਤਿਸਸ਼ੀ (ਕਨੇਡਾ ਵਲੋਂ) ਅਤੇ 'ਕਲਮ ਦਾ ਸ਼ਹਿਨਸ਼ਾਹ' (ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਆਦਿ ਵਲੋਂ ਮਿਲੇ ਅਭੁੱਲ ਸਨਮਾਨਾਂ ਦਾ ਵਿਸ਼ੇਸ਼ ਜਿਕਰ ਕੀਤਾ।  
    ਰੱਬ ਕਰੇ !  ਸਾਨੂੰ ਸਾਰਿਆਂ ਨੂੰ ਆਪਣਿਆਂ ਵਰਗਾ ਲੱਗਣ ਵਾਲਾ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਰਨਾਇਆ ਹਰਫਨ-ਮੌਲਾ ਗੀਤਕਾਰ ਜਿੰਦ ਸਵਾੜਾ ਯੁੱਗਾਂ ਜਿੱਡੀ ਉਮਰ ਦਾ ਹਾਣੀ ਹੋ ਨਿੱਬੜੇ ਤਾਂ ਕਿ ਉਹ ਆਪਣੀ ਭਾਵ-ਪੂਰਤ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਗੀਤਕਾਰੀ ਨਾਲ ਪੰਜਾਬੀ ਮਾਂ-ਬੋਲੀ ਦੇ ਮੁਹਾਂਦਰੇ ਨੂੰ ਹੋਰ ਸ਼ਿੰਗਾਰਦਾ, ਨਿਖਾਰਦਾ ਅਤੇ ਮਾਲੋ-ਮਾਲ ਕਰਦਾ ਰਵੇ !
ਪ੍ਰੀਤਮ ਲੁਧਿਆਣਵੀ, ਚੰਡੀਗੜb

Have something to say? Post your comment