Thursday, May 23, 2019
FOLLOW US ON

Poem

ਸੁਲਗ ਰਿਹਾ ਕਸ਼ਮੀਰ ਚੀਕਦਾ, ਜੁਗਰਾਜਸਿੰਘ

February 17, 2019 02:20 AM

ਸੁਲਗ ਰਿਹਾ ਕਸ਼ਮੀਰ ਚੀਕਦਾ, ਦਿੱਲੀ ਨੂੰ ਪਰ ਸੁਣਦਾ ਨਹੀਂ ਏ
ਹੁਣ ਉਹ ਬਾਗੀ ਹੋ ਚੁੱਕਿਆ, ਇਸ਼ਕ ਦੇ ਸੁਪਨੇ ਬੁਣਦਾ ਨਹੀਂ ਏ
ਜਿਉਦੇਂ ਜੀ ਤਾਂ ਭਰਨੀ ਨਹੀਂ, ਜੋ ਤੇੜ ਦਿਲਾਂ ਵਿੱਚ ਡੂੰਘੀ ਹੋ ਗਈ
ਸਾਡੇ ਲਏ ਖਾਮੋਸ਼ ਨੇ ਸਾਰੇ, ਇਹ ਦੁਨੀਆ ਅੰਨ੍ਹੀ ਗੂੰਗੀ ਹੋ ਗਈ!

ਉਮਰਾਂ ਕੱਚੀਆਂ ਇਸ਼ਕ ਨੇ ਸੱਚੇ, ਉਹਦਾ ਇਸ਼ਕ ਆਜ਼ਾਦੀ ਨਾਲ
ਉਹ ਜਾਣ ਗਿਆ ਕਿ ਹਾਕਮ ਕਰਦਾ ਬੇਵਫਾਈਆਂ ਵਾਦੀ ਨਾਲ
ਗੱਲ ਮੁਹੱਬਤਾਂ ਸੱਚੀਆਂ ਵਾਲੀ ਆਖਰ ਉਹਦੇ ਦਿਲ ਨੂੰ ਛੋਹ ਗਈ
ਸਾਡੇ ਲਏ ਖਾਮੋਸ਼ ਨੇ ਸਾਰੇ, ਇਹ ਦੁਨੀਆ ਅੰਨ੍ਹੀ ਗੂੰਗੀ ਹੋ ਗਈ!

ਹੁਣ ਰੂਹਾਂ ਉੱਤੇ ਜਖਮ ਬੜੇ ਨੇ, ਸਾਹਾਂ ਵਿੱਚ ਬਾਰੂਦ ਘੁਲ ਗਿਆ
ਦੋਹਾਂ ਚੱਕੀਆਂ ਦੇ ਵਿੱਚ ਪਿਸਗੇ, ਸਾਡਾ ਯਾਰ ਵਜੂਦ ਰੁਲ ਗਿਆ
ਲੱਭਿਓ ਸ਼ਾਇਦ ਮਿਲ ਜਾਵੇ ਤਾਂ, ਸਾਡੀ ਕਿਤੇ ਆਜ਼ਾਦੀ ਖੋ ਗਈ
ਸਾਡੇ ਲਏ ਖਾਮੋਸ਼ ਨੇ ਸਾਰੇ, ਇਹ ਦੁਨੀਆ ਅੰਨ੍ਹੀ ਗੂੰਗੀ ਹੋ ਗਈ!

ਸਾਡੇ ਲੱਖਾਂ ਗੱਭਰੂ ਦਫ਼ਨ ਹੋ ਗਏ, ਜਗ੍ਹਾ ਜਗ੍ਹਾ ਤੇ ਕਬਰਾਂ ਐਥੇ
ਲੀਰ ਨੇ ਕਿੰਨੀਆਂ ਚੁੰਨੀਆਂ ਹੋਈਆਂ, ਕਿਸਨੂੰ ਯਾਰਾ ਖਬਰਾਂ ਐਥੇ
ਨਾ ਹੀ ਦਿਸਦਾ ਲਹੂ ਕਿਸੇ ਨੂੰ, ਉਹ ਕਿਹੜਾ ਕੋਈ ਗੰਗਾ ਧੋ ਗਈ
ਸਾਡੇ ਲਏ ਖਾਮੋਸ਼ ਨੇ ਸਾਰੇ, ਇਹ ਦੁਨੀਆ ਅੰਨ੍ਹੀ ਗੂੰਗੀ ਹੋ ਗਈ!

ਕਿਉਂ ਦਿੱਲੀ ਦੇ ਦਿਲ ਡਰ ਬਹਿ ਜਾਵੇ, ਸਾਡੇ ਰੋਸ ਮੁਜ਼ਾਹਰੇ ਤੋਂ
ਕਦੇ ਹਿੱਕ ਚੀਰ ਕੇ ਗੋਲੀ ਲੰਘ ਜਾਏ, ਦਿੱਲੀਓ ਮਿਲੇ ਇਸ਼ਾਰੇ ਤੋੰ
ਅੰਨ੍ਹੀ ਬੁਰਛਾ ਗਰਦੀ ਸੰਧੂ, ਸਾਡੀ ਹਰ ਇੱਕ ਪੀੜ੍ਹੀ ਕੋਹ ਗਈ
ਸਾਡੇ ਲਏ ਖਾਮੋਸ਼ ਨੇ ਸਾਰੇ, ਇਹ ਦੁਨੀਆ ਅੰਨ੍ਹੀ ਗੂੰਗੀ ਹੋ ਗਈ!
ਜੁਗਰਾਜਸਿੰਘ
੧੮/੦੭/੨੦੧੬

Have something to say? Post your comment