Poem

ਮਾਪੇ ਠੰਢੜੀ ਛਾਂ ਦਿੰਦੇ...

March 04, 2019 09:44 PM
ਮਾਪੇ ਠੰਢੜੀ ਛਾਂ ਦਿੰਦੇ...
 
ਮਾਪੇ ਠੰਢੜੀ ਛਾਂ ਦਿੰਦੇ, ਭਾਵੇਂ ਰੁੱਖ ਪੁਰਾਣੇ ਨੇ,
ਏਸ ਸੱਚ ਤੋਂ ਮੂਰਖ਼, ਹਾਲੇ ਵੀ ਅਣਜਾਣੇ ਨੇ।
 
ਬਾਪੂ ਉਦੋਂ ਤੱਕ ਬਾਪੂ,ਜਦੋਂ ਤੱਕ ਗੌਂਅ ਕੋਈ ਹੁੰਦਾ ਏ,
ਬੇਬੇ ਉਦੋਂ ਤੱਕ ਬੇਬੇ, ਜਦ ਤੱਕ ਵਿਆਹ ਨਾ ਹੁੰਦਾ ਏ,
ਵਿਆਹ ਹੋ ਜਾਣ 'ਤੇ ਏਥੇ,ਉਲਟੀ ਗੰਗਾ ਵਹਿ ਤੁਰਦੀ,
ਘੜ ਸਕੀਮਾਂ ਮਾਪਿਆਂ ਤਾਈਂ, ਲਾ ਦੇਣ ਟਿਕਾਣੇ ਨੇ।
ਮਾਪੇ ਠੰਢੜੀ ਛਾਂ ਦਿੰਦੇ.............................।
 
ਕੋਈ ਦੁੱਖ ਆਵੇ ਬੱਚਿਆਂ ਨੂੰ, ਮਾਪੇ ਸਿਰ 'ਤੇ ਝੱਲ ਲੈਂਦੇ,
ਪਾਣੀ ਪਾਉਂਦੇ ਬੂਟਿਆਂ ਨੂੰ, ਉਹਦਾ ਨਾ ਕੋਈ ਫਲ਼ ਲੈਂਦੇ,
ਪਾਲਣ-ਪੋਸ਼ਣ ਮਾਪੇ ਕਰਦੇ, ਨਾਲੇ ਮੰਗ ਵਿਆਹ ਦਿੰਦੇ,
ਮਾਪਿਆਂ ਪੱਖੋਂ ਬੱਚੇ ਬਣਦੇ, ਅੱਖੀਓਂਂ ਅੰਨੇ - ਕਾਣੇ ਨੇ।
ਮਾਪੇ ਠੰਢੜੀ ਛਾਂ ਦਿੰਦੇ.............................।
 
ਬਜ਼ੁਰਗ ਮਾਪੇ ਕਿਉਂਂ ਬਣਦੇ ਨੇ, ਯਾਰੋਂ ਬੋਝ ਬੱਚਿਆਂ ਲਈ,
ਲੱਖ ਲਾਹਣਤ ਐਸੀ ਔਲਾਦ ਦੇ, ਅਕਲ ਦੇ ਕੱਚਿਆਂ ਲਈ,
ਬਜ਼ੁਰਗ ਮਾਪਿਆਂ ਨੂੰ ਫਿਰ ਤੂੜੀ ਵਾਲਾ, ਕਮਰਾ ਜੁੜਦਾ ਏ,
ਖੁੱਦ ਕੋਠੀਆਂ ਕਾਰਾਂ ਵਿੱਚ ਐਸ਼-ਪ੍ਰਸਤੀ, ਕਰਨ ਨਿਆਣੇ ਨੇ।
ਮਾਪੇ ਠੰਢੜੀ ਛਾਂ ਦਿੰਦੇ.............................।
 
ਸਰੋਏ ਭੁੱਲੇ ਨੇ ਇਕ ਦਿਨ, ਇਨਾਂ ਵੀ ਬੁੱਢਿਆਂ ਹੋਣਾ ਏ,
ਪਰਸ਼ੋਤਮ ਇਨਾਂ ਵੀ ਹਨੇਰ ਕੋਠੜੀ ਵਿੱਚ, ਰੋਣਾ ਧੋਣਾ ਏ,
ਮਾਪਿਆਂ ਦਾ ਦਰਦ ਕੀ ਹੁੰਦਾ, ਗੱਲ ਦੀ ਰਮਝ ਫੇ' ਪੈ ਜਾਣੀ,
ਉਹੋ ਜਿਹੇ ਸੁਣਨ ਨੂੰ ਮਿਲਣੇ, ਜਿੱਦਾਂ ਦੇ ਲਿਖਦੇ ਗਾਣੇ ਨੇ।
ਮਾਪੇ ਠੰਢੜੀ ਛਾਂ ਦਿੰਦੇ.............................।
 
ਪਰਸ਼ੋਤਮ ਲਾਲ ਸਰੋਏ, ਮੋਬਾ: 91-92175-44348
Have something to say? Post your comment