Poem

ਸੋ ਕਿਉ ਮੰਦਾ ਆਖੀਐ...

March 04, 2019 10:12 PM
                   
ਅਬਲਾ ਨਹੀਂ ਅੱਜ ਦੀ ਔਰਤ, ਇਹ ਹੈ ਬੜੀ ਮਹਾਨ
ਹਰ ਕਾਰਜ ਦੇ ਪਿੱਛੇ ਨਾਰੀ, ਰਹੇ ਭਾਵੇਂ ਗੁੰਮਨਾਮ। 
ਗੁਰੂ ਨਾਨਕ ਦੀ ਬਾਣੀ ਵਿੱਚੋਂ, ਮਿਲਦਾ ਹੈ ਪੈਗ਼ਾਮ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
 
ਮਰਦ ਦੇ ਜ਼ੁਲਮਾਂ ਸਾਹਵੇਂ ਇਹਨੇ, 'ਵਾਜ ਕੱਢੀ ਨਾ ਉੱਚੀ
ਕਿਹਾ ਜਾਂਦਾ ਬਦਕਾਰ ਨਾਰੀ ਨੂੰ, ਸੀ ਬੇਸ਼ੱਕ ਇਹ ਸੁੱਚੀ। 
ਥਾਂ- ਥਾਂ ਉੱਤੇ ਇਸਨੂੰ, ਕੀਤਾ ਜਾਂਦਾ ਸੀ ਬਦਨਾਮ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
 
ਪੈਰ ਦੀ ਜੁੱਤੀ ਆਖ ਕੇ ਔਰਤ, ਜਾਂਦੀ ਸੀ ਤ੍ਰਿਸਕਾਰੀ
ਪਿਤਾ,ਪਤੀ,ਪੁੱਤਰਾਂ ਦੇ ਹੱਥੋਂ, ਸਹਿੰਦੀ ਨਿੱਤ ਖੁਆਰੀ। 
ਸਿੱਖ ਗੁਰੂਆਂ ਨੇ ਕੀਤੀ ਸੀ, ਨਾਰੀ ਦੀ ਉੱਚੀ ਸ਼ਾਨ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
 
ਔਰਤ ਨੂੰ ਕਦੇ ਵਾਂਗ ਪਸ਼ੂ ਦੇ, ਮੰਡੀ ਵੇਚਿਆ ਜਾਂਦਾ
ਕਰਦੀ ਸੀ ਅਧਿਕਾਰ ਦੀ ਗੱਲ ਤਾਂ, ਘਰ 'ਚੋਂ ਛੇਕਿਆ ਜਾਂਦਾ। ਪੜ੍ਹ- ਲਿਖ ਕੇ ਹੁਣ ਅੱਜ ਦੀ ਨਾਰੀ, ਬਣ ਗਈ ਹੈ ਬਲਵਾਨ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
 
ਸਦੀ ਇੱਕੀਵੀਂ ਆ ਗਈ ਪਰ, ਜਣਨੀ ਦਾ ਨੀਵਾਂ ਰੁਤਬਾ
ਨਿੱਤ ਸਮਾਜ ਦੇ ਲੋਕੀਂ ਇਹਨੂੰ, ਨਵਾਂ ਸੁਣਾਉਂਦੇ ਫ਼ਤਵਾ। 
ਉੱਚੀ ਹੈ ਨਾਰੀ ਦੀ ਹਸਤੀ, ਕਰੀਏ ਰਲ- ਮਿਲ ਕੇ ਸਨਮਾਨ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
 
ਵਧ- ਚੜ੍ਹ ਕੰਮ ਕਰਦੀ ਹੈ ਪਰ, ਨਾ ਮਿਲਦੇ ਹੱਕ ਬਰਾਬਰ
ਧੱਕੇ ਤੇ ਧੱਫ਼ੇ ਮਿਲਦੇ ਨੇ, ਕਿਤੇ ਨਾ ਮਿਲਦਾ ਆਦਰ। 
ਸਦੀਆਂ ਪਿੱਛੋਂ ਕਿਤੇ ਕੋਈ, ਬਣਦੀ ਰਜ਼ੀਆ ਸੁਲਤਾਨ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
 
ਨੰਨ੍ਹੀਆਂ ਜਿੰਦਾਂ ਜੰਮਦੀਆਂ ਮਰਦੀਆਂ, ਨਿੱਤ ਹੁੰਦੇ ਨੇ ਕਾਰੇ
'ਧੀਆਂ ਬਚਾਈਏ ਧੀਆਂ ਪੜ੍ਹਾਈਏ'- ਬਣਨ ਨਾ ਕੇਵਲ ਨਾਅਰੇ। 
ਰਾਣੀ ਝਾਂਸੀ, ਮਾਈ ਭਾਗੋ, ਜੇਤੂ ਵਿੱਚ ਜਹਾਨ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
 
ਦਾਜ ਦੀ ਭੈੜੀ ਵਾਦੀ, ਇਹਦਾ ਫਾਹਾ ਮੂਲੋਂ ਵੱਢੀਏ
ਫੋਕੀਆਂ ਰਸਮਾਂ- ਰੀਤਾਂ ਦੇ, ਤਾਣੇ- ਬਾਣੇ ਨੂੰ ਛੱਡੀਏ। 
ਬੇਟੀ, ਪਤਨੀ, ਭੈਣ ਤੇ ਮਾਂ, ਨਾਰੀ ਦੇ ਹੀ ਨੇ ਨਾਮ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
 
ਗੁਰੂ ਨਾਨਕ ਦੀ ਬਾਣੀ ਵਿੱਚੋਂ, ਮਿਲਦਾ ਹੈ ਪੈਗ਼ਾਮ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
 
                                                       ~  ਰੂਹੀ ਸਿੰਘ
# ਬੀ.ਏ.(ਆਨਰਜ਼) ਅੰਗਰੇਜ਼ੀ, ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ- 151302. (ਬਠਿੰਡਾ)
Have something to say? Post your comment