Thursday, May 23, 2019
FOLLOW US ON

Article

"ਦਾਸਤਾਂ ਕਾਲੇਪਾਣੀ ਦੇ ਕੈਦੀਆਂ ਦੀ ..!" ਮੁਹੰਮਦ ਅੱਬਾਸ ਧਾਲੀਵਾਲ

March 13, 2019 10:05 PM
"ਦਾਸਤਾਂ ਕਾਲੇਪਾਣੀ ਦੇ ਕੈਦੀਆਂ ਦੀ ..!" 
 
ਕਾਲੇਪਾਣੀ ਜੇਲ੍ਹ ਦਾ ਨਾਂ ਜਹਿਨ ਵਿੱਚ ਆਉਂਦੇ ਹੀ ਕਿੰਨੇ ਹੌਲਨਾਕ ਤਸੀਹੇ ਖਿਆਲਾਂ ਵਿੱਚ ਗੁਜਰ ਜਾਂਦੇ ਨੇਂ । ਕਿਹਾ ਜਾਂਦਾ ਹੈ ਕਿ ਏਸ  ਜੇਲ ਵਿਚ ਜ਼ਿਆਦਾਤਰ ਦੇਸ਼ ਭਗਤ ਯੋਧੇ ਹੀ ਕੈਦੀ ਹੋਇਆ ਕਰਦੇ ਸਨ। ਇਹਨਾਂ ਵਿਚ ਮੁੱਖ ਰੂਪ ਵਿਚ  ਜਿਆਦਾਤਰ ਕੈਦੀ  ਭਾਰਤ ਦੇ ਦੋ ਸੂਬਿਆਂ ਪੰਜਾਬ ਅਤੇ ਬੰਗਾਲ ਚੋਂ ਹੋਇਆ ਕਰਦੇ  ਸਨ। ਉਕਤ ਕੈਦੀਆਂ ਵਿਚੋਂ ਡਾ. ਦੀਵਾਨ ਸਿੰਘ, ਸ:ਸੋਹਣ ਸਿੰਘ, ਮੋਲਾਨ ਫਜ਼ਲ-ਏ-ਹੱਕ, ਜੋਗਿੰਦਰ ਸ਼ੁਕਲਾ, ਭੱਟਕੇਸ਼ਵਰ ਦੱਤ, ਮੌਲਾਨਾ ਅਹਿਮਦੂਲਾ,  ਮੋਲਵੀ ਅਬਦੁਲ ਰਹੀਮ ਸਿਦਕੀ, ਚੰਦਰ ਚੈਟਰਜੀ, ਵਰਮਨ ਰਾਓ ਜੋਸ਼ੀ, ਨੰਦ ਗੋਪਾਲ ਦੇ ਇਤਿਹਾਸ ਦੇ ਸੁਨਹਿਰੇ ਰੂਪ ਵਿਚ ਦਰਜ ਹਨ। 
 
ਕਿਉਂਕਿ ਉਕਤ ਜੇਲ ਵਿਚ ਵਧੇਰੇ ਗਿਣਤੀ ਪੰਜਾਬ ਅਤੇ ਪੱਛਮੀ ਬੰਗਾਲ ਦੇ ਯੋਧਿਆਂ ਦੀ ਸੀ ਇਸ ਲਈ ਦੇਸ਼ ਦੇ ਹਰ ਨਾਗਰਿਕ ਵਿਸ਼ੇਸ਼ ਤੌਰ ਤੇ ਪੰਜਾਬੀਆਂ ਤੇ ਬੰਗਾਲੀਆਂ ਨੇ ਗਾਹੇ-ਬਗਾਹੇ ਅਕਸਰ ਹੀ ਕਾਲੇਪਾਣੀ ਦੀ ਜੇਲ੍ਹ ਦਾ ਨਾਮ  ਸੁਣਿਆ ਹੋਵੇਗਾ । ਵੈਸੇ ਅਸੀਂ ਪੰਜਾਬ ਦੇ ਵਸਨੀਕ ਆਪਣੇ ਬਚਪਨ ਤੋਂ  ਹੀ ਇਸ ਜੇਲ ਦਾ ਨਾਂ ਸੁਣਦੇ ਆਏ ਹਾਂ। ਪਰ ਇਸ  ਕਾਲੇਪਾਣੀ ਦੀ ਜੇਲ੍ਹ ਦੇ ਸੰਦਰਭ ਵਿੱਚ ਜਦੋਂ  ਕੁਝ ਦਿਨ ਪਹਿਲਾਂ ਪੜਿਆ ਤਾਂ ਇਸ ਵਿਚਕਾਰ  ਰੋਂਗਟੇ ਖੜ੍ਹੇ ਕਰ ਦੇਣ ਵਾਲੇ ਖੁਲਾਸੇ ਸਾਹਮਣੇ ਆਏ। ਜਿਹਨਾਂ ਦੇ ਸਾਹਮਣੇ ਆਉਣ ਨਾਲ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਜਾਦੀ ਦੀ ਲੜਾਈ ਵਿਚ ਦੇਸ਼ ਦੇ ਪਰਵਾਨਿਆਂ ਨੇ ਕਿਸ 
ਕਾਲੇਪਾਣੀ ਦੀ ਜੇਲ ਜਿਸ ਨੂੰ ਸੈਲੂਲਰ ਜੇਲ੍ਹ ਦੇ ਨਾਂ ਨਾਲ ਵੀ ਜਾਣਿਆ ਜਾਂਦਾ  ਏ । ਇਹ ਜੇਲ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਨੇੜੇ ਸਥਿਤ ਹੈ। ਇਸ  ਦਾ ਨਿਰਮਾਣ 1896 ਅਤੇ 1906 ਦੇ ਵਿਚਕਾਰ ਕੀਤਾ ਗਿਆ ਸੀ।  ਜਿਕਰਯੋਗ ਹੈ ਕਿ ਜਦੋਂ ਤੱਕ ਇਹ ਕਾਲੇਪਾਣੀ ਦੀ ਜੇਲ੍ਹ ਨਹੀਂ ਸੀ ਬਣੀ, ਉਦੋਂ ਕੈਦੀਆਂ ਨੂੰ ਖੁੱਲ੍ਹੇ ਆਸਮਾਨ ਹੇਠ ਵਾਈਪਰ ਆਈਲੈਂਡ (ਜੋ ਕਿ ਜ਼ਹਿਰੀਲੇ ਸੱਪਾਂ ਵਾਲੇ ਟਾਪੂ ਵਜੋਂ ਵੀ ਜਾਣਿਆ ਜਾਂਦਾ ਸੀ ) ਉੱਤੇ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ। ਇਸ ਥਾਂ ਤੋਂ ਕਿਸੇ ਵੀ ਕੈਦੀ ਦੇ ਭੱਜ ਜਾਣ ਦਾ ਡਰ ਨਹੀਂ ਸੀ ਹੁੰਦਾ, ਕਿਉਂਕਿ ਇਸ ਦੇ 10 ਹਜ਼ਾਰ ਕਿਲੋਮੀਟਰ ਤੱਕ ਸਿਰਫ਼ ਸਮੁੰਦਰ ਹੀ ਸਮੁੰਦਰ ਸੀ। 
ਇਸ ਟਾਪੂ ਉੱਤੇ ਦਿਨੇ ਤਾਂ ਕੈਦੀਆਂ ਤੋਂ ਜੇਲ੍ਹ ਬਣਾਉਣ ਲਈ ਲੋੜੀਂਦੀ ਲੱਕੜ ਕਟਵਾਈ ਜਾਂਦੀ ਤੇ ਰਾਤ ਪੈਂਦੇ ਹੀ ਉਨ੍ਹਾਂ ਨੂੰ ਭੁੱਖੇ-ਪਿਆਸਿਆਂ ਦਰੱਖਤਾਂ ਨਾਲ ਬੰਨ੍ਹ ਦਿੱਤਾ ਜਾਂਦਾ, ਇਸ ਦੋਰਾਨ ਵੱਡਾ ਦੁਖਾਂਤ ਇਹ ਵਾਪਰਦਾ ਕਿ ਸਵੇਰ ਹੋਣ ਤੱਕ ਵਧੇਰੇ  ਕੈਦੀ ਸੱਪਾਂ ਦੇ ਡੰਗਣ ਨਾਲ ਮੌਤ ਦਾ ਲੁਕਮਾ ਬਣ ਜਾਂਦੇ । ਮਰ ਚੁੱਕੇ ਇਨ੍ਹਾਂ ਕੈਦੀਆਂ ਨੂੰ ਬਿਨਾਂ ਕਿਸੇ ਕਾਇਦੇ-ਕਾਨੂੰਨ ਦੇ ਹੀ ਸਮੁੰਦਰ ਵਿੱਚ ਰੋੜ੍ਹ ਦਿੱਤਾ ਜਾਂਦਾ । ਜਦੋਂ ਕਿ ਮੋਟੀਆਂ ਲੱਕੜਾਂ ਪਹਾੜੀ ਉੱਤੇ ਚੜ੍ਹਾਉਣ ਲਈ ਕੈਦੀਆਂ ਦੇ ਮਗਰ ਰੱਸੇ ਪਾ ਕੇ ਲੱਕੜੀਆਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਤੇ ਪਿੱਛੋਂ ਪਸ਼ੂਆਂ ਵਾਂਗ ਉਨ੍ਹਾਂ ਦੇ ਗਿੱਟਿਆਂ ਉੱਤੇ ਉਦੋਂ ਤੱਕ ਸੋਟੀਆਂ ਮਾਰੀਆਂ ਜਾਂਦੀਆਂ ਜਦੋਂ ਤੱਕ ਉਹ ਲੱਕੜ ਨੂੰ ਖਿੱਚ ਕੇ ਪਹਾੜੀ ਉੱਪਰ ਚੜ੍ਹਾ ਨਹੀਂ ਸਨ ਦਿੰਦੇ। ਇਸ ਦੋਰਾਨ ਜੇਕਰ ਕੋਈ ਕੈਦੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਅਸਮਰੱਥ ਰਹਿੰਦਾ ਜਾਂ ਤਾਂ ਉਸ ਨੂੰ ਵੀ ਬੇਹੋਸ਼ ਹੋ ਜਾਣ ਤੱਕ ਕੁੱਟਿਆ ਜਾਂਦਾ।
ਕਾਲੇਪਾਣੀ ਦੀ ਉਕਤ ਸੈਲੂਲਰ ਜੇਲ੍ਹ ਨੂੰ  ਪੁਖਤਾ ਤੇ ਮਜਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ    ਬਣਤਰ ਪਖੋਂ ਇਸ ਕਦਰ ਗੋਪਨੀਏ ਬਣਾਇਆ ਗਿਆ ਹੈ ਕਿ ਇੱਕ ਕੈਦੀ ਦੂਜੇ ਕੈਦੀ ਦੀ ਸ਼ਕਲ ਤੱਕ ਨਹੀਂ ਸੀ ਵੇਖ ਸਕਦਾ। 
ਕੈਦੀਆਂ ਲਈ ਜੋ ਕਾਲ ਕੋਠੜੀਆਂ ਜਾਂ ਸੈਲ ਬਣਾਏ ਗਏ ਹਨ ਉਨ੍ਹਾਂ ਦੀ ਲੰਬਾਈ 13.5 ਫੁੱਟ ਅਤੇ ਚੌੜਾਈ 7 ਫੁੱਟ ਹੈ ਤੇ ਹਰ ਸੈਲ ਵਿੱਚ ਦਸ ਫੁੱਟ ਲੰਬਾ ਅਤੇ ਇੱਕ ਫੁੱਟ ਚੌੜਾ ਰੋਸ਼ਨਦਾਨ ਬਣਾਇਆ ਹੋਇਆ ਹੈ। ਇਥੇ ਇੱਕ ਸੈੱਲ ਵਿੱਚ ਇੱਕ ਕੈਦੀ ਨੂੰ ਹੀ ਰੱਖਿਆ ਜਾਂਦਾ ਸੀ ਅਤੇ ਇਸ ਦੇ ਨਾਲ ਹੀ ਸੈੱਲ ਵਿੱਚ  ਲੋਹੇ ਦਾ ਇੱਕ ਭਾਰਾ ਕੋਹਲੂ ਅਤੇ ਇੱਕ ਚੱਕੀ ਲੱਗਾਈ ਗਈ ਸੀ। ਕੈਦ ਬਾਮੁਸ਼ਕਤ ਦੋਰਾਨ ਹਰ ਕੈਦੀ ਲਈ ਰੋਜ਼ਾਨਾ 25 ਕਿਲੋ ਨਾਰੀਅਲ ਦਾ ਤੇਲ ਕੱਢਣਾ ਜ਼ਰੂਰੀ ਸੀ। ਜਿਹੜਾ  ਕੈਦੀ ਕਿਸੇ ਦਿਨ 25 ਕਿਲੋ ਤੇਲ ਨਾ ਕੱਢ ਸਕਦਾ, ਉਸ ਨੂੰ ਬੇਤਹਾਸ਼ਾ ਮਾਰਿਆ ਕੁੱਟਿਆ ਜਾਂਦਾ ਸੀ । ਸੈਲ ਭਾਵ ਕਾਲ-ਕੋਠੜੀਆਂ ਵਿੱਚ ਬਿਜਲੀ ਦੀ ਰੌਸ਼ਨੀ ਦਾ ਕੋਈ ਇੰਤਜ਼ਾਮ ਨਹੀਂ ਸੀ।  ਕਾਲ-ਕੋਠੜੀਆਂ ਵਿਚੋਂ ਕੈਦੀਆਂ ਨੂੰ ਉਦੋਂ ਹੀ ਕੱਢਿਆ ਜਾਂਦਾ ਸੀ, ਜਦੋਂ ਉਨ੍ਹਾਂ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਸੀ ਜਾਂ ਫਿਰ ਕੈਦੀਆਂ ਨੂੰ ਤਸੀਹੇ ਦੇਣੇ ਹੁੰਦੇ ਸਨ । ਜਦ ਵੀ ਕੋਈ ਕੈਦੀ ਮਾੜੇ ਖਾਣੇ ਜਾਂ ਮਾੜੇ ਜੇਲ੍ਹ ਪ੍ਰਬੰਧ ਬਾਰੇ ਇਤਰਾਜ਼ ਜਾਂ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਇੱਕ ਖਾਸ ਤਰ੍ਹਾਂ ਦੇ ਸ਼ਿਕੰਜੇ ਵਿੱਚ ਕੱਸ ਕੇ ਉਦੋਂ ਤੱਕ ਕੋੜੇ ਮਾਰੇ ਜਾਂਦੇ, ਜਦੋਂ ਤੱਕ ਉਸ ਦੀ ਪਿੱਠ ਦਾ ਮਾਸ ਨਹੀਂ ਸੀ ਉਧੜ ਜਾਂਦਾ।
 
ਜੇਲ ਵਿਚ ਹਰ ਇਕ ਕੈਦੀ ਨੂੰ ਸਿਰਫ ਦੋ ਭਾਂਡੇ ਹੀ ਦਿੱਤੇ ਜਾਂਦੇ-ਇਕ ਲੋਹੇ ਦਾ ਤੇ ਇੱਕ ਮਿੱਟੀ ਦਾ। ਲੋਹੇ ਦੇ ਭਾਂਡੇ ਵਿੱਚ ਖਾਣਾ ਦਿੱਤਾ ਜਾਂਦਾ  ਜਿਸ ਦੇ ਫਲਸਰੂਪ ਖਾਣਾ ਬਹੁਤ ਜਲਦੀ ਕਾਲਾ ਹੋ ਜਾਣ ਕਰ ਕੇ ਕੋਈ ਵੀ ਕੈਦੀ ਲੋੜ ਅਨੁਸਾਰ ਆਪਣੇ ਲਈ ਖਾਣੇ ਨੂੰ ਬਚਾ ਕੇ ਨਹੀਂ ਸੀ ਰੱਖ ਸਕਦਾ। ਦੂਜਾ ਮਿੱਟੀ ਦਾ ਭਾਂਡਾ ਮਲ-ਮੂਤਰ ਲਈ ਦਿੱਤਾ ਜਾਂਦਾ ਸੀ। ਸਭ ਤੋਂ ਘਿਨਾਉਣੀ ਗੱਲ ਇਹ ਸੀ ਕਿ ਇਹ ਭਾਂਡਾ ਵੀ ਕੈਦੀ ਨੂੰ ਆਪਣੇ ਨਾਲ ਕਾਲ-ਕੋਠੜੀ ਵਿੱਚ ਹੀ ਰੱਖਣਾ ਪੈਂਦਾ ਸੀ। ਇਸ ਭਾਂਡੇ ਨੂੰ ਕੈਦੀ ਉਦੋਂ ਹੀ ਸਾਫ਼ ਕਰ ਸਕਦਾ ਸੀ ਜਦੋਂ ਸਰਕਾਰੀ ਹੁਕਮਾਂ ਅਨੁਸਾਰ ਉਸ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਦਾ ਸੀ।
 
ਸੈਲੂਲਰ ਜੇਲ੍ਹ ਵਿੱਚ  ਕੈਦੀਆਂ ਨੂੰ ਪਹਿਨਣ ਲਈ ਪਟਸਨ ਦੀਆਂ ਬੋਰੀਆਂ ਦੇ ਬਣੇ ਕੱਪੜੇ ਹੀ ਦਿੱਤੇ ਜਾਂਦੇ ਸਨ ਤੇ ਨੰਗੇ ਪੈਰੀਂ ਹੀ ਰਹਿਣਾ ਪੈਂਦਾ ਸੀ । ਜੇਲ ਵਿਚ ਆਮ ਕੱਪੜੇ ਪਹਿਨਣ ਦੀ ਕੈਦੀਆਂ ਨੂੰ ਇਜਾਜ਼ਤ ਨਹੀਂ ਸੀ।
ਦੁਖਦਾਈ ਗੱਲ ਇਹ ਵੀ ਸੀ ਕਿ ਬਿਮਾਰੀ ਦੀ ਹਾਲਤ ਵਿੱਚ ਕਿਸੇ ਕੈਦੀ ਦਾ ਕੋਈ ਇਲਾਜ ਨਹੀਂ ਸੀ ਕਰਵਾਇਆ ਜਾਂਦਾ। ਇਥੋਂ ਤਕ ਕਿ ਜੇਕਰ ਕੋਈ ਕੈਦੀ ਬਿਮਾਰੀ ਦੀ ਹਾਲਤ ਮਰ ਵੀ ਜਾਂਦਾ ਤਾਂ ਉਸ ਦੀ ਲਾਸ਼ ਨੂੰ ਸਮੁੰਦਰ ਦੇ ਪਾਣੀ ਵਿੱਚ ਹੀ ਜਲਪ੍ਰਵਾਹ ਕਰ ਦਿੱਤਾ ਜਾਂਦਾ ਸੀ ।
 
ਕਾਲੇਪਾਣੀ ਦੀ ਇਸ ਜੇਲ੍ਹ ਵਿੱਚ ਫ਼ਾਂਸੀ ਘਰ ਬਿਲਕੁਲ ਸਮੁੰਦਰ ਦੇ ਕੰਢੇ ਬਣਾਇਆ ਗਿਆ ਸੀ। ਤਿੰਨ-ਤਿੰਨ ਜਣਿਆਂ ਨੂੰ ਇਕੱਠਿਆਂ ਹੀ ਫ਼ਾਂਸੀ ਦਿੱਤੀ ਜਾਂਦੀ ਸੀ।  ਲੱਕੜ ਦੀ ਮੋਟੀ ਸ਼ਤੀਰੀ ਨਾਲ ਲਟਕਦੇ ਤਿੰਨ ਮੋਟੇ ਮੋਟੇ ਰੱਸੇ ਅੱਜ ਵੀ ਆਪਣੇ ਹੋਲਨਾਕ ਇਤਿਹਾਸ ਦੀਆਂ ਗਵਾਹੀਆਂ ਭਰਦੇ ਪ੍ਰਤੀਤ ਹੁੰਦੇ ਹਨ। ਜਿਹਨਾਂ ਨਾਲ ਦੇਸ਼ ਦੇ ਹਜ਼ਾਰਾਂ ਮਹਾਨ ਦੇਸ਼ ਯੋਧਿਆਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ । ਇਸ ਦੇ ਨਾਲ ਹੀ ਜੇਲ੍ਹ ਦੇ ਵਿਹੜੇ ਵਿਚ ਉਹ ਸਥਾਨ ਵੀ ਕਾਇਮ ਹੈ, ਜਿਥੇ ਫ਼ਾਂਸੀ ਦੇਣ ਤੋਂ ਪਹਿਲਾਂ ਕੈਦੀਆਂ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਸੀ।
 ਪੋਰਟ ਬਲੇਅਰ ਨੇੜੇ ਹੀ ਇਕ ਗੁਰਦੁਆਰਾ ਡਾ. ਦੀਵਾਨ ਸਿੰਘ ਦੀਵਾਨ ਸਿੰਘ ਕਾਲੇਪਾਣੀ ਦੀ ਯਾਦ ਵਿੱਚ  ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਦੀਵਾਨ ਸਿੰਘ ਕਾਲੇਪਾਣੀ ਆਪਣੇ ਸਮੇਂ ਦੇ ਜਿਥੇ ਇਕ ਮਹਾਨ ਸਾਹਿਤਕਾਰ ਸਨ ਉਥੇ ਹੀ ਉਹ ਇਕ ਪ੍ਰਸਿੱਧ  ਡਾਕਟਰ ਵੀ ਸਨ।  ਸਜ਼ਾ ਦੌਰਾਨ ਉਨ੍ਹਾਂ ਦੇ ਨਹੁੰ ਜਮੂਰ ਨਾਲ ਖਿੱਚੇ ਗਏ ਤੇ ਤਰ੍ਹਾਂ ਤਰ੍ਹਾਂ ਦੇ ਹੋਰ ਤਸੀਹੇ ਦਿੱਤੇ ਗਏ  ਇਸੇ ਦੌਰਾਨ ਡਾਕਟਰ ਦੀਵਾਨ ਸਿੰਘ ਜੀ ਦੀ ਮੌਤ ਹੋ ਗਈ ਸੀ। 
 
ਕਾਲੇਪਾਣੀ ਦੀ ਇਸ ਸੈਲੂਲਰ ਜੇਲ੍ਹ ਵਿੱਚ ਜੇਲ੍ਹਰ ਡੇਵਿਡ ਬੈਰੀਦ ਦੀ ਪੂਰੀ ਤਾਨਾਸ਼ਾਹੀ ਚੱਲਦੀ ਸੀ । ਉਹ ਕੈਦੀਆਂ ਤੇ ਜ਼ੁਲਮ ਉ ਤਸ਼ੱਦਦ ਕਰਦੇ ਸਮੇਂ ਸਾਰੇ ਹੱਦਾਂ ਬੰਨੇ ਟੱਪ ਜਾਂਦਾ ਸੀ। ਕੈਦੀਆਂ ਨੂੰ ਕੋੜੇ ਮਾਰਨੇ ਉਸਦਾ ਮਾਮੂਲ ਸੀ ਅਤੇ ਗਾਲ੍ਹਾਂ ਦੇਣੀਆਂ ਉਸਦਾ ਜਿਵੇਂ ਤਕੀਯਾ  ਕਲਾਮ ਬਣ ਚੁੱਕਾ ਸੀ ।  ਜੇਲ ਵਿਚ ਕੈਦੀਆਂ ਨਾਲ ਅਣਮਨੁੱਖੀ ਵਰਤਾਰਾ ਕੀਤਾ ਜਾਂਦਾ ਸੀ ਤੇ ਮਨੁੱਖੀ ਅਧਿਕਾਰਾਂ ਦਾ ਪੂਰੀ ਤਰ੍ਹਾਂ ਘਾਣ ਹੁੰਦਾ ਸੀ। ਇਥੇ ਇਹ ਵੀ ਵਰਨਣਯੋਗ ਹੈ ਕਿ ਆਪਣੀ ਜਿੰਦਗੀ ਦੇ ਆਖਰੀ ਦਿਨਾਂ ਵਿੱਚ ਜੇਲਰ ਡੇਵਿਡ ਬੇਰੀ ਅਧਰੰਗ ਦਾ ਸ਼ਿਕਾਰ ਹੋ ਗਿਆ ਅਤੇ ਅੰਤ ਸਮੇਂ ਜਦੋਂ ਉਸ ਦੀ ਇੱਛਾ ਆਪਣੇ ਪਰਿਵਾਰ ਨੂੰ ਮਿਲਣ ਦੀ ਹੋਈ ਤਾਂ ਰਾਹ-ਜਾਂਦਿਆਂ ਜਹਾਜ਼ ਵਿੱਚ ਹੀ ਉਹ ਆਪਣੇ ਪਰਿਵਾਰ ਨੂੰ ਮਿਲੇ ਬਿਨਾਂ ਹੀ ਮੌਤ ਦਾ ਸ਼ਿਕਾਰ ਹੋ ਗਿਆ । ਯਕੀਨਨ ਇਹ ਵੀ ਕੁਦਰਤ ਦਾ ਇਨਸਾਫ ਹੀ ਸੀ ਕਿ ਕੈਦੀਆਂ ਉੱਪਰ ਜ਼ੁਲਮ ਕਰਨ ਵਾਲਾ ਡੇਵਿਡ ਬੇਰੀ ਵੀ ਆਪਣੇ ਪਰਿਵਾਰ ਨਾਲੋਂ ਉਸੇ ਤਰ੍ਹਾਂ ਵਿਛੜ ਕੇ ਮਰਿਆ , ਜਿਵੇਂ ਉਸ ਨੇ ਦੇਸ਼ ਦੇ ਯੋਧਿਆਂ ਨੂੰ ਕਦੀ ਆਪਣੇ ਪਰਿਵਾਰਾਂ ਨਾਲੋਂ ਵਿਛੋੜਿਆ ਸੀ...। 
Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-