Thursday, May 23, 2019
FOLLOW US ON

Article

ਮੇਰੀ ਮੰਚ ਪ੍ਰਤਿਭਾ ~ ਪ੍ਰੋ. ਨਵ ਸੰਗੀਤ ਸਿੰਘ

March 13, 2019 10:24 PM
 
 
       ਮੰਚ/ ਸਟੇਜ ਅਜਿਹੀ ਥਾਂ ਹੈ, ਜਿੱਥੋਂ ਖੜ੍ਹ ਕੇ ਬੁਲਾਰਾ ਸਾਰੇ ਦਰਸ਼ਕਾਂ ਨੂੰ ਵੇਖ ਸਕਦਾ ਹੈ ਤੇ ਸਾਰੇ ਦਰਸ਼ਕ ਉਹਨੂੰ ਵੇਖ ਸਕਦੇ ਹਨ। ਮੰਚ ਤੇ ਖੜ੍ਹੇ ਵਿਅਕਤੀ ਵਿੱਚ ਜਿੰਨਾ ਵਧੇਰੇ ਸਵੈ- ਵਿਸ਼ਵਾਸ, ਸ਼ਬਦ- ਭੰਡਾਰ ਅਤੇ ਸਮਰੱਥਾ ਹੋਵੇਗੀ, ਉਨਾਂ ਹੀ ਉਹ ਸਰੋਤਿਆਂ/ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਸਕੇਗਾ। ਮੰਚ ਤੇ ਖੜ੍ਹੇ ਸਾਰੇ ਵਿਅਕਤੀਆਂ ਵਿੱਚ ਇਹ ਗੁਣ ਨਹੀਂ ਹੁੰਦਾ। ਅਧਿਆਪਕ, ਨੇਤਾ ਅਤੇ ਭਾਸ਼ਣ-ਕਰਤਾ ਵਿੱਚ ਮੰਚ ਦੀਆਂ ਖੂਬੀਆਂ ਹੋਣੀਆਂ ਬਹੁਤ ਜ਼ਰੂਰੀ ਹਨ। 
        ਮੈਨੂੰ ਵਿਰਸੇ ਤੋਂ ਹੀ ਮੰਚ- ਪ੍ਰਸਤੁਤੀ ਦੀਆਂ ਖ਼ੂਬੀਆਂ ਪ੍ਰਾਪਤ ਹੋਈਆਂ ਹਨ। ਮੇਰੇ ਪਿਤਾ ਗਿਆਨੀ ਕਰਤਾਰ ਸਿੰਘ (1921- 2013) ਮਾਤ- ਭਾਸ਼ਾ ਪੰਜਾਬੀ ਦੇ ਅਧਿਆਪਕ ਸਨ ਤੇ ਉਨ੍ਹਾਂ ਨੇ ਵਧੇਰੇ ਸਮਾਂ ਕੋਟਕਪੂਰਾ,ਬਰਗਾੜੀ ਅਤੇ ਗੋਨਿਆਣਾ ਮੰਡੀ (ਫਰੀਦਕੋਟ, ਬਠਿੰਡਾ ਜ਼ਿਲ੍ਹਿਆਂ) ਵਿੱਚ ਸੇਵਾ ਨਿਭਾਈ। ਉਨ੍ਹਾਂ ਦੇ ਅਧਿਆਪਨ ਦਾ ਢੰਗ ਸਾਰੇ ਅਧਿਆਪਕਾਂ ਨਾਲੋਂ ਵੱਖਰਾ ਸੀ। ਜਿੱਥੇ ਆਮ ਅਧਿਆਪਕ 'ਤੂੰ ਪੜ੍ਹ' ਵਾਲੀ ਵਿਧੀ ਅਪਣਾਉਂਦੇ ਸਨ ਤੇ ਅੱਜ ਵੀ ਅਪਣਾ ਰਹੇ ਹਨ, ਉੱਥੇ ਮੇਰੇ ਪਿਤਾ ਖ਼ੁਦ ਪੜ੍ਹਦੇ ਸਨ ਤੇ ਅਜਿਹੇ ਭਾਵਪੂਰਤ ਢੰਗ ਨਾਲ ਪੜ੍ਹਦੇ ਸਨ ਕਿ ਬਹੁਤੀਆਂ ਗੱਲਾਂ ਵਿਦਿਆਰਥੀਆਂ ਨੂੰ ਬਿਨਾਂ ਸਮਝਾਇਆਂ ਹੀ ਪਤਾ ਲੱਗ ਜਾਂਦੀਆਂ ਸਨ। ਉਨ੍ਹਾਂ ਦਾ ਕਵਿਤਾ ਪੜ੍ਹਨ ਦਾ ਢੰਗ ਬਹੁਤ ਆਕਰਸ਼ਕ ਹੁੰਦਾ ਸੀ ਅਤੇ ਵਧੇਰੇ ਕਵਿਤਾਵਾਂ ਉਨ੍ਹਾਂ ਨੂੰ ਜ਼ਬਾਨੀ ਚੇਤੇ ਸਨ। ਕਈ ਵਾਰ ਉਹ ਸਾਰੀ ਦੀ ਸਾਰੀ ਕਵਿਤਾ ਜ਼ਬਾਨੀ ਬੋਲ ਕੇ ਸੁਣਾ ਦਿੰਦੇ ਸਨ।
        ਪਿਤਾ ਜੀ ਦਾ ਇਹ ਗੁਣ ਮੇਰੇ ਵਿੱਚ ਸਹਿਜ- ਸੁਭਾਅ ਹੀ ਪ੍ਰਵੇਸ਼ ਕਰ ਗਿਆ। ਕਿਉਂਕਿ ਮੈਂ ਸਕੂਲ ਦੀਆਂ ਪਹਿਲੀਆਂ ਦੋ- ਤਿੰਨ ਜਮਾਤਾਂ ਆਪਣੇ ਪਿਤਾ ਦੀਆਂ ਕਲਾਸਾਂ ਵਿੱਚ ਜਾ- ਜਾ ਕੇ ਹੀ ਪੜ੍ਹੀਆਂ। ਉਹ ਭਾਵੇਂ ਵੱਡੀਆਂ ਜਮਾਤਾਂ(ਅੱਠਵੀਂ, ਨੌਵੀਂ, ਦਸਵੀਂ )  ਨੂੰ ਹੀ ਪੜ੍ਹਾਉਂਦੇ ਸਨ, ਪਰ ਮੈਂ ਅਕਸਰ ਉਨ੍ਹਾਂ ਨਾਲ ਹੀ ਰਹਿੰਦਾ ਸਾਂ। ਉਨ੍ਹਾਂ ਨੇ ਕਦੇ ਵੀ ਜਮਾਤ ਨੂੰ ਕੁਰਸੀ ਉੱਤੇ ਬਹਿ ਕੇ ਨਹੀਂ ਸੀ ਪੜ੍ਹਾਇਆ, ਹਮੇਸ਼ਾ ਖੜ੍ਹੇ ਹੋ ਕੇ ਹਾਵਾਂ- ਭਾਵਾਂ, ਇਸ਼ਾਰਿਆਂ ਅਤੇ ਮੁਦਰਾਵਾਂ ਨਾਲ ਪੜ੍ਹਾਉਂਦੇ ਰਹੇ। ਜਿੱਥੇ ਗਣਿਤ ਵਾਲੇ ਅਧਿਆਪਕ ਵੀ ਬਲੈਕ- ਬੋਰਡ ਦੀ ਵਰਤੋਂ ਨਹੀਂ ਸਨ ਕਰਦੇ, ਉੱਥੇ ਮੇਰੇ ਪਿਤਾ ਜੀ ਪੰਜਾਬੀ ਪੜ੍ਹਾਉਂਦੇ ਸਮੇਂ ਵੱਧ ਤੋਂ ਵੱਧ ਬਲੈਕ- ਬੋਰਡ ਦੀ ਵਰਤੋਂ ਕਰਦੇ ਸਨ (ਮੈਂ ਵੀ ਆਪਣੇ ਅਧਿਆਪਨ- ਕਾਲ ਦੌਰਾਨ ਇਹੋ ਵਿਧੀ ਅਪਣਾਈ ਰੱਖੀ)। ਉਨ੍ਹਾਂ ਨੂੰ ਪੜ੍ਹਾਉਂਦਿਆਂ ਵੇਖ ਕੇ ਮੇਰੇ ਮਨ ਵਿੱਚ ਵੀ ਉਤਸ਼ਾਹ ਜਾਗਦਾ ਤੇ ਕਦੇ- ਕਦਾਈਂ ਨੌਵੀਂ- ਦਸਵੀਂ ਦੀ ਵੱਡੀ ਜਮਾਤ ਵਿੱਚ ਮੇਰੇ ਪਿਤਾ ਜੀ ਮੈਨੂੰ ਕਵਿਤਾ ਪੜ੍ਹਨ ਲਈ ਕਹਿ ਦਿੰਦੇ ਸਨ, ਜਿਸ ਨਾਲ ਮੇਰਾ ਹੌਸਲਾ ਵਧਦਾ ਗਿਆ।
        ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਕੂਲ ਦੇ ਸਾਲਾਨਾ ਸਮਾਗਮਾਂ ਵਿੱਚ ਮੈਂ ਕਾਵਿ- ਉਚਾਰਨ, ਭਾਸ਼ਣ ਅਤੇ ਨਾਟਕ ਦੀਆਂ ਗਤੀ- ਵਿਧੀਆਂ ਵਿੱਚ ਭਾਗ ਲਿਆ ਕਰਦਾ ਸਾਂ। ਸ਼ਾਇਦ ਚੌਥੀ- ਪੰਜਵੀਂ ਜਮਾਤ ਦੀ ਗੱਲ ਹੈ,1966-67 ਈ. ਦੀ। ਸਾਨੂੰ ਉਦੋਂ ਹਰਚਰਨ ਭੈਣ ਜੀ ਪੜ੍ਹਾਉਂਦੇ ਸਨ (ਉਨੀਂ ਦਿਨੀਂ ਅਧਿਆਪਕਾਵਾਂ ਨੂੰ 'ਭੈਣ ਜੀ' ਕਿਹਾ ਜਾਂਦਾ ਸੀ ਤੇ ਅਜੇ 'ਮੈਡਮ' ਕਹਿਣ ਦਾ ਰਿਵਾਜ ਨਹੀਂ ਸੀ ਪ੍ਰਚੱਲਿਤ ਹੋਇਆ)। ਸਾਡੇ ਕੋਰਸ ਵਿੱਚ ਇੱਕ ਕਵਿਤਾ ਲੱਗੀ ਸੀ 'ਹੇ ਪਿਆਰੀ ਭਾਰਤ ਮਾਂ, ਅਸੀਂ ਤੈਨੂੰ ਸੀਸ ਝੁਕਾਉਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ...'। ਸਾਲਾਨਾ- ਸਮਾਗਮ ਸਮੇਂ ਸਾਨੂੰ ਭੈਣ ਜੀ ਨੇ ਇਹ ਕਵਿਤਾ ਅਭਿਨੈ ਅਤੇ ਵੇਸ- ਭੂਸ਼ਾ ਵਿੱਚ ਸੁਣਾਉਣ ਲਈ ਤਿਆਰ ਕਰਵਾਈ। ਹੋਰਾਂ ਸਹਿਪਾਠੀਆਂ ਬਾਰੇ ਤਾਂ ਮੈਨੂੰ ਯਾਦ ਨਹੀਂ ਕਿ ਕੌਣ ਕੀ- ਕੀ ਬਣਿਆ, ਪਰ ਮੈਨੂੰ ਯਾਦ ਹੈ ਕਿ ਮੈਨੂੰ ਭਾਰਤ ਮਾਤਾ ਬਣਨ ਦਾ ਰੋਲ ਮਿਲਿਆ ਸੀ ਤੇ ਅਧਿਆਪਕਾ ਨੇ ਮੇਰੇ ਵਾਲ ਪਿੱਛੇ ਨੂੰ ਖਿਲਾਰ ਕੇ ਸਿਰ ਉੱਤੇ ਗੱਤੇ ਦਾ ਬਣਿਆ ਮੁਕਟ ਬੰਨ੍ਹ ਦਿੱਤਾ ਸੀ ਤੇ ਸਾੜੀ ਪਹਿਨਾ ਕੇ ਮੈਨੂੰ 'ਭਾਰਤ ਮਾਂ' ਦੇ ਰੂਪ ਵਿੱਚ ਪੇਸ਼ ਕੀਤਾ ਸੀ।  ਦਰਸ਼ਕਾਂ/ ਅਧਿਆਪਕਾਂ ਉੱਤੇ ਇਹਦਾ ਕੀ ਪ੍ਰਭਾਵ ਪਿਆ- ਪਤਾ ਨਹੀਂ। ਪਰ ਇੰਨਾ ਜ਼ਰੂਰ ਯਾਦ ਹੈ ਕਿ ਮੇਰੇ ਪਿਤਾ ਜੀ, ਜੋ ਉਸ ਪ੍ਰੋਗਰਾਮ ਵਿੱਚ ਦਰਸ਼ਕ ਵਜੋਂ ਬੈਠੇ ਸਨ, ਉਨ੍ਹਾਂ ਨੂੰ ਵੀ ਮੇਰੀ ਪਹਿਚਾਣ ਨਹੀਂ ਸੀ ਆਈ ਅਤੇ ਜਦੋਂ ਸਾਡੀ ਟੀਮ ਨੂੰ ਇਨਾਮ ਮਿਲਿਆ ਤੇ ਮੇਰਾ ਨਾਂ ਬੋਲਿਆ ਗਿਆ ਸੀ ਤਾਂ ਹੀ ਉਨ੍ਹਾਂ ਨੂੰ ਮੇਰੇ ਬਾਰੇ ਪਤਾ ਲੱਗਿਆ ਸੀ। ਖੈਰ...
         ਮੇਰੇ ਪਿਤਾ ਜੀ ਨੇ ਮੈਨੂੰ ਚੌਥੀ- ਪੰਜਵੀਂ ਜਮਾਤ ਤੋਂ ਹੀ ਗੁਰਦੁਆਰਿਆਂ ਦੀਆਂ ਧਾਰਮਿਕ ਸਟੇਜਾਂ ਉੱਤੇ ਭਾਸ਼ਣਕਾਰ ਵਜੋਂ ਸਾਹਮਣੇ ਲਿਆਉਣ ਵਿੱਚ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਨੇ ਜ਼ੋਰ ਦੇ ਕੇ ਮੈਨੂੰ ਸਮਝਾਇਆ ਕਿ ਕਿਸੇ ਕਥਨ ਨੂੰ ਕਿਵੇਂ ਬੋਲਣਾ ਹੈ ਤੇ ਮੈਂ ਮੁਕਤਸਰ, ਦਮਦਮਾ ਸਾਹਿਬ ਵਰਗੇ ਵੱਡੇ ਧਾਰਮਿਕ- ਇਕੱਠਾਂ ਵਿੱਚ ਹਜ਼ਾਰਾਂ ਸਰੋਤਿਆਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਹਾਣੀ ਬੜੀ ਸਫਲਤਾ ਨਾਲ ਦੱਸਣ ਵਿੱਚ ਕਾਮਯਾਬ ਹੋਇਆ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਨਕਦ ਸਨਮਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਸਕੂਲ ਦੀਆਂ ਜਮਾਤਾਂ ਵਿੱਚ ਮੈਂ ਪਿੱਛੋਂ ਲਗਭਗ ਹਰ ਸਾਲ ਕਵਿਤਾ ਤੇ ਭਾਸ਼ਨ ਮੁਕਾਬਲੇ ਵਿੱਚ ਹਿੱਸਾ ਲੈਂਦਾ ਰਿਹਾ ਤੇ ਉਦੋਂ ਦੇ ਬਹੁਤ ਸਾਰੇ ਸਰਟੀਫਿਕੇਟ ਅਜੇ ਤੱਕ (ਸੇਵਾ ਮੁਕਤੀ ਤੋਂ ਬਾਅਦ ਵੀ)  ਮੇਰੇ ਕੋਲ ਸੰਭਾਲੇ ਹੋਏ ਹਨ। ਨੌਵੀਂ- ਦਸਵੀਂ ਤੱਕ ਹੁੰਦਿਆਂ ਸਾਡੇ ਮੁੱਖ-ਅਧਿਆਪਕ ਸ੍ਰੀ ਪਿਆਰੇ ਲਾਲ ਗੋਇਲ ਸਨ, ਜੋ ਅੰਗਰੇਜ਼ੀ ਪੜ੍ਹਾਉਂਦੇ ਸਨ ਤੇ ਸੱਭਿਆਚਾਰਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਦੇ ਸਨ। ਸ੍ਰੀ ਪਿਆਰੇ ਲਾਲ ਜੈਤੋ ਦੇ ਰਹਿਣ ਵਾਲੇ ਸਨ (ਉਨ੍ਹਾਂ ਦਾ ਕਈ ਵਰ੍ਹੇ ਪਹਿਲਾਂ ਦਿਹਾਂਤ ਹੋ ਚੁੱਕਾ ਹੈ) ਅਤੇ ਉਨ੍ਹਾਂ ਦਾ ਇੱਕ ਭਰਾ ਪ੍ਰੇਮ ਭੂਸ਼ਨ ਗੋਇਲ ਭਾਸ਼ਾ ਵਿਭਾਗ ਵਿੱਚ ਉੱਚੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਅਤੇ ਇੱਕ ਜੰਗ ਬਹਾਦਰ ਗੋਇਲ ਅੱਜਕਲ੍ਹ ਚੰਡੀਗੜ੍ਹ ਰਹਿੰਦਾ ਹੈ, ਜਿਸਨੇ ' ਵਿਸ਼ਵ ਸਾਹਿਤ ਦੇ ਸ਼ਾਹਕਾਰ   ਨਾਵਲ' ਲੜੀ ਹੇਠ ਕਈ ਜਿਲਦਾਂ ਛਾਪ ਕੇ ਪੰਜਾਬੀ ਸਾਹਿਤ ਵਿੱਚ ਨਵੀਂ ਵਾਰਤਕ- ਸ਼ੈਲੀ ਦਾ ਮੁੱਢ ਬੰਨਿਆ ਹੈ।
        ਮੈਟ੍ਰਿਕ ਤੋਂ ਬਾਅਦ ਦੀ ਸਾਰੀ ਪੜ੍ਹਾਈ ਮੈਂ ਪ੍ਰਾਈਵੇਟ ਤੌਰ ਤੇ ਕੀਤੀ ਅਤੇ ਸਾਰੀਆਂ ਜਮਾਤਾਂ ਪਹਿਲੇ ਦਰਜੇ ਵਿੱਚ ਪਾਸ ਕੀਤੀਆਂ; ਅੈਮ.ਏ. (ਪੰਜਾਬੀ) 'ਚੋਂ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਦੌਰਾਨ ਮੇਰੀ ਮੰਚ- ਪ੍ਰਤਿਭਾ ਨੂੰ ਹੁਲਾਰਾ ਨਾ ਮਿਲ ਸਕਿਆ ਤੇ ਮੈਂ ਆਪਣਾ ਝੁਕਾਅ ਲੇਖਨ ਵੱਲ ਕਰ ਲਿਆ, ਜੋ ਕਿ ਆਪਣੇ ਆਪ ਨੂੰ ਪ੍ਰਗਟਾਉਣ ਦਾ ਇੱਕ ਹੋਰ ਉੱਤਮ ਜ਼ਰੀਆ ਹੈ। 1979-80 ਦੌਰਾਨ ਮੈਂ ਅਖ਼ਬਾਰਾਂ/ ਮੈਗਜ਼ੀਨਾਂ ਲਈ ਲਿਖਣਾ ਸ਼ੁਰੂ ਕੀਤਾ, ਜੋ ਅੱਜ ਤੱਕ ਬਾਦਸਤੂਰ ਜਾਰੀ ਹੈ।
         ਸੰਨ 1977 ਵਿੱਚ ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੈਲੀਗ੍ਰਾਫਿਸਟ ਦੀ ਨੌਕਰੀ ਮਿਲ ਗਈ। ਉੱਥੇ ਗੈਰ- ਅਧਿਆਪਨ ਕਰਮਚਾਰੀ ਹਰ ਸਾਲ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਪ੍ਰੋਗਰਾਮ ਕਰਿਆ ਕਰਦੇ ਸਨ। ਮੇਰੀ ਖੇਡਾਂ ਵਿੱਚ ਕੋਈ ਰੁਚੀ ਨਹੀਂ ਸੀ, ਇਸ ਲਈ ਮੈਂ ਸੱਭਿਆਚਾਰਕ ਸਰਗਰਮੀਆਂ  ਵਿੱਚ ਹਿੱਸਾ ਲੈਣ ਲੱਗ ਪਿਆ। ਉਦੋਂ ਯੂਨੀਵਰਸਿਟੀ ਦੇ ਵੀ.ਸੀ. ਡਾ. ਅਮਰੀਕ ਸਿੰਘ ਸਨ, ਜੋ ਬੜੇ ਸਖ਼ਤ ਅਨੁਸ਼ਾਸਨ ਵਾਲੇ ਸਨ ਤੇ ਮੈਂ ਉਨ੍ਹਾਂ ਦੇ ਚਿਹਰੇ ਤੇ ਕਦੇ ਹਾਸਾ ਨਹੀਂ ਸੀ ਵੇਖਿਆ। ਉਨ੍ਹਾਂ ਹੀ ਦਿਨਾਂ ਵਿੱਚ ਦਸੰਬਰ ਜਾਂ ਜਨਵਰੀ ਦੇ ਮਹੀਨੇ ਗੈਰ- ਅਧਿਆਪਨ ਕਰਮਚਾਰੀਆਂ ਦਾ ਸੱਭਿਆਚਾਰਕ ਸਮਾਗਮ ਹੋਇਆ,ਜਿਸ ਵਿੱਚ  ਕਰਮਚਾਰੀ ਹੀ ਸਾਰਾ ਸਮਾਗਮ ਆਯੋਜਿਤ ਕਰ ਰਹੇ ਸਨ। ਦਰਸ਼ਕਾਂ ਵਿੱਚ ਰਜਿਸਟਰਾਰ, ਉਪ ਰਜਿਸਟਰਾਰ, ਸੁਪਰਡੈਂਟ, ਕਰਮਚਾਰੀ ਅਤੇ ਵਾਈਸ- ਚਾਂਸਲਰ ਅਮਰੀਕ ਸਿੰਘ ਮੌਜੂਦ ਸਨ। ਮੈਂ ਕਾਵਿ- ਉਚਾਰਨ ਵੰਨਗੀ ਵਿੱਚ ਆਪਣਾ ਨਾਮ ਲਿਖਵਾਇਆ ਸੀ ਤੇ ਮੈਂ ਉਦੋਂ ਸੁਰਜੀਤ ਪਾਤਰ ਦੀ ਕਵਿਤਾ 'ਹੁਣ ਘਰਾਂ ਨੂੰ ਪਰਤਣਾ
...' ਸੁਣਾਈ ਸੀ, ਆਪਣੇ ਕਾਵਿਕ- ਅੰਦਾਜ਼ ਵਿੱਚ। ਇੱਥੇ ਹੀ ਯੂਨੀਵਰਸਿਟੀ ਦੇ ਕਰਮਚਾਰੀ- ਸੰਘ ਦੇ ਪ੍ਰਧਾਨ ਕਾਮਰੇਡ ਕੌਰ ਸਿੰਘ ਸੇਖੋਂ ਨੇ ਸੰਤ ਰਾਮ ਉਦਾਸੀ ਦੀ ਕਵਿਤਾ ਉਚਾਰਨ ਕੀਤੀ ਸੀ। ਮੈਨੂੰ ਲੱਗਦਾ ਸੀ ਕਿ ਮੁਕਾਬਲੇ ਵਿੱਚੋਂ ਸੇਖੋਂ ਜੇਤੂ ਰਹੇਗਾ, ਕਿਉਂਕਿ ਉਹ ਯੂਨੀਅਨ ਦਾ ਪ੍ਰਧਾਨ ਸੀ। ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਵਿਜੇਤਾ ਵਜੋਂ ਮੇਰਾ ਨਾਂ ਬੋਲਿਆ ਗਿਆ ਤੇ ਸੇਖੋਂ ਦੂਜੇ ਨੰ. ਤੇ ਆਇਆ। ਵੀ.ਸੀ. ਨੇ ਖ਼ੁਦ ਮੈਨੂੰ ਨਟਰਾਜ ਦੀ ਮੂਰਤੀ ਵਾਲਾ ਇੱਕ ਸ਼ੋਅ-ਪੀਸ ਭੇਟਾ ਕੀਤਾ ਸੀ, ਜੋ ਅਜੇ ਤੀਕ ਮੇਰੇ ਕੋਲ ਸਾਂਭਿਆ ਹੋਇਆ ਹੈ।
        ਕਾਲਜ- ਅਧਿਆਪਕ ਬਣਨ ਪਿੱਛੋਂ ਤਾਂ ਇਹ ਮੇਰੀ ਹੀ ਡਿਊਟੀ ਲੱਗ ਗਈ ਕਿ ਕੋਈ ਵੀ ਛੋਟਾ- ਵੱਡਾ ਸਮਾਗਮ ਹੋਣਾ ਹੋਵੇ, ਮੰਚ- ਸੰਚਾਲਨ ਦੀ ਜ਼ਿੰਮੇਵਾਰੀ ਸਦਾ ਮੇਰੇ ਕੋਲ ਹੀ ਰਹੀ। 2005 ਵਿੱਚ ਕਾਲਜ (ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ)ਦੇ ਸਾਲਾਨਾ ਸਮਾਗਮ ਸਮੇਂ ਏ.ਡੀ.ਸੀ.- ਕੇ.ਪੀ.ਐਸ. ਮਾਹੀ ਮੁੱਖ ਮਹਿਮਾਨ ਵਜੋਂ ਆਏ ਅਤੇ ਮੇਰੀ ਮੰਚ- ਕਲਾ ਤੋਂ ਪ੍ਰਭਾਵਿਤ ਹੋ ਕੇ ਪ੍ਰਿੰਸੀਪਲ ਨੂੰ ਕਹਿਣ ਲੱਗੇ ਕਿ ਇਹ ਪ੍ਰੋਫੈਸ਼ਨਲ ਸੰਚਾਲਕ ਤੁਸੀਂ ਕਿੱਥੋਂ ਲਿਆਂਦਾ ਹੈ? ਉਹਦੇ ਦੱਸਣ ਤੇ, ਕਿ ਇਹ ਤਾਂ ਸਾਡੇ ਕਾਲਜ ਦਾ ਹੀ ਅਧਿਆਪਕ ਹੈ,ਮਾਹੀ ਨੂੰ ਹੈਰਾਨੀ ਭਰੀ ਖੁਸ਼ੀ ਹੋਈ ਤੇ ਮੈਨੂੰ ਕਿਹਾ ਕਿ ਅਸੀਂ ਤੁਹਾਨੂੰ ਆਪਣੇ ਸਮਾਗਮਾਂ ਵਿੱਚ ਮੰਚ ਸੰਚਾਲਨ ਲਈ ਸੱਦਿਆ ਕਰਾਂਗੇ।
        2002-03 ਦੌਰਾਨ ਪ੍ਰਿੰਸੀਪਲ ਬੀ.ਪੀ. ਸਿੰਘ ਦੇ ਕਾਰਜਕਾਲ ਸਮੇਂ ਵੀ. ਸੀ. ਸਵਰਨ ਸਿੰਘ ਬੋਪਾਰਾਏ ਕਾਲਜ ਆਏ ਤੇ ਉਨ੍ਹਾਂ ਨੇ ਪੇਂਡੂ ਲੋਕਾਂ ਨੂੰ ਸਿੱਖਿਆ ਸਬੰਧੀ ਜਾਗਰੂਕ ਕਰਨ ਲਈ ਇੱਕ ਲੈਕਚਰ ਦੇਣ ਲਈ ਸਾਡੇ ਕਾਲਜ ਨੂੰ ਚੁਣਿਆ। ਉਦੋਂ ਵੀ.ਸੀ. ਦੇ ਨਾਲ ਰਜਿਸਟਰਾਰ ਪਰਮ ਬਖ਼ਸ਼ੀਸ਼ ਸਿੰਘ ਵੀ ਸੀ। ਅਜੇ ਵੀ. ਸੀ. ਨੇ ਬੋਲਣਾ ਸੀ ਕਿ ਮੰਚ- ਸੰਚਾਲਨ ਲਈ ਮੈਨੂੰ ਡਿਊਟੀ ਸੌਂਪ ਦਿੱਤੀ ਤੇ ਮੈਂ ਕਰੀਬ ਡੇਢ ਘੰਟਾ ਬਿਨਾਂ ਮਾਈਕ ਤੋਂ ਸਿੱਖਿਆ ਸਬੰਧੀ ਭਾਸ਼ਣ ਨਾਲ ਪੇਂਡੂ ਸਰੋਤਿਆਂ ਨੂੰ ਬੰਨ੍ਹੀ ਰੱਖਿਆ। ਬੋਪਾਰਾਏ ਨੇ ਬੀ.ਪੀ. ਸਿੰਘ ਨੂੰ ਪੁੱਛਿਆ ਕਿ ਇਹ ਸਟੇਜ ਸੈਕਟਰੀ ਕੌਣ ਹੈ ?ਪ੍ਰਿੰਸੀਪਲ ਨੇ ਦੱਸਿਆ ਕਿ ਸਾਡੇ ਹੀ ਕਾਲਜ ਦਾ ਇੱਕ ਅਧਿਆਪਕ ਹੈ ਤਾਂ ਬੋਪਾਰਾਏ ਨੇ ਵਿਸ਼ੇਸ਼ ਤੌਰ ਤੇ ਮੈਨੂੰ ਸ਼ਾਬਾਸ਼ ਤੇ ਮੁਬਾਰਕ ਦਿੱਤੀ ਸੀ। ਉਸ ਸਮਾਗਮ ਵਿੱਚ ਅਸੀਂ ਦੋ ਹੀ ਬੁਲਾਰੇ ਸਾਂ- ਮੈਂ ਮੰਚ ਸੰਚਾਲਕ ਵਜੋਂ ਤੇ ਵੀ. ਸੀ. ਮੁੱਖ ਵਕਤਾ ਵਜੋਂ।
        ਮੈਨੂੰ ਖੁਸ਼ੀ ਹੈ ਕਿ ਨਿਰੰਤਰ ਪੜ੍ਹਦੇ- ਲਿਖਦੇ ਰਹਿਣ ਕਰਕੇ ਮੇਰਾ ਮੰਚ 'ਤੇ ਸਵੈ- ਵਿਸ਼ਵਾਸ ਹੋਰ ਵੀ ਬੁਲੰਦ ਹੁੰਦਾ ਚਲਾ ਗਿਆ। ਜਿੱਥੇ ਪਹਿਲਾਂ- ਪਹਿਲ ਮੰਚ- ਸੰਚਾਲਨ ਲਈ ਮੈਂ ਕੁਝ ਵਰ੍ਹੇ ਵਿਸ਼ੇਸ਼ ਤਿਆਰੀ ਕਰਦਾ ਰਿਹਾ, ਉੱਥੇ ਪਿੱਛੋਂ ਮੈਂ ਬਿਨਾਂ ਤਿਆਰੀ ਤੋਂ ਵੀ ਮੰਚ- ਸੰਚਾਲਨ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਵਿਭਿੰਨ ਸਿੱਖਿਆ/ ਸਮਾਜਿਕ ਸੰਸਥਾਵਾਂ ਵੱਲੋਂ ਬੁਲਾਰੇ ਵਜੋਂ ਬੁਲਾਉਣ ਤੇ ਵੀ ਹੁਣ ਮੈਂ ਕੋਈ ਵਿਸ਼ੇਸ਼ ਤਿਆਰੀ ਕਰਕੇ ਨਹੀਂ ਜਾਂਦਾ, ਸਗੋਂ ਆਪਣੇ ਅੰਦਰ ਸਮਾਏ ਪ੍ਰਾਕਿਰਤਕ ਗੁਣਾਂ ਨੂੰ ਦਰਸ਼ਕਾਂ/ ਸਰੋਤਿਆਂ ਸਾਹਵੇਂ ਪ੍ਰਦਰਸ਼ਿਤ ਕਰਕੇ ਉਨ੍ਹਾਂ ਨੂੰ ਪ੍ਰਭਾਵਿਤ ਤੇ ਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹਾਂ।
=================================
 # ਨੇੜੇ ਗਿੱਲਾਂ ਵਾਲਾ ਖੂਹ, ਤਲਵੰਡੀ ਸਾਬੋ-151302
    ( ਬਠਿੰਡਾ)     9417692015.  
Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-