Thursday, May 23, 2019
FOLLOW US ON

Poem

ਗ਼ਜ਼ਲ਼ //ਰਾਜਵਿੰਦਰ ਕੌਰ ਜਟਾਣਾ

March 15, 2019 08:04 PM
 
 ਤੇਰੀਆਂ ਚੋਟਾਂ ਨੂੰ ਦਿਲ ਤੇ ਸਹਿਣਾ ਆ ਗਿਆ
 ਦਰਦ ਨੂੰ ਸੌਗਾਤ ਵਾਂਗੂੰ ਲੈਣਾਂ ਆ ਗਿਆ  
 
ਤੂੰ ਜਦੋਂ ਦਾ ਜਿੰਦ ਨੂੰ ਧੁੱਪਾਂ ਹਵਾਲੇ ਕਰ ਗਿਓਂ
ਸੁੱਕਿਆਂ ਰੁੱਖਾਂ ਦੀ ਛਾਂਵੇਂ ਬਹਿਣਾ ਆਂ ਗਿਆ
 
  ਲੋਅ ਤੇਰੀ ਨੇ ਸੂਰਜਾ ਸਾੜਿਆ  ਹੈ ਇਸ ਤਰਾਂ
 ਦਾਣਿਆਂ ਦੇ ਵਾਂਗ ਭੱਠੀ  ਪੈਣਾ ਆ ਗਿਆ
 
ਵਕਤ ਸਾਨੂੰ ਦੇ ਗਿਆ ਹੈ ਜੋਸ਼ ਵੀ ਤੇ ਹੋਸ਼ ਵੀ
ਤਾਂ ਹੀ ਹਰ ਹਾਲਾਤ ਅੰਦਰ ਰਹਿਣਾ ਆ ਗਿਆ
 
ਮੰਜ਼ਿਲਾਂ ਤੋਂ ਦੂਰ ਬੇਸ਼ਕ ਹਾਰ ਵੀ ਮਨਜ਼ੂਰ ਨਾ
 ਹੱਕ ਜੋ ਸਾਡਾ ਹੈ ਸਾਨੂੰ ਲੈਣਾ ਆ ਗਿਆ
 
ਤੋੜ ਕੇ ਚੱਪੂ ਅਸਾਡੇ ਖੁਸ਼ ਨਾ ਹੋਵੀਂ  ਸਾਗਰਾ
ਬੇੜੀ ਨੂੰ ਤੂਫ਼ਾਨ ਅੰਦਰ ਲਹਿਣਾ ਆ ਗਿਆ
 
 ਤੂੰ ਜਦੋਂ ਆ ਕੇ ਅਸਾਡੇ ਜ਼ਖ਼ਮ ਨੂੰ ਸਹਿਲਾਂਵਦਾ
 ਹੈ ਕੋਈ  ਗ਼ਮਖਾਰ ਸਾਡਾ ਕਹਿਣਾ ਆ ਗਿਆ
 
          ਰਾਜਵਿੰਦਰ ਕੌਰ ਜਟਾਣਾ
Have something to say? Post your comment