Tuesday, September 17, 2019
FOLLOW US ON

Article

ਡਾਕੀਆ ਡਾਕ ਲਾਇਆ, ਡਾਕੀਆ ਡਾਕ ਲਾਇਆ

March 15, 2019 08:48 PM
Prabhjot Kaur Dhillon
ਡਾਕੀਆ ਡਾਕ ਲਾਇਆ, ਡਾਕੀਆ ਡਾਕ ਲਾਇਆ
ਡਾਕਖਾਨੇ ਇੱਕ ਸਮੇਂ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਜਿਹਾ
ਹੁੰਦੇ ਸਨ।ਅੱਜ ਵੀ ਇੰਨਾ ਨੂੰ ਜ਼ਿੰਦਗੀ ਵਿੱਚੋਂ ਮਨਫ਼ੀ ਨਹੀਂ ਕੀਤਾ ਜਾ ਸਕਿਆ।ਹਾਂ, ਇਹ ਜ਼ਰੂਰ ਹੈ ਕਿ ਲਾਲ ਰੰਗ ਦਾ  ਲੈਟਰ ਬਾਕਸ ਲਿਖਿਆ ਲੈਟਰ ਬਾਕਸ ਨਹੀਂ ਲੱਭਦਾ ਮੈਂ ਕਿਸੇ ਕੰਮ ਵਾਸਤੇ ਡਾਕਖਾਨੇ ਗਈ ਤਾਂ ਮੈਨੂੰ ਸਾਇਕਲਾਂ ਤੇ ਡਾਕ ਰੱਖਦੇ ਅਤੇ ਪਾਰਸਲ ਰੱਖਦੇ ਡਾਕੀਏ ਵੇਖਕੇ ਇਹ ਗਾਣਾ ਯਾਦ ਆ ਗਿਆ।ਸਾਇਕਲ ਦੇ ਅੱਗੇ ਲੱਗੀ ਟੋਕਰੀ ਵਿੱਚ ਚਿੱਠੀਆਂ ਅਤੇ ਪਿੱੱਛੇ ਛੋਟੇ ਛੋਟੇ ਪਾਰਸਲ।
ਕੁਝ ਸਮਾਂ ਪਹਿਲਾਂ ਪਿੰਡਾਂ ਸ਼ਹਿਰਾਂ ਵਿੱਚ ਡਾਕੀਏ ਦੀ ਉਡੀਕ ਹੁੰਦੀ ਸੀ।ਹਰ ਪਿੰਡ ਵਿੱਚ ਡਾਕਖਾਨਾ ਵੀ ਨਹੀਂ ਹੁੰਦਾ ਸੀ।ਡਾਕੀ ਖ਼ੁਸ਼ੀ ਗ਼ਮੀ ਦੇ ਪੈਗਾਮ ਲੈਕੇ ਆਉਂਦਾ।ਸੁੱਖ ਸੁਨੇਹੇ ਅਤੇ ਪਿਆਰ ਦਾ ਸੁਨੇਹਾ ਲੈਕੇ ਆਉਂਂਦਾ ਡਾਕੀਆਂ।ਹਾਂ,ਬਹੁਤ ਜਲਦੀ ਸੁਨੇਹਾ ਕੋਈ ਪਹੁੰੰਚਾਉਣਾ ਹੁੰਦਾ ਸੀ ਤਾਂ ਤਾਰ( ਟੈਲੀਗ੍ਰਾਮ)ਡਾਕੀਆ ਲੈਕੇ ਆਉਂਦਾ।ਇਸ ਨੂੰ ਵੇਖਕੇ ਵਧੇਰੇ ਕਰਕੇ ਲੋਕਾਂ ਦੇ ਸਾਹ ਹੀ ਸੂਤੇ ਜਾਂਦੇ ਸਨ।ਡਾਕੀਏ ਦੀ ਖਾਕੀ ਵਰਦੀ ਹੁੰਦੀ ਸੀ।ਇਸਦਾ ਹਰ ਕਿਸੇ ਨਾਲ ਰਿਸ਼ਤਾ ਅਲੱਗ ਹੀ ਹੁੰਦਾ ਸੀ।ਇਹ ਚਿੱਠੀ ਲਿਆਉਂਦਾ ਵੀ,ਪੜ੍ਹਦਾ ਵੀ ਅਤੇ ਲਿਖਦਾ ਵੀ।ਇਸ ਕੋਲ ਚਿੱਠੀਆਂ ਆਉਣ ਵਾਲਿਆਂ ਦੇ ਬਹੁਤ ਸਾਰੇ ਰਾਜ ਵੀ ਹੁੰਦੇ ਸਨ।
ਵਧੇਰੇ ਕਰਕੇ ਫੌਜ ਵਿੱਚ ਗਿਆ ਦੀਆਂ ਚਿੱਠੀਆਂ ਹੀ ਆਉਂਦੀਆਂ ਸਨ।ਪਹਿਲਾਂ ਉਹ ਆਪਣੇ ਮਾਪਿਆਂ ਨੂੰ ਸੁੱੱਖ ਸਾਂਦ ਲਈ ਚਿੱਠੀ ਲਿਖਦੇ ਸੀ ਅਤੇ ਵਿਆਹ ਤੋਂ ਬਾਦ ਵਿਆਹੀ ਚੂੜੇ ਵਾਲੀ ਮੇਰਾ ਮਤਲਬ ਆਪਣੀ ਪਤਨੀ ਨੂੰ ਚਿੱਠੀਆਂ ਲਿਖਦੇ ਸੀ।ਵਧੇਰੇ ਕਰਕੇ ਉਸ ਵਕਤ ਫੌਜੀ ਜਵਾਨਾਂ ਦੀਆਂ ਪਤਨੀਆਂ ਪੜ੍ਹੀਆਂ ਲਿਖੀਆਂ ਨਹੀਂ ਸਨ ਇਸ ਕਰਕੇ ਡਾਕੀਆ ਚਿੱਠੀ ਪੜ੍ਹਕੇ ਸਣਾਉਂਦਾ ਅਤੇ ਫੇਰ ਜਵਾਬ ਵੀ ਲਿਖਦਾ ਸੀ।ਕਮਾਲ ਦੀ ਸਾਂਝ ਸੀ ਡਾਕੀਏ ਦੀ ਲੋਕਾਂ ਨਾਲ।
ਵਿਆਹੀ ਧੀ ਆਪਣੇ ਮਾਪਿਆਂ ਦੀ ਚਿੱਠੀ ਦੀ ਉਡੀਕ ਕਰਦੀ ਅਤੇ ਮਾਪੇ ਆਪਣੀ ਧੀ ਦੀ ਚਿੱਠੀ ਦੀ ਉਡੀਕ ਬੜੀ ਤਾਂਘ ਨਾਲ ਕਰਦੇ ਸੀ।ਉਸ ਚਿੱਠੀ ਵਿੱਚ ਪਿਆਰ, ਗਿਲੇ ਸ਼ਿਕਵੇ ਅਤੇ ਕਈ ਵਾਰ ਸ਼ਕਾਇਤਾਂ ਵੀ ਹੋਣੀਆਂ।ਹਫ਼ਤੇ ਕੁ ਚ ਚਿੱਠੀ ਪਹੁੰਚਣੀ, ਵਿਹਲ ਲੱਗੇ ਤੇ ਲਿਖਣੀ ਜਾਂ ਕਿਸੇ ਤੋਂ ਲਿਖਵਾਉਣੀ।ਮਹੀਨੇ ਵਿੱਚ ਤਕਰੀਬਨ ਦੋ ਵਾਰ ਹੀ ਇੱਕ ਦੂਸਰੇ ਦੀ ਸੁੱਖ ਸਾਂਦ ਦਾ ਪਤਾ ਲੱਗਣਾ।ਜਿਸ ਦਿਨ ਚਿੱਠੀ ਲਿਖਕੇ ਪਾਉਣੀ ਉਦੋਂ ਤੋਂ ਹੀ ਉਡੀਕ ਸ਼ੁਰੂ ਹੋ ਜਾਂਦੀ ਸੀ।ਹਰ ਕਿਸੇ ਨੂੰ ਪਤਾ ਨਹੀਂ ਕਿਉਂ ਡਾਈਏ ਦੀ ਉਡੀਕ ਜਿਹੀ ਰਹਿੰਦੀ ਸੀ।ਡਾਕੀਏ ਨੇ ਖੁਸ਼ੀ ਦੀ ਚਿੱਠੀ ਲਿਆਉਣੀ,ਖ਼ਬਰ ਲਿਆਉਣੀ ਤਾਂ ਉਸਦਾ ਮੂੰਹ ਮਿੱਠਾ ਕਰਵਾਉਣਾ ਕਰਵਾਉਣਾ ਕੋਈ ਨਾ ਭੁੱਲਦਾ ਅਤੇ ਡਾਕੀਆ ਵੀ ਖ਼ੁਸ਼ੀ ਵਿੱਚ ਉਨੀ ਵੀ ਸ਼ਿਦਤ ਨਾਲ ਸ਼ਾਮਿਲ ਹੁੰਦਾ।ਇਵੇਂ ਹੀ ਦੁੱਖ ਗ਼ਮ ਦੀ ਖ਼ਬਰ ਹੁੰਦੀ ਤਾਂ ਪਰਿਵਾਰ ਦੇ ਗ਼ਮ ਵਿੱਚ ਸ਼ਰੀਕ ਹੁੰਦਾ।ਇਵੇਂ ਲੱਗਦਾ ਸੀ ਡਾਕੀਆ ਸੱਭ ਦਾ ਸਾਂਝਾ ਰਿਸ਼ਤੇਦਾਰ ਹੈ।ਡਾਕੀਏ ਦੀ ਇੱਕ ਖਾਸੀਆਤ ਸੀ ਮੀਂਹ ਜਾਵੇ, ਹਨੇਰੀ ਜਾਵੇ,ਗਰਮੀ ਹੋਵੇ ਸਰਦੀ ਹੋਵੇ ਡਾਕੀਏ ਨੇ ਕਦੇ ਨਾਗਾ ਨਹੀਂ ਸੀ ਪਾਇਆ।ਅੱਜ ਵੀ ਛਿੱਟ ਕਣੀ ਵਿੱਚ ਜਾਂਦੇ ਵੇਖ ਡਾਕੀਏ ਦੀ ਬਹੁਤ ਸਾਲ ਪਹਿਲਾਂ ਵਾਲੀ ਯਾਦ ਆ ਗਈ।ਗੀਤ ਲਿਖਣ ਵਾਲੇ ਨੇ ਆਪਣੇ ਤਜ਼ਰਬੇ ਮੁਤਾਬਿਕ ਹੀ ਲਿਖਿਆ ਸੀ।ਡਾਕੀਏ ਨੂੰ ਵੇਖਕੇ ਮੇਰੇ ਵੀ ਜ਼ਿਹਨ ਵਿੱਚ ਗਾਣਾ ਯਾਦ ਆ ਗਿਆ ਡਾਕੀਆ ਡਾਕ ਲਾਇਆ,ਡਾਕੀਆ ਡਾਕ ਲਾਇਆ----।
 
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
Have something to say? Post your comment