Sunday, June 16, 2019
FOLLOW US ON

Article

ਪੰਜਾਬੀ ਦੇ ਅਲਬੇਲੇ ਗਾਇਕ, ਗੀਤਕਾਰ ਤੇ ਅਦਾਕਾਰ ਰਾਜ ਬਰਾੜ ਦੀਆਂ “ਸੰਦਲੀ ਪੈੜਾਂ“

March 17, 2019 08:58 PM

ਪੁਸਤਕ ਰੀਵਿਊ 
ਪੰਜਾਬੀ ਦੇ ਅਲਬੇਲੇ ਗਾਇਕ, ਗੀਤਕਾਰ ਤੇ ਅਦਾਕਾਰ ਰਾਜ ਬਰਾੜ ਦੀਆਂ “ਸੰਦਲੀ ਪੈੜਾਂ“
ਪ੍ਰਕਾਸ਼ਨ:   ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ                       ਕੀਮਤ:200
ਸੰਪਾਦਕ:   ਮਸ਼ਹੂਰ ਗੀਤਕਾਰ ਸੇਖੋਂ ਜੰਡ ਵਾਲਾ
ਰਾਜ ਬਰਾੜ ਪੰਜਾਬੀ ਗਾਇਕੀ ਤੇ ਗੀਤਕਾਰੀ ਦਾ ਧਰੂ ਤਾਰਾ ਸੀ ਬੇਸ਼ੱਕ ਓਹ ਅਦਾਕਾਰ ਵੀ ਬਣਿਆ, ਪਰ ਜੋ ਨਾਮਣਾ ਉਸ ਨੇ ਗੀਤਕਾਰੀ ਤੇ ਗਾਇਕੀ ਵਿੱਚ ਖੱਟਿਆ, ਓਹ ਚੰਦ ਕੁ ਬੰਦਿਆਂ ਦੇ ਹਿੱਸੇ ਹੀ ਆਉਂਦਾ ਹੈ! ਆਪਣੇ ਨਿਵੇਕਲੇ ਅੰਦਾਜ਼ ਵਿਚ ਗੀਤ ਲਿਖਕੇ, ਉਸ ਨੂੰ ਵੱਖਰੇ ਅੰਦਾਜ਼ ਵਿੱਚ ਪੇਸ਼ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰ ਗਿਆ ਰਾਜ ਬਰਾੜ! ਅੱਜ ਓਹ ਭਾਵੇਂ ਜਿਸਮਾਨੀ ਤੌਰ ਤੇ ਸਾਡੇ ਵਿਚਕਾਰ ਨਹੀਂ ਰਿਹਾ, ਪਰ ਉਸ ਦੇ ਗਾਏ ਗੀਤ, ਉਨਾਂ ਦੇ ਜਿਹਨ ਵਿੱਚ ਸਦਾ ਅਮਰ ਰਹਿਣਗੇ, ਜੋ ਆਪਣੀ ਮਾਂ ਬੋਲੀ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਦੇ ਹਨ! ਕਦੇ ਵੀ ਨਾ ਭੁੱਲਣ ਵਾਲੇ ਗੀਤ ਤੇ ਉਨਾਂ ਦੇ ਬੋਲ ਲਿਖੇ ਰਾਜ ਬਰਾੜ ਨੇ!
ਮਸ਼ਹੂਰ ਗੀਤਕਾਰ ਸੇਖੋਂ ਜੰਡ ਵਾਲਾ ਨੇ “ਪੰਜਾਬੀ ਦੇ ਅਲਬੇਲੇ ਗਾਇਕ, ਗੀਤਕਾਰ ਤੇ ਅਦਾਕਾਰ ਰਾਜ ਬਰਾੜ ਦੀਆਂ ਸੰਦਲੀ ਪੈੜਾਂ“ਨਾਮੀ ਕਿਤਾਬ ਲਿਖ ਕੇ, ਉਸ ਮਹਾਨ ਫ਼ਨਕਾਰ ਨੂੰ ਸਦਾ ਲਈ ਜਿਊਂਦਾ ਰੱਖਣ ਦਾ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਹੈ! ਮੈਨੂੰ ਇਹ ਕਿਤਾਬ ਮਿੰਟੂ ਮੁਕਤਸਰੀ, ਜੋ ਕਿ ਖੁਦ ਇੱਕ ਸੁਲਝਿਆ ਹੋਇਆ ਗੀਤਕਾਰ ਹੈ, ਉਸ ਰਾਹੀਂ ਸੇਖੋਂ ਜੰਡ ਵਾਲਾ ਸਾਹਿਬ ਜੀ ਨੇ ਭੇਜੀ, ਪੜਦਿਆਂ-ਪੜਦਿਆਂ ਕੲੀ ਵਾਰ ਮਨ ਭਰ ਆਇਆ! ਕੋਸ਼ਿਸ਼ ਕੀਤੀ ਕਿ ਇਸ ਕਾਰਜ ਤੇ ਚਾਰ ਅੱਖਰ ਲਿਖੇ ਜਾਣ, ਸੋ ਦਾਸ ਵੱਲੋਂ ਇਹ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ! ਵੈਸੇ ਬਹੁਤ ਹੀ ਸੁਲਝੇ ਹੋਏ ਰਾਜ ਬਰਾੜ ਜੀ ਦੇ ਦੋਸਤਾਂ ਨੇ ਇਸ ਕਿਤਾਬ ਵਿੱਚ ਆਪਣੇ ਵਲਵਲੇ ਜਾਹਿਰ ਕੀਤੇ ਤੇ ਓਹ ਯਾਦਾਂ ਸਾਂਝੀਆਂ ਕੀਤੀਆਂ ਜਿਹੜੀਆਂ ਉਨਾਂ ਨੇ ਰਾਜ ਬਰਾੜ ਨਾਲ ਇਕੱਠਿਆਂ ਰਹਿ ਕੇ ਮਾਣੀਆਂ ਨੇ!
ਅਣਗਿਣਤ ਗੀਤਾਂ ਦਾ ਰਚੇਤਾ ਤੇ ਗਾਇਕ ਰਾਜ ਬਰਾੜ ਇੱਕ ਵਧੀਆ ਅਦਾਕਾਰ ਵੀ ਸੀ, ਚਾਰ ਫ਼ਿਲਮਾਂ ਜਵਾਨੀ ਜ਼ਿੰਦਾਬਾਦ, ਜੱਟ ਇਨ ਮੂਡ, ਪੁਲਿਸ ਇਨ ਪੌਲੀਵੁਡ ਤੇ ਆਮ ਆਦਮੀ ਬਣਾ ਕੇ ਸਰੋਤਿਆਂ ਦੇ ਰੂਬਰੂ ਕੀਤੀਆਂ! ਸੋਲੋ ਤੇ ਪੌਪ ਗਾਇਕੀ ਨੂੰ ਪੱਕੇ ਪੈਰੀਂ ਤੋਰਨ ਦਾ ਸਿਹਰਾ ਵੀ ਰਾਜ ਬਰਾੜ ਨੂੰ ਜਾਂਦਾ ਹੈ!
ਇਸ ਹਥਲੀ ਕਿਤਾਬ ਵਿੱਚ ਕੋਈ ਚਾਲੀ/ਪੰਜਤਾਲੀ ਦੇ ਕਰੀਬ ਰਾਜ ਬਰਾੜ ਸਾਹਿਬ ਦੇ ਬਹੁਤ ਹੀ ਨਜ਼ਦੀਕੀ ਦੋਸਤਾਂ-ਮਿੱਤਰਾਂ ਨੇ ਵੱਖੋ-ਵੱਖਰੇ ਢੰਗ ਨਾਲ ਉਸ ਨੂੰ ਯਾਦ ਕੀਤਾ ਤੇ ਸ਼ਰਧਾ ਸੁਮਨ ਭੇਂਟ ਕੀਤੇ ਨੇ! ਬਹੁਤ ਹੀ ਮਿੱਠ ਬੋਲੜੇ ਸੁਭਾਅ, ਹਰ ਇੱਕ ਗਰਜਵੰਦ ਇਨਸਾਨ ਦੀ ਮਦਦ ਕਰਨ ਵਾਲਾ ਸੀ ਰਾਜ ਬਰਾੜ! ਜਿਸ-ਜਿਸ ਇਨਸਾਨ ਨਾਲ ਉਸ ਦਾ ਵਾਹ ਪਿਆ, ਉਸ ਨੂੰ ਦਿਲੋਂ ਮੁਹੱਬਤ ਸਤਿਕਾਰ ਕੀਤਾ! ਸੱਚੀ ਗੱਲ ਮੂੰਹ ਤੇ ਕਹਿਣ ਵਾਲਾ ਸੀ ਰਾਜ ਬਰਾੜ! ਉਸ ਦੇ ਗੀਤਾਂ ਦੀਆਂ ਬਣੀਆਂ ਵੀਡੀਓਜ਼ ਵਿੱਚ ਪੁਰਾਤਨ ਪੰਜਾਬ ਦੇ ਭੁੱਲਦੇ ਜਾਂਦੇ, ਵਿਰਸੇ ਦੀਆਂ ਅਨਮੁੱਲੀਆਂ ਵਸਤਾਂ ਜਿਵੇਂ ਚਰਖੇ, ਚੱਕੀਆਂ, ਮਧਾਣੀਆਂ ਤੇ ਗੱਡਿਆਂ ਦੇ ਦਰਸ਼ਨ ਹੁੰਦੇ ਹਨ, ਜਿਸ ਕਰਕੇ ਸਾਡਾ ਇਹ ਹੀਰਾ ਯੁਗਾਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਰਹੇਗਾ! ਜੇਕਰ ਇਸ ਅਨਮੋਲ ਹੀਰੇ ਦੀਆਂ ਖੁਲਕੇ ਗੱਲਾਂ ਕਰੀਏ ਤਾਂ ਪੂਰੀ ਇਕ ਕੀ ਕੲੀ ਕਿਤਾਬਾਂ ਬਣ ਸਕਦੀਆਂ ਨੇ! ਜੋਂ ਗੀਤਕਾਰ ਸੇਖੋਂ ਜੰਡ ਵਾਲਾ ਨੇ ਇਸ ਹੱਥਲੀ ਕਿਤਾਬ ਵਿੱਚ ਲਿਖ ਦਿੱਤਾ ਹੈ, ਉਸ ਸਾਹਮਣੇ ਤਾਂ ਮੇਰੀ ਇਹ ਲਿਖਤ ਬਿਲਕੁਲ ਤੁੱਛ ਜਿਹੀ ਕੋਸ਼ਿਸ਼ ਹੈ! ਬਹੁਤ ਹੀ ਮਿਆਰੀ ਸ਼ਲਾਘਾਯੋਗ ਉਪਰਾਲਾ ਹੈ ਸੇਖੋਂ ਸਾਹਿਬ ਜੀ ਦਾ, ਜੋ ਦੋਸਤ-ਮਿੱਤਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸੱਚੇ ਦਿਲੋਂ ਪਿਆਰ, ਸਤਿਕਾਰ ਤੇ ਮੁਹੱਬਤ ਕਰਦੇ ਨੇ, ਉਨਾਂ ਨੂੰ ਮੇਰੀ ਇਹ ਬੇਨਤੀ ਹੈ ਕਿ ਇਹ ਪੁਸਤਕ ਖਰੀਦਣ ਤੇ ਦਿਲ ਨਾਲ ਪੜਨ! ਸਹੀ ਮਾਅਨਿਆਂ ਵਿੱਚ ਤਾਂ ਇਹ ਕਿਤਾਬ ਪੜਕੇ ਹੀ ਰਾਜ ਬਰਾੜ ਦੀ ਪੂਰੀ ਜ਼ਿੰਦਗੀ ਦਾ ਪੂਰਾ ਪਤਾ ਲੱਗਦਾ ਹੈ! ਪਿੰਡ ਮੱਲਕੇ (ਜ਼ਿਲਾ ਮੋਗਾ) ਵਿੱਚ ਪੈਦਾ ਹੋਇਆ, ਇਹ ਹੀਰਾ ਜਨਮ ਦਿਨ ਤੇ ਮਰਨ ਦਿਨ ਵੀ ਓਸ ਅਕਾਲ ਪੁਰਖ ਤੋਂ ਇਕੋ ਹੀ ਲਿਖਾ ਕੇ ਲਿਆਇਆ! ਭਾਵ ਜਨਮ ਦਿਨ ਤਿੰਨ ਜਨਵਰੀ ਉਨੀਂ ਸੌ ਉਨੱਤਰ ਤੇ ਮੌਤ ਭਾਵੇਂ ਕੱਤੀ ਦਸੰਬਰ ਦੋ ਹਜ਼ਾਰ ਸੋਲਾਂ ਨੂੰ ਹੋਈ, ਪਰ ਅੰਤਮ ਸੰਸਕਾਰ ਤਿੰਨ ਜਨਵਰੀ ਦੋ ਹਜ਼ਾਰ ਸਤਾਰਾਂ ਨੂੰ ਹੀ ਹੋਇਆ! ਕੋਈ ਕਰੀਬ ਛਿਆਲੀ/ਸਨਤਾਲੀ ਸਾਲ ਦੀ ਉਮਰ ਵਿੱਚ ਇਸ ਹੀਰੇ ਨੇ ਪੰਜਾਬੀ ਮਾਂ ਬੋਲੀ ਲਈ ਵਿਲੱਖਣ ਕਾਰਜ ਕਰਕੇ ਰਹਿੰਦੀ ਦੁਨੀਆਂ ਤੱਕ ਆਪਣਾ ਨਾਮ ਚਮਕਾਇਆ ਹੈ!
ਰਾਜ ਬਰਾੜ ਆਪਣੇ ਪਿੱਛੇ ਇਕ ਬੇਟਾ ਇੱਕ ਬੇਟੀ ਤੇ ਪਤਨੀ ਨੂੰ ਛੱਡ ਕੇ ਸਾਡੇ ਸਾਰੇ ਪੰਜਾਬੀਆਂ ਦਾ ਚਹੇਤਾ ਤੇ ਮਾਣਮੱਤਾ ਹੀਰਾ ਸਦਾ ਲਈ ਅਲਵਿਦਾ ਆਖ ਗਿਆ! ਪਰ ਅਸੀਂ ਸੇਖੋਂ ਜੰਡ ਵਾਲਾ ਦੀ ਸੰਪਾਦਨਾ ਕੀਤੀ, ਇਸ ਕਿਤਾਬ ਰਾਹੀਂ ਤੇ ਉਸ ਦੇ ਪੰਜਾਬੀ ਮਾਂ ਬੋਲੀ ਲਈ ਪਾਏ ਵਿਲੱਖਣ ਯੋਗਦਾਨ ਰਾਹੀਂ, ਸਦਾ ਆਪਣੇ ਚੇਤਿਆਂ ਵਿੱਚ ਵਸਾ ਕੇ ਰੱਖ ਸਕਦੇ ਹਾਂ!
ਜਸਵੀਰ ਸ਼ਰਮਾਂ ਦੱਦਾਹੂਰ  94176 22046
ਸ਼੍ਰੀ ਮੁਕਤਸਰ ਸਾਹਿਬ

Have something to say? Post your comment