Sunday, June 16, 2019
FOLLOW US ON

Article

ਵਿਰਸੇ ਨੂੰ ਪ੍ਰਣਾਇਆ ਹੋਇਆ ਲੇਖਕ - ਜਸਵੀਰ ਸ਼ਰਮਾਂ ਦੱਦਾਹੂਰ

March 17, 2019 09:06 PM

 ਵਿਰਸੇ ਨੂੰ ਪ੍ਰਣਾਇਆ ਹੋਇਆ ਲੇਖਕ - ਜਸਵੀਰ ਸ਼ਰਮਾਂ ਦੱਦਾਹੂਰ
ਸ਼ੇਅਰਾਂ, ਗੀਤ, ਗ਼ਜ਼ਲਾਂ ਅਤੇ ਕਾਵਿ-ਰਚਨਾਵਾਂ ਤੋਂ ਹੁੰਦੇ ਹੋਏ, “ਵਿਰਸੇ ਦੀ ਲੋਅ“, “ਵਿਰਸੇ ਦੀ ਖੁਸਬੋ“, “ਵਿਰਸੇ ਦੀ ਸੌਗਾਤ“ ਅਤੇ “ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ“ ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ, ਪੰਜਾਬੀ ਵਿਰਸੇ ਨੂੰ ਪਹਿਲ ਦੇਣ ਵਾਲਾ, ਜਿਸ ਦੀਆਂ ਲਿਖੀਆਂ ਰਚਨਾਵਾਂ ਦੀ ਇੱਕ-ਇੱਕ ਸਤਰ ਲੋਕਾਂ ਦੇ ਦਰਦ ਨੂੰ ਏਨਾ ਉਦਘਾਟਿਤ ਕਰਦੀ ਹੈ ਕਿ ਹਰ ਕੋਈ ਉਹਦਾ ਦੀਵਾਨਾ ਹੋ ਜਾਂਦੈ…, ਜਿਸ ਨੇ ਪੰਜਾਬੀ ਸਾਹਿਤ ਏਨਾ ਪੜਿਆਂ, ਕਿ ਉਹਦੇ ਚ' ਆਪ ਹੀ ਕਿਸੇ ਕਾੜਨੀ ਚ' ਪਏ ਦੁੱਧ ਵਾਂਗਰਾ ਕੜਿਆਂ ਗਿਆ ਐ। ਉਹ ਨਾਂ… ਹੈ, ਪੰਜਾਬੀ ਵਿਰਸੇ ਦੀ ਪਾਨ ਚੜਿਆਂ, ਵਿਰਸੇ ਨੂੰ ਪ੍ਰਣਾਇਆ ਹੋਇਆ ਲੇਖਕ - ਜਸਵੀਰ ਸ਼ਰਮਾਂ ਦੱਦਾਹੂਰ
ਪੰਜ ਫਰਵਰੀ ਦੋ ਹਜ਼ਾਰ ਉਨੀਂ ਨੂੰ ਅਚਾਨਕ ਫੋਨ ਤੋਂ ਪਤਾ ਲੱਗਿਆ ਕਿ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵੀਰ ਸ਼ਰਮਾਂ ਦੱਦਾਹੂਰ ਦਾਸ ਨੂੰ ਮਿਲਣ ਉਚੇਚੇ ਤੌਰ ਤੇ ਮੁਲਾਂਪੁਰ ਬੱਸ ਅੱਡੇ ਤੇ ਉਤਰਿਆ ਹੈ, ਪਰ ਮੈਂ ਉਸ ਸਮੇਂ ਆਪਣੇ ਪਿੰਡ ਤਲਵੰਡੀ ਗਿਆ ਸਾਂ, ਗੱਲ ਕਰਨ ਤੇ ਪਤਾ ਲੱਗਾ ਕਿ ਓਹ ਮੈਨੂੰ ਮੇਰੇ ਘਰ ਆਪਣੀ ਪੁਸਤਕ ਭੇਂਟ ਕਰਨ ਆਇਆ ਹੈ ਜਦ ਕਿ ਅਸੀਂ ਪਹਿਲਾਂ ਵੀ ਕਈ ਸਾਹਿਤਕ ਪ੍ਰੋਗਰਾਮਾਂ ਵਿੱਚ ਮਿਲ ਚੁੱਕੇ ਸਾਂ, ਗੱਲ ਕਰਨ ਤੇ ਜਸਵੀਰ ਕਹਿੰਦਾ ਕਿ ਘਰ ਵਿੱਚ ਮਿਲਣ ਤੇ ਕਿਤਾਬ ਭੇਂਟ ਕਰਨ ਦਾ ਇਕ ਅਲੱਗ ਹੀ ਆਨੰਦ ਹੁੰਦਾ ਹੈ ਸਰ ਜੀ! ਮੈਂ ਆਪਣੇ ਕੰਮ ਥੋੜਾ ਜਲਦੀ ਨਿਪਟਾ ਕੇ ਜਸਵੀਰ ਨੂੰ ਬੱਸ ਅੱਡੇ ਤੋਂ ਲੈਕੇ ਘਰ ਪਹੁੰਚ ਗਿਆ ਤੇ ਗੱਲਬਾਤ ਦਾ ਸਿਲਸਿਲਾ ਹੋਇਆ ਸ਼ੁਰੂ! ਵਿਰਸੇ ਪ੍ਰਤੀ ਵਾਰਤਕ ਦੀ ਪੁਸਤਕ “ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ“ਭੇਂਟ ਕਰਨ ਤੇ ਮੈਂ ਉਸ ਨੂੰ ਪੰਛੀ ਝਾਤ ਵੀ ਮਾਰ ਲੲੀ ਸੀ! ਮੈਂ ਜਸਵੀਰ ਦੇ ਮੂੰਹੋਂ ਸੁਣ ਕੇ ਹੈਰਾਨ ਸਾਂ ਕਿ ਇਕ ਕਾਰ ਡਰਾਈਵਰ ਕਿੱਤੇ ਚੋਂ ਤੇ ਓਹ ਵੀ ਪ੍ਰਾਈਵੇਟ ਸਮਾਂ ਕੱਢਣਾ, ਫਿਰ ਕਿਤਾਬ ਛਪਾਉਣੀ ਤੇ ਫਿਰ ਇੱਕ ਨਹੀਂ ਸਨ ਗਿਆਰਾਂ ਤੋਂ ਲੈਕੇ ਅਠਾਰਾਂ ਤੱਕ ਚਾਰ ਤੇ ਚਾਰੇ ਹੀ ਵਿਰਸੇ ਤੇ? ਦਾਦ ਦੇਣੀ ਬਣਦੀ ਹੈ ਜਸਵੀਰ ਸ਼ਰਮਾਂ ਨੂੰ! ਘਰ ਪਹੁੰਚ ਕੇ ਕਿਤਾਬ ਭੇਂਟ ਕਰਨ ਦੀ ਬਹੁਤ ਫਰਾਖਦਿਲੀ ਵਾਲੀ ਗੱਲ ਹੈ ਸ਼ਰਮਾਂ ਜੀ ਦੀ! ਸੱਤ ਸਾਲ ਵਿੱਚ ਵਿਰਸੇ ਪ੍ਰਤੀ ਚਾਰ ਕਿਤਾਬਾਂ ਸਾਹਿਤ ਦੀ ਝੋਲੀ ਪਾਉਣ ਲਈ ਵੀ ਜਸਵੀਰ ਸ਼ਰਮਾਂ ਵਧਾਈ ਦਾ ਪਾਤਰ ਹੈ! ਮੇਰੇ ਪੁੱਛਣ ਤੇ ਜਸਵੀਰ ਸ਼ਰਮਾਂ ਨੇ ਦੱਸਿਆ ਕਿ ਮੇਰੀ ਸੱਭ ਤੋਂ ਪਹਿਲੀ ਰਚਨਾ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਬਾਰੇ ਸੀ ਤੇ ਪਹਿਲੀ ਕਿਤਾਬ ਵਿੱਚ ਓਹੀ ਪਹਿਲੀ ਹੀ ਰਚਨਾ ਛਪਵਾਈ ਹੈ ਤੇ ਓਹ ਦਾਸ ਨੇ ਓਨਾਂ ਦੇ ਭਤੀਜੇ ਅਭੈ ਸੰਧੂ ਸਾਹਿਬ ਜੀ ਨੂੰ ਵੀ ਭੇਂਟ ਕੀਤੀ ਹੈ ਜੀ! ਤੁੱਕਬੰਦੀ, ਖੁੱਲੀ ਕਵਿਤਾ ਤੇ ਬਹੁਤ ਸਾਰੇ ਵਿਰਸੇ ਪ੍ਰਤੀ ਆਰਟੀਕਲ ਲਿਖ ਕੇ ਪੰਜਾਬ ਦੇ ਸਾਰੇ ਹੀ ਛੋਟੇ ਵੱਡੇ ਅਖ਼ਬਾਰਾਂ ਵਿੱਚ ਛਪਾਏ ਹਨ ਤੇ ਅੱਗੇ ਵੀ ਇਹ ਸਿਲਸਿਲਾ ਜ਼ਾਰੀ ਹੈਂ! ਕਦੇ-ਕਦੇ ਤਾਂ ਤਿੰਨ ਚਾਰ ਅਖ਼ਬਾਰਾਂ ਵਿੱਚ ਵੀ ਉਸ ਦੇ ਆਰਟੀਕਲ ਲੱਗ ਜਾਂਦੇ ਨੇ! ਵਿਰਸੇ ਨੂੰ ਪ੍ਰਣਾਇਆ ਹੋਇਆ, ਇਹ ਲੇਖਕ ਆਪਣੀ ਲਿਖੀ ਰਚਨਾ ਤਰੰਨਮ ਤੇ ਸਾਜ਼ਾਂ ਵਿੱਚ ਵੀ ਬਹੁਤ ਵਧੀਆ ਅੰਦਾਜ਼ ਵਿਚ ਗਾ ਲੈਂਦਾ ਹੈ ਤੇ ਮੈਨੂੰ ਵੀ ਕੲੀ ਰਚਨਾਵਾਂ ਜਸਵੀਰ ਨੇ ਸੁਣਾਈਆਂ! ਅੱਗੇ ਗੱਲ ਕਰਦਿਆਂ ਜਸਵੀਰ ਨੇ ਦੱਸਿਆ ਕਿ ਉਸ ਦੇ ਦੋ ਗੀਤ ਵੀ ਰਿਕਾਰਡ ਹੋਏ ਨੇ, ਇੱਕ ਸ਼ਿੰਗਾਰਾ ਸਿੰਘ ਚਾਹਲ ਤੇ ਇੱਕ ਸੇਵਕ ਚੀਮਾਂ ਦੀ ਆਵਾਜ਼ ਵਿੱਚ! ਜਸਵੀਰ ਆਪਣੀਆਂ ਰਚਨਾਵਾਂ ਅਕਸਰ ਹੀ ਫੇਸਬੁੱਕ ਤੇ ਵਟਸਐਪ ਤੇ ਵੀ ਗਾ ਕੇ ਪਾਉਂਦਾ ਰਹਿੰਦਾ ਹੈ ਤੇ ਦੋਸਤਾਂ-ਮਿੱਤਰਾਂ ਵੱਲੋਂ ਸਲਾਹੀਆਂ ਵੀ ਜਾਂਦੀਆਂ ਹਨ! ਅਜੋਕੇ ਮੀਡੀਆ ਦੇ ਦੌਰ ਵਿੱਚ ਫੇਸਬੁੱਕ ਤੇ ਵਟਸਐਪ ਤੇ ਸੱਭ ਤੋਂ ਵੱਧ ਛਾਇਆ ਰਹਿਣ ਵਾਲਾ ਵੀ ਜੇਕਰ ਜਸਵੀਰ ਸ਼ਰਮਾਂ ਨੂੰ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ! ਬਹੁਤ ਮਿਲਣਸਾਰ ਸ਼ਾਂਤ ਸੁਭਾਅ ਦਾ ਮਿੱਠ ਬੋਲੜਾ ਇਨਸਾਨ ਹੈ ਜਸਵੀਰ ਸ਼ਰਮਾਂ! ਮਾਨ-ਸਨਮਾਨ ਦੀ ਗੱਲ ਕਰਦਿਆਂ ਜਸਵੀਰ ਨੇ ਦੱਸਿਆ ਕਿ ਸਾਡੇ ਪਿੰਡ ਬੱਝੇ ਨੂੰ ਕਰੀਬ ਢਾਈ ਸੌ ਸਾਲ ਹੋ ਗਏ ਨੇ ਤੇ ਹੁਣ ਤੱਕ ਜੇ ਕਿਸੇ ਨੂੰ ਪਿੰਡ ਵੱਲੋਂ ਕੋਈ ਮਾਨ-ਸਨਮਾਨ ਮਿਲਿਆ ਹੈ ਤਾਂ ਓਹ ਮੇਰੇ ਹਿੱਸੇ ਹੀ ਆਇਆ ਹੈ! ਬੇਸ਼ੱਕ ਹੋਰ ਵੀ ਅਨੇਕਾਂ ਸੰਸਥਾਵਾਂ ਵੱਲੋਂ ਮਾਣ ਮਿਲਿਆ ਹੈ ਪਰ ਜੋ ਦੋਸਤਾਂ-ਮਿੱਤਰਾਂ ਵੱਲੋਂ ਰਚਨਾਵਾਂ ਨੂੰ ਪਸੰਦ ਕਰਕੇ ਹੱਲਾਸ਼ੇਰੀ ਮਿਲਦੀ ਹੈ ਉਸ ਤੋਂ ਵੱਡਾ ਕੋਈ ਵੀ ਸਨਮਾਨ ਨਹੀਂ ਜੀ, ਅੱਗੇ ਗੱਲ ਕਰਦਿਆਂ ਜਸਵੀਰ ਸ਼ਰਮਾਂ ਦੱਸਦਾ ਹੈ ਕਿ ਓਹ ਬੇਸ਼ੱਕ ਤੀਹ ਸਾਲ ਤੋਂ ਮੁਕਤਸਰ ਵਿਖੇ ਰਹਿ ਰਿਹਾ ਹੈ ਪਰ ਆਪਣੀ ਮਿੱਟੀ ਨਾਲ ਅੱਜ ਵੀ ਜੁੜਿਆ ਹਾਂ ਤੇ ਇਸੇ ਕਰਕੇ ਹੀ ਮੈਂ ਆਪਣੀਆਂ ਰਚਨਾਵਾਂ ਨਾਲ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਦਾ ਹਾਂ! ਸ਼੍ਰੀ ਮੁਕਤਸਰ ਸਾਹਿਬ ਸਾਹਿਤ ਸਭਾ, ਬਰੀਵਾਲਾ ਸਾਹਿਤ ਸਭਾ, ਸਾਹਿਤਕ ਸਿਰਜਣਾ ਮੰਚ ਪੰਜਾਬ ਸ਼੍ਰੀ ਮੁਕਤਸਰ ਸਾਹਿਬ, ਸਾਹਿਤ ਸਭਾ ਦਾ ਮੈਂਬਰ (ਸਿਰਜਣਾ ਮੰਚ ਦਾ ਸਕੱਤਰ ਵੀ ਹਾਂ ਜੀ) ਅੱਗੇ ਗੱਲ ਕਰਦਿਆਂ ਜਸਵੀਰ ਸ਼ਰਮਾਂ ਨੇ ਦੱਸਿਆ ਕਿ ਸਾਹਿਤ ਸਭਾ ਚੀਮਾਂ (ਫਿਰੋਜ਼ਪੁਰ) ਨੇ ਦਾਸ ਨੂੰ ਮੁਕਤਸਰ ਸਾਹਿਬ ਪਹੁੰਚ ਕੇ“ਵਿਰਸੇ ਦੇ ਵਾਰਿਸ ਦਾ ਖਿਤਾਬ“ਦੇਕੇ ਮੇਰਾ ਮਾਣ ਵਧਾਇਆ ਹੈ!
ਜਸਵੀਰ ਸ਼ਰਮਾਂ ਦੱਦਾਹੂਰ ਵਰਗੇ ਲੇਖਕਾਂ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਮਾਣ ਹੈ ਜੋਂ ਸਾਡੀ ਅਜੋਕੀ ਪੀੜੀ ਜੋ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਉਨਾਂ ਨੂੰ ਆਪਣੇ ਕੀਮਤੀ ਵਿਰਸੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਨੇ!ਸਾਡੇ ਪੁਰਖਿਆਂ ਦੇ ਰਹਿਣ ਸਹਿਣ, ਪਹਿਰਾਵਾ, ਭਾਈਚਾਰਕ ਸਾਂਝਾਂ ਕਾਰ ਵਿਹਾਰ ਮਿਲਵਰਤਨ ਤੇ ਸਾਡੇ ਸੰਯੁਕਤ ਪਰਿਵਾਰਾਂ ਦੀ ਗੱਲ ਕਰਦੇ ਲੇਖ ਕਵਿਤਾਵਾਂ ਪੜਨ ਨਾਲ ਜਿੱਥੇ ਸਾਡੀ ਅਜੋਕੀ ਪੀੜੀ ਆਪਣੇ ਵਿਰਸੇ ਨਾਲ ਜੁੜੂਗੀ ਓਥੇ ਆਪਣੇ ਵੱਡਿਆਂ ਦੇ ਆਦਰ ਸਤਿਕਾਰ ਕਰਨਾ ਵੀ ਸਿਖੂਗੀ! ਮੈਂ ਜਸਵੀਰ ਸ਼ਰਮਾਂ ਦੱਦਾਹੂਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਾ ਹਾਂ ਤੇ ਵਾਹਿਗੁਰੂ ਅੱਗੇ ਦੁਆ ਅਰਦਾਸ ਵੀ ਕਰਦਾ ਹਾਂ ਕਿ ਇਹ ਕਲਮ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇ ਇਸੇ ਆਪਣੇ ਵਿਰਸੇ ਨੂੰ ਸਦਾ ਪ੍ਰਣਾਈ ਰਹੇ ਤੇ ਸਾਡੀ ਅਜੋਕੀ ਪੀੜੀ ਨੂੰ ਆਪਣੇ ਨਾਲ ਜੋੜਨ ਲਈ ਭਰਪੂਰ ਉਪਰਾਲੇ ਕਰਦੀ ਰਹੇ!
“ਵਿਰਸੇ ਦਾ ਵਾਰਿਸ“ ਖਿਤਾਬ ਨਾਲ ਸਨਮਾਨਿਤ ਨਾਮਵਰ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਆਪਣੇ ਪਰਿਵਾਰ ਨਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਖੁਸ਼ੀਆ ਭਰੀ ਜ਼ਿੰਦਗੀ ਬਤੀਤ ਕਰ ਰਿਹਾ, ਬੜੇ ਹੀ ਮਿੱਠ-ਬੋਲੜੇ ਸੁਭਾਅ ਦਾ ਮਾਲਕ ਅਤੇ ਬਿਲਕੁੱਲ ਸਾਦਾ ਜਿਹਾ ਰਹਿਣ ਵਾਲਾ ਲੇਖਕ ਜਸਵੀਰ ਸ਼ਰਮਾ ਦੱਦਾਹੂਰ, ਸਦਾ ਏਦਾ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ ਅਤੇ ਪੰਜਾਬੀ ਸਾਹਿਤ ਜਗਤ ਵਿੱਚ ਹੋਰ ਬੁਲੰਦੀਆਂ ਛੂਹੇ।
ਅਮਰੀਕ ਸਿੰਘ ਤਲਵੰਡੀ  94635  42896
ਸ਼੍ਰੋਮਣੀ ਸਟੇਟ ਤੇ ਨੈਸ਼ਨਲ ਐਵਾਰਡੀ, ਮੁੱਲਾਂਪੁਰ

Have something to say? Post your comment