Sunday, April 21, 2019
FOLLOW US ON

News

ਸ਼ਹੀਦ ਭਾਈ ਜਗਜੀਤ ਸਿੰਘ ਗਿੱਲ ਗੰਗਾਨਗਰ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਫਗਵਾੜਾ

March 18, 2019 09:25 PM
ਸ਼ਹੀਦ ਭਾਈ ਜਗਜੀਤ ਸਿੰਘ ਗਿੱਲ ਗੰਗਾਨਗਰ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਫਗਵਾੜਾ 
"18 ਮਾਰਚ 30 ਵੇਂ ਸਾਲਾਨਾ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ "
 
ਭਾਈ ਜਗਜੀਤ ਸਿੰਘ ਗਿੱਲ ਦਾ ਜਨਮ ਸਾਲ 1964 ਦੌਰਾਨ ਪ੍ਰਿੰਸੀਪਲ ਗੁਰਚਰਨ ਸਿੰਘ ਗਿੱਲ ਦੇ ਘਰ 71 ਆਰ. ਬੀ. ਨੇੜੇ ਰਾਏ ਸਿੰਘ ਨਗਰ ਰਾਜਸਥਾਨ ਵਿੱਚ ਹੋਇਆ ਸੀ। ਭਾਈ ਗਿੱਲ ਦਾ ਪਰਿਵਾਰ ਅੰਮ੍ਰਿਤਸਰ ਜਿਲ੍ਹੇ ਦੇ ਸੁਰਸਿੰਘ ਵਾਲਾ ਤੋਂ ਜਾ ਕੇ ਰਾਜਸਥਾਨ ਵਿਖੇ ਅਬਾਦ ਹੋਇਆ ਹੈ। ਭਾਈ ਗਿੱਲ ਦੀਆਂ ਦੋ ਭੈਣਾਂ ਅਤੇ ਦੋ ਭਰਾ ਹਨ। ਪੰਜ ਮੁਰੱਬੇ ਜ਼ਮੀਨ ਦੇ ਮਾਲਕ ਪ੍ਰਿੰਸੀਪਲ ਗੁਰਚਰਨ ਸਿੰਘ ਦੀਆਂ ਪੰਜਾਬ ਦੀ ਮਿੱਟੀ ਨਾਲ ਮੋਹ ਦੀਆਂ ਤੰਦਾਂ ਪੱਕੀਆਂ ਹੋਣ ਕਾਰਨ ਦਸਵੀਂ ਜਮਾਤ ਪਾਸ ਕਰਨ ਮਗਰੋਂ ਜਗਜੀਤ ਸਿੰਘ ਗਿੱਲ ਨੂੰ ਫਗਵਾੜੇ ਦੇ ਪੌਲਿਟਿਕਨਿਕ ਕਾਲਜ ਵਿੱਚ ਸਿਵਲ ਇੰਜੀਨੀਅਰਿੰਜ ਵਿੱਚ ਦਾਖਲ ਕਰਵਾ ਦਿੱਤਾ। 
ਜਿਸ ਵਕਤ ਗਿੱਲ ਨੇ ਪੜ੍ਹਾਈ ਸ਼ੁਰੂ ਕੀਤੀ, ਉਦੋਂ ਫਗਵਾੜੇ ਵਿੱਚ ਵਿਦਿਆਰਥੀਆਂ ਦੀਆਂ ਦੋ ਹੀ ਜਥੇਬੰਦੀਆਂ ਸਨ ਪਰ ਗਿੱਲ ਨੇ ਕਿਸੇ ਕੋਈ ਰੁਚੀ ਨਾ ਦਿਖਾਈ ਭਾਵੇਂ ਕਿ ਉਸਦੇ ਦੋਸਤ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਸਬੰਧ ਰੱਖਦੇ ਸਨ। ਗਾਹੇ-ਬਗਾਹੇ ਉਹ ਗਿੱਲ ਨੂੰ ਵੀ ਸ਼ਮੂਲੀਅਤ ਲਈ ਪ੍ਰੇਰਦੇ ਰਹਿੰਦੇ ਸਨ। ਪਹਿਲੇ ਸਾਲ ਉਸ ਨੇ ਇਮਿਤਿਹਾਨ ਬੇਹਤਰੀਨ ਨੰਬਰ ਲੈ ਕੇ ਪਾਸ ਕੀਤੇ ਅਤੇ ਜਦੋਂ ਦੁਬਾਰਾ ਦਾਖਲਾ ਲੈਣ ਲਈ ਪਿੰਡ ਛੁੱਟੀਆਂ ਕੱਟ ਕੇ ਪੰਜਾਬ ਆਇਆ ਤਾਂ ਉਦੋਂ ਤੱਕ ਪੰਜਾਬ ਦੀ ਸਿੱਖ ਜਵਾਨੀ ਤੇ ਖਾਲਸਈ ਰੰਗ ਬੜੀ ਤੇਜ਼ੀ ਨਾਲ ਚੜ੍ਹ ਰਿਹਾ ਸੀ, ਜਿਸ ਪਿੱਛੇ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੂਰਬੀਰ ਯੋਧੇ ਜਰਨੈਲ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਮੁਖੀ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੀ ਅਗੰਮੀ ਅਤੇ ਚੁੰਬਕੀ ਸਖਸ਼ੀਅਤ ਕੰਮ ਕਰ ਰਹੀ ਸੀ। ਭਾਈ ਗਿੱਲ ਦੇ ਮਨ ਵਿੱਚ ਵੀ ਸੰਤਾਂ ਦੇ ਵਿਚਾਰ ਸੁਣਨ ਦੀ ਤਾਂਘ ਪੈਦਾ ਹੋਈ ਤਾਂ ਉਸ ਨੇ ਆਪਣੇ ਕਿਸੇ ਦੋਸਤ ਤੋਂ ਸੰਤਾਂ ਦੇ ਭਾਸ਼ਣ ਦੀ ਇੱਕ ਕੈਸਿਟ ਸੁਣੀ। ਉਸ ਨੂੰ ਆਪਣੇ ਸਿੱਖ ਹੋਣ 'ਤੇ ਮਾਣ ਮਹਿਸੂਸ ਹੋਇਆ ਉੱਥੇ ਭਾਰਤ ਵਿੱਚ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਧੱਕੇਸ਼ਾਹੀਆਂ ਦਾ ਅਹਿਸਾਸ ਹੋਇਆ। ਦੂਜੇ ਪਾਸੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਨੇ ਸਮੁੱਚੇ ਅਹੁਦੇਦਾਰਾਂ ਨੂੰ ਹਦਾਇਤ ਜਾਰੀ ਕਰ ਦਿੱਤੀ ਸੀ ਕਿ ਪੰਜਾਬ ਦੇ ਹਰ ਕਾਲਜ ਅਤੇ ਯੂਨੀਵਰਸਟੀ ਵਿੱਚ ਫੈਡਰੇਸ਼ਨ ਦਾ ਯੂਨਿਟ ਕਾਇਮ ਕੀਤਾ ਜਾਵੇ। 
ਇਤਫਾਕ ਨਾਲ ਜਦੋਂ ਅਸੀਂ ਫਗਵਾੜੇ ਵਿੱਚ ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋਂ ਜਨਰਲ ਸਕੱਤਰ ਕਪੂਰਥਲਾ, ਸ. ਹਰਿੰਦਰ ਸਿੰਘ ਕਾਹਲੋਂ ਜੂਨੀਅਰ ਮੀਤ ਪ੍ਰਧਾਨ ਅਤੇ ਹੋਰ ਸਾਥੀ ਸਿੰਘਾਂ ਨੇ ਇਹ ਉਪਰਾਲਾ ਅਰੰਭ ਕਰਨਾ ਚਾਹਿਆ ਤਾਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਾਥ ਦੇਣ ਦੀ ਉਸ ਵਕਤ ਸਾਨੂੰ ਹਾਮੀ ਭਰੀ ਸੀ, ਉਨ੍ਹਾਂ ਵਿੱਚ ਭਾਈ ਸ਼ੇਰ ਸਿੰਘ ਪੰਡੋਰੀ, ਭਾਈ ਜਗਜੀਤ ਸਿੰਘ ਗਿੱਲ, ਭਾਈ ਪਰਮਜੀਤ ਸਿੰਘ ਗੰਡਾਸਾ, ਭਾਈ ਜਰਨੈਲ ਸਿੰਘ, ਭਾਈ ਅਮਰਜੀਤ ਸਿੰਘ ਢੇਸੀਆਂ ਆਦਿ ਸ਼ਾਮਲ ਸਨ। ਜਦੋਂ ਰਮਗੜੀਆਂ ਆਰਟਸ ਕਾਲਜ ਤੋਂ ਬਾਅਦ ਪੌਲਿਟੈਕਨਿਕ ਕਾਲਜ ਦੀ ਵਾਰੀ ਆਈ ਤਾਂ ਭਾਈ ਗਿੱਲ ਨੇ ਵੱਡੀ ਗਿਣਤੀ ਵਿੱਚ ਮੈਂਬਰਸ਼ਿੱਪ ਭਰਤੀ ਕੀਤੀ। 
ਰਾਮਗੜ੍ਹੀਆ ਕਾਲਜ ਕਾਮਰੇਡਾਂ ਦੇ ਗੜ੍ਹ ਸਨ। ਇਹਨਾਂ ਨਾਸਤਕਾਂ ਦੇ ਗੜ੍ਹ ਵਿੱਚ ਜਦੋਂ ਖਾਲਸਈ ਸਿੰਘਾਂ ਨੇ ਆਣ ਦਸਤਕ ਦਿੱਤੀ ਤਾਂ ਇਹਨਾਂ ਨੂੰ ਭਾਰੀ ਦੁੱਖ ਹੋਇਆ। ਇਹਨਾਂ ਦਾ ਸੂਬਾ ਪ੍ਰਧਾਨ ਕਾਮਰੇਡ ਮੱਖਣ ਸੰਧੂ ਤਾਂ ਅਕਸਰ ਹੀ ਫਗਵਾੜੇ ਰਹਿੰਦਾ ਸੀ। ਕਈ ਵਾਰ ਜੰਮ ਕੇ ਲੜਾਈਆਂ ਹੋਈਆਂ। ਫਗਵਾੜੇ ਦੇ ਸਾਰੇ ਕਾਲਜਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਯੂਨਿਟ ਸਥਾਪਤ ਕਰ ਦਿੱਤੇ ਗਏ। ਹਰ ਰੋਜ਼ ਹੀ ਇਹ ਕਾਮਰੇਡ ਆਨੇ-ਬਹਾਨੇ ਸਿੰਘਾਂ ਨਾਲ ਚਿੰਜੜੀ ਛੇੜ ਲੈਂਦੇ ਅਤੇ ਕੁੱਟ ਖਾ ਕੇ ਭੱਜ ਜਾਇਆ ਕਰਦੇ, ਮਗਰੋਂ ਠਾਣੇ ਜਾ ਕੇ ਮੁਖਬਰੀਆਂ ਕਰਦੇ ਕਿ ਸਿੰਘਾਂ ਕੋਲ ਅਸਲਾ ਹੈ, ਸਾਨੂੰ ਉਹਨਾਂ ਤੋਂ ਖਤਰਾ ਹੈ। ਇਸੇ ਤਰਾਂ ਇੱਕ ਵਾਰ ਇਹਨਾਂ ਨਾਲ ਜ਼ਬਰਦਸਤ ਲੜਾਈ ਹੋਈ ਤਾਂ ਡੀ. ਐਸ. ਪੀ ਮੁਖਤਿਆਰ ਸਿੰਘ ਨੇ ਸਤਾਰਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੀ ਖਬਰ ਟੈਲੀਫੋਨ 'ਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੂੰ ਪਹੁੰਚਾ ਦਿੱਤੀ ਗਈ। ਟੈਲੀਫੋਨ ਐਕਸਚੇਂਜ 'ਚੋਂ ਫੋਨ ਕਰਕੇ ਸਿੰਘ ਅਜੇ ਵਾਪਸ ਠਾਣੇ ਮੂਹਰੇ ਵੀ ਨਹੀਂ ਸੀ ਪੁੱਜੇ ਕਿ ਸਤਾਰਾਂ ਸਿੰਘ ਹੀ ਥਾਣਿਉਂ ਬਾਹਰ ਸਨ। ਇਸ ਮੌਕੇ ਪੁਲੀਸ ਇੱਕ ਹੌਲਦਾਰ ਅਤੇ ਸਬ ਇੰਸਪੈਕਟਰ ਦੀ ਟਿੱਪਣੀ ਸੀ ਕਿ ਸੰਤ ਭਿੰਡਰਾਂਵਾਲਾ ਪੰਜਾਬ ਦਾ ਬੇਤਾਜ ਬਾਦਸ਼ਾਹ ਹੈ। ਅਖੀਰ ਪੂਰੇ ਫਗਵਾੜੇ ਦੇ ਕਾਲਜਾਂ ਨੂੰ ਜਥੇਬੰਦ ਕਰਦੀ ਹੋਈ ਇੱਕ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ, ਜਿਸ ਵਿੱਚ ਸ਼ਹੀਦ ਭਾਈ ਸ਼ੇਰ ਸਿੰਘ ਸ਼ੇਰ ਪਿੰਡ ਪੰਡੋਰੀ ਨੂੰ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤਾ ਗਿਆ। ਪੌਲਿਟਿਕਨਿਕ ਕਾਲਜ ਦੇ ਹੀ ਵਿਦਿਆਰਥੀ ਅਤੇ ਭਾਈ ਜਗਜੀਤ ਸਿੰਘ ਗਿੱਲ ਦੇ ਹਮਜਮਾਤੀ ਭਾਈ ਕੁਲਵਿੰਦਰ ਸਿੰਘ ਪੋਲਾ ਪਿੰਡ ਢੱਡੇ ਨਜ਼ਦੀਕ ਫਗਵਾੜਾ ਨੇ ਵੀ ਫੈਡਰੇਸ਼ਨ ਵਿੱਚ ਇਸੇ ਵਕਤ ਸ਼ਮੂਲੀਅਤ ਕੀਤੀ। ਦੋਹਾਂ ਦਾ ਅਪਸ ਵਿੱਚ ਗੂੜਾ ਪਿਆਰ ਸੀ ਅਤੇ ਦੋਵੇਂ ਹੀ ਪੰਥਕ ਪ੍ਰੋਗਰਾਮਾਂ ਵਿੱਚ ਇਕੱਠੇ ਹਿੱਸਾ ਲੈਂਦੇ ਰਹੇ। ਧਰਮਯੁੱਧ ਮੋਰਚੇ ਵਿੱਚ ਆਉਣ ਵਾਲੇ ਬੰਦ ਦੇ ਸੱਦਿਆਂ ਅਤੇ ਫੈਡਰੇਸ਼ਨ ਦੀਆਂ ਕਾਨਫਰੰਸਾਂ ਨੂੰ ਪੂਰੀ ਤਨਦੇਹੀ ਨਾਲ ਸਫਲ ਬਣਾਇਆ ਭਾਵੇਂ ਇਸ ਕਰਕੇ ਕਈ ਵਾਰ ਥਾਣੇ ਜਾਣਾ ਪਿਆ। 
ਫੈਡਰੇਸ਼ਨ ਦੀ ਅਤਿਅੰਤ ਚੜ੍ਹਦੀ ਕਲਾ ਸਰਕਾਰ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀ, ਉਸ ਨੂੰ ਪੰਜਾਬ ਦੀ ਧਰਤੀ 'ਤੇ ਆਪਣੇ ਸਮਾਨਅੰਤਰ ਇੱਕ ਹੋਰ ਸਰਕਾਰ ਨਜ਼ਰ ਆ ਰਹੀ ਸੀ। ਇਸ ਤੋਂ ਲੌਂਗੋਵਾਈਏ ਵੀ ਕਾਫੀ ਖਫਾ ਸਨ। ਅਖੀਰ ਬ੍ਰਾਹਮਣਵਾਦੀ ਸੋਚ ਦੀ ਧਾਰਨੀ ਫਿਰਕੂ ਸਰਕਾਰ ਨੇ ਫੈਡਰੇਸ਼ਨ ਨੂੰ ਗੈਰ ਕਨੂੰਨੀ ਕਰਾਰ ਦੇ ਦਿੱਤਾ। ਸਰਕਾਰ ਦੀ ਇਸ ਮਾੜੀ ਸੋਚ ਖਿਲਾਫ ਰੋਹ ਪ੍ਰਚੰਡ ਕਰਨ ਲਈ ਦੁਆਬੇ ਵਿੱਚ ਪਹਿਲਾਂ ਹੱਥ ਲਿਖਤਾਂ ਜਾਰੀ ਕੀਤੀਆਂ ਗਈਆਂ। ਮਗਰੋਂ ਭਾਈ ਅਮਰੀਕ ਸਿੰਘ ਜੀ ਨੇ ਪੂਰੇ ਪੰਜਾਬ ਵਿੱਚ ਜਥੇਬੰਦਕ ਤੌਰ 'ਤੇ ਰੋਹ ਦਾ ਪ੍ਰਗਟਾਵਾ ਕਰਨ ਦੀ ਵਿਉਂਤ ਬਣਾਈ, ਜਿਸ ਅਨਸਾਰ ਪੰਜਾਬ ਦੇ 37 ਰੇਲਵੇ ਸਟੇਸ਼ਨਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਜਲੰਧਰ ਜ਼ਿਲ੍ਹੇ ਦੇ ਪਰਤਾਬਪੁਰਾ ਸਟੇਸ਼ਨ ਨੂੰ ਅਸੀਂ ਆਪਣੇ ਸਾਥੀਆਂ ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਅਤੇ ਬਹਿਰਾਮ ਦੇ ਰੇਲਵੇ ਸਟੇਸ਼ਨ ਨੂੰ ਭਾਈ ਜਗਜੀਤ ਸਿੰਘ ਗਿੱਲ ਨੇ ਆਪਣੇ ਸਾਥੀਆਂ ਨਾਲ ਸਾੜ ਕੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਵਕਤ ਸੰਤ ਭਿੰਡਰਾਂਵਲਿਆਂ ਦੀ ਚੜ੍ਹਤ ਇੱਕ ਸੂਰਜ ਦੀ ਨਿਆਂਈ ਸਾਬਤ ਹੋ ਰਹੀ ਸੀ ਅਤੇ ਬਾਕੀ ਅਕਾਲੀ ਆਗੂ ਦੀਵੇ ਜਾਂ ਮੋਮਬੱਤੀਆਂ ਤੋਂ ਵੱਧ ਕੁੱਝ ਵੀ ਨਹੀਂ ਸਨ। ਜਿਸ ਕਰਕੇ ਇਹਨਾਂ ਨੂੰ ਭਾਰੀ ਤਕਲੀਫ ਸੀ। ਕੁਰਸੀ ਦੇ ਪ੍ਰੇਮੀਆਂ ਨੇ ਸੰਤਾਂ ਦੀ ਤਾਕਤ ਘਟਾਉਣ ਲਈ ਉਹਨਾਂ ਦੇ ਨਜ਼ਦੀਕੀ ਸਾਥੀ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰਵਾ ਦਿੱਤਾ। ਕੁਰਸੀ ਭੁੱਖ ਦੀ ਪੂਰਤੀ ਲਈ ਤਰਲੋਮੱਛੀ ਹੋ ਰਹੇ ਅਕਾਲੀਆਂ ਨੇ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਕਾਰਵਾਈ ਕਰਨ ਲਈ ਸੱਦਾ ਦੇ ਦਿੱਤਾ। ਟੈਕਾਂ ਅਤੇ ਤੋਪਾਂ ਨਾਲ ਲੈਸ ਭਾਰਤੀ ਫੌਜ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਵੀਹਵੀਂ ਸਦੀ ਦੇ ਸਿਰਲੱਥ ਜਰਨੈਲ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ, ਭਾਈ ਅਮਰੀਕ ਸਿੰਘ ਜੀ, ਜਨਰਲ ਸ਼ੁਬੇਗ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਾਸਾਨੀ ਸ਼ਾਹਾਦਤਾਂ ਨਾਲ ਅਜ਼ਾਦ ਸਿੱਖ ਰਾਜ ਖਾਲਿਸਤਾਨ ਦਾ ਨਿਸ਼ਾਨਾ ਸਿਰਜਿਆ ਗਿਆ, ਜਿਸ ਦੀ ਪੂਰਤੀ ਲਈ ਪੰਜਾਬ ਭਰ ਦੇ ਧਰਮੀਂ ਨੌਜਵਾਨਾਂ ਦੇ ਹੱਥਾ ਵਿੱਚ ਹਥਿਆਰ ਚੁੱਕ ਕੇ ਜ਼ਾਲਮਾਂ ਨੂੰ ਸੋਧੇ ਲਾਉਣੇ ਅਰੰਭ ਕਰ ਦਿੱਤੇ। 
15 ਅਗਸਤ ਨੂੰ ਜਦੋਂ ਪੂਰਾ ਹਿਦੋਸਤਾਨ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਅਜਾਦੀ ਦੇ ਜ਼ਸ਼ਨ ਮਨਾਉਣ ਦੀ ਤਿਆਰੀ ਵਿੱਚ ਸੀ ਤਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਿੰਘਾਂ ਦੀ ਵਿਸ਼ੇਸ਼ ਮੀਟਿੰਗ ਸਾਡੇ ਪਿੰਡ ਡੱਲੇਵਾਲ ਵਿਖੇ ਹੋਈ, ਜਿਸ ਵਿੱਚ ਰੋਸ ਪ੍ਰਗਟਾਵਾ ਕਰਨ ਲਈ ਸਰਕਾਰੀ ਸਕੂਲਾਂ ਨੂੰ ਅੱਗ ਲਗਾ ਕੇ ਸਾੜ ਦੇਣ ਫੈਸਲਾ ਲਿਆ ਗਿਆ ਤਾਂ ਕਿ ਸਰਕਾਰ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕੀਤਾ ਜਾ ਸਕੇ। ਉਲੀਕੀ ਵਿਉਂਤ ਅਨੁਸਾਰ 14-15 ਅਗਸਤ ਦੀ ਰਾਤ ਨੂੰ ਨਕੋਦਰ , ਫਿਲੌਰ , ਗੁਰਾਇਆ, ਫਗਵਾੜਾ ਅਤੇ ਨੂਰਮਹਿਲ ਦੇ ਇਲਾਕੇ ਵਿੱਚ ਸਤਾਰਾਂ ਸਰਕਾਰੀ ਸਕੂਲ ਸਾੜ ਦਿੱਤੇ ਗਏ। ਇਸ ਦਾ ਮੁੱਖ ਮਕਸਦ ਰੋਸ ਦਾ ਪ੍ਰਗਟਾਵਾ ਕਰਨਾ ਅਤੇ ਨੌਜਵਾਨਾਂ ਵਿੱਚ ਕੌਮ ਲਈ ਕੁੱਝ ਕਰਨ ਲਈ ਤਾਂਘ ਪੈਦਾ ਕਰਨਾ ਭਾਵ ਉਹਨਾਂ ਨੂੰ ਖਾੜਕੂਵਾਦ ਵਲ ਉਤਸ਼ਾਹਿਤ ਕਰਨਾ ਸੀ। ਇਸ ਕਾਰਵਾਈ ਤੋਂ ਬਾਅਦ ਨੌਜਵਾਨ ਵਿਦਿਆਰਥੀਆਂ ਵਿੱਚ ਅਜਿਹਾ ਕੰਮ ਸ਼ੁਰੂ ਹੋਇਆ ਕਿ ਪੰਜਾਬ ਵਿੱਚ ਰੋਜ਼ ਹੀ ਦੋ-ਚਾਰ ਸਰਕਾਰੀ ਸਕੂਲ ਸੜਨੇ ਸ਼ੁਰੂ ਹੋ ਗਏ। 
ਲੁਧਿਆਣੇ ਦਾ ਕਾਮਰੇਡ ਵਿਚਾਰਧਾਰਾ ਵਾਲਾ ਪ੍ਰਫੈਸਰ ਰੂਪ ਲਾਲ ਫਗਵਾੜੇ ਪੜਾਉਂਦਾ ਪਰ ਉਹ ਪੜਾਉਣ ਨਾਲੋਂ ਸਿੱਖ ਸਿਧਾਂਤਾਂ ਖਿਲਾਫ ਜਿਆਦਾ ਬਕਵਾਸ ਕਰਿਆ ਕਰਦਾ ਸੀ, ਜਿਸ ਨੂੰ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਭਾਈ ਜਗਜੀਤ ਸਿੰਘ ਗਿੱਲ ਅਤੇ ਭਾਈ ਕੁਲਵਿੰਦਰ ਸਿੰਘ ਪੋਲਾ ਨੇ ਗੋਲੀਆਂ ਮਾਰ ਕੇ ਉਮਰ ਭਰ ਲਈ ਅਪਾਹਜ ਬਣਾ ਦਿੱਤਾ ਅਤੇ ਸਿੱਖੀ ਖਿਲਾਫ ਬਕਵਾਸ ਕਰਨ ਦੀ ਸਜ਼ਾ ਦਿੱਤੀ। ਮਾਸਟਰ ਸੁਖਦੇਵ ਸਿੰਘ ਪਿੰਡ ਰੁੜਕੀ, ਜਿਸ ਨੇ ਸੀ.ਆਈ.ਏ ਸਟਾਫ ਜਲੰਧਰ ਦੇ ਇੰਸਪੈਕਟਰ ਸੁੱਚਾ ਸਿੰਘ ਦੇ ਮੁਖਬਰ ਵਜੋਂ ਕੰਮ ਕਰਦਿਆਂ ਭਾਈ ਸੱਤਪਾਲ ਸਿੰਘ ਢਿੱਲੋਂ ਤੇ ਪੁਲੀਸ ਰੇਡ ਕਰਨ ਲਈ ਸੀ.ਆਈ ਡੀ .ਕੀਤੀ, ਉਸ ਨੂੰ ਜਦੋਂ ਘਰੇ ਜਾ ਕੇ ਸੋਧਿਆ ਗਿਆ ਤਾਂ ਭਾਈ ਗਿੱਲ ਨੇ ਸਾਡਾ ਸਾਥ ਦੇ ਕੇ ਮੁਖਬਰ ਦੀ ਹੋਂਦ ਮਿਟਾ ਦਿੱਤੀ ਸੀ। ਮਾਰਚ 1985 ਦੌਰਾਨ ਭਾਈ ਕੁਲਵਿੰਦਰ ਸਿੰਘ ਪੋਲਾ ਨੂੰ ਪੁਲੀਸ ਨੇ ਗ੍ਰਿਫਤਾਰ ਲਿਆ ਅਤੇ ਕੁੱਝ ਸਮੇਂ ਬਾਅਦ ਭਾਈ ਜਗਜੀਤ ਸਿੰਘ ਗਿੱਲ ਨੂੰ ਰਾਜਸਥਾਨ ਸਥਿਤ ਉਸ ਦੇ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਗਿਆ। ਦੋਹਾਂ ਨੂੰ ਭਾਰੀ ਤਸੀਹੇ ਦਿਤੇ ਗਏ। ਭਾਈ ਪੋਲੇ ਤੇ ਮਾਣਕ ਬੈਂਕ ਡਾਕੇ ਸਮੇਤ ਕਈ ਸਾੜ-ਫੂਕ ਦੀਆਂ ਘਟਨਾਵਾਂ ਅਤੇ ਭਾਈ ਗਿੱਲ ਤੇ ਮਾਸਟਰ ਸੁਖਦੇਵ ਸਿੰਘ ਦਾ ਕਤਲ, ਬਿਲਗਾ ਕਤਲ ਕਾਂਡ ਸਮੇਤ ਕੇਸ ਭਾਈ ਗਿੱਲ 'ਤੇ ਪਾ ਦਿੱਤੇ ਗਏ। ਅੱਠ ਕੁ ਮਹੀਨਿਆਂ ਬਾਅਦ ਭਾਈ ਗਿੱਲ ਦੀਆਂ ਜ਼ਮਨਤਾਂ ਹੋ ਗਈਆਂ, ਬਾਹਰ ਆਣ ਕੇ ਫੈਡਰੇਸ਼ਨ ਨੂੰ ਫੇਰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਭਾਈ ਜਗਜੀਤ ਸਿੰਘ ਗਿੱਲ ਨੂੰ ਫਗਵਾੜਾ ਇਕਾਈ ਦਾ ਪ੍ਰਧਾਨ ਬਣਾ ਦਿੱਤਾ ਗਿਆ। 
ਇਸ ਸਮੇਂ ਦੌਰਾਨ ਭਾਈ ਰਜਿੰਦਰ ਸਿੰਘ ਰਾਜੀ ਅਤੇ ਭਾਈ ਗੁਰਜੰਟ ਸਿੰਘ ਰਾਜਸਥਾਨੀ ਕਤਲ ਕੇਸ ਵਿੱਚ ਉਮਰ ਕੈਦ ਕੱਟ ਰਹੇ ਸਨ। ਭਾਈ ਰਾਜੀ ਨੇ ਆਪਣੇ ਵਸੀਲਿਆਂ ਰਾਹੀਂ ਭਾਈ ਗਿੱਲ ਨਾਲ ਸੰਪਰਕ ਕਰਕੇ ਕਿਹਾ ਕਿ ਅਗਰ ਉਹ ਅਤੇ ਉਹਦੇ ਸਾਥੀ ਸਾਨੂੰ ਜੇਲ੍ਹ ਚੋਂ ਛੁਡਾ ਲੈਣ ਤਾਂ ਉਨ੍ਹਾਂ ਦੀ ਸਿੱਖ ਕੌਮ ਦੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਦੌਰਾਨ ਆਖਰੀ ਦਮ ਤੱਕ ਜੂਝਣ ਦੀ ਤਮੰਨਾ ਪੂਰੀ ਹੋ ਸਕਦੀ ਹੈ। ਭਾਈ ਨੇ ਇਸ ਬਾਰੇ ਸਕੀਮ ਬਣਾਉਣੀ ਸ਼ੁਰੂ ਹੀ ਕੀਤੀ ਸੀ ਕਿ ਫਗਵਾੜੇ ਦੇ ਇੱਕ ਅਖੌਤੀ ਅਕਾਲੀ ਦੇ ਘਰੇ ਚਲੇ ਗਿਆ ਕਿ ਉਹ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਤਿੰਨ ਸਿੰਘਾਂ ਨੂੰ ਥਾਣੇ ਤੋਂ ਛੁਡਾ ਕੇ ਲਿਆਵੇ। ਜਦੋਂ ਉਸ ਦੇ ਘਰੋਂ ਵਾਪਸ ਆ ਰਿਹਾ ਸੀ ਅਜੇ ਥੋੜੀ ਦੂਰ ਹੀ ਪੁੱਜਾ ਸੀ ਕਿ ਪੁਲੀਸ ਨੇ ਗ੍ਰਿਫਤਾਰ ਲਿਆ ਸ਼ੱਕ ਕੀਤਾ ਜਾਂਦਾ ਸੀ ਕਿ ਇਸ ਅਖੌਤੀ ਅਕਾਲੀ ਨੇ ਹੀ ਉਸ ਨੂੰ ਗ੍ਰਿਫਤਾਰ ਕਰਵਾਇਆ ਹੈ। ਭਾਈ ਗਿੱਲ ਨੂੰ ਨੈਸ਼ਨਲ ਸਕਿਉਰਟੀ ਐਕਟ ਲਗਾ ਕੇ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ ਪਰ ਗਿੱਲ ਰਾਜੀ ਨੂੰ ਹਰ ਹਾਲਤ ਵਿੱਚ ਛੁਡਵਾਉਣਾ ਚਾਹੁੰਦਾ ਸੀ, ਜੇਲ੍ਹ ਵਿੱਚ ੳਸ ਦੀ ਮੁਲਾਕਾਤ ਭਾਈ ਬਲਵਿੰਦਰ ਸਿੰਘ ਡੇਰਾ ਸੈਦਾਂ, ਜ਼ਿਲ੍ਹਾ ਕਪੂਰਥਲਾ ਨਾਲ ਹੋਈ। ਦੋਹਾਂ ਨੇ ਅਗਾਊਂ ਸਕੀਮ ਤਹਿਤ ਆਪਣੇ ਦੋ ਸਾਥੀ ਸਿੰਘਾਂ ਨੂੰ ਮੁਲਾਕਾਤ ਦੇ ਬਹਾਨੇ ਜੇਲ੍ਹ ਦੀ ਡਿਉੜੀ ਸੱਦਿਆ ਅਤੇ ਦੋ ਜੇਲ੍ਹ ਕਰਮਚਾਰੀਆਂ ਨੂੰ ਕਤਲ ਕਰਕੇ ਫਰਾਰ ਹੋ ਗਏ। ਬਾਹਰ ਆ ਕੇ ਭਾਈ ਗਿੱਲ ਅਤੇ ਭਾਈ ਪੋਲਾ ਨੇ ਆਪਣੇ ਅਧੂਰੇ ਕਾਰਜ ਨੂੰ ਪੂਰਾ ਕਰਦਿਆਂ ਸਾਥੀ ਸਿੰਘਾਂ ਦੀ ਮੱਦਦ ਨਾਲ ਭਾਈ ਰਜਿੰਦਰ ਸਿੰਘ ਰਾਜੀ ਅਤੇ ਭਾਈ ਗੁਰਜੰਟ ਸਿੰਘ ਰਾਜਸਥਾਨੀ ਨੂੰ ਛੁਡਾ ਲਿਆ ਜਦੋਂ ਉਹ ਇੱਕ ਹੋਰ ਕੇਸ ਦੀ ਤਰੀਕ ਭੁਗਤਣ ਲਈ ਰੇਲ ਗੱਡੀ ਰਾਹੀਂ ਆ ਰਹੇ ਸਨ। ਇਸ ਵਕਤ ਦੋ ਪੁਲੀਸ ਵਾਲੇ ਮਾਰੇ ਗਏ ਅਤੇ ਦੋ ਜ਼ਖਮੀ ਹੋ ਗਏ ਸਨ। ਇਹ ਭਾਈ ਗਿੱਲ ਦੀ ਸਿੱਖ ਕੌਮ ਨੂੰ ਇੱਕ ਮਹਾਨ ਦੇਣ ਸੀ। ਬਾਅਦ ਵਿੱਚ ਇਹੀ ਗੁਰਜੰਟ ਸਿੰਘ ਖਾਲਿਸਤਾਨ ਕਮਾਂਡੋ ਫੋਰਸ (ਰਾਜਸਥਾਨੀ ) ਦਾ ਮੁਖੀ ਬਣਿਆ ਅਤੇ ਮੁਹਾਲੀ ਵਿਖੇ ਪੁਲੀਸ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਿਆ ਸੀ, ਜਿਸ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਸਿੱਖ ਕੌਮ ਦੇ ਦੋਖੀਆਂ ਦੇ ਸੋਧੇ ਲਗਾਏ ਸਨ। ਭਾਈ ਰਜਿੰਦਰ ਸਿੰਘ ਰਾਜੀ ਸਿੰਘਾਂ ਨੂੰ ਅਸਲਾ ਸਪਲਾਈ ਕਰਦਾ ਰਿਹਾ, ਲੁਧਿਅਣਾ ਬੈਂਕ ਡਾਕੇ ਵਿੱਚ ਉਸ ਖਾਸ ਭੂਮਿਕਾ ਸੀ। 
ਜਦੋਂ ਭਾਈ ਰਾਜੀ ਨੂੰ ਗ੍ਰਿਫਤਾਰ ਕੀਤਾ ਗਿਆ ਤਾ ਪੁਲੀਸ ਉਸ ਦਾ ਨਾਮ ਵੀ ਨਾ ਪੁੱਛ ਸਕੀ। ਪੁਲੀਸ ਦਾ ਕੋਈ ਵੀ ਤਸ਼ੱਦਦ ਉਸ ਨੂੰ ਡੁਲਾ ਨਾ ਸਕਿਆ, ਤੱਤੀਆਂ ਤੱਤੀਆਂ ਪ੍ਰੈੱਸਾਂ ਨਾਲ ਉਸ ਦਾ ਸਰੀਰ ਸਾੜ ਦਿੱਤਾ ਗਿਆ ਸੀ। ਉਸ ਦੀ ਸ਼ਨਾਖਤ ਵੀ ਅਗਲੇ ਦਿਨ ਰਾਜਸਥਾਨ ਪੁਲੀਸ ਨੇ ਆਣ ਕੇ ਕੀਤੀ ਜਦੋਂ ਝੂਠੇ ਪੁਲੀਸ ਮੁਕਾਬਲੇ ਦਾ ਡਰਾਮਾ ਰਚਦਿਆਂ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ। ਇੱਕ ਵਾਰ ਇਸੇ ਰਾਜੀ ਨੂੰ ਫੜਨ ਲਈ ਪਦਮਪੁਰ ਥਾਣੇ ਦੀ ਪੁਲੀਸ ਨੇ ਛਾਪਾ ਮਾਰਿਆ ਤਾਂ ਪੁਲੀਸ ਕਰਮਚਾਰੀਆਂ ਦੇ ਹੱਥ ਖੜੇ ਕਰਵਾ ਕੇ ਇੱਕ ਲਾਈਨ ਵਿੱਚ ਉਹਨਾਂ ਨੂੰ ਥਾਣੇ ਵੱਲ ਲੈ ਤੁਰਿਆ, ਜਦੋਂ ਆਖਰੀ ਪੁਲਸੀਆ ਥਾਣੇ ਦੇ ਗੇਟ ਅੰਦਰ ਵੜ ਗਿਆ ਤਾਂ ਧੱਕਾ ਮਾਰ ਕੇ ਬਾਹਰੋਂ ਕੁੰਡਾ ਮਾਰ ਦਿੱਤਾ ਅਤੇ ਆਪ ਫਰਾਰ ਹੋ ਗਿਆ। 
ਭਾਈ ਜਗਜੀਤ ਸਿੰਘ ਗਿੱਲ ਕਪੂਰਥਲਾ ਜੇਲ੍ਹ ਤੋਂ ਫਰਾਰ ਹੋਣ ਮਗਰੋਂ ਪੰਥਕ ਸੇਵਾਵਾਂ ਨਿਭਾਉਂਦਾ ਰਿਹਾ ਅਤੇ ਅਖੀਰ ਕੁੱਝ ਮਹੀਨਿਆਂ ਬਾਅਦ ਚੰਡੀਗੜ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਥੋੜੇ ਸਮੇਂ ਬਾਅਦ ਹੀ ਭਾਈ ਕੁਲਵਿੰਦਰ ਸਿੰਘ ਪੋਲਾ ਨੂੰ ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ 'ਚੋਂ ਸੰਖੇਪ ਜਿਹੇ ਮੁਕਾਬਲੇ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ। ਦੋਹਾਂ ਤੇ ਪੁਲੀਸ ਨੇ ਅੰਨ੍ਹਾ ਤਸ਼ੱਦਦ ਕੀਤਾ। ਭਾਈ ਗਿੱਲ ਨੂੰ ਬੁੜੈਲ ਜੇਲ੍ਹ ਚੰਡੀਗੜ੍ਹ ਅਤੇ ਭਾਈ ਪੋਲਾ ਨੂੰ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ। ਕੁੱਝ ਸਮੇਂ ਬਾਅਦ ਦੋਹਾਂ ਨੂੰ ਨਾਭਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਕੋਈ ਪੌਣੇ ਕੁ ਦੋ ਸਾਲਾਂ ਬਾਅਦ ਇਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ। ਭਾਈ ਗਿੱਲ ਦੀ ਰਿਹਾਈ ਦੀ ਉਸ ਖਿਲਾਫ ਚੰਡੀਗੜ੍ਹ ਵਿੱਚ ਦਰਜ ਕੇਸ ਅਤੇ ਭਾਈ ਪੋਲਾ ਦੀ ਰਿਹਾਈ ਹਿਮਾਚਲ ਪ੍ਰਦੇਸ਼ ਵਿੱਚ ਦਰਜ ਇੱਕ ਕੇਸ ਕਾਰਨ ਸੰਭਵ ਹੋ ਸਕੀ । ਜਦੋਂ ਰਾਜਥਾਨ ਪੁਲੀਸ ਨੂੰ ਪਤਾ ਲੱਗਾ ਇਹਨਾਂ ਦੀਆਂ ਸਾਰੀਆਂ ਜ਼ਮਾਨਤਾਂ ਮਨਜੂਰ ਹੋ ਗਈਆਂ ਹਨ, ਉਹ ਪ੍ਰੋਡਕਸ਼ਨ ਵਰੰਟਾਂ 'ਤੇ ਇਹਨਾਂ ਨੂੰ ਲੈਣ ਲਈ ਨਾਭਾ ਜੇਲ੍ਹ ਪੁੱਜੀ ਤਾਂ ਭਾਈ ਗਿੱਲ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਅਤੇ ਭਾਈ ਪੋਲਾ ਹਿਮਾਚਲ ਪ੍ਰਦੇਸ਼ ਦੀ ਊਨਾ ਜੇਲ੍ਹ 'ਚੋਂ ਰਿਹਾਅ ਹੋ ਚੁੱਕਾ ਸੀ। ਬਾਹਰ ਆ ਕੇ ਇਹਨਾਂ ਨੇ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਨਾਲ ਸੰਪਰਕ ਕਰਕੇ ਅਸਲਾ ਪ੍ਰਾਪਤਾ ਕੀਤਾ ਅਤੇ ਕੌਮ ਦੀ ਖਾਤਰ ਫੇਰ ਜੂਝਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਇਹ ਵੀ ਪ੍ਰਣ ਕੀਤਾ ਕਿ ਇਸ ਵਾਰ ਉਹ ਜਿਉਂਦੇ ਜੀਅ ਪੁਲੀਸ ਦੇ ਹੱਥ ਨਹੀਂ ਆਉਣਗੇ। ਕਈ ਵਾਰ ਪੁਲੀਸ ਦੀ ਗਸ਼ਤੀ ਟੁਕੜੀਆਂ ਤੇ ਹਮਲੇ ਕੀਤੇ। ਨਵਾਂ ਸ਼ਹਿਰ ਲਾਗੇ ਪੰਥ ਦੋਖੀਆਂ ਨੂੰ ਸੋਧਾ ਲਾਇਆ। 
ਫਗਵਾੜਾ ਦਾ ਪੁਲਿਸ ਇੰਸਪੈਕਟਰ ਪ੍ਰਗਟ ਸਿੰਘ ਬੜਾ ਜ਼ਾਲਮ ਆਦਮੀਂ ਸੀ, ਜਿਸ ਨੇ ਕਈ ਸਿੰਘਾਂ ਨੂੰ ਸ਼ਹੀਦ ਕੀਤਾ ਸੀ, ਜਿਸ ਨੂੰ ਸੋਧਣ ਲਈ ਦੋਵੇਂ ਕਮਰਕੱਸੇ ਕਰ ਕੇ ਤੁਰ ਪਏ ਪਰ ਰਸਤੇ ਵਿੱਚ ਹੀਰੋ ਹਾਂਡਾ ਖਰਾਬ ਹੋ ਗਿਆ ਤਾਂ ਦੋਹਾਂ ਨੇ ਸਕੀਮ ਬਣਾਈ ਕਿ ਕੋਈ ਹੋਰ ਸਕੂਟਰ ਜਾਂ ਮੋਟਰ ਸਾਈਕਲ ਖੋਹ ਲੈਂਦੇ ਹਾਂ ਅਤੇ ਅਗਲੀ ਸਵੇਰ ਪ੍ਰਗਟ ਸਿੰਘ ਸੋਧ  ਕੇ  ਛੱਡ ਦਿਆਂਗੇ। 18 ਮਾਰਚ 1989 ਦੀ ਸ਼ਾਮ ਦਾ ਵਕਤ ਸੀ ਕਿ ਦੂਰੋਂ ਇੱਕ ਸਕੂਟਰ ਆਉਂਦਾ ਦਿਸਿਆ ਤਾਂ ਉਸ ਨੂੰ ਗਿੱਲ ਨੇ ਰੁਕਣ ਦਾ ਇਸ਼ਾਰਾ ਕਰ ਦਿੱਤਾ। ਜਿਵੇਂ ਹੀ ਸਕੂਟਰ ਰੁਕਿਆ ਤਾਂ ਗਿੱਲ ਨੇ ਉਸ ਨੂੰ ਸਾਰੀ ਗੱਲ ਦੱਸੀ ਕਿ ਸਾਨੂੰ ਕਿਸੇ ਪੰਥਕ ਕੰਮ ਲਈ ਸਕੂਟਰ ਦੀ ਲੋੜ ਹੈ, ਤੈਨੂੰ ਇੱਕ-ਦੋ ਦਿਨਾਂ ਤੱਕ ਤੈਨੂੰ ਮਿਲ ਜਾਵੇਗਾ ਪਰ ਉਹ ਸਕੂਟਰ ਛੱਡ ਨਹੀਂ ਸੀ ਰਿਹਾ ਅਤੇ ਉਸ ਨੇ ਭਾਈ ਗਿੱਲ ਨੂੰ ਜੱਫਾ ਮਾਰ ਲਿਆ। ਭਾਈ ਪੋਲੇ ਨੇ ਉਸ ਦੇ ਸਿਰ ਵਿੱਚ 455 ਬੋਰ ਦੇ ਰਿਵਾਲਵਰ ਦੇ ਦੋ ਬੱਟ ਮਾਰ ਦਿੱਤੇ ਅਤੇ ਆਖਿਆ ਕਿ ਇਹਨੂੰ ਛੱਡ ਦੇ ਨਹੀਂ ਤੇ ਮੈਂ ਤੈਨੂੰ ਗੋਲੀ ਮਾਰਨ ਲੱਗਾਂ। ਜਦੋਂ ਗਿੱਲ ਨੇ ਇਹ ਸੁਣਿਆ ਤਾਂ ਉਹ ਇੱਕ ਦਮ ਉੱਚੀ ਅਵਾਜ਼ ਵਿੱਚ ਬੋਲਿਆ ਕਿ ਇਹ ਨਜ਼ਾਇਜ਼ ਹੀ ਮਾਰਿਆ ਜਾਣਾ , ਗੋਲੀ ਨਾ ਮਾਰ, ਭਾਈ ਗਿੱਲ ਭਾਈ ਪੋਲੇ ਨੂੰ ਰੋਕਣ ਲਈ ਪਾਸਾ ਪਰਤਿਆ ਪਰ ਉਸੇ ਵੇਲੇ ਹੀ ਭਾਈ ਪੋਲੇ ਨੇ ਪਿਸਤੌਲ ਦੇ ਦੋ ਫਾਇਰ ਕਰ ਦਿੱਤੇ ਸਨ ਪਰ ਇਹਨਾਂ ਦੀ ਮਾਰ ਹੇਠ ਗਿੱਲ ਆ ਚੁੱਕਾ ਸੀ। ਇੱਕ ਗੋਲੀ ਸਕੂਟਰ ਵਾਲੇ ਨੂੰ ਅਤੇ ਦੂਜੇ ਭਾਈ ਗਿੱਲ ਦੇ ਵੱਜ ਗਈ, ਜੋ ਕਿ ਉਸ ਦੇ ਐਨ ਦਿਲ ਦੇ ਨਜ਼ਦੀਕ ਜਾ ਵੱਜੀ। ਤੀਰ ਕਮਾਨ 'ਚੋਂ ਨਿੱਕਲ ਚੁੱਕਾ ਸੀ ਜੋ ਕਿ ਕਿਸੇ ਵੀ ਸੂਰਤ ਵਿੱਚ ਵਾਪਸ ਨਹੀਂ ਸੀ ਆ ਸਕਦਾ। ਇੱਕ ਬਹੁਤ ਹੀ ਕੌਮ ਪ੍ਰਸਤ ਯੋਧਾ ਆਖਰੀ ਸਾਹਾਂ 'ਤੇ ਜਾ ਪਿਆ ਸੀ। ਭਾਈ ਪੋਲੇ ਨੇ ਭਾਈ ਗਿੱਲ ਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ ਅਜੇ ਥੋੜੀ ਦੂਰ ਹੀ ਗਿਆ ਸੀ ਕਿ ਭਾਈ ਗਿੱਲ ਨੂੰ ਆਪਣਾ ਅੰਤ ਨਜ਼ਦੀਕ ਆਉਂਦਾ ਪ੍ਰਤੀਤ ਹੋਇਆ। ਉਸ ਨੇ ਭਾਈ ਪੋਲੇ ਨੂੰ ਰੁਕਣ ਲਈ ਆਖ ਦਿੱਤਾ ਤਾਂ ਭਾਈ ਪੋਲੇ ਨੇ ਆਪਣਾ ਪਿਸਤੌਲ ਭਾਈ ਗਿੱਲ ਨੂੰ ਫੜਾਉਂਦਿਆਂ ਕਿਹਾ ਕਿ ਹੁਣ ਬਾਕੀ ਰਹਿੰਦੀਆਂ ਚਾਰ ਗੋਲੀਆਂ ਮੇਰੇ ਮਾਰ ਦੇ ਤਾਂ ਕਿ ਆਪਾਂ ਇਕੱਠੇ ਹੀ ਇਸ ਸੰਸਾਰ ਤੋਂ ਰੁਖਸਤ ਹੋ ਸਕੀਏ। ਵੈਸੇ ਵੀ ਤੇਰੀ ਮੌਤ ਦਾ ਮੈਂ ਹੀ ਜਿੰਮੇਵਾਰ ਹਾਂ। ਇੰਨਾ ਆਖਣ 'ਤੇ ਭਾਈ ਗਿੱਲ ਨੇ ਪੋਲੇ ਦੇ ਮੂੰਹ ਮੂਹਰੇ ਹੱਥ ਰੱਖ ਦਿੱਤਾ ਅਤੇ ਗੁਰਬਾਣੀ ਦੀ ਪੰਕਤੀ ਉਚਾਰਦਿਆਂ ਕਿਹਾ ਕਿ ਮੌਤ ਕਿਸੇ ਦੇ ਹੱਥ ਨਹੀਂ ਹੁੰਦੀ, ਕੇਵਲ ਬਹਾਨੇ ਹੀ ਬਣਦੇ ਹਨ। ਤੂੰ ਬੱਸ ਆਖਰੀ ਦਮ ਤੱਕ ਕੌਮ ਦੀ ਅਜ਼ਾਦੀ ਲਈ ਜੂਝਦਾ ਰਹੀਂ ਅਤੇ ਪ੍ਰਗਟ ਸਿੰਘ ਨੂੰ ਜ਼ਰੂਰ ਸੋਧਾ ਲਾ ਦੇਣਾ। ਇਸ ਦੇ ਨਾਲ ਹੀ ਭਾਈ ਗਿੱਲ ਨੇ ਨੇ ਭਾਈ ਪੋਲੇ ਨੂੰ ਆਖਰੀ ਫਤਿਹ ਬੁਲਾ ਦਿੱਤੀ ਅਤੇ ਅਕਾਲ ਪੁਰਖ ਦੀ ਜੋਤ ਵਿੱਚ ਵਿਲੀਨ ਹੋ ਗਿਆ। 
ਜਦੋਂ ਇਸ ਅਣਹੋਣੀ ਦਾ ਪਤਾ ਲੱਗਾ ਕਿਸੇ ਨੂੰ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਭਾਈ ਗਿੱਲ ਇੰਨੀ ਜਲਦੀ ਸਾਥੋਂ ਵਿਛੜ ਜਾਵੇਗਾ। ਇਨਂਾ ਦਲੇਰ ,ਨੇਕ ਅਤੇ ਸਾਫ ਦਿਲ ਵਿਆਕਤੀ ਜਿਹੜਾ ਅਕਸਰ ਕਿਹਾ ਕਰਦਾ ਸੀ ਕਿ ਤੁਸੀਂ ਸਕੀਮ ਜਿੱਦਾਂ ਬਣਾਉਣੀ ਹੈ ਬਣਾ ਲਉ ਅਤੇ ਮੈਨੂੰ ਦੱਸ ਦਿਉ ਅਤੇ ਨਾਲ ਲੈ ਜਾਇਉ। ਇੰਨਾ ਵਿਸ਼ਵਾਸ ਉਹ ਸਾਡੇ 'ਤੇ ਕਰਿਆ ਕਰਦਾ ਸੀ। ਖੈਰ ਸਮਾਂ ਆਪਦੀ ਰਫਤਾਰ ਨਾਲ ਤੁਰਿਆ ਗਿਆ ਭਾਈ ਪੋਲੇ ਨੇ ਕੁੱਝ ਹੀ ਦਿਨਾਂ ਬਾਅਦ ਥਾਣੇਦਾਰ ਪ੍ਰਗਟ ਸਿੰਘ ਨੂੰ ਸੋਧ ਕੇ ਭਾਈ ਗਿੱਲ ਦੀ ਅੰਤਮ ਖਾਹਸ਼ ਪੂਰੀ ਕਰ ਦਿੱਤੀ। ਭਾਈ ਕੁਲਵਿੰਦਰ ਸਿੰਘ ਪੋਲਾ ਨਾਭਾ ਜੇਲ੍ਹ ਦੇ ਦੋਸਤ ਭਾਈ ਕੁਲਵਿੰਦਰ ਸਿੰਘ ਕਿੱਡ ਨਾਲ ਕਿਸੇ ਪੰਥਕ ਦੋਖੀ ਨੂੰ ਸੋਧਣ ਲਈ ਰੋਪੜ ਜ਼ਿਲੇ ਵਿੱਚ ਇੱਕ ਠਾਹਰ 'ਤੇ ਗਿਆ ਹੋਇਆ ਸੀ ਕਿ ਉਸ ਨੂੰ ਤੇਜ਼ ਬੁਖਾਰ ਹੋ ਗਿਆ। ਇੱਥੇ ਹੀ ਪੁਲੀਸ ਦਾ ਘੇਰਾ ਪੈ ਗਿਆ, ਉਸ ਨੇ ਜਿੰਨਾ ਹੋ ਸਕਿਆ ਬੁਖਾਰ ਦੀ ਹਾਲਤ ਵਿੱਚ ਪੁਲੀਸ ਸਾ ਮੁਕਾਬਲਾ ਕੀਤਾ, ਅਖੀਰ ਪੁਲੀਸ ਦੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ।
ਦੋਵੇਂ ਸਿੰਘ ਸ਼ਹੀਦ ਹੋ ਗਏ ਤਾਂ ਕਿ ਸਿੱਖ ਕੌਮ ਅਜ਼ਾਦ ਹੋ ਸਕੇ ਪਰ ਸਿੱਖਾਂ ਵਿੱਚ ਗੱਦਾਰ ਹੀ ਇੰਨੇ ਵਧ ਗਏ ਕਿ ਸੱਚੇ ਅਤੇ ਕੌਮ ਪ੍ਰਸਤ ਸਿੱਖਾਂ ਦੀ ਪੇਸ਼ ਹੀ ਨਹੀਂ ਜਾਣ ਦਿੰਦੇ। ਪੁਲੀਸ ਵਾਲਿਆਂ ਨੇ ਸਰਕਾਰੀ ਸ਼ਹਿ 'ਤੇ ਸਿੱਖ ਜਵਾਨੀ ਦਾ ਘਾਣ ਕੀਤਾ ਅਤੇ ਧੋਖੇਬਾਜ਼ ਸਿਆਸੀ ਆਗੂਆਂ ਨੇ ਇਸ ਵਿੱਚ ਯੋਗਦਾਨ ਪਾ ਕੇ ਆਪਣੇ ਮੁੱਖ ਕਾਲੇ ਕਰਵਾ ਲਏ, ਸਰਾਕਾਰ ਦਾ ਸਾਥ ਨਿਭਾਇਆ, ਕੌਮ ਨੂੰ ਧੋਖਾ ਦਿੱਤਾ। ਸਮਾਂ ਆਉਣ 'ਤੇ ਉਹਨਾਂ ਪਾਸੋਂ ਖਾਲਸਾ ਪੰਥ ਹਿਸਾਬ ਜ਼ਰੂਰ ਲਵੇਗਾ। ਭਾਈ ਗਿੱਲ ਅਤੇ ਭਾਈ ਪੋਲਾ ਖਾਲਿਸਤਾਨ ਦੀ ਜੰਗੇ ਅਜ਼ਾਦੀ ਰੂਪੀ ਜਵਾਲਾਮੁਖੀ ਦੇ ਦੋ ਅੰਗਿਆਰ ਸਨ, ਜਿਹੜੇ ਕੌਮ ਨੂੰ ਦੀ ਖਾਤਰ ਜੂਝਦੇ ਹੋਏ ਮੌਤ ਨੂੰ ਗੱਲਵਕੜੀ ਪਾ ਗਏ। ਸਿੱਖ ਕੌਮ ਦੇ ਦੋਖੀਆਂ ਨੂੰ ਯਾਦ ਰੱਖਣ ਦੀ ਲੋੜ ਹੈ: 
''ਕੌਮੀ ਅਜ਼ਾਦੀ ਲਈ ਤੁਰਿਆ ਕਾਫਲਾ ਰੁਕਣਾ ਨਹੀਂ, 
ਜਦ ਤੱਕ ਮੰਜ਼ਿਲ ਨਹੀਂ ਮਿਲਦੀ, ਸਫਰ ਰੁਕਣਾ ਨਹੀਂ।।"
ਗੁਰੂ ਪੰਥ ਦਾ ਦਾਸ-ਲਵਸ਼ਿੰਦਰ ਸਿੰਘ ਡੱਲੇਵਾਲ
Have something to say? Post your comment

More News News

ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਕੁਲਵੰਤ ਮਾਨ ਤੇ ਅੰਮ੍ਰਿਤ ਚੱਕ ਵਾਲਾ ਦੀ ਪੇਸ਼ਕਸ਼ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ । 32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ ਰਾਜਾ ਬੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ ਤੇ ਲੱਡੂ ਵੰਡਕੇ ਖੁਸ਼ੀ ਮਨਾਈ ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ - ਘੁੰਮਣ ਕਣਕ ਦੀ ਖ੍ਰੀਦ ਨਾਂ ਹੋਣ ਕਾਰਨ ਕਿਸਾਨਾਂ ਕਰਨਾਂ ਪੇ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ Sri Lanka blasts kill at least 30 after churches and hotels targeted ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ' ਮੈਲਬੌਰਨ ਤੋਂ ਵਿਸ਼ੇਸ਼: 32ਵੀਂਆਂ ਸਿੱਖ ਖੇਡਾਂ 'ਚ ਰੌਣਕਾਂ ਹੀ ਰੌਣਕਾਂ
-
-
-