Sunday, June 16, 2019
FOLLOW US ON

Poem

ਜੋ ਹੋਣੀ ਏਥੇ ਵਰਤੀ ਸੀ

March 19, 2019 09:58 PM

ਜੋ ਹੋਣੀ ਏਥੇ ਵਰਤੀ ਸੀ

ਪੰਜਾਬ ਜੋ ਰੂਹ ਹੈ ਭਾਰਤ ਦੀ , ਪੰਜ ਪਾਣੀਆਂ ਦੀ ਇਹ ਧਰਤੀ ਸੀ।

ਰੂਹ ਤੱਕ ਵੀ ਉਹਨੇ ਕੰਬਾਅ ਦਿੱਤੀ ,ਜੋ ਹੋਣੀ ਏਥੇ ਵਰਤੀ ਸੀ।

 

ਮੇਰੇ ਬਚਪਨ ਵਾਲੇ ਯਾਰ ਬੜੇ , ਕੱਲ੍ਹ ਸੀ ਜੋ ਮੇਰੇ ਨਾਲ ਪੜ੍ਹੇ ।

ਉਹ ਫ਼ਜ਼ਲ ਜੋ ਸੋਹਣਾ ਗਾਉਂਦਾ ਸੀ ,ਵਾਰਿਸ ਦੀ ਹੀਰ ਸੁਣਾਉਂਦਾ ਸੀ ।

ਤੌਸ਼ੀ ਵੀ ਚੌਧਰੀ ਬਣਦਾ ਸੀ ,ਪੂਰਾ ਹੀ ਬਣਦਾ ਤਣਦਾ ਸੀ ।

ਹੱਥ ਜੋੜ ਕੇ ਉਹ ਬਹਿ ਜਾਂਦੇ ਸੀ , ਮੈਨੂੰ ਦੇਖ ਕੇ ਬਾਣੀ ਪੜ੍ਹਦੇ ਨੂੰ।

ਮੈਂ ਸਜ਼ਦੇ ਵਿੱਚ ਝੁਕ ਜਾਂਦਾ ਸੀ, ਨਮਾਜ਼ ਅਦਾ ਫ਼ਿਰ ਕਰਦੇ ਨੂੰ।

 

ਹਸਨੀ ਦਾ ਅੱਬਾ ਮੇਰੇ ਲਈ, ਨਿੱਤ ਗਰਮ ਜਲੇਬੀ ਲਿਆਉਂਦਾ ਸੀ।

ਮੇਰਾ ਬਾਪੂ ਤੋਸ਼ੀ, ਰਾਣੇ ਨੂੰ ,ਪਰੀਆਂ ਦੇ ਕਿੱਸੇ ਸੁਣਾਉਂਦਾ ਸੀ।

ਬੇਬੇ ਦੀ ਕੁੱਟ ਤੋਂ ਜ਼ੀਨਤ ਦੀ,ਅੰਮੀ ਕਈ ਦਫ਼ਾ ਬਚਾਇਆ ਸੀ।

ਤਾਲੀਮ ਉਹਦੀ ਦੇ ਵਿੱਚ ਮੈਂ ਉਂਝ , ਪੂਰਾ ਹੀ ਹਿੱਸਾ ਪਾਇਆ ਸੀ ।

ਉਸ ਉਰਦੂ ਮੈਨੂੰ ਸਿਖਾਈ ਸੀ , ਮੈਂ ਉ,ਅ ਪੜ੍ਹਾਇਆ ਸੀ।

 

ਗੁਰਪੁਰਬ ਹੁੰਦਾ ਜਾਂ ਈਦ ਹੁੰਦੀ ,ਸਾਡੀ ਤਾਂ ਇਹ ਰੀਝ ਹੁੰਦੀ ,

ਰਲ-ਮਿਲ ਕੇ ਗੱਲਾਂ ਕਰ ਰਹੀਏ ,ਉਸ ਵਾਣ ਦੇ ਮੰਜੇ ਤੇ ਬਹੀਏ ।

ਸਾਡੀ ਪਾਕ-ਪਵਿੱਤਰ ਧਰਤੀ ਤੇ ,ਉਹ ਸੱਚੇ ਆਸ਼ਿਕ ਹੋਏ ਸੀ ।

ਹੀਰਾਂ ਤੇ ਰਾਂਝੇ ਭੈਣ-ਭਰਾ ,ਸਾਡੇ ਇਸ਼ਕ ਦੇ ਵਿੱਚ ਹੀ ਮੋਏ ਸੀ ।

 

ਮੋਢੇ ਤੇ ਰੱਖਕੇ ਡਾਂਗ ਅਸੀਂ , ਵੱਧ-ਵੱਧ ਕੇ ਮਿਰਜਾ ਗਾਉਂਦੇ ਸੀ।

ਸਾਡੀ ਯਾਰੀ ਤੂਤ ਦਾ ਮੋਛਾ ਏ , ਇੱਕ ਦੂਜੇ ਨੂੰ ਆਖ ਸੁਣਾਉਂਦੇ ਸੀ ।

ਛੱਪੜਾਂ ਤੇ ਪਸ਼ੂ ਨਹਾਉਣ ਗਏ ,ਕਦੇ ਕੱਚੀਆਂ ਅੰਬੀਆਂ ਲਾਹੁਣ ਗਏ।

ਬਾਬੂ ਦੇ ਹੱਥੇ ਚੜ੍ਹ ਜਾਂਦੇ ,ਕੁੱਟ ਪਈ ਜੋ ਫ਼ੇਰ ਵਿਸਰ ਜਾਂਦੇ ।

ਨਾ ਟਿਕਦੇ ਸੀ ਨਾ ਬਹਿੰਦੇ ਸੀ,ਇੱਕ ਦੂਜੇ ਨੂੰ ਇਹ ਕਹਿੰਦੇ ਸੀ ।

ਨਾ ਵੱਖ ਕਦੇ ਵੀ ਹੋਵਾਂਗੇ ,ਇੰਜ ਸਦਾ ਹੀ ਕੱਠੇ ਖਲੋਵਾਂਗੇ ।

 

ਉਹ ਅਲੀ ! ਤੂੰ ਘਰ ਵੱਲ ਰੁਖ਼ਸਤ ਦੇ, ਬਹੁਤਾ ਨਾ ਆਇਆ ਜਾਇਆ ਕਰ ।

ਉਹਦਾ ਅੱਬਾ ਬੜਾ ਹੀ ਕੱਬਾ ਏ ,ਇਹ ਗੱਲ ਨਾਂ ਮਨੋਂ ਭੁਲਾਇਆ ਕਰ।

ਉਹਦੀ ਤਾਜ਼ੀ ਕੱਢੀ ਕੰਧ ਉੱਤੇ ,ਸੀ ਨਾਮ ਆਪਣਾ ਵਾਹ ਦਿੱਤਾ ।

ਆਖ਼ੀਰ ਵਿੱਚ ਲਿਖਤਾ ਯਾਰੀਆਂ ਨੇ , ਜੋ ਸਾਨੂੰ ਜਾਨੋ ਪਿਆਰੀਆਂ ਨੇ ।

 

ਆਬੀਦਾ ਸਾਥੋਂ ਵੱਡੀ ਸੀ , ਸਾਨੂੰ ਚੰਗਾ ਹੀ ਸਮਝਾਉਂਦੀ ਸੀ ।

ਉਹਦੇ ਹੋਏ ਨਿਕਾਹ ਤੋਂ ਵਰ੍ਹਿਆਂ ਤੱਕ ,ਉਹ ਰੱਖੜੀ ਲੈ ਕੇ ਆਉਂਦੀ ਸੀ ।

ਸਾਡੀ ਸਬਜੀ ਜਿਹੜੀ ਲਾਈ ਸੀ ,ਉਹਨੇ ਸਾਡੀ ਸਾਂਝ ਵਧਾਈ ਸੀ।

ਮੈਂ ਫ਼ਲੀਆਂ ਚਾਹ ਕੇ ਲਾਈਆਂ ਸੀ, ਮੀਸ਼ੇ ਨੇ ਭਿੰਡੀ ਲਾਈ ਸੀ।

 

ਇੱਕ ਰਾਤ ਮੈਂ ,ਮੀਸ਼ੇ ,ਤੋਸ਼ੀ ਨੇ ਸੀ ,ਸੀ ਰੇਡੀਉ ਲਾਇਆ ਗਾਣੇ ਤੇ ।

ਸੱਚ ਕਹਿੰਦੇ ਕੋਈ ਨਾ ਜ਼ੋਰ ਚੱਲੇ ,ਰੱਬ ਦੇ ਵਰਤਾਏ ਭਾਣੇ ਤੇ ।

ਜਦ ਸਮਾ ਹੋ ਗਿਆ ਖ਼ਬਰਾਂ ਦਾ , ਅਸੀਂ ਮਾਰ ਕੇ ਛਾਲਾਂ ਉੱਠ ਚੱਲੇ ਸੀ।

ਪਰ ਪਹਿਲੀ ਖ਼ਬਰ ਜੋ ਕੰਨੀ ਪਈ, ਸਾਡੇ ਸਾਹ ਜਾਣੇ ਮੁੱਕ ਚੱਲੇ ਸੀ ।

 

ਪੰਜਾਬ ਦੇ ਪੰਜ ਦਰਿਆਵਾਂ ਦੀ , ਤੂਤਾਂ ਦੀਆਂ ਠੰਡੀਆਂ ਛਾਵਾਂ ਦੀ ।

ਮਸਜ਼ਿਦ ਤੇ ਗੁਰਦੁਆਰੇ ਵੱਲ, ਜਾਂਦੇ ਹੋਏ ਸਾਰੇ ਰਾਹਵਾਂ ਦੀ ।

ਕਹਿੰਦੇ ਕਿ ਵੰਡ ਹੋ ਜਾਣੀ ਆ , ਇਹ ਚਾਹਤ ਕਿਤੇ ਖ਼ੋ ਜਾਣੀ ਆ।

ਮੈਂ ਰੋਣ ਹਾਕਾ ਹੋ ਬਾਪੂ ਨੂੰ , ਕੁਝ ਪੁੱਛਿਆ ਤੇ ਕੁਝ ਦੱਸਿਆ ਸੀ ।

ਉਹ ਆਪਣਾ ਦਰਦ ਛੁਪਾ ਸੀਨੇ ,ਝੂਠਾ ਜਿਹਾ ਹਾਸਾ ਹੱਸਿਆ ਸੀ ।

 

ਅਸੀਂ ਯਾਰੀ ਪੱਕੀ ਪਾਈ ਏ,ਤੇ ਕੱਠਿਆਂ ਸਬਜ਼ੀ ਲਾਈ ਏ ।

ਆਪਾਂ ਤੋਸ਼ੀ, ਅਲੀ ਤੇ ਰਾਣੇ ਨੂੰ , ਮੇਰੇ ਹਸਨੀ ਯਾਰ ਪੁਰਾਣੇ ਨੂੰ ।

ਕਿਸੇ ਹੋਰ ਮੁਲਕ ਵਿੱਚ ਘੱਲਣਾ ਨਹੀਂ , ਅਣਜਾਣ ਪਰ ਮੈਂ ਸੱਚ ਵੱਲੋਂ ।

ਕਿ ਹੋਣੀ ਅੱਗੇ ਮੇਰਾ ਕੀ , ਹੁਣ ਜ਼ੋਰ ਕਿਸੇ ਦਾ ਚੱਲਣਾ ਨਹੀਂ ।

 

ਫ਼ਿਰ ਖ਼ਿਆਲ ਆਇਆ ਕਿ ਯਾਰ ਮੇਰੇ ,ਪਿੱਛੇ ਸੀ ਮੇਰੇ ਖ਼ੜ੍ਹੇ ਹੋਏ।

ਉਂਝ ਦੂਰੀ ਸੀ ਕੁਝ ਕਦਮਾ ਦੀ ,ਪਰ ਲਗਦਾ ਦੂਰ ਉਹ ਬੜੇ ਹੋਏ ।

ਉਸ ਰਾਤ ਤੋਂ ਪਿੱਛੋਂ ਇੱਕ ਹਫ਼ਤਾ , ਉਹ ਕੋਲ ਅਸਾਂ ਦੇ ਰਹਿੰਦੇ ਰਹੇ ।

ਇਹ ਮੁਲਕ ਬੜਾ ਸੋਹਣਾ, ਤੁਸੀਂ ਬੜੇ ਚੰਗੇ ,ਇਹ ਗੱਲ ਸਾਨੂੰ ਸੀ ਕਹਿੰਦੇ ਰਹੇ ।

ਕੁਝ ਆਖਿਆ ਮੇਰੇ ਬਾਪੂ ਨੂੰ , ਤੇ ਵਾਰ-ਵਾਰ ਸਮਝਾਇਆ ਸੀ ।

 

ਸਰਦਾਰਾ ਆਪਣੀ ਸਬਜ਼ੀ ਦਾ , ਤੂੰ ਪੂਰਾ ਖ਼ਿਆਲ ਰੱਖੀਂ ਹੁਣ ।

ਤੇ ਆਪਣੀ ਕੀਤੀ ਮਿਹਨਤ ਦਾ ,ਤੂੰ ਚੰਗਾ ਹੀ ਮੁੱਲ ਵੱਟੀਂ ਹੁਣ।

ਅਸੀਂ ਵਿਆਹ ਤੇ ਚੱਲੇ ਜਲਦੀ ਹੀ ,ਮੁੜ ਪਿੰਡ ਆਪਣੇ ਨੂੰ ਪਰਤਾਂਗੇ ।

ਪਰ ਪਤਾ ਨਹੀਂ ਸੀ ਉਹਨਾ ਨੂੰ , ਅਸੀਂ ਉਮਰ ਸਾਰੀ ਹੀ ਤਰਸਾਂਗੇ।

ਮੈਂ ਬੂਹੇ ਨਾਲ ਖਲੋਤਾ ਸੀ,ਏਹ ਸੁਣਕੇ ਭੁੱਬਾਂ ਨਿਕਲ ਗਈਆਂ ।

ਸਾਡੇ ਮੋਹ ਦੀਆਂ ਪੈੜਾਂ ਨਫ਼ਰਤ ਦੀ , ਧਰਤੀ ਤੇ ਜਾਣੋ ਫ਼ਿਸਲ ਗਈਆਂ ।

 

ਉਹ ਸ਼ਾਮ ਚੰਦਰੀ ਮੇਰੇ ਤੋਂ , ਮੇਰੇ ਯਾਰ ਲੈ ਗਈ ਖੋਹ ਸਾਰੇ ।

ਕਿਸ ਹਾਲ ਚ ਨੇ ਕੁਝ ਪਤਾ ਨਹੀਂ ,ਕਿੰਝ ਜੀਂਦੇ ਨੇ ਹੁਣ ਉਹ ਸਾਰੇ ।

ਦਿਲ ਕਰਦਾ ਉੱਚੀ-ਉੱਚੀ ਮੈਂ , ਹਾਕਾਂ ਦਿਆਂ ਰੂਹ ਕੁਰਲਾਅ ਰਹੀ ਏ।

ਉਏ ਮੀਸ਼ਿਆ ਤੇਰੀ ਭਿੰਡੀ ਨੂੰ ,ਜੱਤ ਵਾਲੀ ਵਾਲੀ ਸੁੰਡੀ ਖਾ ਰਹੀ ਏ ।

ਤੇਰੀ ਮਿਹਨਤ ਕੀਤੀ ਅੰਤਾਂ ਦੀ , ਆ ਦੇਖਲਾ ਰੰਗ ਦਿਖਾ ਰਹੀ ਏ ।

 

ਜ਼ੀਨਤ ਆ ਦੇਖਲਾ ਆ ਕੇ ਤੂੰ , ਮੈਨੂੰ ਉਰਦੂ ਪੜ੍ਹਨੀ ਆ ਗਈ ਏ ।

ਉਏ ਰਾਣੇ ! ਅੰਬੀਆਂ ਪੱਕ ਗਈਆਂ ਨੇ, ਬਾਬੂ ਵੀ ਫ਼ੇਰਾ ਪਾਉਂਦਾ ਨਹੀਂ।

ਮੈਂ ਕਿੰਨਾ ਤੈਨੂੰ ਬੁਲਾਉਂਦਾ ਹਾਂ ,ਤੂੰ ਦੱਸ ਦੇ ਕਾਹਤੋਂ ਆਉਂਦਾ ਨਹੀਂ ।

ਬਾਪੂ ਨੇ ਤੋਸ਼ੀ ਪਰੀਆਂ ਦਾ , ਅੱਜ ਸੋਹਣਾ ਕਿੱਸਾ ਸੁਣਾਉਂਣਾ ਏਂ।

ਫ਼ਿਰ ਕਦੇ ਵੀ ਨਹੀਂ ਸੁਣਾਉਂਣਾ ਏਂ, ਆਜਾ ਜੇਕਰ ਆਉਣਾ ਏਂ ।

 

ਮੇਰੇ ਪਿੰਡ ਦੇ ਖੂਹ ਦੀ ਉਸ ਕੰਧ ਦੇ ,ਲੱਗ ਨਾਲ ਰੋਜ਼ ਰੋ ਆਉਂਦਾ ਹਾਂ ।

ਕੋਈ ਖ਼ਬਰ ਨਹੀਂ ਮਿਲਣੇ ਗਿਲਣੇ ਦੀ , ਮੈਂ ਨਿੱਤ ਰੇਡੀਉ ਲਾਉਂਦਾ ਹਾਂ ।

ਧਰਮਾ ਤੇ ਜ਼ਾਤਾਂ ਵਾਲਿਉ ਉਏ ! ਤੁਸੀਂ ਮੇਰੇ ਜਿਗਰੀ ਯਾਰ ਖੋਹ ਲਏ ।

ਥੋਡੀ ਆਪਸ ਦੀ ਨਫ਼ਰਤ ਨੇ, ਮੇਰੇ ਤੋਂ ਉਹ ਦਿਲਦਾਰ ਖੋਹ ਲਏ ।

ਇਨਸਾਨਾ ਦੇ ਜਜ਼ਬਾਤਾਂ ਦੀ , ਮੋਹ ਵਾਲੇ ਨਰਮ ਅਹਿਸਾਸਾਂ ਦੀ ।

ਬੇਕਦਰੀ ਕਰਦੇ ਰਹਿੰਨੇ ਉਂ ,ਅਸੀਂ ਧਰਮ ਕਰਮ ਦੇ ਪੱਕੇ ਹਾਂ ।

ਅੱਡੀਆਂ ਚੁੱਕ-ਚੁੱਕ ਕਹਿੰਦੇ ਉਂ ,ਗੁਰਪੁਰਬ ਤੇ ਰੋਂਦੇ ਉਹ ਹੋਣੇ ।

ਮੈਂ ਈਦ ਤੇ ਜਿੱਦਾਂ ਰੋਂਦਾ ਹਾਂ ,

ਰਾਤਜਗੇ ਦੇ ਗਏ , ਨੀਂਦ ਲੈ ਗਏ ,

ਮੈਂ ਜਾਗ ਕੇ ਰਾਤ ਲੰਘਾਉਂਦਾ ਹਾਂ।

ਕਮਲ ਸਰਾਵਾਂ

ਪੰਜਾਬੀ ਯੂਨੀਵਰਸਿਟੀ ਪਟਿਆਲਾ,

ਸੰਪਰਕ. 99156-81496

Have something to say? Post your comment