Sunday, June 16, 2019
FOLLOW US ON

Poem

ਤਕਦੀਰਾਂ

March 19, 2019 10:09 PM
                    ਤਕਦੀਰਾਂ 
 
ਕੀ ਦੱਸੀਏ ਕੇਹੀਆਂ ਨੇ, ਏਹ ਸਾਡੀਆਂ ਤਕਦੀਰਾਂ,
ਉੱਪਰੋਂ ਤੇ ਏ ਲਿਸ਼ਕਣ-ਪੁਸ਼ਕਣ, ਵਿੱਚੋਂ ਐਪਰ ਪਾਟੀਆਂ ਲੀਰਾਂ।
 
ਇੱਕ ਦੇ ਪਿੱਛੋਂ ਇੱਕ, ਦੁੱਖ ਨਹੀਂ ਆਉਂਦਾ ਏਥੇ,
ਇਹ ਤੇ ਜਦ ਵੀ ਆਵਣ, ਆਉਂਦੇ ਨੇ ਫਿਰ ਘੱਤ ਵਹੀਰਾਂ।
 
ਸੋਹਣੀ ਸੀਰਤ ਦੀ, ਕੋਈ ਗੱਲ ਨਹੀਂ ਏਥੇ ,
ਗੱਲ ਤੇ ਜਦ ਵੀ ਚਲਦੀ, ਸੋਹਣੇ ਗੁੰਦਵੇਂ ਲਾਟ ਸਰੀਰਾਂ।
 
ਲੱਖਾਂ ਸੀਨੇ ਦੇ ਵਿੱਚ ਖੁੱਭੀਆਂ, ਐਪਰ ਨਜ਼ਰ ਨਾ ਆਵਣ,
ਧੋਖਾ ਫਰੇਬ ਵਿਸ਼ਵਾਸਘਾਤ, ਤਿੱਖੀਆਂ ਤੇਗਾਂ ਤੇ ਸ਼ਮਸ਼ੀਰਾਂ।
 
ਜਿੱਥੇ ਬੋਹੜਾਂ ਕੋਲ ਵੀ, ਠੰਡੀ ਛਾਂ ਨਹੀ ਹੈਗੀ,
ਓਥੇ ਠੰਡੀ ਛਾਂ ਕੀ ਦੇਣੀ, ਸੁੱਕਿਆਂ ਮਲਿਆਂ ਅਤੇ ਕਰੀਰਾਂ। 
 
ਜਦ ਤਹਿ ਹੈ ਕਿ ਉਸ,  ਮੁੜ ਵਾਪਸ ਨਹੀਂ ਆਉਣਾ,
ਫਿਰ ਕਿਉਂ ਰੱਖਾਂ ਮੈ, ਸਾਂਭ ਕੇ ਓਹਦੇ ਖਤ ਤਸਵੀਰਾਂ।
 
ਹੁਣ ਤੇ ਯਾਦ ਓਹਦੀ ਵਿੱਚ, ਰੋ ਨਹੀਂ ਹੋਣਾ,
ਕੋਰੀ ਨਾ ਕਰ ਦਿੱਤੀ, ਵਗਣੇ ਤੋਂ ਨੈਣਾਂ ਦਿਆਂ ਨੀਰਾਂ। 
 
ਵਰਤ ਨੇਮ ਸਭ, ਕਰ-ਕਰ ਹਾਰੇ
ਮੰਨੀਆਂ ਨਾ ਏਹ,  ਸਾਥੋ ਰੁੱਸੀਆਂ ਤਕਦੀਰਾਂ ।
 
ਬਰਾੜ ਜਸਵਿੰਦਰ ਸਿੰਘ ਮਸ਼ੂਰ 
ਮੋ. 90414-61944
Have something to say? Post your comment