Poem

ਕਾਲਖ਼ ਦੀ ਕੁੱਲੀ- ਕਾਵਿ ਰਚਨਾ

March 28, 2019 09:41 PM
ਕਾਲਖ਼ ਦੀ ਕੁੱਲੀ- ਕਾਵਿ ਰਚਨਾ
 
ਭੁੱਖ-ਨਿਭਾਣੇ ਨੰਗ-ਧੜੰਗੇ, ਫਿਰਦੇ ਗਰੀਬਾਂ ਦੇ ਨਿਆਣੇ,    
ਆਟੇ ਵਾਲਾ ਹੁੰਦਾ ਪੀਪਾ ਖਾਲੀ, ਨਾ ਡਰੰਮ ਵਿੱਚ ਹੁੰਦੇ ਦਾਣੇ,
ਲੀਡਰ ਖਾ ਰਹੇ ਮੁਲਕ ਨੂੰ ਲੁੱਟ ਕੇ, ਝੂਠੇ ਜਿਹੇ ਲਾਰੇ ਲਾ ਕੇ,
ਸਮੁੱਚੇ ਭਾਰਤ ਦੇਸ਼ ਦੇ ਅੰਦਰ, ਉਲਝੇ ਸਭ ਤਾਣੇ-ਬਾਣੇ।
ਭੁੱਖ-ਨਿਭਾਣੇ ਨੰਗ-ਧੜੰਗੇ................................।
 
ਕਹਿੰਦੇ ਸਾਂ ਅੰਗਰੇਜ਼ ਨੇ ਮਾੜੇ, ਉਹ ਗਏ ਤਾਂ ਇਨਾਂ ਚੰਨ ਚਾੜੇ,
ਮਾਨਵਤਾ ਵੀ ਅਸੁਰੱਖਿਅਤ ਹੋਈ, ਖੁੱਲੇ ਖੇਤ ਵਿੱਚ ਡੰਗਰ ਵਾੜੇ,
ਲੁੱਚਾ-ਲੰਡਾ ਚੌਧਰੀ ਬਣਦਾ, ਮਾਲਕ ਬਣ ਜਾਂਦਾ ਕਣ-ਕਣ ਦਾ,
ਧੇਲੇ ਦੀ ਬੁੱਢੀ ਟਕਾ ਮਨਾਈ ਤਾਈਂ, ਲੋਕੀ  ਸਮਝਣ ਸਿਆਣੇ।
ਭੁੱਖ-ਨਿਭਾਣੇ ਨੰਗ-ਧੜੰਗੇ................................।
 
ਰੰਗ ਵਟਾਈ ਹਰ ਫਿਰਦਾ ਚਿਹਰਾ, ਨਾ ਸਕਾ ਤੇਰਾ, ਨਾ ਸਕਾ ਮੇਰਾ,
ਮਾਨਵਤਾ ਤਾਈਂ ਖੋਹ ਕੇ ਲੈ ਗਿਆ, ਹਰ ਪਾਸ ਹੁੰਦਾ ਹੇਰਾ-ਫੇਰਾ,
ਕਾਲਖ਼ ਦੀ ਕੁੱਲੀ ਵਿੱਚ ਵੜ ਕੇ, ਕਾਮ, ਕਰੋਧ ਦਾ ਪੱਲਾ ਫੜ ਕੇ,
ਬੰਦਾ ਸਕੇ ਪਿਓ ਦੀ ਬਾਤ ਨਾ ਪੁੱਛੇ, ਆਪਣੀਆਂ ਈ ਮੌਜਾਂ ਮਾਣੇ।
ਭੁੱਖ-ਨਿਭਾਣੇ ਨੰਗ-ਧੜੰਗੇ................................।
 
ਖੋਹ-ਖਿੱਚ ਵਾਲੀ ਮਚੀ ਦੁਹਾਈ, ਦੁਨੀਆਂ ਨੇ ਅੱਜ ਸ਼ਰਮ ਹੈ ਲਾੲੀ,
ਪੰਜ ਵਿਕਾਰੀਂ ਜ਼ਕੜਿਆ ਬੰਦਾ, ਗਲ ਵਿੱਚ ਪੈ ਗਈ ਮੌਤ ਦੀ ਫਾੲੀ,
ਦੂਰੀ ਵਧ ਗਈ ਮੁੱਕਿਆ ਨੇੜਾ, ਹੋਣੀ ਨੇ ਐਸਾ ਲਾਇਆ ਗੇੜਾ,
ਅਕਲ ਘਾਹ ਚਰਨੇ ਦੂਰ ਭੱਜ ਗਈ, ਅਕਲ ਦੇ ਪੱਖੋਂ ਹੋਏ ਕਾਣੇ।
ਭੁੱਖ-ਨਿਭਾਣੇ ਨੰਗ-ਧੜੰਗੇ................................।
 
ਬੰਦਾ ਮੈਂ-ਮੈਂ ਵਿੱਚ ਪਿਆ ਗੁਆਚਾ, ਬੁੱਲੀਆਂ ਉਤੋਂ ਖੁਸਿਆ ਹਾਸਾ,
ਪੁੱਠੇ ਪੈਰੀਂ ਹਰ ਕੋਈ ਹੈ ਤੁਰਿਆ, ਦਿਲ ਦਾ ਕੌੜਾ ਮੂੰਹੋਂ ਪਤਾਸਾ,
ਮੈਂ-ਮੈਂ ਦੀ ਚੁੜੇਲ ਦਾ ਪਹਿਰਾ, ਮੁਰਦਿਆਂ ਵਾਲਾ ਘੁੰਮਦਾ ਚਿਹਰਾ,
ਪਰਸ਼ੋਤਮ ਆਖੇ ਜ਼ਮੀਰ ਮੁੱਕਾ, ਉਲਟੇ ਹੋਏ ਲਿਬਾਸ ਤੇ ਬਾਣੇ।
ਭੁੱਖ-ਨਿਭਾਣੇ ਨੰਗ-ਧੜੰਗੇ................................।
 
ਪਰਸ਼ੋਤਮ ਲਾਲ ਸਰੋਏ,
Have something to say? Post your comment