Article

ਐਕਸ਼ਨ ਤੇ ਰੁਮਾਂਸ ਦੀ ਮਨਰੋਜਨ ਭਰਪੂਰ ਕਹਾਣੀ 'ਬਲੈਕੀਆ'

April 07, 2019 07:53 PM

ਐਕਸ਼ਨ ਤੇ ਰੁਮਾਂਸ ਦੀ ਮਨਰੋਜਨ ਭਰਪੂਰ ਕਹਾਣੀ 'ਬਲੈਕੀਆ' 

ਕਾਮੇਡੀ ਫ਼ਿਲਮਾਂ ਤੋਂ ਬਾਅਦ ਹੁਣ ਪੰਜਾਬੀ ਦਰਸ਼ਕਾਂ ਦਾ ਰੁਝਾਨ ਐਕਸ਼ਨ ਫਿਲਮਾਂ ਵੱਲ ਵੱਧਦਾ ਜਾ ਰਿਹਾ ਹੈ। ਪਿਛਲੇ ਸਮਿਆਂ ਵਿੱਚ ਦੇਵ ਖਰੌੜ ਨੇ ਇਸੇ ਲਹਿਜ਼ੇ ਦੀਆਂ ਫਿਲਮਾਂ ਨਾਲ ਆਪਣੀ ਪਛਾਣ ਸਥਾਪਤ ਕੀਤੀ ਹੈ। 'ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਕਾਕਾ ਜੀ' ਵਰਗੀਆਂ ਫਿਲਮਾਂ ਤੋਂ ਬਾਅਦ ਹੁਣ ਦੇਵ ਖਰੌੜ ਦੀ ਇੱਕ ਨਵੀਂ ਐਕਸ਼ਨ ਤੇ ਰੁਮਾਂਟਿਕ ਫ਼ਿਲਮ 'ਬਲੈਕੀਆ' ਆ ਰਹੀ ਹੈ। 
                 

       ਅੱਸੀ ਦੇ ਦਹਾਕੇ 'ਚ ਬਣਨ ਵਾਲੀਆਂ ਜਿਆਦਤਰ ਫ਼ਿਲਮਾਂ ਰੁਮਾਂਟਿਕ ਅਤੇ ਸੰਗੀਤਕ ਹੁੰਦੀਆ ਸਨ ਫਿਰ ਮਾਰਧਾੜ ਵਾਲੀਆਂ ਐਕਸ਼ਨ ਫ਼ਿਲਮਾਂ ਦਾ ਦੌਰ ਚੱਲਿਆ ਤਾਂ ਪਾਕਿਸਤਾਨੀ ਫ਼ਿਲਮਾਂ  ਦਾ ਪਰਛਾਵਾਂ ਪੰਜਾਬੀ ਫ਼ਿਲਮਾਂ 'ਤੇ ਪੈਣ ਲੱਗਿਆ ਪ੍ਰੰਤੂ ਅੱਜ ਦੇ ਦੌਰ 'ਚ ਬਣ ਰਹੀਆਂ ਐਕਸ਼ਨ ਫ਼ਿਲਮਾਂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀਆਂ ਕਹਾਣੀਆਂ ਅਧਾਰਤ ਹਨ। 'ਬਲੈਕੀਆ' ਪੰਜਾਬ ਦੇ 1975 ਦੇ ਸਮੇਂ ਦੀ ਕਹਾਣੀ ਹੈ। ਜਿਸ ਦਾ ਨਿਰਮਾਣ ਪੰਜਾਬੀ ਸਿਨਮੇ ਲਈ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਓਹਰੀ ਪ੍ਰੋਡਕਸ਼ਨ ਦੇ ਬੈਨਰ  ਨਿਰਮਾਤਾ ਵਿਵੇਕ ਓਹਰੀ ਤੇ ਅਤੁੱਲ ਓਹਰੀ ਨੇ ਕੀਤਾ ਹੈ। 'ਬਾਗੀ' ਮੇਲਾ, ਲੱਗਦਾ ਇਸ਼ਕ ਹੋ ਗਿਆ ਅਤੇ ਕਬੱਡੀ ਵੰਨਸ ਅਗੇਨ ਫ਼ਿਲਮਾਂ ਦਾ ਲੇਖਕ ਨਿਰਦੇਸ਼ਕ ਸੁਖਮੰਦਰ ਧੰਜਲ ਇਸ ਫ਼ਿਲਮ ਨਿਰਦੇਸ਼ਕ ਹੈ।  

     ਨਿਰਮਾਤਾ ਵਿਵੇਕ ਓਹਰੀ ਨੇ ਜਾਣਕਾਰੀ ਦਿੰਦੇ ਕਿਹਾ ਕਿ 'ਬਲੈਕੀਆ' ਪੰਜਾਬ ਦੇ ਬੀਤੇ ਉਸ  ਦੌਰ ਦੀ ਇੱਕ ਜਬਰਦਸਤ ਕਹਾਣੀ ਹੈ ਜਦੋਂ ਗੈਰ ਕਾਨੂੰਨੀ ਧੰਦਿਆਂ ਦਾ ਵਪਾਰ ਕਰਨ ਵਾਲੇ ਨੂੰ ਬਲੈਕੀਆ ਕਿਹਾ ਜਾਂਦਾ ਸੀ। ਸਰਹੱਦੀ ਇਲਾਕੇ ਦਾ ਅਜਿਹਾ ਹੀ ਇੱਕ ਨੌਜਵਾਨ ਜਿਸਨੂੰ ਨਾਇਕ  ਦੇਵ ਖਰੌੜ ਨੇ ਇਸ ਫ਼ਿਲਮ ਜ਼ਰੀਏ ਪਰਦੇ 'ਤੇ ਪੇਸ਼ ਕੀਤਾ ਹੈ। ਦਰਸ਼ਕ ਪਹਿਲੀ ਵਾਰੀ ਦੇਵ ਨੂੰ ਇੱਕ ਵੱਡੇ ਕੈਨਵਸ 'ਤੇ ਆਮ ਫ਼ਿਲਮਾਂ ਤੋਂ ਹਟਕੇ ਇੱਕ ਵੱਖਰੇ ਤੇ ਪ੍ਰਭਾਵਸ਼ਾਲੀ ਕਿਰਦਾਰ ਵਿੱਚ ਵੇਖਣਗੇ। ਫ਼ਿਲਮ ਦੀ ਕਹਾਣੀ ਐਕਸ਼ਨ ਦੇ ਨਾਲ ਨਾਲ ਕਾਮੇਡੀ ਅਤੇ ਰੁਮਾਂਸ ਦਾ ਹੀ ਹਿੱਸਾ ਹੇ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫ਼ਿਲਮ ਦੀ ਨਾਇਕਾ ਇਹਾਨਾ ਢਿੱਲੋਂ ਹੈ। 'ਬਲੈਕੀਆ' 1975 ਦੇ ਸਮਿਆਂ ਦੀ ਕਹਾਣੀ ਹੈ ਜਦ ਸਰਹੱਦੀ ਖੇਤਰਾਂ ਵਿੱਚ ਸੋਨੇ, ਚਾਂਦੀ ਅਤੇ ਹੋਰ ਗੈਰ ਕਾਨੂੰਨੀ ਵਸਤਾਂ ਦੀ ਸਮੱਗਲਿੰਗ ਜ਼ੋਰਾਂ 'ਤੇ ਸੀ। ਇਸ ਫ਼ਿਲਮ ਦਾ ਨਾਇਕ ਵੀ ਇਸ ਧੰਦੇ ਦੀ ਦਲਦਲ ਵਿੱਚ ਧਸਿਆ ਹੋਇਆ ਹੈ, ਜਿੱਥੋ ਉਹ ਨਿੱਕਲਣਾ ਚਾਹੁੰਦਾ ਹੈ। ਫ਼ਿਲਮ ਦੀ ਕਹਾਣੀ ਦੇ ਵੱਖ ਵੱਖ ਪਹਿਲੂ ਹਨ ਜੋ ਕਾਮੇਡੀ,ਰੁਮਾਂਸ ਅਤੇ ਐਕਸ਼ਨ ਦੇ ਨਾਲ ਜੁੜੇ ਹੋਏ ਹਨ। 

    ਇੰਦਰਪਾਲ ਸਿੰਘ ਦੀ ਲਿਖੀ ਕਹਾਣੀ ਡਾਇਲਾਗ ਤੇ ਪਟਕਥਾ ਅਧਾਰਤ ਇਸ ਫ਼ਿਲਮ ਵਿੱਚ ਦੇਵ ਖਰੌੜ, ਇਹਾਨਾ ਢਿੱਲੋਂ, ਆਸੀਸ ਦੁੱਗਲ, ਪ੍ਰਮੋਦ ਬੱਬੀ, ਰਾਣਾ ਜੰਗ ਬਹਾਦਰ, ਅਨੀਤਾ ਮੀਤ, ਨਗਿੰਦਰ ਗੱਖੜ, ਸੰਜੂ ਸੰਲੌਕੀ,ਅਰਸ਼ ਹੁੰਦਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਗਿੱਲ ਰੌਤਾਂ, ਗੁਰਬਿੰਦਰ ਮਾਨ ਤੇ ਜੱਗੀ ਜੌੜਕੀਆਂ ਦੇ ਲਿਖੇ ਗੀਤਾਂ ਨੂੰ ਕਰਮਜੀਤ ਅਨਮੋਲ, ਮੰਨਤ ਨੂਰ,ਗੁਰਲੇਜ਼ ਅਖਤਰ ਤੇ ਹੇਮੰਤ ਸੰਧੂ ਨੇ ਆਵਾਜ਼ਾਂ ਦਿੱਤੀਆਂ ਹਨ।  ਫ਼ਿਲਮ ਦਾ ਸੰਗੀਤ ਜੈਦੇਵ ਕੁਮਾਰ, ਗੁਰਮੀਤ ਸਿੰਘ, ਦੇਸ਼ੀ ਕਰਿਊ, ਤੇ ਕੇ ਵੀ ਸਿੰਘ ਨੇ ਦਿੱਤਾ ਹੈ ਜੋ 'ਯੈਲੋ ਮਿਊਜਿਕ' ਵਲੋਂ ਰਿਲੀਜ਼ ਕੀਤਾ ਜਾਵੇਗਾ। ਇਸ ਫ਼ਿਲਮ ਨੂੰ ਪੀ ਟੀ ਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵਲੋਂ 3 ਮਈ ਨੂੰ ਦੁਨੀਆਂ ਭਰ ਦੇ ਪੰਜਾਬੀ ਸਿਨੇਮਿਆਂ 'ਚ ਰਿਲੀਜ਼ ਕੀਤਾ ਜਾ ਰਿਹਾ ਹੈ।            

ਸੁਰਜੀਤ ਜੱਸਲ 9814607737            

Have something to say? Post your comment